ਕੈਲੀਫੋਰਨੀਆ ਵਿਚ 3 ਹਫਤੇ ਪਹਿਲਾਂ ਲਾਪਤਾ ਹੋਈ ਨਬਾਲਗ ਲੜਕੀ ਦੀ ਪਾਣੀ ਵਿਚ ਡੁੱਬੀ ਕਾਰ ਵਿਚੋਂ ਮਿਲੀ ਲਾਸ਼
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 24 ਅਗਸਤ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ 3 ਹਫਤੇ ਪਹਿਲਾਂ ਇਕ ਕੈਂਪ ਪਾਰਟੀ ਦੌਰਾਨ ਲਾਪਤਾ ਹੋਈ ਨਬਾਲਗ 16 ਸਾਲਾ ਲੜਕੀ ਕੀਲੀ ਰੋਡਨੀ ਦੀ ਉਤਰੀ ਕੈਲੀਫੋਰਨੀਆ ਦੀ ਇਕ ਨਦੀ ਵਿਚ ਡੁੱਬੀ ਕਾਰ ਵਿਚੋਂ ਲਾਸ਼ ਬਰਾਮਦ ਹੋਈ ਹੈ। ਪਲੇਸਰ ਕਾਊਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਇਸ ਮਹੀਨੇ ਦੇ ਸ਼ੁਰੂ ਵਿਚ 6 ਅਗਸਤ ਨੂੰ ਦੁਪਹਿਰ 12.30 ਵਜੇ ਦੇ ਆਸਪਾਸ ਪਰੋਸਰ ਫੈਮਿਲੀ ਕੈਂਪਗਰਾਊਂਡ ਵਿਚੋਂ ਲਾਪਤਾ ਹੋਈ ਕੀਲੀ ਰੋਡਨੀ ਨੂੰ ਲੱਭਣ ਲਈ ਸੈਂਕੜੇ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਤੇ ਸਮਾਜ ਸੇਵੀ ਯਤਨ ਕਰ ਰਹੇ ਸਨ। ਅਧਿਕਾਰੀਆਂ ਨੇ ਸ਼ੁਰੂ ਵਿਚ ਇਸ ਨੂੰ ਅਗਵਾ ਦਾ ਮਾਮਲਾ ਸਮਝਿਆ ਸੀ ਕਿਉਂਕ ਰੋਡਨੀ ਦੀ ਕਾਰ ਵੀ ਬਰਾਮਦ ਨਹੀਂ ਹੋਈ ਸੀ। ਬੀਤੇ ਦਿਨ ਪਰੋਸਰ ਨਦੀ ਵਿਚ ਇਕ ਡੁੱਬੀ ਹੋਈ ਕਾਰ ਵਿਖਾਈ ਦਿੱਤੀ ਜਿਸ ਵਿਚੋਂ ਇਕ ਲਾਸ਼ ਬਰਾਮਦ ਹੋਈ ਹੈ ਜਿਸ ਦੀ ਸ਼ਨਾਖਤ ਕੀਲੀ ਰੋਡਨੀ ਵਜੋਂ ਹੋਈ ਹੈ। ਸ਼ੈਰਿਫ ਦਫਤਰ ਨੇ ਕੀਲੀ ਦੀ ਮੌਤ ਦੇ ਕਾਰਨ ਬਾਰੇ ਕੁਝ ਨਹੀਂ ਦਸਿਆ ਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਮੁਕੰਮਲ ਹੋਣ 'ਤੇ ਹੀ ਅਸਲ ਕਾਰਨ ਦਾ ਪਤਾ ਲੱਗੇਗਾ। ਪਲੇਸਰ ਕਾਊਂਟੀ ਦਾ ਸ਼ੈਰਿਫ ਦਫਤਰ ਤੇ ਨੇਵਾਡਾ ਕਾਊਂਟੀ ਦਾ ਸ਼ੈਰਿਫ ਦਫਤਰ ਕੀਲੀ ਦੇ ਪਰਿਵਾਰ ਨਾਲ ਸੰਪਰਕ ਵਿਚ ਹੈ। ਅਧਿਕਾਰੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਹੈ ਕਿ ਉਹ ਮਾਮਲੇ ਦੀ ਤਹਿ ਤੱਕ ਜਾਣਗੇ ਤੇ ਕੀਲੀ ਦੀ ਮੌਤ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ। ਫਿਲਹਾਲ ਕੀਲੀ ਦੇ ਮੌਤ ਕਈ ਸਵਾਲ ਪਿੱਛੇ ਛੱਡ ਗਈ ਹੈ। ਕੀ ਉਸ ਦੀ ਹੱਤਿਆ ਹੋਈ ਹੈ ਜਾਂ ਕੀ ਇਹ ਖੁਦਕੁੱਸ਼ੀ ਦਾ ਮਾਮਲਾ ਹੈ ਜਾਂ ਕੀ ਇਹ ਅਚਨਚੇਤ ਵਾਪਰਿਆ ਹਾਦਸਾ ਹੈ? ਆਦਿ ਸਵਾਲਾਂ ਦਾ ਜਵਾਬ ਲੱਭਣ ਲਈ ਜਾਂਚਕਾਰ ਯਤਨਸ਼ੀਲ ਹਨ।
Comments (0)