ਦਿੱਲੀ ਦੀ ਰੋਹਿਣੀ ਕੋਰਟ ’ਚ ਦਿਨ-ਦਿਹਾੜੇ ਗੈਂਗਸਟਰ ਜਤਿੰਦਰ ਗੋਗੀ ਦਾ ਹੋਇਆ ਕਤਲ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਰੋਹਿਣੀ ਕੋਰਟ ਵਿੱਚ ਅੱਜ ਦਿਨ-ਦਿਹਾੜੇ ਵਕੀਲ ਦੇ ਭੇਸ ਵਿੱਚ ਆਏ ਦੋ ਬਦਮਾਸ਼ਾਂ ਨੇ ਨਾਮੀ ਗੈਂਗਸਟਰ ਜਤਿੰਦਰ ਗੋਗੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸਦੇ ਜੁਆਬ ਵਿਚ ਸਪੈਸ਼ਲ ਸੈਲ ਦੇ ਪੁਲਿਸ ਕਰਮੀਆਂ ਨੇ ਵੀ ਜਵਾਬੀ ਕਾਰਵਾਈ ਵਿੱਚ ਹਮਲਾਵਰਾਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਗੈਂਗਸਟਰ ਗੋਗੀ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ ।ਜਿਕਰਯੋਗ ਹੈ ਕਿ ਰੋਹਿਣੀ ਕੋਰਟ ਰੂਮ 207 ’ਚ ਇੱਕ ਮਾਮਲੇ ’ਚ ਜਤਿੰਦਰ ਗੋਗੀ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ । ਕੋਰਟ ’ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਕਿ ਇਸੇ ਦੌਰਾਨ ਵਕੀਲ ਦੇ ਭੇਸ ’ਚ ਆਏ ਹਮਲਾਵਰਾਂ ਨੇ ਗੋਗੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਗੋਗੀ ਨੂੰ 3-4 ਗੋਲੀਆਂ ਲੱਗੀਆਂ ਜਿਸ ਨਾਲ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਵਾਰਦਾਤ ਦੌਰਾਨ ਇੱਕ ਮਹਿਲਾ ਵਕੀਲ ਦੇ ਪੈਰ ’ਚ ਵੀ ਗੋਲੀ ਲੱਗੀ ਹੈ। ਗੋਗੀ ਤਿਹਾੜ ਜੇਲ੍ਹ ਨੰਬਰ 2 ਦੇ ਹਾਈ ਰਿਸਕ ਵਾਰਡ ’ਚ ਬੰਦ ਸੀ। ਉਸ ਨੂੰ ਸਪੈਸ਼ਲ ਸੈਲ ਨੇ ਪਿਛਲੇ ਸਾਲ ਮਾਰਚ ਵਿੱਚ ਗੁਰੂਗ੍ਰਾਮ ਤੋਂ ਕਾਬੂ ਕੀਤਾ ਸੀ ਅਤੇ ਗੋਗੀ ਪੰਜ ਲੱਖ ਦਾ ਇਨਾਮੀ ਗੈਂਗਸਟਰ ਸੀ । ਦਿੱਲੀ ਦੇ ਟਿੱਲੂ ਗਰੁੱਪ ਨੇ ਗੋਗੀ ਦਾ ਕਤਲ ਕੀਤਾ ਹੈ ਤੇ ਕਤਲ ਕਰਨ ਵਾਲਿਆਂ ਵਿਚ ਮਾਰਿਆ ਗਿਆ ਬਦਮਾਸ਼ ਰਾਹੁਲ ਪੰਜਾਹ ਲੱਖ ਦਾ ਇਨਾਮੀ ਸੀ ।
Comments (0)