ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬਿੱਟੂ ਦਾ ਸੋਧਾ ਲਾਉਣ ਦੀਆਂ ਅਕਤੂਬਰ ਤੋਂ ਤਿਆਰੀਆਂ ਕਰ ਰਹੇ ਸੀ ਨੌਜਵਾਨ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬਿੱਟੂ ਦਾ ਸੋਧਾ ਲਾਉਣ ਦੀਆਂ ਅਕਤੂਬਰ ਤੋਂ ਤਿਆਰੀਆਂ ਕਰ ਰਹੇ ਸੀ ਨੌਜਵਾਨ
ਬਿੱਟੂ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਹੋਈ ਪੁਲਿਸ

ਪਟਿਆਲਾ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਇਸ ਗੁਨਾਹ ਦੀ ਸਜ਼ਾ ਦੇਣ ਦੀਆਂ ਤਿਆਰੀਆਂ ਸਿੱਖ ਨੌਜਵਾਨ ਅਕਤੂਬਰ ਮਹੀਨੇ ਤੋਂ ਕਰ ਰਹੇ ਸੀ। ਇਸ ਗੱਲ ਦਾ ਖੁਲਾਸਾ ਪੁਲਿਸ ਜਾਂਚ ਵਿੱਚ ਹੋਇਆ ਹੈ। ਪੁਲਿਸ ਜਾਂਚ ਮੁਤਾਬਿਕ ਬਿੱਟੂ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਣ ਲਈ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਦੋਸ਼ੀ ਔਰਤ ਦੇ ਕਤਲ ਮਾਮਲੇ 'ਚ ਜੇਲ੍ਹ ਅੰਦਰ ਬੰਦ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਨੀਤੀ ਬਣਾਈ ਸੀ। ਇਸ ਕੰਮ ਵਿੱਚ ਉਸਨੇ ਜੇਲ੍ਹ ਅੰਦਰ ਹੀ ਨਜ਼ਰਬੰਦ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਆਪਣੇ ਨਾਲ ਸ਼ਾਮਿਲ ਕੀਤਾ ਸੀ।

ਨਿਊ ਜੇਲ੍ਹ ਨਾਭਾ ਦੇ ਗੁਰਦੁਆਰਾ ਸਾਹਿਬ ਵਿੱਚ ਬਣਾਈ ਸਕੀਮ
ਨਿਊ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਜਸਪ੍ਰੀਤ ਸਿੰਘ ਉਰਫ ਨਿਹਾਲ ਸਿੰਘ ਨੇ ਮਨਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਅਕਤੂਬਰ, 2018 ਵਿੱਚ ਬਿੱਟੂ ਨੂੰ ਸਜ਼ਾ ਦੇਣ ਦੀ ਸਕੀਮ ਬਣਾਈ। ਇਹਨਾਂ ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੋਸ ਸੀ, ਜਿਸ ਦੇ ਚਲਦਿਆਂ ਇਹਨਾਂ ਸਿੱਖ ਰਵਾਇਤਾਂ ਮੁਤਾਬਿਕ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਦਾ ਫੈਂਸਲਾ ਕੀਤਾ। 

ਨਿਊ ਨਾਭਾ ਜੇਲ੍ਹ ਤੋਂ ਫਰੀਦਕੋਟ ਜੇਲ੍ਹ ਭੇਜਿਆ ਗਿਆ ਬਿੱਟੂ
ਇਸ ਦੌਰਾਨ ਮੌਕੇ ਦੀ ਭਾਲ ਵਿੱਚ ਬੈਠੇ ਇਹਨਾਂ ਸਿੱਖ ਨੌਜਵਾਨਾਂ ਨੂੰ ਉਸ ਸਮੇਂ ਨਮੋਸ਼ੀ ਝੱਲਣੀ ਪਈ ਜਦੋਂ ਮਹਿੰਦਰਪਾਲ ਬਿੱਟੂ ਨੂੰ 4 ਦਸੰਬਰ ਨੂੰ ਨਿਊ ਨਾਭਾ ਜੇਲ੍ਹ ਤੋਂ ਫਰੀਦਕੋਟ ਜੇਲ੍ਹ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਜਸਪ੍ਰੀਤ ਸਿੰਘ ਨੂੰ ਵੀ ਨਿਊ ਨਾਭਾ ਜੇਲ੍ਹ ਤੋਂ ਅਤਿ ਸੁਰੱਖਿਆ ਜੇਲ੍ਹ ਨਾਭਾ ਤਬਦੀਲ ਕਰ ਦਿੱਤਾ ਗਿਆ ਤੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਪਿੱਛੇ ਨਿਊ ਨਾਭਾ ਜੇਲ੍ਹ ਵਿੱਚ ਰਹਿ ਗਏ।

ਬਿੱਟੂ ਨੂੰ ਮੁੜ ਨਿਊ ਨਾਭਾ ਜੇਲ੍ਹ ਤਬਦੀਲ ਕੀਤਾ ਗਿਆ
ਕੁੱਝ ਦਿਨਾਂ ਮਗਰੋਂ ਜਨਵਰੀ 2019 ਵਿੱਚ ਮਹਿੰਦਰਪਾਲ ਬਿੱਟੂ ਨੂੰ ਮੁਭ ਫਰੀਦਕੋਟ ਜੇਲ੍ਹ ਤੋਂ ਨਿਊ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਹਲਾਂਕਿ ਹੁਣ ਜਸਪ੍ਰੀਤ ਸਿੰਘ ਇੱਥੇ ਨਹੀਂ ਸੀ ਪਰ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਇੱਥੇ ਹੀ ਬੰਦ ਸਨ।

ਗੁਰਸੇਵਕ ਸਿੰਘ ਨੂੰ ਪੈਰੋਲ ਮਿਲੀ
ਇਸ ਦੌਰਾਨ ਮਾਰਚ ਮਹੀਨੇ ਵਿੱਚ ਗੁਰਸੇਵਕ ਸਿੰਘ ਨੂੰ ਪੈਰੋਲ ਮਿਲ ਗਈ ਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ।

22 ਜੂਨ ਨੂੰ ਬਿੱਟ ਦਾ ਕਤਲ
ਪੈਰੋਲ ਤੋਂ ਵਾਪਿਸ ਪਰਤਣ ਮਗਰੋਂ 22 ਜੂਨ ਨੂੰ ਮੌਕਾ ਮਿਲਦਿਆਂ ਹੀ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਸਰੀਏ ਨਾਲ ਬਿੱਟੂ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਿਕ ਇਸ ਮੌਕੇ ਇੱਕ ਹੋਰ ਕੈਦੀ ਲਖਬੀਰ ਸਿੰਘ ਲੱਖਾ ਵੀ ਇਹਨਾਂ ਨਾਲ ਮੋਜੂਦ ਸੀ ਜਿਸ ਉੱਤੇ ਪੁਲਿਸ ਨੇ ਲੱਕੜ ਦੇ ਡੰਡੇ ਨਾਲ ਬਿੱਟੂ ਨੂੰ ਮਾਰਨ ਦਾ ਦੋਸ਼ ਲਾਇਆ ਹੈ। 

ਕੌਣ ਹੈ ਜਸਪ੍ਰੀਤ ਸਿੰਘ
ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਦੀ ਮੁੱਖ ਸਾਜਿਸ਼ ਘੜਣ ਵਾਲਾ ਜਸਪ੍ਰੀਤ ਸਿੰਘ ਹੈ। ਜਸਪ੍ਰੀਤ ਸਿਘ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਹੈ ਜੋ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਲ ਜੁੜਿਆ ਹੋਇਆ ਸੀ। ਜਸਪ੍ਰੀਤ ਸਿੰਘ ਪੰਥਕ ਭਾਵਾਨਾਵਾਂ ਨਾਲ ਭਰਿਆ ਹੋਇਆ ਹੈ ਜੋ ਬੀਤੇ ਸਾਲਾਂ ਤੋਂ ਹਰ ਪੰਥਕ ਇਕੱਠ ਅਤੇ ਪ੍ਰੋਗਰਾਮ ਵਿੱਚ ਆਪਣਾ ਹਿੱਸਾ ਪਾਉਂਦਾ ਸੀ। 2016 ਵਿੱਚ ਘਵੱਦੀ ਪਿੰਡ ਦੀ ਬਲਵਿੰਦਰ ਕੌਰ ਨਾਮੀਂ ਔਰਤ ਨੂੰ ਜਸਪ੍ਰੀਤ ਸਿੰਘ ਨੇ ਕਤਲ ਕਰ ਦਿੱਤਾ ਸੀ। ਇਸ ਔਰਤ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤੇ ਕੁੱਝ ਦਿਨਾਂ ਮਗਰੋਂ ਜ਼ਮਾਨਤ 'ਤੇ ਬਾਹਰ ਆ ਗਈ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ