ਬਹਿਬਲ ਕਲਾਂ ਗੋਲੀਕਾਂਡ: ਮੁੱਖ ਗਵਾਹ ਦੀ ਮੌਤ ਲਈ ਪਰਿਵਾਰ ਨੇ ਸਰਕਾਰੀ ਅਫਸਰਾਂ ਨੂੰ ਜ਼ਿੰਮੇਵਾਰ ਦੱਸਿਆ

ਬਹਿਬਲ ਕਲਾਂ ਗੋਲੀਕਾਂਡ: ਮੁੱਖ ਗਵਾਹ ਦੀ ਮੌਤ ਲਈ ਪਰਿਵਾਰ ਨੇ ਸਰਕਾਰੀ ਅਫਸਰਾਂ ਨੂੰ ਜ਼ਿੰਮੇਵਾਰ ਦੱਸਿਆ
ਸੁਰਜੀਤ ਸਿੰਘ ਦਾ ਪੁੱਤਰ ਲਖਵਿੰਦਰ ਸਿੰਘ ਅਤੇ ਪਤਨੀ ਜਸਵੀਰ ਕੌਰ

ਕੋਟਕਪੂਰਾ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾ ਕੇ ਸ਼ਹੀਦ ਕੀਤੇ ਦੋ ਸਿੱਖਾਂ ਦੇ ਮਾਮਲੇ 'ਚ ਮੁੱਖ ਗਵਾਹ ਸੁਰਜੀਤ ਸਿੰਘ ਦੀ ਬੀਤੇ ਦਿਨੀਂ ਹੋਈ ਮੌਤ ਲਈ ਪਰਿਵਾਰ ਨੇ ਸਰਕਾਰੀ ਅਫਸਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਿਜਲੀ ਮਹਿਕਮੇ ਨਾਲ ਸਬੰਧਿਤ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਸੁਰਜੀਤ ਸਿੰਘ ਮਾਨਸਿਕ ਦਬਾਅ 'ਚ ਰਹਿੰਦੇ ਸਨ। ਉਹਨਾਂ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 

ਸੁਰਜੀਤ ਸਿੰਘ ਬਹਿਬਲ ਕਲਾਂ ਮਾਮਲੇ ਦੇ ਮੁੱਖ ਗਵਾਹ ਸਨ। ਪਿੰਡ ਬਹਿਬਲ ਖੁਰਦ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੱਜ ਜੋਰਾ ਸਿੰਘ ਕਮਿਸ਼ਨ ਸਾਹਮਣੇ ਵੀ ਆਪਣੇ ਬਿਆਨ ਕਲਮਬੰਦ ਕਰਵਾ ਚੁੱਕੇ ਸਨ ਅਤੇ ਬਾਅਦ ਵੀ ਬਣਾਏ ਗਏ ਜੱਜ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਵੀ ਉਹ ਪੇਸ਼ ਹੋਏ ਸਨ। 

ਸੁਰਜੀਤ ਸਿੰਘ ਦੀ ਮੌਤ ਨਾਲ ਪਹਿਲਾਂ ਹੀ ਢਿੱਲੀ ਕਾਰਵਾਈ ਨਾਲ ਚੱਲ ਰਹੇ ਇਸ ਮਾਮਲੇ ਦੇ ਹੋਰ ਕਮਜ਼ੋਰ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਅਹਿਮ ਮੁੱਦਾ ਬਣਿਆ ਸੀ ਤੇ ਇਸਦਾ ਇਨਸਾਫ ਦਵਾਉਣ ਦਾ ਵਾਅਦਾ ਕਰਕੇ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ। ਇਸ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਸਿੱਧਾ ਜੋੜਿਆ ਜਾਂਦਾ ਹੈ। 

ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਕਿਹਾ, "ਪਿਛਲੇ ਸਾਲ ਨਵੰਬਰ ਮਹੀਨੇ, ਪੀਐਸਪੀਸੀਐਲ ਨੇ ਸਾਡੇ ਘਰ ਛਾਪਾ ਮਾਰਿਆ ਸੀ ਅਤੇ ਸਾਨੂੰ 55,000 ਰੁਪਏ ਦਾ ਜ਼ੁਰਮਾਨਾ ਲਾਇਆ ਸੀ। ਉਦੋਂ ਤੋਂ ਹੀ ਬਿਜਲੀ ਮਹਿਕਮੇ ਦੇ ਮੁਲਾਜ਼ਮ ਸਾਨੂੰ ਲਗਾਤਾਰ ਤੰਗ ਕਰ ਰਹੇ ਸਨ ਜਿਸ ਕਰਕੇ ਮੇਰੇ ਪਤੀ ਮਾਨਸਿਕ ਪ੍ਰੇਸ਼ਾਨ ਰਹਿਣ ਲੱਗੇ ਸਨ।"

ਸੁਰਜੀਤ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਕਿਹਾ, "ਸਾਡੇ 'ਤੇ ਬਿਜਲੀ ਚੋਰੀ ਦਾ ਦੋਸ਼ ਲਾਇਆ ਗਿਆ ਸੀ। ਮਹਿਕਮੇ ਵਾਲੇ ਸਾਡਾ ਮੀਟਰ ਵੀ ਪੁੱਟ ਲੈ ਗਏ ਸਨ। ਸਭ ਨੂੰ ਪਤਾ ਕਿ ਸਾਨੂੰ ਇਸ ਵਿਚ ਕਿਉਂ ਫਸਾਇਆ ਗਿਆ। ਅਸੀਂ 25,000 ਰੁਪਏ ਜਮ੍ਹਾ ਵੀ ਕਰਵਾ ਦਿੱਤੇ ਸੀ, ਪਰ ਫੇਰ ਵੀ ਸਾਨੂੰ ਸਾਡੇ ਬੋਰ ਦਾ ਕਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਬਾਪੂ ਜੀ ਨੇ ਕਈ ਥਾਵਾਂ 'ਤੇ ਅਪੀਲਾਂ ਕੀਤੀਆਂ ਪਰ ਸਾਡੀ ਕਿਸੇ ਥਾਂ ਸੁਣਵਾਈ ਨਹੀਂ ਹੋਈ।"

ਉਹਨਾਂ ਕਿਹਾ ਕਿ ਸੁਰਜੀਤ ਸਿੰਘ ਨੇ ਸਾਰੇ ਕਮਿਸ਼ਨਾਂ ਸਾਹਮਣੇ ਪੇਸ਼ ਹੋ ਕੇ ਗਵਾਹੀਆਂ ਦਿੱਤੀਆਂ ਪਰ ਜਦੋਂ ਸੁਰਜੀਤ ਸਿੰਘ ਨੂੰ ਮਦਦ ਦੀ ਜ਼ਰੂਰਤ ਪਈ ਤਾਂ ਕੋਈ ਵੀ ਅੱਗੇ ਨਹੀਂ ਆਇਆ।

ਜਸਵੀਰ ਕੌਰ ਨੇ ਪੰਥਕ ਜਥੇਬੰਦੀਆਂ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ ਕਿਸੇ ਵੀ ਪੰਥਕ ਜਥੇਬੰਦੀ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ। ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਆਪਣੇ ਬਿਆਨ ਕਲਮਬੰਦ ਕਰਵਾ ਦਿੱਤੇ ਸਨ ਤੇ ਉਹਨਾਂ ਬਿਆਨਾਂ ਦੀ ਨਕਲ ਪਰਿਵਾਰ ਕੋਲ ਵੀ ਹੈ ਅਤੇ ਉਹ ਚਾਹੁੰਦੇ ਹਨ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ।

ਇਸ ਗੋਲੀਕਾਂਡ 'ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸੁਖਰਾਜ ਸਿੰਘ ਦੇ ਪਰਿਵਾਰਾਂ ਨੇ ਕਿਹਾ ਕਿ ਇਸ ਮਾਮਲੇ 'ਚ ਕਾਰਵਾਈ ਬਹੁਤ ਹੌਲੀ ਚੱਲ ਰਹੀ ਹੈ ਅਤੇ ਹੁਣ ਮੁੱਖ ਗਵਾਹ ਦੀ ਮੌਤ ਨਾਲ ਮਾਮਲੇ ਦੇ ਕਮਜ਼ੋਰ ਹੋਣ ਦਾ ਵੀ ਖਦਸ਼ਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਐਸਆਈਟੀ ਨੂੰ ਕਾਰਵਾਈ ਤੇਜ਼ ਕਰਨ ਲਈ ਕਿਹਾ ਜਾਵੇ ਕਿਉਂਕਿ ਪਹਿਲਾਂ ਹੀ ਇਸ ਮਾਮਲੇ 'ਚ ਤਿੰਨ ਸਾਲ ਲੰਘ ਚੁੱਕੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।