ਚੰਡੀਗੜ ਵਿਚ ਪੱਤਰਕਾਰਾਂ ਨਾਲ ਵਾਪਰੀਆਂ ਘਟਨਾਵਾਂ ਆਪਸੀ ਏਕੇ ਦੀ ਘਾਟ ਦਾ ਨਤੀਜਾ

ਚੰਡੀਗੜ ਵਿਚ ਪੱਤਰਕਾਰਾਂ ਨਾਲ ਵਾਪਰੀਆਂ ਘਟਨਾਵਾਂ ਆਪਸੀ ਏਕੇ ਦੀ ਘਾਟ ਦਾ ਨਤੀਜਾ

ਬਘੇਲ ਸਿੰਘ ਧਾਲੀਵਾਲ
99142-58142

ਚੰਡੀਗੜ ਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨਾਲ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਅਤੇ ਜੱਗਬਾਣੀ ਦੇ ਪੱਤਰਕਾਰ ਨਾਲ ਹੋਈ ਹੋਈ ਲੁੱਟ ਖੋਹ ਤੇ ਮਾਰ ਕੁੱਟ ਬੇਹੱਦ ਨਿੰਦਣਯੋਗ,ਚਿੰਤਾਜਨਕ ਤੇ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਹੈ,ਆਏ ਦਿਨ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਪੱਸਟ ਕਰਦਾ ਹੈ ਕਿ ਸੂਬੇ ਅੰਦਰ ਗੁੰਡਾ ਸਿਆਸੀ ਪੁਲਿਸ ਗੱਠਜੋੜ ਦਾ ਬੋਲਬਾਲਾ ਹੈ।ਸੱਚ ਬੋਲਣਾ ਤੇ ਲਿਖਣਾ ਇਸ ਗੱਠਜੋੜ ਦੀਆਂ ਨਜਰਾਂ ਵਿੱਚ ਨਾ-ਬਖਸ਼ਣਯੋਗ ਗੁਨਾਹ ਹੈ,ਜਿਸ ਦੀ ਸਜ਼ਾ ਕੁੱਝ ਵੀ ਹੋ ਸਕਦੀ ਹੈ, ਭਾਵ ਡਰਾਉਣ, ਧਮਕਾਉਣ, ਮਾਰ ਕੁੱਟ ਤੋ ਲੈ ਕੇ ਭਿਆਨਕ ਮੌਤ ਤੱਕ ਦੀ ਵੀ ਨੌਬਤ ਆ ਸਕਦੀ ਹੈ, ਅਜਿਹੀਆਂ ਬਹੁਤ ਸਾਰੀਆਂ ਕਲੰਕਤ ਮਿਸ਼ਾਲਾਂ ਭਾਰਤੀ ਤੰਤਰ ਦੇ ਅਤੀਤ ਚ ਸਾਂਭੀਆਂ ਹੋਈਆਂ ਹਨ,ਜਿੰਨਾਂ ਚ ਘਰ ਘਾਟ ਫੂਕ ਦੇਣ,ਜਾਨਲੇਵਾ ਹਮਲੇ ਕਰਨ,ਸ਼ਰੇਆਮ ਗੋਲੀਆਂ ਮਾਰਨ,ਮਾਰਕੁੱਟ ਕਰਨ,ਜਿਉਂਦਾ ਜਲਾ ਦੇਣ ਵਰਗੀਆਂ ਸਜਾਵਾਂ ਭਾਰਤੀ ਪੱਤਰਕਾਰਾਂ ਦੇ ਹਿੱਸੇ ਆ ਚੁੱਕੀਆਂ ਹਨ। 

ਪੱਤਰਕਾਰੀ ਇੱਕ ਅਜਿਹਾ ਪੇਸ਼ਾ ਹੈ ਜਿਸ ਦੀਆਂ ਜੁੰਮੇਵਾਰੀਆਂ ਜਿਆਦਾ ਹਨ,ਪਰ ਸਰਕਾਰਾਂ ਨੂੰ ਇਸ ਖੇਤਰ ਚ ਕੰਮ ਕਰਦੇ ਲੋਕਾਂ ਨਾਲ ਕੋਈ ਹਮਦਰਦੀ ਨਹੀ,ਬਲਕਿ ਇੱਸ ਖੇਤਰ ਦੇ ਲੋਕਾਂ ਨਾਲ ਸੱਚ ਬੋਲਣ ਤੇ ਲਿਖਣ ਬਦਲੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ।ਬੀਤੇ ਕੱਲ ਸੂਬੇ ਦੀ ਰਾਜਧਾਨੀ ਚ ਵਾਪਰੀਆਂ ਦੋ ਵੱਖ ਵੱਖ ਅਖਬਾਰਾਂ ਦੇ ਪੱਤਰਕਾਰਾਂ ਨਾਲ ਅਣਹੋਣੀਆਂ ਘਟਨਾਵਾਂ ਉਪਰ ਲਿਖੇ ਜਾ ਚੁੱਕੇ ਗੁੰਡਾ ਸਿਆਸੀ ਪੁਲਿਸ ਗੱਠਜੋੜ ਦੇ ਭੈੜੇ ਮਨਸੂਬਿਆਂ ਨੂੰ ਹੋਰ ਭਿਆਨਕ ਰੂਪ ਚ ਸਾਡੇ ਸਾਹਮਣੇ ਲੈ ਕੇ ਆਈਆਂ ਹਨ,ਜਿਸ ਦੀ ਉੱਪਰ ਨਿੰਦਾ ਵੀ ਕੀਤੀ ਜਾ ਚੁੱਕੀ ਹੈ,ਪ੍ਰੰਤੂ ਸਭਿਅਕ ਸਮਾਜ ਲਈ ਇਸ ਤੋ ਵੀ ਨਿੰਦਣਯੋਗ, ਚਿੰਤਾਜਨਕ ਤੇ ਸ਼ਰਮਨਾਕ ਵਰਤਾਰਾ ਇਹ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਚ ਕੁੱਝ ਪੱਤਰਕਾਰਾਂ ਦੀ ਗਿਰਫਤਾਰੀ ਮੌਕੇ ਇਨਸਾਫ ਪਸੰਦ,ਜਮਹੂਰੀਅਤ ਪਸੰਦ ਤੇ ਜਮਹੂਰੀ ਜਥੇਬੰਦੀਆਂ ਸਮੇਤ ਪੱਤਰਕਾਰ ਭਾਈਚਾਰੇ ਦੇ ਵੱਡਾ ਹਿੱਸਾ ਉਕਤ ਪੁਲਿਸ ਵਧੀਕੀਆਂ ਦੇ ਖਿਲਾਫ ਕੁੱਝ ਵੀ ਬੋਲਣ ਦੀ ਬਜਾਏ ਚੁੱਪ ਰਿਹਾ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੋ ਵੱਡੇ ਅਦਾਰਿਆਂ ਦੇ ਪੱਤਰਕਾਰਾਂ ਨਾਲ ਸੂਬੇ ਦੀ ਰਾਜਧਾਨੀ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਜਿੰਨਾਂ ਨੇ ਇਨਸਾਫ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਨੀਂਦ ਚੋ ਜਗਾਉਣ ਦਾ ਕੰਮ ਕੀਤਾ ਹੈ। 

ਜਿਹੜੇ ਲੋਕ ਅੱਜ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨਾਲ ਵਾਪਰੀ ਮੰਦਭਾਗੀ ਘਟਨਾ ਦੀ ਨਿੰਦਾ ਕਰ ਰਹੇ ਹਨ,ਲੋਕਤੰਤਰ ਦਾ ਘਾਣ ਦੱਸ ਰਹੇ ਹਨ,ਪੁਲਿਸ਼ ਧੱਕੇਸ਼ਾਹੀ ਨੂੰ ਨੱਥ ਪਾਉਣ ਦੀ ਗੱਲ ਕਹਿ ਰਹੇ ਹਨ, ਜੇਕਰ ਉਹਨਾਂ ਨੇ ਪੰਜਾਬ ਦੇ ਇੱਕ ਸਿੱਖ ਪੱਤਰਕਾਰ ਦੀ ਗਿਰਫਤਾਰੀ ਮੌਕੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਕੀਤੀ ਹੁੰਦੀ ਤਾਂ ਸਾਇਦ ਚੰਡੀਗੜ ਵਾਲੀ ਘਟਨਾ ਨਾ ਵਾਪਰਦੀ।,ਅਸੀ ਪਰਮਾਤਮਾ ਤੇ ਭਰੋਸ਼ਾ ਕਰਨ ਵਾਲੇ ਲੋਕ ਹਾਂ,ਇਸ ਲਈ ਇਹ ਕਹਿਣਾ ਸਾਡਾ ਸੁਭਾਅ ਵੀ ਹੈ ਕਿ ਜੋ ਕੁੱਝ ਹੋਇਆ ਚੰਗਾ ਹੀ ਹੋਇਆ ਹੋਵੇਗਾ,ਸੋ ਇਸ ਲਈ ਮੈਨੂੰ ਇੱਥੇ ਇਹ ਕਹਿਣ ਚ ਕੋਈ ਗੁਰੇਜ ਨਹੀ ਕਿ  ਜੇਕਰ ਇਹ ਘਟਨਾ ਨਾ ਵਾਪਰਦੀ ਤਾਂ ਸਾਇਦ ਅਫਸਰਸ਼ਾਹੀ ਅਤੇ ਸੱਤਾ ਦੇ ਗਲਿਆਰਿਆਂ ਚ ਅਪਣੀ ਭੱਲ ਅਤੇ ਪਛਾਣ ਦਾ ਭੁਲੇਖਾ ਪਾਲੀ ਬੈਠੇ ਮੇਰੇ ਕੁੱਝ ਪੱਤਰਕਾਰ ਦੋਸਤਾਂ ਨੂੰ ਇਹ ਅਹਿਸਾਸ ਕਿਵੇਂ ਹੁੰਦਾ ਕਿ ਪੁਲਿਸ ਵਧੀਕੀਆਂ ਵੀ ਕਰਦੀ ਹੈ ਤੇ ਉਹ ਕਿਸੇ ਨਾਲ ਕਿਸੇ ਸਮੇ ਕੁੱਝ ਵੀ ਕਰ ਸਕਦੀ ਹੈ। 

ਸੋ ਉਪਰੋਕਤ ਦੋਨੋਂ ਘਟਨਾਵਾਂ ਤੋ ਸਬਕ ਲੈਂਦੇ ਹੋਏ ਜਿੱਥੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ,ਬਿਨਾ ਈਰਖਾਵਾਜੀ ਤੋਂ ਏਕਤਾ ਦਾ ਸਬੂਤ ਦਿੰਦੇ ਹੋਏ ਜਬਰ ਜੁਲਮ ਦੇ ਖਿਲਾਫ ਸੰਘਰਸ਼ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ,ਓਥੇ ਸਮੂਹ ਜਮਹੂਰੀ ਜਥੇਬੰਦੀਆਂ,ਕਿਸਾਨ ਮਜਦੂਰ ਜਥੇਬੰਦੀਆਂ ਤੋ ਇਲਾਵਾ ਹੱਕ ਸੱਚ ਇਨਸਾਫ ਦੀ ਅਵਾਜ ਨੂੰ ਜਿਉਂਦਾ ਰੱਖਣ ਦੇ ਚਾਹਵਾਨ ਇਨਸਾਫ ਪਸੰਦ ਲੋਕਾਂ ਨੂੰ ਪੱਤਰਕਾਰ ਭਾਈਚਾਰੇ ਨਾਲ ਹੁੰਦੀਆਂ ਵਧੀਕੀਆਂ ਦੇ ਖਿਲਾਫ ਬੋਲਣਾ ਚਾਹੀਦਾ ਹੈ,ਕਿਉਕਿ ਇੱਕ ਪੱਤਰਕਾਰ ਭਾਈਚਾਰਾ ਹੀ ਹੈ,ਜਿਸ ਨੇ ਹਰ ਵਰਗ ਦੀ ਗੱਲ ਕਰਨੀ ਹੈ,ਹਰ ਵਰਗ ਦੀ ਸਮੱਸਿਆ ਨੂੰ ਸਰਕਾਰਾਂ ਦੇ ਬੋਲ਼ੇ ਕੰਨਾਂ ਤੱਕ ਪਹੁੰਚਾਉਣਾ ਹੁੰਦਾ ਹੈ,ਜੇਕਰ ਇਹ ਖੇਤਰ ਦੇ ਲੋਕ ਹੀ ਸੁਰਖਿਅਤ ਨਾ ਰਹੇ ਤਾਂ ਲੋਕ ਸਮੱਸਿਆਵਾਂ ਦੀ ਗੱਲ ਕਰਨ ਵਾਲਾ ਕੋਈ ਨਹੀ ਬਚੇਗਾ,ਇਸ ਲਈ ਲੋਕਾਂ ਦੀ ਅਵਾਜ ਨੂੰ ਜਿਉਂਦਾ ਰੱਖਣ ਲਈ ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਮਜਬੂਤ ਕਰਨਾ ਬੇਹੱਦ ਜਰੂਰੀ ਹੈ,ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਤਕੜਾ ਕੀਤਾ ਜਾ ਸਕਦਾ ਹੈ।

ਅੰਤ ਵਿੱਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨਾਲ ਹੋਈ ਪੁਲਿਸ ਧੱਕੇਸ਼ਾਹੀ ਅਤੇ ਜੱਗਬਾਣੀ ਦੇ ਪੱਤਰਕਾਰ ਗੁਰਉਪਦੇਸ ਸਿੰਘ ਭੁੱਲਰ ਨਾਲ ਵਾਪਰੀ ਲੁੱਟਖੋਹ ਅਤੇ ਮਾਰਕੁੱਟ ਦੀ ਘਟਨਾ ਦੀ ਜੋਰਦਾਰ ਢੰਗ ਨਾਲ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ,ਕਿਉਕਿ ਅਜਿਹੀਆਂ ਘਟਨਾਵਾਂ ਪੱਤਰਕਾਰਾਂ ਦੀ ਜਾਨ ਮਾਲ ਦੀ ਰਾਖੀ ਦੇ ਸੰਦਰਭ ਵਿੱਚ ਪ੍ਰਸ਼ਾਸ਼ਨਿਕ ਵਿਵਸਥਾਵਾਂ ਤੇ ਸੁਆਲੀਆਂ ਚਿੰਨ ਲਾਉੰਦੀਆਂ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।