ਸੰਸਾਰ ਨੂੰ ਤਬਦੀਲ ਕੀਤਾ ਕਵਾਡ ਨੇ - ਵਿਸ਼ਵ ਰਾਜਨੀਤੀ

ਸੰਸਾਰ ਨੂੰ ਤਬਦੀਲ ਕੀਤਾ ਕਵਾਡ ਨੇ  -  ਵਿਸ਼ਵ ਰਾਜਨੀਤੀ

ਹਰਸ਼ ਵੀ. ਪੰਤ

ਬੀਤੇ ਇਕ ਹਜ਼ਾਰ ਸਾਲ ਤੋਂ ਦੁਨੀਆ ਵਿਚ ਓਨਾ ਬਦਲਾਅ ਨਹੀਂ ਆਇਆ ਜਿੰਨਾ ਬੀਤੇ ਦਸ ਸਾਲਾਂ ਵਿਚ ਆਇਆ ਹੈ। ਇਸੇ ਤਰ੍ਹਾਂ ਬੀਤੇ ਇਕ ਸਾਲ ਵਿਚ ਦੁਨੀਆ ਬਦਲਾਅ ਦੇ ਉਸ ਤੋਂ ਵੀ ਵੱਡੇ ਦੌਰ ਤੋਂ ਗੁਜ਼ਰੀ ਹੈ ਜਿੰਨਾ ਬੀਤੇ ਦਸ ਸਾਲਾਂ ਦੌਰਾਨ ਹੋਇਆ। ਕਵਾਡ (ਚਾਰ ਦੇਸ਼ਾਂ-ਅਮਰੀਕਾ, ਜਾਪਾਨ, ਆਸਟ੍ਰੇਲੀਆ ਤੇ ਭਾਰਤ ਦਾ ਗੱਠਜੋੜ) ਵੀ ਅਜਿਹੇ ਪਰਿਵਰਤਨਾਂ ਦਾ ਇਕ ਅਹਿਮ ਪੜਾਅ ਅਤੇ ਨਤੀਜਾ ਹੈ। ਇਹ ਚਾਰ ਦੇਸ਼ਾਂ ਦਾ ਇਕ ਅਜਿਹਾ ਉੱਭਰਦਾ ਹੋਇਆ ਸਮੂਹ ਹੈ ਜੋ ਵਿਸਥਾਰਵਾਦੀ, ਵਿਗੜੈਲ ਅਤੇ ਅੜੀਅਲ ਚੀਨ ਨੂੰ ਚੁਣੌਤੀ ਦੇਣ ਦਾ ਮਾਦਾ ਰੱਖਦਾ ਹੈ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀ ਚੌਕੜੀ ਨਾਲ ਬਣੇ ਇਸ ਸਮੂਹ ਦੇ ਰਾਸ਼ਟਰ ਮੁਖੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੇ ਵਿਚਾਰ ਸਾਂਝੇ ਕੀਤੇ। ਮੌਜੂਦਾ ਦੌਰ ਵਿਚ ਇਹ ਘਟਨਾ ਚੱਕਰ ਆਪਣੇ-ਆਪ ਵਿਚ ਅਤਿਅੰਤ ਮਹੱਤਵਪੂਰਨ ਹੈ। ਇਸ ਨੂੰ ਠੰਢੀ ਜੰਗ ਦੀ ਸਮਾਪਤੀ ਮਗਰੋਂ ਸਭ ਤੋਂ ਕਾਬਿਲੇਗ਼ੌਰ ਵਿਸ਼ਵ ਪੱਧਰੀ ਪਹਿਲ ਕਿਹਾ ਜਾ ਰਿਹਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦ-ਪ੍ਰਸ਼ਾਂਤ ਖੇਤਰ ਸਮਕਾਲੀ ਭੂ-ਰਾਜਨੀਤੀ ਦਾ ਕੇਂਦਰ ਬਿੰਦੂ ਹੈ। ਲੰਬੇ ਸਮੇਂ ਤਕ ਇਸ ਖੇਤਰ ਨੂੰ ਅਣਦੇਖਿਆ ਹੀ ਕੀਤਾ ਗਿਆ। ਕੁਝ ਸਮਾਂ ਪਹਿਲਾਂ ਹੀ ਇਸ ਨੂੰ ਮਾਨਤਾ ਮਿਲਣੀ ਸ਼ੁਰੂ ਹੋਈ ਹੈ ਪਰ ਅਜੇ ਵੀ ਉਸ ਦੇ ਲਈ ਸੰਸਥਾਗਤ ਢਾਂਚੇ ਦੀ ਘਾਟ ਹੈ। ਇਸ ਦੀ ਪੂਰਤੀ ਕਰਨ ਵਿਚ ਕਵਾਡ ਪੂਰੀ ਤਰ੍ਹਾਂ ਸਮਰੱਥ ਹੈ। ਹੁਣ ਇਹ ਇਕ ਰਸਮੀ ਮੰਚ ਦੇ ਰੂਪ ਵਿਚ ਆਕਾਰ ਲੈਂਦਾ ਦਿਖਾਈ ਦੇ ਰਿਹਾ ਹੈ। ਇਸ ਨੂੰ ਮਿਲ ਰਹੀ ਮਹੱਤਤਾ ਦਾ ਅੰਦਾਜ਼ਾ ਇਸੇ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡਨ ਨੇ ਆਪਣੀ ਪਹਿਲੀ ਬਹੁ-ਪੱਖੀ ਵਾਰਤਾ ਲਈ ਕਵਾਡ ਵਰਗੇ ਸੰਗਠਨ ਨੂੰ ਚੁਣਿਆ ਜੋ ਅਜੇ ਤਕ ਗ਼ੈਰ-ਰਸਮੀ ਸਰੂਪ ਵਿਚ ਹੀ ਹੈ। ਬਾਇਡਨ ਦਾ ਇਹ ਦਾਅ ਉਨ੍ਹਾਂ ਲੋਕਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਜੋ ਇਹ ਅਨੁਮਾਨ ਲਗਾ ਰਹੇ ਸਨ ਕਿ ਟਰੰਪ ਪ੍ਰਸ਼ਾਸਨ ਤੋਂ ਬਾਅਦ ਬਾਇਡਨ ਹਿੰਦ-ਪ੍ਰਸ਼ਾਂਤ ਖੇਤਰ ਲਈ ਇਕ ਅਲੱਗ ਰਾਹ ਚੁਣ ਸਕਦੇ ਹਨ।

ਬਾਇਡਨ ਨੇ ਕਵਾਡ ਦੇ ਸਹਿਯੋਗੀਆਂ ਦੇ ਨਾਲ ਇਕ ਸੁਤੰਤਰ ਅਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਦੀ ਵਚਨਬੱਧਤਾ ਜ਼ਾਹਿਰ ਕਰ ਕੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਕਵਾਡ ਦਾ ਵਿਚਾਰ ਨਵਾਂ ਨਹੀਂ ਹੈ। ਸੰਨ 2007 ਵਿਚ ਜਾਪਾਨ ਨੇ ਇਸ ਦੀ ਪਹਿਲ ਕੀਤੀ ਸੀ ਪਰ ਭਾਰਤ ਅਤੇ ਆਸਟ੍ਰੇਲੀਆ ਵਰਗੇ ਦੇਸ਼ ਇਸ ਨੂੰ ਲੈ ਕੇ ਝਿਜਕ ਰਹੇ ਸਨ। ਉਨ੍ਹਾਂ ਦੀ ਝਿਜਕ ਦੀ ਮੁੱਖ ਵਜ੍ਹਾ ਇਹ ਸੀ ਕਿ ਕਿਤੇ ਚੀਨ ਇਸ ਤੋਂ ਨਾਰਾਜ਼ ਨਾ ਹੋ ਜਾਵੇ ਪਰ ਬੀਤੇ ਇਕ ਸਾਲ ਦੇ ਘਟਨਾਚੱਕਰ ਨੇ ਇਨ੍ਹਾਂ ਦੋਵਾਂ ਦੇਸ਼ਾਂ ਦੀ ਬੀਜਿੰਗ ਨੂੰ ਲੈ ਕੇ ਸੋਚ ਬਦਲ ਦਿੱਤੀ। ਕੇਵਲ ਭਾਰਤ ਅਤੇ ਆਸਟ੍ਰੇਲੀਆ ਹੀ ਨਹੀਂ, ਸਗੋਂ ਅਮਰੀਕਾ ਦੀ ਵੀ ਹਾਲੀਆ ਦੌਰ ਵਿਚ ਵਪਾਰ, ਤਾਇਵਾਨ ਅਤੇ ਵਿਸ਼ਵ ਸਿਹਤ ਸੰਗਠਨ ਵਰਗੇ ਕਈ ਮਸਲਿਆਂ ’ਤੇ ਚੀਨ ਨਾਲ ਤਣਾਤਣੀ ਵਧੀ ਹੈ। ਇਸੇ ਲਈ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਵਧਦੀ ਦਖ਼ਲਅੰਦਾਜ਼ੀ ਵਿਰੁੱਧ ਗਲੋਬਲੀ ਪੱਧਰ ’ਤੇ ਵੱਧ ਰਹੀਆਂ ਚਿੰਤਾਵਾਂ ਦਰਮਿਆਨ ‘ਕਵਾਡ’ ਦੀ ਬੈਠਕ ਦਾ ਆਯੋਜਨ ਹੋਇਆ ਸੀ।

ਕੋਵਿਡ-19 ਟੀਕੇ ਦੇ ਨਿਰਮਾਣ ਅਤੇ ਵੱਖ-ਵੱਖ ਦੇਸ਼ਾਂ ਨੂੰ ਉਸ ਦੀ ਸਪਲਾਈ ਰਾਹੀਂ ਸੰਕਟਮਈ ਸਮੇਂ ਭੂਮਿਕਾ ਨਿਭਾਉਣ ਲਈ ਭਾਰਤ ਦੀ ਸ਼ਲਾਘਾ ਕਰਦੇ ਹੋਏ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਮੁੱਖ ਅਰਥ-ਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਵਿਰੁੱਧ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਹੈ। ਦੂਜੇ ਬੰਨੇ ਕੋਰੋਨਾ ਕਾਲ ਵਿਚ ਆਪਣੀ ਹੇਠੀ ਦਿਖਾਉਣ ਦੇ ਨਾਲ-ਨਾਲ ਚੀਨ ਨੇ ਆਸਟ੍ਰੇਲੀਆ ’ਤੇ ਵਪਾਰਕ ਅਤੇ ਭਾਰਤ ’ਤੇ ਫ਼ੌਜੀ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ। ਜਾਪਾਨ ਦੇ ਨਾਲ ਤਾਂ ਉਸ ਦੇ ਸਪਸ਼ਟ ਵਿਵਾਦ ਅਤੇ ਸਮੁੰਦਰੀ ਸਰਹੱਦ ਦੇ ਮੁੱਦੇ ਫਸੇ ਹੀ ਹੋਏ ਹਨ। ਇਸੇ ਤਰ੍ਹਾਂ ਬੀਤੇ ਇਕ ਸਾਲ ਦੇ ਘਟਨਾਚੱਕਰ ਨੇ ਕਵਾਡ ਦੇ ਉਭਰਨ ਵਿਚ ਫ਼ੈਸਲਾਕੁੰਨ ਭੂਮਿਕਾ ਨਿਭਾਈ ਕਿਉਂਕਿ ਇਸ ਨਾਲ ਜੁੜੇ ਦੇਸ਼ਾਂ ਨੂੰ ਇਹ ਅਹਿਸਾਸ ਹੋਇਆ ਕਿ ਚੀਨ ਨੂੰ ਉਸ ਦੀ ਭਾਸ਼ਾ ਵਿਚ ਜਵਾਬ ਦੇਣਾ ਜ਼ਰੂਰੀ ਹੋ ਗਿਆ ਹੈ। ਇਸ ਤਰ੍ਹਾਂ ਕੋਰੋਨਾ ਕਾਲ ਵਿਚ ਨਵਾਂ ਆਕਾਰ ਲੈਂਦਾ ਵਿਸ਼ਵ ਪੱਧਰੀ ਢਾਂਚਾ ਕਵਾਡ ਦੀ ਨੀਅਤੀ ਵਿਚ ਨਾਟਕੀ ਤਬਦੀਲੀ ਦਾ ਕਾਰਨ ਬਣਿਆ। ਇਨ੍ਹਾਂ ਚਾਰ ਦੇਸ਼ਾਂ ਦੇ ਨਾਲ ਆਉਣ ਕਾਰਨ ਹੁਣ ਬੀਜਿੰਗ ਦੇ ਤੇਵਰ ਵੀ ਬਦਲੇ ਹੋਏ ਹਨ। ਉਸ ਨੂੰ ਸਮਝ ਆ ਗਿਆ ਹੈ ਕਿ ਜਦ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਲਾਮਬੰਦ ਹੋਣਗੀਆਂ ਤਾਂ ਉਸ ਦੇ ਕੀ ਨਤੀਜੇ ਨਿਕਲ ਸਕਦੇ ਹਨ? ਇਹੀ ਕਾਰਨ ਹੈ ਕਿ ਕੁਝ ਸਮਾਂ ਪਹਿਲਾਂ ਤਕ ਕਵਾਡ ਨੂੰ ਲੈ ਕੇ ਅੱਖਾਂ ਦਿਖਾਉਣ ਵਾਲਾ ਚੀਨ ਹੁਣ ਸਹਿਯੋਗ ਅਤੇ ਮਿੱਤਰਤਾ ਦੀ ਜ਼ੁਬਾਨ ਬੋਲ ਰਿਹਾ ਹੈ।

ਚੀਨ ਦੀਆਂ ਅਜਿਹੀਆਂ ਚਿਕਨੀਆਂ-ਚੌਪੜੀਆਂ ਗੱਲਾਂ ‘ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ’ ਵਾਲੀ ਕਹਾਵਤ ਨੂੰ ਸਹੀ ਸਿੱਧ ਕਰਨ ਵਰਗੀਆਂ ਹਨ। ਅਜਿਹਾ ਇਸ ਲਈ ਕਿਉਂਕਿ ਬੀਤੇ ਕੁਝ ਦਹਾਕਿਆਂ ਤੋਂ ਦੁਨੀਆ ਚੀਨ ਦੀ ਦਬੰਗਾਈ ਦੇਖ ਚੁੱਕੀ ਹੈ ਅਤੇ ਬੀਤੇ ਇਕ ਸਾਲ ਵਿਚ ਚੀਨ ਦਾ ਪੂਰਾ ਚਰਿੱਤਰ ਦੁਨੀਆ ਦੇ ਸਾਹਮਣੇ ਉਜਾਗਰ ਹੋ ਚੁੱਕਾ ਹੈ। ਉਸ ਦੇ ਵੱਧ ਰਹੇ ਦਬਦਬੇ ਅਤੇ ਹਿਮਾਕਤ ’ਤੇ ਵਿਰਾਮ ਲਗਾਉਣ ਲਈ ਕਵਾਡ ਉਹੀ ਵਿਚਾਰ ਹੈ ਜਿਸ ਦੇ ਸਾਕਾਰ ਰੂਪ ਲੈਣ ਦਾ ਸਮਾਂ ਹੁਣ ਆ ਗਿਆ ਹੈ। ਚੰਗੀ ਗੱਲ ਇਹ ਹੈ ਕਿ ਇਸ ਨਾਲ ਜੁੜੇ ਅੰਸ਼ਭਾਗੀ ਵੀ ਇਹ ਭਲੀਭਾਂਤ ਸਮਝ ਰਹੇ ਹਨ। ਉਨ੍ਹਾਂ ਵਿਚਾਲੇ ਵੱਧਦਾ ਸਹਿਯੋਗ ਇਸ ਦਾ ਸੂਚਕ ਹੈ। ਬੀਤੇ ਸਾਲ ਮਾਲਾਬਾਰ ਸਾਂਝੀਆਂ ਜੰਗੀ ਮਸ਼ਕਾਂ ਵਿਚ ਅਮਰੀਕਾ ਅਤੇ ਜਾਪਾਨ ਦੇ ਨਾਲ ਆਸਟ੍ਰੇਲੀਆ ਦੀ ਸਰਗਰਮ ਭਾਗੀਦਾਰੀ ਇਸ ਸੰਗਠਨ ਲਈ ਸ਼ੁਭ ਸੰਕੇਤ ਅਤੇ ਵਿਸ਼ਵ ਪੱਧਰੀ ਭੂ-ਰਾਜਨੀਤੀ ਵਿਚ ਇਕ ਨਵੀਂ ਧਮਕ ਦੇ ਰੂਪ ਵਿਚ ਦੇਖੀ ਗਈ। ਇਨ੍ਹਾਂ ਦੇਸ਼ਾਂ ਦੀ ਸਾਂਝੇਦਾਰੀ ਵੀ ਬਹੁਤ ਸੁਭਾਵਿਕ ਹੈ ਕਿਉਂਕਿ ਇਹ ਸਾਰੇ ਮੂਲ ਰੂਪ ਵਿਚ ਜਮਹੂਰੀ ਅਤੇ ਉਦਾਰ ਵਿਵਸਥਾ ਵਾਲੇ ਮੁਲਕ ਹਨ ਜਿਨ੍ਹਾਂ ਦੀ ਤਮਾਮ ਮਹੱਤਵਪੂਰਨ ਮੁੱਦਿਆਂ ’ਤੇ ਸੋਚ ਇਕ-ਦੂਜੇ ਨਾਲ ਮੇਲ ਖਾਂਦੀ ਹੈ।

ਜਿਵੇਂ ਇਹ ਸਾਰੇ ਇਕਮਤ ਹਨ ਕਿ ਧਰਤੀ ’ਤੇ ਮੌਜੂਦ ਉਨ੍ਹਾਂ ਦੁਰਲਭ ਸੋਮਿਆਂ ਦੀ ਹਿਫ਼ਾਜ਼ਤ ਲਈ ਕੋਈ ਕਾਰਗਰ ਪਹਿਲ ਕਰਨੀ ਹੀ ਹੋਵੇਗੀ ਜਿਨ੍ਹਾਂ ਦਾ ਚੀਨ ਬੇਹਿਸਾਬ ਇਸਤੇਮਾਲ ਕਰਨ ਲੱਗਾ ਹੋਇਆ ਹੈ। ਜਲਵਾਯੂ ਪਰਿਵਰਤਨ ਦੀ ਗੰਭੀਰਤਾ ਨੂੰ ਵੀ ਇਹ ਬਾਖ਼ੂਬੀ ਸਮਝਦੇ ਹਨ। ਵਿਸ਼ਵ ਪੱਧਰੀ ਸਪਲਾਈ ਚੇਨ ਨੂੰ ਚੀਨ ਤੋਂ ਬਦਲਣ ਦੀ ਦਿਸ਼ਾ ਵਿਚ ਵੀ ਇਹ ਯਤਨਸ਼ੀਲ ਹਨ। ਇਸ ਦਾ ਸਭ ਤੋਂ ਸੁਖਦ ਨਤੀਜਾ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਕੋਰੋਨਾ ਵੈਕਸੀਨ ਦੇ ਉਤਪਾਦਨ ਵਿਚ ਭਾਰਤ ਦੀਆਂ ਸਮਰੱਥਾਵਾਂ ਨੂੰ ਹੋਰ ਵਧਾਉਣ ਦੇ ਪੱਖ ਵਿਚ ਹਨ। ਅਜਿਹੇ ਪਰਸਪਰ ਸਹਿਯੋਗ ਨੂੰ ਦੇਖਦੇ ਹੋਏ ਕਵਾਡ ਵਿਚ ਕਿਸੇ ਕਿਸਮ ਦੀ ਖਿੱਚੋਤਾਣ ਵਰਗਾ ਕੋਈ ਖ਼ਦਸ਼ਾ ਨਹੀਂ ਰਹਿ ਜਾਂਦਾ। ਬੇਜਾਨ ਪਏ ਕਵਾਡ ਸੰਗਠਨ ਵਿਚ ਇਕਦਮ ਨਵੀਂ ਜਾਨ ਪੈਣੀ ਜਿੰਨਾ ਹੈਰਾਨਕੁੰਨ ਵਰਤਾਰਾ ਹੈ, ਓਨਾ ਹੀ ਭਾਰਤ ਨੂੰ ਲੈ ਕੇ ਇਸ ਦਾ ਰਵੱਈਆ ਵੀ। ਇਕ ਸਮੇਂ ਜੋ ਭਾਰਤ ਕਵਾਡ ਦੇ ਮੰਚ ’ਤੇ ਇਨਫਰਾ-ਫਾਇਨਾਂਸਿੰਗ ਅਤੇ ਸੱਭਿਆਚਾਰਕ ਵਟਾਂਦਰੇ ਵਰਗੇ ਸਾਫਟ ਮਸਲਿਆਂ ਤਕ ਹੀ ਸੀਮਤ ਰਹਿੰਦਾ ਸੀ, ਉਹੀ ਹੁਣ ਇਸ ਦੀ ਕੇਂਦਰੀ ਭੂਮਿਕਾ ਵਿਚ ਆਉਂਦਾ ਪ੍ਰਤੀਤ ਹੁੰਦਾ ਹੈ। ਅਰਥਾਤ ਜਿਸ ਨੂੰ ਕਵਾਡ ਦੀ ਕਮਜ਼ੋਰ ਕੜੀ ਮੰਨਿਆ ਜਾ ਰਿਹਾ ਸੀ, ਉਹੀ ਉਸ ਦੀ ਤਾਕਤ ਬਣਦਾ ਦਿਸ ਰਿਹਾ ਹੈ। ਅਤੀਤ ਵਿਚ ਭਾਰਤ ਦੇ ਰਵੱਈਏ ਨੂੰ ਢਿੱਲਾ-ਮੱਠਾ ਮੰਨਿਆ ਜਾਂਦਾ ਸੀ ਪਰ ਚੀਨ ਦੇ ਨਾਲ ਸਰਹੱਦ ’ਤੇ ਤਲਖ਼ੀ ਦੌਰਾਨ ਆਪਣੇ ਸਖ਼ਤ ਤੇਵਰਾਂ ਦੇ ਇਲਾਵਾ ਕਈ ਹੋਰ ਕਦਮਾਂ ਨਾਲ ਉਸ ਨੇ ਦੁਨੀਆ ਦਾ ਭਰੋਸਾ ਜਿੱਤਿਆ ਹੈ।

ਆਉਣ ਵਾਲੇ ਸਮੇਂ ਵਿਚ ਇਹ ਸਮੂਹ ਵਿਸ਼ਵ ਪੱਧਰੀ ਭੂ-ਰਾਜਨੀਤੀ ਨੂੰ ਦਿਸ਼ਾ ਦੇਣ ਵਾਲਾ ਸਿੱਧ ਹੋ ਸਕਦਾ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਤੋਂ ਡਰੇ ਦੇਸ਼ਾਂ ਨੂੰ ਇਸ ਨਾਲ ਬਹੁਤ ਵੱਡਾ ਸਹਾਰਾ ਅਤੇ ਚੀਨ ਦੇ ਮੁਕਾਬਲੇ ਇਕ ਢੁੱਕਵਾਂ ਬਦਲ ਮਿਲੇਗਾ। ਇਸ ਦੀ ਮਹੱਤਤਾ ਅਤੇ ਪ੍ਰਸੰਗਿਕਤਾ ਇਸੇ ਤੋਂ ਸਮਝੀ ਜਾ ਸਕਦੀ ਹੈ ਕਿ ਆਸੀਆਨ ਦੇਸ਼ਾਂ ਦੇ ਇਲਾਵਾ ਬਰਤਾਨੀਆ ਅਤੇ ਫਰਾਂਸ ਵਰਗੇ ਦੇਸ਼ ਵੀ ਇਸ ਦਾ ਦਾਇਰਾ ਵਧਾ ਕੇ ਉਸ ਵਿਚ ਸ਼ਾਮਲ ਹੋਣ ਦੀ ਉਤਸੁਕਤਾ ਦਿਖਾ ਰਹੇ ਹਨ ਜਿਸ ਦੇ ਲਈ ਕਵਾਡ ਪਲੱਸ ਵਰਗਾ ਨਾਂ ਵੀ ਸੋਚ ਲਿਆ ਗਿਆ ਹੈ। ਇਹ ਲਗਪਗ ਤੈਅ ਹੈ ਕਿ ਆਉਣ ਵਾਲੇ ਸਮੇਂ ਵਿਚ ਕਵਾਡ ਦਾ ਵਿਸਤਾਰ ਹੋਵੇਗਾ ਅਤੇ ਇਹ ਹੋਰ ਵੱਧ ਮਜ਼ਬੂਤੀ ਨਾਲ ਉੱਭਰੇਗਾ। ਇਹੀ ਇਸ ਦੇ ਉਜਵਲ ਭਵਿੱਖ ਨੂੰ ਦਰਸਾਉਣ ਲਈ ਢੁੱਕਵਾਂ ਹੈ। ਕਵਾਡ ਦੀ ਸਾਰਥਿਕਤਾ ਇਸੇ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਇਸ ਕਾਰਨ ਤਾਕਤ ਦੇ ਨਸ਼ੇ ’ਚ ਚੂਰ ਕਿਸੇ ਵੀ ਮੁਲਕ ਨੂੰ ਸਹਿਜੇ ਹੀ ਨੱਥ ਪਵੇਗੀ ਜਿਵੇਂ ਕਿ ਚੀਨ ਨੂੰ ਪਈ ਹੈ।

-(ਲੇਖਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਰਣਨੀਤਕ ਅਧਿਐਨ ਪ੍ਰੋਗਰਾਮ ਦਾ ਨਿਰਦੇਸ਼ਕ ਹੈ)।