ਖੋਖਰ ਬੋਲੇ ਗੋਤ ਵੱਲੋਂ ਵਸਾਏ ਪਿੰਡ ਸਲੇਮਗੜ੍ਹ ਦਾ ਇਤਿਹਾਸ

ਖੋਖਰ ਬੋਲੇ ਗੋਤ ਵੱਲੋਂ ਵਸਾਏ ਪਿੰਡ ਸਲੇਮਗੜ੍ਹ ਦਾ ਇਤਿਹਾਸ
ਪਿੰਡ ਸਲੇਮਗੜ੍ਹ

ਬਰਸਾਤੀ ਘੱਗਰ ਨਦੀ ਇੱਥੋਂ ਥੋੜ੍ਹੀ ਹੀ ਦੂਰ ਦੀ ਗੁਜ਼ਰਦੀ ਹੈ

ਪਿੰਡ ਸਲੇਮਗੜ੍ਹ, ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਪੁਰਾਤਨ ਪਿੰਡ ਹੈ।ਮੌਜੂਦਾ ਸਮੇਂ ਸੰਗਰੂਰ ਜਿਲ੍ਹੇ ਦੇ ਇਸ ਪਿੰਡ ਦੀ ਤਹਿਸੀਲ, ਡਾਕਘਰ ਅਤੇ ਥਾਣਾ ਮੂਨਕ ਹੈ। ਇਹ ਪਿੰਡ ਮੂਣਕ-ਪਾਤੜਾਂ ਮੁੱਖ ਸੜਕ ਉੱਤੇ ਮੂਣਕ ਤੋਂ 2 ਕਿ. ਮੀ. ਦੀ ਦੂਰੀ 'ਤੇ ਵਸਿਆ ਹੋਇਆ ਹੈ। ਪੰਜਾਬ-ਹਰਿਆਣਾ ਦੀ ਸਰਹੱਦ ਦੇ ਕੋਲ ਵਸੇ ਇਸ ਪਿੰਡ ਤੋਂ ਹਰਿਆਣਾ ਦਾ ਸ਼ਹਿਰ ਜਾਖਲ 10 ਕਿ. ਮੀ. ਅਤੇ ਟੋਹਾਣਾ 15 ਕਿ. ਮੀ. ਦੀ ਦੂਰੀ 'ਤੇ ਹੈ। ਬਰਸਾਤੀ ਘੱਗਰ ਨਦੀ ਇੱਥੋਂ ਥੋੜ੍ਹੀ ਹੀ ਦੂਰ ਦੀ ਗੁਜ਼ਰਦੀ ਹੈ। ਜਿਸ ਕਾਰਨ ਇਸ ਖੇਤਰ ਦੀ ਮਿਟੀ ਖੁਸ਼ਹਾਲ ਅਤੇ ਉਪਜਾਊ ਹੈ। ਕਰੀਬ 2500 ਆਬਾਦੀ ਵਾਲੇ ਇਸ ਪਿੰਡ ਦੇ ਲੋਕ ਸਰਹੱਦੀ ਖੇਤਰ ਹੋਣ ਕਾਰਨ ਪੰਜਾਬੀ ਅਤੇ ਬਾਂਗਰੂ ਰਲਵੀਂ-ਮਿਲਵੀਂ ਭਾਸ਼ਾ ਬੋਲਦੇ ਹਨ। '' ਦੀ ਥਾਂ 'ਤੇ '' ਦੀ ਵਰਤੋਂ ਕਰਦੇ ਹਨ। ਜਿਵੇਂ ਤੀਵੀਂ ਨੂੰ ਤੀਮੀ ਅਤੇ ਜਾਵਾਂਗਾ ਨੂੰ ਜਾਮਾਗਾ ਬੋਲਦੇ ਹਨ।

ਪਿੰਡ ਦਾ ਇਤਿਹਾਸ

ਇਹ ਪਿੰਡ ਲਗਭਗ 300 ਸਾਲ ਪੁਰਾਣਾ ਹੈ। ਇਹ ਖੋਖਰ ਬੋਲੇ ਗੋਤ ਦੇ ਲੋਕਾਂ ਦਾ ਵਸਾਇਆ ਪਿੰਡ ਹੈ। ਖੋਖਰ ਬਹੁਤ ਹੀ ਪੁਰਾਣਾ ਮਿਹਨਤੀ ਅਤੇ ਇਮਾਨਦਾਰ ਜੱਟ ਕਬੀਲਾ ਹੈ। ਇਹ ਲੋਕ ਮੂਲ ਰੂਪ ਵਿੱਚ ਜੈਸਲਮੇਰ, ਰਾਜਸਥਾਨ ਦੇ ਰਹਿਣ ਵਾਲੇ ਸਨ। ਰੋਜੀ ਕਮਾਉਣ ਦੇ ਇਰਾਦੇ ਨਾਲ ਇਹ ਪੰਜਾਬ-ਮਾਲਵੇ ਵਿੱਚ ਆ ਕੇ ਆਬਾਦ ਹੋਏ। ਕਾਫੀ ਸਮੇਂ ਪਿੱਛੋਂ ਇਕ ਪ੍ਰਸਿੱਧ ਖੋਖਰ ਜੱਟ ਚੌਧਰੀ ਰੱਤੀ ਰਾਮ ਨੇ ਰਤੀਆ ਬੋਲ਼ਾ ਕਸਬਾ ਦਾ ਮੁੱਢ ਬੰਨ੍ਹਿਆ ਸੀ। ਸਲੇਮਗੜ੍ਹ ਪਿੰਡ ਦੇ 91 ਸਾਲ ਦੇ ਬਜੁਰਗ ਰਾਮਕ੍ਰਿਸਨ ਸਿੰਘ ਗੋਤ ਖੋਖਰ ਬੋਲੇ ਨੇ ਦੱਸਿਆ ਕਿ  ਭਾਰਤ-ਪਾਕਿਸਤਾਨ ਦੇਸ ਦੀ ਵੰਡ ਸਮੇਂ ਉਸਦੀ ਉਮਰ 15-16 ਸਾਲ ਦੀ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪੁਰਾਣੇ ਬਜੁਰਗ ਹਰਿਆਣਾ ਦੇ ਪਿੰਡ ਰਤੀਆ ਦੇ ਰਹਿਣ ਵਾਲੇ ਖੋਖਰ ਬੋਲੇ ਗੋਤ ਦੇ ਸਨ। ਗੋਤ ਖੋਖਰ ਅਤੇ ਅੱਲ ਬੋਲੇ ਹੈ। ਫਿਰ ਉਨ੍ਹਾਂ ਨੇ ਰਹਿਣ ਲਈ ਇਹ ਜਗ੍ਹਾ ਚੁਣੀ ਅਤੇ ਪਸੂ-ਚਾਰੇ ਲਈ ਇਹ ਜਗ੍ਹਾ ਵਧੀਆ ਲੱਗੀ। ਉਸ ਸਮੇਂ ਇੱਥੇ ਜੰਗਲ-ਰੋਹੀ ਬੀਆ-ਬਾਨ ਸਨ। ਜਿਸ ਸਮੇਂ ਉਨ੍ਹਾਂ ਦੇ ਬਜ਼ੁਰਗ ਰਤੀਆ ਤੋਂ ਤੁਰ ਕੇ ਇਥੇ ਆਏ ਤਾਂ ਉਨ੍ਹਾਂ ਨੇ ਇੱਥੇ ਆ ਕੇ 20000 ਵਿੱਘਿਆਂ 'ਤੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਇਨ੍ਹਾਂ 20000 ਵਿੱਘਿਆਂ ਵਿੱਚ ਮੌਜੂਦਾ ਪਿੰਡ ਭਾਠੂਆਂ ਅਤੇ ਭੂੰਦੜਭੈਣੀ ਵੀ ਆਉਂਦੇ ਹਨ, ਜੋ ਕਿ ਕਾਫੀ ਅਰਸੇ ਮਗਰੋਂ ਸਲੇਮਗੜ੍ਹ ਤੋਂ ਨਿੱਖੜ ਕੇ ਵਸੇ। ਸ਼ੁਰੂ ਵਿੱਚ ਇਥੇ 4 ਬਜੁਰਗ ਹੀ ਆਏ ਸੀ। ਜਿਨ੍ਹਾਂ ਵਿੱਚੋਂ ਬੰਨਾ ਅਤੇ ਤਾਰਾ ਸਲੇਮਗੜ੍ਹ ਦੇ ਮੋਢੀ ਸਨ। ਇਕ ਮੋਰ ਗੋਤ ਦੇ ਮਣੀਆ ਨਾਂ ਦੇ ਬਜੁਰਗ ਨੇ ਬਾਅਦ ਵਿੱਚ ਨੇੜਲਾ ਪਿੰਡ ਭੁੰਦੜਭੈਣੀ ਬੰਨਿਆ, ਚੋਥੇ ਗੰਡੂ ਗੋਤ ਦੇ ਸੇਡਾ ਨਾਂ ਦੇ ਬਜੁਰਗ ਨੇ ਸਲੇਮਗੜ੍ਹ ਦੇ ਉਤਰ ਵੱਲ ਭਾਠੂਆਂ ਪਿੰਡ ਬੰਨਿਆ ਸੀ। ਇਸ ਜਗ੍ਹਾ ਉੱਪਰ ਪਹਿਲਾਂ ਇਕ ਮੁਸਲਮਾਨ ਸਲੇਮਾ ਰੰਗੜ ਰਹਿੰਦਾ ਸੀ। ਕਿਉਂਕਿ ਜੇਕਰ 300 ਸਾਲ ਪਹਿਲਾਂ ਦੇ ਸਮਕਾਲੀ ਇਤਿਹਾਸ ਅਤੇ ਸਮੇਂ ਨੂੰ ਦੇਖੀਏ ਤਾਂ ਉਸ ਸਮੇਂ ਭਾਰਤ ਅਤੇ ਪੰਜਾਬ ਵਿਚ ਮੁਗਲਾਂ ਦਾ ਹੀ ਰਾਜ ਸੀ। ਇਸ ਇਲਾਕੇ ਵਿੱਚ ਵੀ ਮੁਸਲਮਾਨ ਲੋਕ ਰਹਿੰਦੇ ਸੀ ਅਤੇ ਇਹ ਇਲਾਕਾ ਮੁਗਲ ਸਾਸਕਾਂ ਦੇ ਅਧੀਨ ਸੀ। ਉਸ ਸਮੇਂ ਬਜ਼ੁਰਗਾਂ ਨੇ ਇਸ ਚੁਣੀ ਗਈ ਨਵੀਂ ਜਗ੍ਹਾ ਦਾ ਨਾਂ ਸਿਆਲਕੋਟ ਰੱਖਿਆ ਸੀ ਪਰੰਤੂ ਸਲੇਮੇ ਰੰਗੜ ਨਾਲ ਉਨ੍ਹਾਂ ਦਾ ਝਗੜਾ ਹੋਣ 'ਤੇ ਅਤੇ ਉਸ ਦੇ ਕਹਿਣ 'ਤੇ ਕਿ ਉਸ ਦਾ ਨਾਮ ਵੀ ਰਹਿਣਾ ਚਾਹੀਦਾ ਹੈ ਤਾਂ ਫਿਰ ਇਸ ਜਗ੍ਹਾ ਦਾ ਨਾਂ ਸਲੇਮਾ ਰੰਗੜ ਦੇ ਨਾਮ 'ਤੇ ਸਲੇਮਗੜ੍ਹ ਰੱਖਿਆ ਗਿਆ ਸੀ। ਬਾਅਦ ਵਿੱਚ ਖੋਖਰ ਬੋਲੇ ਗੋਤ ਦੇ ਪਰਿਵਾਰਾਂ ਨੇ ਇੱਥੇ ਆ ਕੇ ਰਹਿਣ ਬਸੇਰਾ ਕੀਤਾ ਅਤੇ ਮਗਰੋਂ ਹੋਰ ਗੋਤ-ਬਰਾਦਰੀਆਂ ਦੇ ਲੋਕ ਵੀ ਇਥੇ ਆ ਕੇ ਵਸ ਗਏ। ਹੌਲੀ ਹੌਲੀ ਇਸ ਪਿੰਡ ਦਾ ਨਾਮ ਸਲੇਮਗੜ੍ਹ ਪ੍ਰਚੱਲਿਤ ਹੋ ਗਿਆ। ਉਪਰੋਕਤ ਅਨੁਸਾਰ ਸ਼ੁਰੂ ਵਿੱਚ ਇਸ ਪਿੰਡ ਵਿਚ ਬੰਨਾ ਅਤੇ ਤਾਰਾ ਨਾਂ ਦੇ ਦੋ ਬਜ਼ੁਰਗ ਮੋਢੀ ਸਨ। ਜਿਸ ਦਾ ਨਾਮ ਬੰਨਾ ਸੀ, ਉਸਦੀ ਬੰਨਾ ਪੱਤੀ ਅਤੇ ਜਿਸਦਾ ਨਾਮ ਤਾਰਾ ਸੀ, ਉਸਦੀ ਤਾਰਾ ਪੱਤੀ ਪਿੰਡ ਵਿਚ ਅੱਜ ਵੀ ਮਸ਼ਹੂਰ ਹੈ। ਕਾਫ਼ੀ ਸਮੇਂ ਉਪਰੰਤ ਸਲੇਮਗੜ੍ਹ ਤੋਂ ਨਿਖੜ ਕੇ ਪਹਿਲਾਂ ਭੂੰਦੜਭੈਣੀ ਪਿੰਡ ਵਸਿਆ। ਜਿਸ ਨੂੰ 6000 ਵਿੱਘੇ ਜ਼ਮੀਨ ਕੱਟੀ ਗਈ। ਫਿਰ ਭੂੰਦੜਭੈਣੀ ਤੋਂ ਚਾਰ ਸਾਲ ਮਗਰੋਂ ਸਲੇਮਗੜ੍ਹ ਤੋਂ ਨਿੱਖੜ ਕੇ ਭਾਠੂਆਂ ਪਿੰਡ ਵਸਿਆ। ਜਿਸ ਨੂੰ 4000 ਵਿੱਘੇ ਜ਼ਮੀਨ ਕੱਟੀ ਗਈ। ਇੱਥੇ ਵੀ ਸਲੇਮਗੜ੍ਹ ਵਿੱਚੋਂ ਖੋਖਰ ਪਰਿਵਾਰ ਜਾ ਕੇ ਵਸੇ, ਕੁਝ ਪਰਿਵਾਰ ਹਰਿਆਣਾ ਦੇ ਪਿੰਡ ਨਹਿਰੇ ਜਾ ਵਸੇ ਸੀ। 10000 ਵਿੱਘੇ ਸਲੇਮਗੜ੍ਹ ਦੇ ਰੱਖੇ ਗਏ ਸੀ। ਸਲੇਮਗੜ੍ਹ ਵਿੱਚ ਉਸ ਸਮੇਂ 3 ਨੰਬਰਦਾਰ ਬੰਨਾ ਪੱਤੀ ਦੇ ਅਤੇ 3 ਨੰਬਰਦਾਰ ਤਾਰਾ ਪੱਤੀ ਦੇ ਬਣਾਏ ਗਏ ਸੀ। ਪਿੰਡ 'ਚ ਇਕ ਚੋਂਕੀਦਾਰ ਰੱਖਿਆ ਗਿਆ ਸੀ। ਕੁਝ ਮਹਾਜਨ ਸਿੰਗਲਾ ਪਰਿਵਾਰ ਦਨੌਦਾ, ਸਾਦੀ ਹਰੀ ਆਦਿ ਪਿੰਡਾਂ ਤੋਂ ਆ ਕੇ ਸਲੇਮਗੜ੍ਹ ਵਿੱਚ ਵੱਸ ਗਏ। ਜਿਨ੍ਹਾਂ ਵਿੱਚੋਂ ਕੁਝ ਪਰਿਵਾਰ ਅੱਜ ਪਟਿਆਲਾ, ਚੰਡੀਗੜ੍ਹ, ਦਿੱਲੀ, ਮੂਨਕ ਆਦਿ ਸ਼ਹਿਰਾਂ ਵਿੱਚ ਵਸੇ ਹੋਏ ਹਨ। 

    ਦੇਸ਼ ਦੀ ਵੰਡ ਤੋਂ ਪਹਿਲਾਂ ਵਸੇ ਇਸ ਪਿੰਡ ਦੇ ਲੋਕਾਂ ਦਾ ਧੰਦਾ ਜ਼ਿਆਦਾਤਰ ਖੇਤੀ-ਬਾੜੀ ਹੈ। ਛੋਟੇ ਅਤੇ ਵੱਡੇ ਕਿਸਾਨ ਜ਼ਿਮੀਂਦਾਰ ਵੱਸਦੇ ਹਨ। ਪਿੰਡ ਵਿੱਚ ਹੋਰ ਧਰਮਾਂ ਅਤੇ ਜਾਤਾਂ-ਗੋਤਾਂ ਦੇ ਲੋਕ ਵੀ ਰਹਿੰਦੇ ਹਨ।  ਪਿਛਲੇ ਲੰਮੇ ਸਮੇਂ ਤੋਂ ਪਿੰਡ ਕੋਲੋਂ ਲੰਘਦੇ ਛੋਟੇ ਨਹਿਰੀ ਸੂਏ ਵਿੱਚ ਪਾਣੀ ਨਾ ਆਉਣ ਕਾਰਨ ਖੇਤੀ ਸਿੰਜਾਈ ਦਾ ਮੁੱਖ ਸਾਧਨ ਟਿਊਬਵੈੱਲ ਹਨ ਅਤੇ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਦੀ ਸਪਲਾਈ ਹੈ। ਲਗਪਗ 70 ਸਾਲ ਪਹਿਲਾਂ ਇਹ ਪਿੰਡ, ਮੌਜੂਦਾ ਸਮੇਂ ਸਥਿਤ ਪੁਰਾਣਾ ਦਰਵਾਜ਼ਾ (ਥਿਆਈ) ਤੋਂ ਪਰ੍ਹੇਂ-ਪਰ੍ਹੇਂ ਵਸਿਆ ਹੋਇਆ ਸੀ ਅਤੇ ਪੂਰਬ ਵਾਲੇ ਪਾਸੇ ਇਹ ਪਿਛਲੇ 50-60 ਸਾਲਾਂ ਤੋਂ ਵਧਿਆ ਹੈ। ਇਸ ਸਮੇਂ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਪਿੰਡ ਦੀ ਫਿਰਨੀ ਤੋਂ ਬਾਹਰ ਅਤੇ ਆਪਣੇ ਖੇਤਾਂ ਵਿੱਚ ਵੀ ਬਣਾਏ ਹੋਏ ਹਨ। ਪਿੰਡ ਦੀਆਂ ਗਲੀਆਂ ਚੌੜੀਆਂ ਅਤੇ ਭੀੜੀਆਂ ਸਨ। ਪਿੰਡ ਅੰਦਰ 9 ਵਾਰਡ ਬਣੇ ਹੋਏ ਹਨ ਪਰ ਮੁੱਖ ਦੋ ਬੰਨਾ ਅਤੇ ਤਾਰਾ ਪੱਤੀਆਂ ਹਨ। ਇਸ ਪਿੰਡ ਦੀ ਕੁੱਲ ਆਬਾਦੀ 2500 ਦੇ ਕਰੀਬ ਹੈ। ਵੋਟਰਾਂ ਦੀ ਗਿਣਤੀ 1970 ਹੈ। ਪਿੰਡ ਦਾ ਖੇਤੀ ਯੋਗ ਰਕਬਾ ਲਗਪਗ 1620 ਏਕੜ ਹੈ। ਵਿਧਾਨ ਸਭਾ ਹਲਕਾ ਲਹਿਰਾਗਾਗਾ ਅਤੇ ਬਲਾਕ ਅਨਦਾਣਾ ਹੈ।

ਧਾਰਮਿਕ ਸਥਾਨ

ਇਸ ਪਿੰਡ ਵਿੱਚ ਟੋਭੇ ਦੀ ਪੱਤਣ 'ਤੇ ਸਨਾਤਨ ਧਰਮ ਭਾਵ ਹਿੰਦੂ ਧਰਮ ਨਾਲ ਸਬੰਧਿਤ ਦੋ ਡੇਰੇ ਬਣੇ ਹੋਏ ਹਨ, ਜੋ ਕਿ ਇੱਕ ਦੂਜੇ ਦੇ ਬਿਲਕੁਲ ਸਾਹਮਣੇ ਹਨ। ਇਨ੍ਹਾਂ ਵਿੱਚੋਂ ਬਾਬਾ ਪਰਮਾਨੰਦ ਜੀ ਦਾ ਡੇਰਾ ਸਭ ਤੋਂ ਪੁਰਾਣਾ ਹੈ। ਇਹ ਉਦਾਸੀ ਸਾਧੂਆਂ ਦਾ ਡੇਰਾ ਹੈ। ਇਸ ਦੇ ਮਹੰਤ ਬੀਰਮਦਾਸ, ਸੇਵਾਦਾਸ, ਪਾਲਾਦਾਸ ਅਤੇ ਬਾਬਾ ਪਰਮਾਨੰਦ ਜੀ ਗੱਦੀ ਨਸ਼ੀਨ ਹੋਏ ਹਨ। ਇਸ ਡੇਰੇ ਵਿੱਚ ਬਾਬਾ ਪਰਮਾਨੰਦ ਜੀ ਦੀ ਬਰਸੀ ਹਰ ਸਾਲ ਫੱਗਣ ਮਹੀਨੇ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਖੁੱਲ੍ਹਾ ਭੰਡਾਰਾ ਚਲਾਇਆ ਜਾਂਦਾ ਹੈ। ਦੂਜਾ ਡੇਰਾ ਜੋ ਕਿ ਬਾਬਾ ਸੀਤਾ ਰਾਮ ਦੇ ਨਾਂ ਨਾਲ ਮਸ਼ਹੂਰ ਹੈ।ਇਸ ਡੇਰੇ ਦੀ ਸ਼ੁਰੂਆਤ ਵਿੱਚ ਸੇਠ ਬਿਸੰਬਰ ਦਾਸ ਨੇ ਸ਼ਿਵ ਆਲਾ ਭਾਵ ਸਿਵ ਮੰਦਿਰ ਬਣਾਇਆ ਸੀ। ਜਿੱਥੇ ਇਸ ਪਿੰਡ ਦੇ ਹੀ ਜੱਟ ਪਰਿਵਾਰ ਨਾਲ ਸਬੰਧਿਤ ਬਾਬਾ ਮੋਤੀ ਰਾਮ ਪਿੰਡ ਵਿਚੋਂ ਡਾਲੀ ਕਰਕੇ ਸਾਧੂਆਂ ਦੀ ਸੇਵਾ ਕਰਦੇ ਅਤੇ ਤਪੱਸਿਆ ਕਰਦੇ ਅਤੇ ਸਮਾਂ ਆਉਣ 'ਤੇ ਇਸ ਡੇਰੇ ਵਿੱਚ ਸਵੈ ਇੱਛਾ ਨਾਲ ਜੀਵਤ ਸਮਾਧੀ ਲਾ ਕੇ ਬ੍ਰਹਮਲੀਨ ਹੋ ਗਏ। ਇਨ੍ਹਾਂ ਤੋਂ ਬਾਅਦ ਬਾਬਾ ਮੋਨੀ ਜੀ ਕੁਝ ਮਹੀਨੇ ਡੇਰੇ ਵਿੱਚ ਰਹੇ। ਇਨ੍ਹਾਂ ਦੇ ਮਗਰੋਂ ਬਾਬਾ ਸੀਤਾ ਰਾਮ ਨੂੰ ਪਿੰਡ ਦੇ ਲੋਕਾਂ ਅਤੇ ਸਾਧੂਆਂ ਨੇ ਇਸ ਡੇਰੇ ਦੀ ਮਹੰਤੀ ਬਖ਼ਸ਼ੀ ਸੀ। ਬਾਬਾ ਸੀਤਾ ਰਾਮ ਜੀ ਨੇ ਆਪਣੀ ਤਪੱਸਿਆ ਦੇ ਪ੍ਰਤਾਪ ਨਾਲ ਸਾਧੂ-ਸਮਾਜ ਵਿਚ ਪਿੰਡ ਸਲੇਮਗੜ੍ਹ ਦਾ ਨਾਮ ਰੌਸ਼ਨ ਕੀਤਾ। ਬਾਬਾ ਮੋਤੀ ਰਾਮ ਅਤੇ ਬਾਬਾ ਸੀਤਾ ਰਾਮ ਦੀ ਸਮਾਧ ਡੇਰੇ ਵਿੱਚ ਬਣੀਆਂ ਹੋਈਆਂ ਹਨ। ਇਸ ਡੇਰੇ ਵਿੱਚ ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਬਾਬਾ ਸੀਤਾ ਰਾਮ ਜੀ ਦੀ ਬਰਸੀ ਮਨਾਈ ਜਾਂਦੀ ਹੈ ਅਤੇ ਰਾਮਾਇਣ ਦੇ ਪਾਠ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਡੇਰੇ ਵਿੱਚ ਬਾਬਾ ਸੀਤਾ ਰਾਮ ਦੇ ਚੇਲੇ ਰਹੇ ਬਾਬਾ ਕਮਲ ਦਾਸ ਜੀ ਗੱਦੀ ਨਸ਼ੀਨ ਹਨ। ਇਹ ਵੀ ਧਾਰਮਿਕ ਖੇਤਰ ਵਿੱਚ ਕਾਫ਼ੀ ਦੂਰ-ਦੂਰ ਤਕ ਹਿੰਦੂ ਧਰਮ ਦੇ ਸਥਾਨਾਂ ਕੁੰਭ ਮੇਲੇ ਬਨਾਰਸ, ਇਲਾਹਾਬਾਦ, ਨਾਸਿਕ, ਹਰਿਦੁਆਰ ਆਦਿ ਵਿੱਚ ਯਸ਼ ਪ੍ਰਾਪਤ ਕਰਕੇ ਆਪਣੇ ਗੁਰੂ ਸੀਤਾ ਰਾਮ ਮਹਾਰਾਜ ਅਤੇ ਪਿੰਡ ਸਲੇਮਗੜ੍ਹ ਦਾ ਨਾਂ ਰੋਸ਼ਨ ਕਰਦੇ ਆ ਰਹੇ ਹਨ। ਦੋਵੇਂ ਡੇਰਿਆਂ ਦਾ ਪ੍ਰਬੰਧ ਬਾਬਾ ਕਮਲ ਦਾਸ ਜੀ ਦੇ ਅਧੀਨ ਹੈ। ਭਾਵੇਂ ਕਿ ਡੇਰਿਆਂ ਦੀ ਇਮਾਰਤਾਂ ਪੁਰਾਤਨ ਸਮੇਂ ਦੀਆਂ ਬਣੀਆਂ ਹੋਈਆਂ ਹਨ। ਪਰ ਇਹ ਸੁੰਦਰ ਅਤੇ ਆਲੀਸ਼ਾਨ ਹਨ। ਸਮੇਂ ਸਮੇਂ 'ਤੇ ਇਨ੍ਹਾਂ ਵਿੱਚ ਵਿਚ ਸੁਧਾਰ ਕੀਤਾ ਗਿਆ ਹੈ। ਪਿੰਡ ਤੋਂ ਬਾਹਰ ਉੱਤਰ ਵੱਲ 1 ਕਿ. ਮੀ. ਦੂਰੀ 'ਤੇ ਇਕ ਪੁਰਾਤਨ ਕੁਟੀਆ ਹੈ, ਪਰੰਤੂ ਇਸ ਸਮੇਂ ਇਥੇ ਕੋਈ ਵੀ ਸਾਧੂ ਮਹਾਤਮਾ ਨਹੀਂ ਰਹਿੰਦਾ। ਇਸ ਪਿੰਡ ਵਿੱਚ ਦੂਜੇ ਧਰਮਾਂ ਦੇ ਧਾਰਮਿਕ ਸਥਾਨ -ਜਿਵੇਂ ਕਿ ਬਾਲਮੀਕ ਮੰਦਰ, ਰਵਿਦਾਸ ਮੰਦਰ, ਗੁੱਗਾ ਮਾੜੀ ਦਾ ਸਥਾਨ ਵੀ ਬਣੇ ਹੋਏ ਹਨ। ਖੋਖਰ ਗੋਤ ਦੇ ਪਰਿਵਾਰਾਂ ਨੇ ਪਿੰਡ ਦੇ ਪੱਛਮ ਵਾਲੇ ਪਾਸੇ ਆਪਣੇ ਗੋਤ ਦੇ ਵੱਡੇ ਬਜੁਰਗਾਂ ਦਾ ਸਥਾਨ ਬਣਾਇਆ ਹੋਇਆ ਹੈ, ਜਿੱਥੇ ਹਰ ਸਾਲ ਇਨ੍ਹਾਂ ਪਰਿਵਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਪਿੰਡ ਦੇ ਲੋਕਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਲਈ ਦਿਲੋਂ ਅਥਾਹ ਸਤਿਕਾਰ ਹੈ।

ਗੁਰਦੁਆਰਾ ਸਾਹਿਬ

ਮੁੱਖ ਸੜਕ ਤੋਂ ਪਿੰਡ ਵੱਲ ਨੂੰ ਆਉਂਦਿਆਂ ਪਿੰਡ ਦੀ ਫਿਰਨੀ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੀ ਥਾਂ 1950-60 ਦਹਾਕੇ ਸਮੇਂ ਮੁਰੱਬਾਬੰਦੀ ਵੇਲੇ ਕਟਵਾਈ ਸੀ। ਸਲੇਮਗੜ੍ਹ ਵਿਚ ਇਕ ਹੀ ਗੁਰਦੁਆਰਾ ਸਾਹਿਬ ਹੈ, ਜਿਹੜਾ ਕਿ ਪਿੰਡ ਦੇ ਸਭ ਧਰਮਾਂ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਵਰਤਮਾਨ ਦਰਬਾਰ ਸਾਹਿਬ ਦੀ ਇਮਾਰਤ ਬਣਾਉਣ ਲਈ ਨੀਂਹ ਦਾ ਟੱਕ ਮਈ 2012 ਵਿੱਚ ਲਗਾਇਆ ਗਿਆ ਸੀ। 2017 ਵਿੱਚ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਨਵੇਂ ਦਰਬਾਰ ਸਾਹਿਬ ਦੀ ਸੁੰਦਰ-ਆਲੀਸ਼ਾਨ ਇਮਾਰਤ ਬਣ ਕੇ ਤਿਆਰ ਹੋ ਗਈ ਸੀ ਅਤੇ 2 ਅਪ੍ਰੈਲ 2017 ਨੂੰ ਨਵੇਂ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਕੀਤੇ ਗਏ ਸਨ। ਦਰਬਾਰ ਸਾਹਿਬ ਦੇ ਥੱਲੇ ਵੱਡਾ ਤੇ ਖੁੱਲ੍ਹਾ ਲੰਗਰ ਹਾਲ ਬਣਾਇਆ ਗਿਆ। ਗੁਰਦੁਆਰਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਹਰ ਸਾਲ ਸੰਗਤਾਂ ਵੱਲੋਂ ਸਰਧਾ-ਭਾਵਨਾ ਨਾਲ ਮਨਾਏ ਜਾਂਦੇ ਹਨ। ਪਿੰਡ ਵਿੱਚ ਕੋਈ ਸਾਂਝੀ ਥਾਂ ਨਾ ਹੋਣ ਕਰਕੇ ਸਭ ਧਰਮਾਂ ਦੇ ਲੋਕ ਦੁੱਖ-ਸੁੱਖ ਵਿਚ ਧਾਰਮਿਕ ਰਸਮਾਂ  ਗੁਰਦੁਆਰਾ ਵਿਖੇ ਪੂਰੀਆਂ ਕਰਦੇ ਹਨ। ਮਾਲਵੇ ਦੇ ਇਸ ਇਲਾਕੇ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਚਰਨ-ਛੋਹ ਪ੍ਰਾਪਤ ਪਿੰਡ ਧਮਧਾਨ ਸਾਹਿਬ, ਮਕੋਰੜ ਸਾਹਿਬ, ਮੂਣਕ, ਲਹਿਲ ਕਲਾਂ, ਗੁਰਨੇ, ਗਾਗਾ ਆਦਿ ਸਲੇਮਗੜ੍ਹ ਤੋਂ ਥੋੜ੍ਹੀ ਥੋੜੀ ਦੂਰੀ 'ਤੇ ਹੀ ਹਨ। ਸਿੱਖ ਕੌਮ ਦੇ ਮਹਾਨ ਜਰਨੈਲ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਸਥਾਨ ਪਿੰਡ ਦੇਹਲਾ ਸੀਹਾਂ ਇਥੋਂ ਉੱਤਰ-ਪੱਛਮ ਵੱਲ 4 ਕਿ. ਮੀ. ਦੂਰੀ 'ਤੇ ਹੈ।

ਵਿਦਿਅਕ ਸਥਾਨ

ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਵਿਦਿਆ ਦੇ ਚਾਨਣ ਲਈ ਮਿਡਲ ਸਕੂਲ ਖੋਲ੍ਹਿਆ ਹੋਇਆ ਹੈ। ਪਹਿਲਾਂ ਇਹ ਪ੍ਰਾਇਮਰੀ ਸਕੂਲ ਸੀ। ਪਰੰਤੂ ਸਮੇਂ ਦੀ ਲੋੜ ਨੂੰ ਅਨੁਭਵ ਕਰਦੇ ਹੋਏ ਇਹ ਸਕੂਲ ਲੜਕੀਆਂ ਦੀ ਪੜ੍ਹਾਈ ਲਈ 12 ਵੀਂ ਤੱਕ ਕਰਨ ਦੀ ਜਰੂਰਤ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਆਂਗੜਵਾੜੀ ਸੈਂਟਰ ਅਤੇ ਇਕ ਨਿਜੀ ਪ੍ਰਾਈਵੇਟ ਸਕੂਲ  ਵਿਦਿਆ ਦਾ ਯੋਗਦਾਨ ਪਾ ਰਹੇ ਹਨ। ਪੜ੍ਹ-ਲਿਖ ਕੇ ਇਥੋਂ ਦੇ ਬੱਚੇ ਆਪਣੇ ਪੈਰਾਂ ਤੇ ਖੜੇ ਹੋਏ ਹਨ।

ਵਿਕਾਸ ਕਾਰਜ ਅਤੇ ਲੋੜਾਂ

ਭਾਵੇਂ ਕਿ ਪਿੰਡ ਵਿੱਚ ਲਗਭਗ ਸਾਰੀਆਂ ਗਲੀਆਂ-ਨਾਲੀਆਂ ਪੱਕੀਆਂ ਹਨ ਪਰ ਸਰਬ-ਪੱਖੀ ਵਿਕਾਸ ਪੱਖੋਂ ਇਹ ਪਿੰਡ ਹਲੇ ਪਛੜਿਆ ਹੈ। ਪਿੰਡ ਦੇ ਬਿਲਕੁਲ ਵਿਚਕਾਰ ਇਕ ਪੁਰਾਣਾ ਦਰਵਾਜ਼ਾ (ਥਿਆਈ) ਹੈ। ਜਿਸ ਦੀ ਨਵੀਂ ਇਮਾਰਤ 21-2-1996 ਵਿੱਚ ਬਣਾ ਕੇ ਤਿਆਰ ਕੀਤੀ ਗਈ ਸੀ। ਅੱਜ ਇਸ ਪਿੰਡ ਵਿੱਚ 1947 ਤੋਂ ਪਹਿਲਾਂ ਦੇ ਮਕਾਨ ਲੋਕਾਂ ਨੇ ਢਾਹ ਕੇ ਨਵੇਂ ਬਣਾਏ ਹੋਏ ਹਨ। ਪਿੰਡ ਵਿੱਚ ਇਕ ਗ੍ਰਾਮ ਪੰਚਾਇਤ ਹੈ। ਪਿੰਡ ਦੀ ਮੋਜੂਦਾ ਸਰਪੰਚ ਸ੍ਰੀਮਤੀ ਲਾਭ ਕੌਰ ਵੱਲੋਂ ਬੱਸ ਅੱੱਡੇ ਤੋਂ ਗੁਰਦੁਆਰਾ ਸਾਹਿਬ ਤੱਕ 200 ਮੀਟਰ ਲੰਮੀ ਸੜਕ ਨੂੰ ਇੰਟਰਲੋਕ ਟਾਈਲ ਪਾ ਕੇ ਚੋੜੀ ਕਰਵਾਇਆ ਅਤੇ ਸੀਵਰੇਜ ਪਾਇਆ ਗਿਆ। ਬੱਸ ਅੱਡੇ 'ਤੇ ਸਾਂਝਾ ਪਖਾਨਾ ਬਣਾਉਣ ਤੋਂ ਇਲਾਵਾ 2 ਪਾਰਕ ਬਣਵਾਏ ਅਤੇ ਹੋਰ ਵਿਕਾਸ਼ ਕਾਰਜ ਜਾਰੀ ਹਨ। ਖੇਡ-ਮੈਦਾਨ ਅਤੇ ਅਧੁਨਿਕ ਨਵਾਂ ਬੱਸ ਸਟੈਂਡ ਹੈ। ਬਾਬਾ ਕਮਲਦਾਸ ਵੱਲੋਂ ਬੱਸ ਅੱਡੇ 'ਤੇ ਠੰਢਾ ਪਾਣੀ ਪੀਣ ਲਈ ਇਕ ਵਾਟਰ ਕੂਲਰ ਲਗਵਾਇਆ ਹੋਇਆ ਹੈ, ਬੱਸ ਅੱਡੇ ਤੋਂ ਧਮਧਾਨ ਸਾਹਿਬ, ਬੁਢਲਾਡਾ ਅਤੇ ਪਾਤੜਾਂ ਨੂੰ ਮੁੱਖ ਸੜਕਾਂ ਜਾਣ ਕਰਕੇ ਇਥੇ ਇਕ ਚੋਂਕ ਬਣਾਉਣ ਦੀ ਜਰੂਰਤ ਮਹਿਸੂਸ ਹੁੰਦੀ ਹੈ। ਸਿਹਤ ਡਿਸਪੈਂਸਰੀ, ਪਸੂ ਡਿਸਪੈਂਸਰੀ, ਲਾਇਬਰੇਰੀ ਅਤੇ ਆਰ. ਓ. ਸਿਸਟਮ ਲਗਵਾਉਣਾ ਪਿੰਡ ਦੀਆਂ ਮੁੱਖ ਮੰਗਾਂ ਹਨ।

 

ਜਗਰਾਜ ਸਿੰਘ

ਪੀਐਂਚ.ਡੀ ਸਕਾਲਰ,

ਪਿੰਡ ਸਲੇਮਗੜ੍ਹ, ਮੋਬਾਇਲ ਨੰਬਰ 7589467204