ਗੁਰੂ ਨਾਨਕ ਪੰਥ ਦਾ ਅਟੁੱਟ ਹਿੱਸਾ ਹੈ ਸਿੰਧੀ ਸਮਾਜ

ਗੁਰੂ ਨਾਨਕ ਪੰਥ ਦਾ ਅਟੁੱਟ ਹਿੱਸਾ ਹੈ ਸਿੰਧੀ ਸਮਾਜ

ਸਿੱਖ ਸਭਿਆਚਾਰ

 

ਜਦੋਂ ਕੁਝ ਸਾਲ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਥੇ ਨਾਲ ਅਤੇ ਪਿਛਲੇ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਗੁਰੂ ਘਰ ਕੇ ਲੰਗਰਾਂ ਵਿਚ ਕਈ ਸਹਿਜਧਾਰੀ ਵੀਰ ਸੇਵਾ ਕਰਦੇ ਹੋਏ ਦਿਖਾਈ ਦਿੱਤੇ। ਜੋ ਸਵੇਰੇ ਪ੍ਰਸ਼ਾਦੇ ਤਿਆਰ ਕਰ ਰਹੇ ਸਨ, ਉਹ ਸ਼ਾਮ ਨੂੰ ਵੀ ਉਥੇ ਹੀ ਅਤੇ ਜੋ ਸਵੇਰੇ ਬਰਤਨ ਸਾਫ਼ ਕਰ ਰਹੇ ਸੀ ਉਹ ਸ਼ਾਮ ਨੂੰ ਵੀ ਬਰਤਨ ਸਾਫ਼ ਕਰਦੇ ਦਿਖਾਈ ਦੇ ਰਹੇ ਸਨ। ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਕੱਪੜਿਆਂ ਦਾ ਕੀ ਹਾਲ ਹੋ ਗਿਆ ਹੈ। 'ਦਰਸ਼ਨਾਂ' ਲਈ ਗਏ ਮੇਰੇ ਵਰਗੇ ਸਿੱਖਾਂ ਲਈ ਸੇਵਾ ਤਾਂ ਦੂਰ ਦੀ ਗੱਲ ਸੀ, ਉਥੇ ਗੁਰੂ ਦੇ ਦਰਬਾਰ ਵਿਚ ਨਾ ਤਾਂ ਬਹੁਤਾ ਪਾਠ ਸੁਣਨ ਲਈ ਬੈਠੇ ਅਤੇ ਨਾ ਹੀ ਕੀਰਤਨ ਸੁਣਨ ਲਈ। ਹਾਂ, ਇਹ ਜ਼ਰੂਰ ਕੀਤਾ ਕਿ ਬਾਜ਼ਾਰਾਂ ਵਿਚ ਸਾਮਾਨ ਖ਼ਰੀਦਿਆ ਅਤੇ ਦੌਰੇ ਕੀਤੇ। ਅੱਜ ਜਦੋਂ ਵੀ ਕਦੇ ਇਹ ਗੱਲ ਯਾਦ ਆਉਂਦੀ ਹੈ ਤਾਂ ਸ਼ਰਮਿੰਦਗੀ ਜ਼ਰੂਰ ਮਹਿਸੂਸ ਹੁੰਦੀ ਹੈ। ਉਹ ਸੇਵਾ ਵਿਚ ਜੁੜੇ ਚਿਹਰੇ ਜ਼ਰੂਰ ਯਾਦ ਆਉਂਦੇ ਹਨ ਜੋ ਸਿੰਧੀ ਭਾਈਚਾਰੇ ਵਿਚੋਂ ਸਨ। ਸ਼ਾਇਦ ਹੱਥੀਂ ਸੇਵਾ ਤਾਂ ਰੱਬ ਨੇ ਉਨ੍ਹਾਂ ਨੂੰ ਹੀ ਬਖ਼ਸ਼ ਦਿੱਤੀ ਸੀ । ਉਹ ਅਜਿਹੇ ਗੁਰੂ ਦੇ ਮਾਰਗ 'ਤੇ ਚੱਲੇ ਕਿ ਉੱਪਰ ਵਾਲੇ ਨੇ ਉਨ੍ਹਾਂ 'ਤੇ ਮਿਹਰ ਦੀ ਵੀ ਕੋਈ ਕਸਰ ਨਹੀਂ ਛੱਡੀ।

ਬਾਬੇ ਨਾਨਕ ਦੇ ਬਚਪਨ ਦੇ ਦੋਸਤ ਭਾਈ ਮਰਦਾਨਾ ਹਰ ਉਦਾਸੀ ਵਿਚ ਉਨ੍ਹਾਂ ਦੇ ਨਾਲ ਰਹੇ। ਕਹਿੰਦੇ ਨੇ ਕਿ ਇਕ ਸੱਚੇ ਮੁਸਲਮਾਨ ਵਾਂਗ ਉਨ੍ਹਾਂ ਨੇ ਦੁਨੀਆ ਤੋਂ ਵਿਦਾ ਹੋਣ ਤੋਂ ਪਹਿਲਾਂ ਮੱਕੇ ਜਾਣ ਦੀ ਇੱਛਾ ਪ੍ਰਗਟਾਈ। ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ 1518 ਤੋਂ 1522 ਈ. ਤੱਕ ਪੱਛਮ ਦਿਸ਼ਾ ਵੱਲ ਕੀਤੀ। ਉਹ ਕਰਾਚੀ ਹੁੰਦੇ ਹੋਏ ਸਿੰਧ ਅਤੇ ਫਿਰ ਮੁਸਲਿਮ ਹਾਜੀਆਂ ਦੇ ਕਾਫ਼ਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਹੁੰਦੇ ਹੋਏ ਮੱਕੇ ਗਏ। ਗੁਰੂ ਜੀ ਆਪਣੀ ਯਾਤਰਾ ਦੌਰਾਨ ਜਦੋਂ ਸਿੰਧ ਨਦੀ ਕਿਨਾਰੇ ਪੁੱਜੇ ਤਾਂ ਇਲਾਕੇ ਦੇ ਲੋਕ ਉਨ੍ਹਾਂ ਦੇ ਚਰਨਾਂ ਵਿਚ ਜੁੜੇ। ਇਕ ਸਮਾਜ ਦੇ ਰੂਪ ਵਿਚ ਸਭ ਤੋਂ ਪਹਿਲਾਂ ਇਹੀ ਸਿੰਧੀ ਲੋਕ ਸਨ, ਜਿਨ੍ਹਾਂ ਨੇ ਗੁਰੂ ਮਾਰਗ ਨੂੰ ਅਪਣਾਇਆ। ਸਿੱਖ ਸਮਾਜ ਦਾ ਅਟੁੱਟ ਅੰਗ ਹੋਣ ਦੇ ਬਾਵਜੂਦ ਅੱਜ ਵੀ ਇਨ੍ਹਾਂ ਦੀ ਪਛਾਣ ਹਿੰਦੁਸਤਾਨ ਵਿਚ ਸਹਿਜਧਾਰੀ ਅਤੇ ਪਾਕਿਸਤਾਨ ਵਿਚ ਨਾਨਕ ਪੰਥੀ ਦੇ ਰੂਪ ਵਿਚ ਹੈ।

1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਹੁਣ ਸਿੰਧ ਵਿਚ ਸਿਰਫ਼ 6.8 ਪ੍ਰਤੀਸ਼ਤ ਹਿੰਦੂ ਅਤੇ ਸਿੱਖ ਸਿੰਧੀ ਹਨ ਬਾਕੀ ਭਾਰਤ ਅਤੇ ਹੋਰ ਦੇਸ਼ਾਂ ਵਿਚ ਜਾ ਕੇ ਵਸ ਗਏ। ਅੱਜ ਭਾਰਤ ਵਿਚ 38 ਲੱਖ ਤੋਂ ਵਧੇਰੇ ਸਿੰਧੀ ਹਨ ਜੋ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਆਦਿ ਵਿਚ ਹਨ। ਇਹ ਜਿੱਥੇ ਵੀ ਗਏ ਹਨ, ਉਥੇ ਸਿੱਖੀ ਦੀ ਖ਼ੁਸ਼ਬੂ ਨਾਲ ਲੈ ਕੇ ਗਏ ਹਨ। ਭਾਰਤ ਤੋਂ ਬਾਅਦ ਇਹ ਸਭ ਤੋਂ ਵੱਡੀ ਗਿਣਤੀ ਵਿਚ ਸਾਊਦੀ ਅਰਬ ਵਿਚ ਰਹਿ ਰਹੇ ਹਨ ਜਿੱਥੇ ਇਨ੍ਹਾਂ ਦੀ ਗਿਣਤੀ ਇਕ ਲੱਖ 81 ਹਜ਼ਾਰ ਹੈ। ਇਸ ਤੋਂ ਇਲਾਵਾ ਉਹ ਯੂਨਾਈਟਿਡ ਅਰਬ ਅਮੀਰਾਤ, ਯੂ.ਕੇ., ਮਲੇਸ਼ੀਆ, ਕੈਨੇਡਾ, ਇੰਡੋਨੇਸ਼ੀਆ, ਅਮਰੀਕਾ, ਅਫ਼ਗ਼ਾਨਿਸਤਾਨ ਸਿੰਗਾਪੁਰ ਅਤੇ ਓਮਾਨ ਵਿਚ ਵੀ ਵਸਦੇ ਹਨ।

ਪਿਛਲੀ ਸਦੀ ਦੇ ਸ਼ੁਰੂ ਵਿਚ ਭਾਵ 1901 ਵਿਚ ਕੇਸਧਾਰੀ ਸਿੰਧੀਆਂ ਦੀ ਗਿਣਤੀ ਇਕ ਹਜ਼ਾਰ ਦੇ ਕਰੀਬ ਹੀ ਸੀ ਹਾਲਾਂਕਿ ਸਹਿਜਧਾਰੀਆਂ ਦੀ ਗਿਣਤੀ ਬਹੁਤ ਸੀ। ਬਹੁਤ ਸਾਰੀਆਂ ਹਿੰਦੂ ਸਿੰਧੀ ਔਰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੇ ਯੋਗ ਬਣਨ ਲਈ ਗੁਰਮੁਖੀ ਵਰਣਮਾਲਾ ਸਿੱਖੀ। ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਦੇ ਯਤਨਾਂ ਨਾਲ 1941 ਤੱਕ ਇਹ ਗਿਣਤੀ 39 ਹਜ਼ਾਰ ਤੋਂ ਵੱਧ ਹੋ ਗਈ ਸੀ। ਅੱਜ ਪਾਕਿਸਤਾਨ ਵਿਚ ਲਗਭਗ 3 ਕਰੋੜ 57 ਲੱਖ ਅਤੇ ਭਾਰਤ ਵਿਚ ਲਗਭਗ 3 ਲੱਖ 81 ਹਜ਼ਾਰ ਸਿੰਧੀ ਹਨ।

ਸਹਿਜਧਾਰੀ ਸਿੰਧੀਆਂ ਦਾ ਸਿੱਖ ਧਰਮ ਨਾਲ ਰਿਸ਼ਤਾ ਮਹਾਨ ਹੈ। ਉਹ ਜਿੱਥੇ ਵੀ ਗਏ ਹਨ, ਉਥੇ ਸਿੱਖੀ ਦੀ ਖ਼ੁਸ਼ਬੂ ਨਾਲ ਲੈ ਕੇ ਗਏ ਹਨ। ਦੇਸ਼ ਦੀ ਵੰਡ ਸਮੇਂ ਪੰਜਾਬ ਅਤੇ ਬੰਗਾਲ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ, ਪਰ ਸਾਰਾ ਸਿੰਧ ਪਾਕਿਸਤਾਨ ਵਿਚ ਚਲਾ ਗਿਆ ਸੀ। ਹਿੰਦੂ ਅਤੇ ਸਿੱਖ ਸਿੰਧੀਆਂ ਕੋਲ ਦੂਜਾ ਸਿੰਧ ਨਹੀਂ ਸੀ, ਸੋ ਉਹ ਭਾਰਤ ਅਤੇ ਹੋਰ ਦੇਸ਼ਾਂ ਵਿਚ ਜਾ ਕੇ ਵਸ ਗਏ।

ਪਾਕਿਸਤਾਨ ਅਤੇ ਭਾਰਤ ਤੋਂ ਬਾਅਦ ਦੁਬਈ ਜਾ ਕੇ ਸਭ ਤੋਂ ਪਹਿਲਾਂ ਇਨ੍ਹਾਂ ਨੇ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ ਬੀਤੇ ਦਿਨੀਂ 'ਦਾ ਰੀਗਲ ਮੈਨ ਵਾਸੁ ਸ਼ਿਰੋਫ' ਵਲੋਂ ਨਿਰਮਾਣ ਕੀਤੇ ਗਏ ਹਿੰਦੂ ਸਿੰਧੀ ਮੰਦਰ ਦਾ ਉਦਘਾਟਨ ਹੋ ਰਿਹਾ ਹੈ ਜੋ ਦੁਬਈ ਦਾ ਸ਼ੇਖ ਕਰ ਰਿਹਾ ਹੈ। ਜਿਥੇ ਵੱਖ ਵੱਖ ਮੁਲਕਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਸਿੰਧੀ ਸਮਾਜ ਦੇ ਇਕ ਪ੍ਰਮੁੱਖ ਧਾਰਮਿਕ ਆਗੂ ਲਛਮਣ ਚੇਲਾ ਰਾਮ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਗੁਰਬਾਣੀ ਦਾ ਕੀਰਤਨ ਕਰਨ ਲਈ ਵਿਸ਼ੇਸ਼ ਤੌਰ 'ਤੇ ਭਾਰਤ ਵਿਚੋਂ ਗਏ ਹਨ।

ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿਚ ਭਾਵੇਂ ਸਿੰਧੀਆਂ ਦੀ ਬਹੁਤੀ ਆਬਾਦੀ ਨਹੀਂ ਪਰ ਗੁਰਦੁਆਰਾ ਇਥੇ ਵੀ ਹੈ। ਇਥੇ ਹੀ ਉਹ ਆਪਣੇ ਪਰਿਵਾਰਕ ਸਮਾਗਮ ਕਰਦੇ ਹਨ। ਟੀ.ਵੀ. ਪੱਤਰਕਾਰ ਜਸਪ੍ਰੀਤ ਸਿੰਘ, ਜੋ ਇੰਡੋਨੇਸ਼ੀਆ ਵਿਚ ਸੁਨਾਮੀ ਆਉਣ ਤੋਂ ਬਾਅਦ ਕਵਰੇਜ ਲਈ ਇਥੇ ਗਏ ਸਨ, ਦੱਸਦੇ ਹਨ ਕਿ ਉਥੋਂ ਦੀ ਫ਼ਿਲਮ ਇੰਡਸਟਰੀ ਵਿਚ ਇਕ ਸਿੰਧੀ ਪਰਿਵਾਰ ਦਾ ਵੱਡਾ ਨਾਂਅ ਹੈ। ਜਦੋਂ ਉਹ ਉਥੇ ਸਨ ਤਾਂ ਇਸ ਪਰਿਵਾਰ ਵਿਚ ਇਕ ਵਿਆਹ ਸੀ। ਇਹ ਵਿਆਹ ਉਨ੍ਹਾਂ ਕਿਸੇ ਸਟਾਰ ਹੋਟਲ ਵਿਚ ਨਹੀਂ ਸੀ ਕੀਤਾ ਬਲਕਿ ਗੁਰਦੁਆਰੇ ਵਿਚ ਕੀਤਾ ਸੀ ਅਤੇ ਬਰਾਤੀਆਂ ਦੀ ਸੇਵਾ ਲਈ ਗੁਰੂ ਕਾ ਲੰਗਰ ਹੀ ਤਿਆਰ ਕਰਵਾਇਆ ਗਿਆ ਸੀ। ਇਹ ਹੈ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦਾ ਹਿੱਸਾ।

ਪਾਕਿਸਤਾਨ ਦੀ 1998 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸਿੰਧ ਸੂਬੇ ਦੀ ਕੁੱਲ ਆਬਾਦੀ ਦਾ ਲਗਭਗ 8 ਫ਼ੀਸਦੀ ਹਿੰਦੂ ਹਨ। ਪਾਕਿਸਤਾਨ ਵਿਚ ਇਨ੍ਹਾਂ ਦੇ ਮੁੱਖ ਤੀਰਥ ਸਥਾਨ ਪੰਜਾਬ ਵਿਚ ਸ੍ਰੀ ਨਨਕਾਣਾ ਸਾਹਿਬ ਅਤੇ ਡੇਰਾ ਸਾਹਿਬ ਅਤੇ ਸਿੰਧ ਵਿਚ ਸੁੱਕਰ ਦੇ ਨੇੜੇ ਸਾਧ ਬੇਲਾ 1823 ਵਿਚ ਬਣਿਆ ਇਕ ਉਦਾਸੀ ਤੀਰਥ ਸਥਾਨ ਹੈ। 1947 ਤੋਂ ਪਹਿਲਾਂ, ਹਾਲਾਂਕਿ, ਕਰਾਚੀ ਵਿਚ ਰਹਿਣ ਵਾਲੇ ਕੁਝ ਗੁਜਰਾਤੀ ਬੋਲਣ ਵਾਲੇ ਪਾਰਸੀਆਂ ਤੋਂ ਇਲਾਵਾ, ਲਗਭਗ ਸਾਰੇ ਵਸਨੀਕ ਸਿੰਧੀ ਸਨ।

ਭਾਰਤ ਵਿਚ ਬਹੁਤੇ ਸਿੰਧੀ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਨਾਲ-ਨਾਲ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਵਸਦੇ ਹਨ। 1947 ਵਿਚ ਵੰਡ ਦੌਰਾਨ ਸਿੰਧ ਤੋਂ ਆਏ ਸ਼ਰਨਾਰਥੀਆਂ ਨੂੰ ਠਹਿਰਾਉਣ ਲਈ ਭਾਰਤ ਸਰਕਾਰ ਨੇ ਆਦੀਪੁਰ ਦੀ ਇਕ ਸ਼ਰਨਾਰਥੀ ਕੈਂਪ ਵਜੋਂ ਸਥਾਪਨਾ ਕੀਤੀ। ਉਸ ਸਮੇਂ ਆਚਾਰੀਆ ਕ੍ਰਿਪਲਾਨੀ ਅਤੇ ਭਾਈ ਪ੍ਰਤਾਪ ਦਿਆਲਦਾਸ ਦੀ ਅਗਵਾਈ ਵਿਚ ਬਣਾਈ ਗਈ ਸਿੰਧੂ ਰੀਸੈਟਲਮੈਂਟ ਕਾਰਪੋਰੇਸ਼ਨ ਨੂੰ ਕੱਛ ਦੇ ਮਹਾਰਾਜ ਮਹਾਰਾਓ ਸ੍ਰੀ ਵਿਜੇਰਾਜਜੀ ਖੇਂਗਰਜੀ ਜਡੇਜਾ ਨੇ 15,000 ਏਕੜ ਜ਼ਮੀਨ ਦਾਨ ਕੀਤੀ। ਕੱਛ ਦੀ ਖਾੜੀ 'ਤੇ ਕਾਂਡਲਾ ਦੀ ਨਵੀਂ ਬੰਦਰਗਾਹ ਲਈ ਭਾਰਤ ਸਰਕਾਰ ਵਲੋਂ ਚੁਣੇ ਗਏ ਸਥਾਨ ਤੋਂ ਕੁਝ ਮੀਲ ਫ਼ਾਸਲੇ 'ਤੇ ਇਕ ਨਵਾਂ ਕਸਬਾ ਹੋਂਦ ਵਿਚ ਆਇਆ ਜਿਸ ਦਾ ਨੀਂਹ ਪੱਥਰ ਮੋਹਨਦਾਸ ਗਾਂਧੀ ਦੇ ਆਸ਼ੀਰਵਾਦ ਨਾਲ ਰੱਖਿਆ ਗਿਆ ਸੀ ਅਤੇ ਇਸ ਲਈ ਕਸਬੇ ਦਾ ਨਾਂਅ ਗਾਂਧੀਧਾਮ ਰੱਖਿਆ ਗਿਆ ਸੀ।

ਵੰਡ ਦੌਰਾਨ ਹੀ ਜਦੋਂ ਸਿੰਧੀ ਪ੍ਰਵਾਸੀਆਂ ਦੇ ਜਹਾਜ਼ ਮੁੰਬਈ ਦੇ ਤੱਟ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਬੱਸਾਂ ਅਤੇ ਹੋਰ ਵਾਹਨਾਂ ਵਿਚ ਬਿਠਾ ਕੇ ਸਿਓਂ ਅਤੇ ਬੋਰੀਵਲੀ ਵਰਗੀਆਂ ਥਾਵਾਂ 'ਤੇ ਅਸਥਾਈ ਕੈਂਪਾਂ ਵਿਚ ਭੇਜਿਆ ਗਿਆ। ਇੱਥੋਂ ਬਹੁਤ ਸਾਰੇ ਲੋਕ ਪਿੰਪਰੀ, ਕੋਲ੍ਹਾਪੁਰ ਆਦਿ ਥਾਵਾਂ 'ਤੇ ਪਹੁੰਚੇ। ਕਈ ਲੋਕਾਂ ਨੂੰ ਮੁੰਬਈ ਤੋਂ 30 ਕਿਲੋਮੀਟਰ ਦੂਰ ਕਲਿਆਣ ਕੈਂਪ ਵਿਚ ਰੱਖਿਆ ਗਿਆ ਸੀ। ਮੁੰਬਈ ਤੋਂ 58 ਕਿਲੋਮੀਟਰ ਦੂਰ ਬੰਜਰ ਜ਼ਮੀਨ 'ਤੇ ਉਲਹਾਸ ਨਦੀ ਦੇ ਕੰਢੇ ਕਲਿਆਣ ਮਿਲਟਰੀ ਟਰਾਂਜ਼ਿਟ ਕੈਂਪ ਸੀ ਜਿਸ ਨੂੰ ਕਲਿਆਣ ਕੈਂਪ ਵੀ ਕਿਹਾ ਜਾਂਦਾ ਸੀ । ਇਥੇ ਦੂਜੇ ਵਿਸ਼ਵ ਯੁੱਧ ਦੌਰਾਨ 6,000 ਸਿਪਾਹੀਆਂ ਅਤੇ 30,000 ਹੋਰਾਂ ਦੇ ਰਹਿਣ ਲਈ ਉਲਹਾਸ ਨਗਰ ਦੀ ਸਥਾਪਨਾ ਵਿਸ਼ੇਸ਼ ਤੌਰ 'ਤੇ ਕੀਤੀ ਗਈ ਸੀ। ਇੱਥੇ ਅੰਗਰੇਜ਼ ਫ਼ੌਜੀਆਂ ਲਈ ਬਣੀਆਂ ਬੈਰਕਾਂ ਵਿਚ ਸਿੰਧੀ ਸ਼ਰਨਾਰਥੀਆਂ ਨੇ ਨਵੇਂ ਸਿਰਿਓਂ ਜੀਵਨ ਸ਼ੁਰੂ ਕੀਤਾ। ਸਿੰਧ ਵਿਚ ਰਹਿਣ ਵਾਲੇ ਸਿੱਖ ਵੀ ਉਲਹਾਸ ਨਗਰ ਵਿਚ ਆ ਕੇ ਵਸ ਗਏ ਅਤੇ ਇੱਥੇ ਕਈ ਵੱਡੇ ਗੁਰਦੁਆਰੇ ਹਨ।

ਹੈਦਰਾਬਾਦ ਤੋਂ ਸ਼ਰਨਾਰਥੀ ਸਿੰਧੀ ਹਿੰਦੂ ਮੁੰਬਈ ਅਤੇ ਗੋਆ ਰਾਹੀਂ ਬੰਗਲੌਰ ਵੀ ਚਲੇ ਗਏ ਅਤੇ ਕੌਕਸ ਟਾਊਨ ਵਿਚ ਇਕ ਕਮਿਊਨਿਟੀ ਹਾਊਸਿੰਗ ਸੁਸਾਇਟੀ ਬਣਾਈ ਗਈ ਸੀ, ਜਿਸ ਵਿਚ ਇਕ ਮੰਦਰ, ਸਿੰਧੀ ਐਸੋਸੀਏਸ਼ਨ ਅਤੇ ਇਕ ਸਿੰਧੀ ਸੋਸ਼ਲ ਹਾਲ ਜੋ ਖ਼ੁਸ਼ੀ ਦੇ ਜਸ਼ਨਾਂ, ਵਿਆਹਾਂ ਅਤੇ ਤਿਉਹਾਰਾਂ ਜਿਵੇਂ ਕਿ ਹੋਲੀ ਅਤੇ ਗੁਰੂ ਨਾਨਕ ਜੈਅੰਤੀ ਲਈ ਇਕ ਕਮਿਊਨਿਟੀ ਸੈਂਟਰ ਬਣਾਇਆ।

ਸਿੰਧੀ ਸਮਾਜ ਦੇ ਧਾਰਮਿਕ ਆਗੂ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ, ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੇਅੰਤ ਯਤਨ ਕਰ ਚੁੱਕੇ ਹਨ ਜਿਨ੍ਹਾਂ ਵਿਚ ਅੱਠ ਭਾਸ਼ਾਵਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਅਤੇ 11 ਭਾਸ਼ਾਵਾਂ ਵਿਚ ਸੁਖਮਨੀ ਸਾਹਿਬ ਦਾ ਅਨੁਵਾਦ ਸ਼ਾਮਿਲ ਹੈ। ਉਨ੍ਹਾਂ ਨੂੰ ਸਿੱਖੀ ਦੀ ਚਿਣਗ ਉਨ੍ਹਾਂ ਦੇ ਪਿਤਾ ਦਾਦਾ ਚੇਲਾ ਰਾਮ ਜੀ ਤੋਂ ਲੱਗੀ ਸੀ ਅਤੇ ਹਿਮਾਚਲ ਪ੍ਰਦੇਸ਼ ਵਿਚ ਸਪਰੂਨ ਨੂੰ ਉਨ੍ਹਾਂ ਨੇ ਆਪਣਾ ਕੇਂਦਰ ਬਣਾਇਆ। ਬਹੁਤ ਸਾਰੇ ਹੋਰ ਸਿੰਧੀਆਂ ਵਾਂਗ ਆਪਣੇ ਸਹਿਜਧਾਰੀ ਹੋਣ ਬਾਰੇ ਉਹ ਬੜੀ ਨਿਮਰਤਾ ਨਾਲ ਆਖਦੇ ਹਨ, 'ਗੁਰੂ ਸਾਹਿਬ ਨੇ ਹਰੇਕ ਦੀ ਆਪਣੀ ਡਿਊਟੀ ਲਾਈ ਹੈ। ਭਾਈ ਘਨੱਈਆ ਦੀ ਡਿਊਟੀ ਯੁੱਧ ਦੇ ਮੈਦਾਨ ਵਿਚ ਸੇਵਾ ਦੀ ਸੀ ਅਤੇ ਭਾਈ ਨੰਦ ਲਾਲ ਗੋਯਾ ਦੀ ਇਕ ਲਿਖਾਰੀ ਦੇ ਰੂਪ ਵਿਚ ਹੀ ਸੀ। ' ਗੁਰਬਾਣੀ ਕੀਰਤਨ ਦਾ ਗਾਇਨ ਤਾਂ ਉਹ ਹਮੇਸ਼ਾ ਕਰਦੇ ਰਹਿੰਦੇ ਹਨ। ਸਿੰਧੀ ਸਮਾਜ ਉਹ ਸਮਾਜ ਹੈ ਜੋ ਚਾਹੇ ਜਿਸ ਰੂਪ ਵਿਚ ਵੀ ਹੋਵੇ, ਉਹ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ ਜਿਸ ਨੇ ਗੁਰਬਾਣੀ ਦੀ ਖ਼ੁਸ਼ਬੂ ਨੂੰ ਦੁਨੀਆ ਭਰ ਵਿਚ ਫੈਲਾਉਣ ਵਿਚ ਅਹਿਮ ਯੋਗਦਾਨ ਦਿੱਤਾ ਹੈ। ਦਿੱਲੀ ਦੇ ਕਨਾਟ ਪਲੇਸ ਵਿਚ ਇਕ ਬਹੁਤ ਵੱਡੇ ਸਿੰਧੀ ਕਾਰੋਬਾਰੀ ਰਾਜੇਸ਼ ਦਾ ਕਹਿਣਾ ਹੈ, 'ਗੁਰਬਾਣੀ ਸਾਡਾ ਜੀਵਨ ਹੈ। ਅਸੀਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਂਦੇ ਹਾਂ ।'

 

ਚਰਨਜੀਤ ਸਿੰਘ ਗਰੋਵਰ