ਦਿ ਵਾਇਰ’ ਦੇ ਸੰਪਾਦਕਾਂ ਘਰ ਦਿੱਲੀ ਪੁਲੀਸ ਨੇ ਮਾਰੇ ਛਾਪੇ

ਦਿ ਵਾਇਰ’ ਦੇ ਸੰਪਾਦਕਾਂ ਘਰ ਦਿੱਲੀ ਪੁਲੀਸ ਨੇ ਮਾਰੇ ਛਾਪੇ

ਮਾਮਲਾ ਭਾਜਪਾ ਆਗੂ ਅਮਿਤ ਮਾਲਵੀਆ ਵੱਲੋਂ ਦਰਜ ਕਰਵਾਈ ਐਫਆਈਆਰ ਦਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਭਾਜਪਾ ਦੇ ਆਈਟੀ ਸੈੱਲ ਮੁਖੀ ਅਮਿਤ ਮਾਲਵੀਆ ਵੱਲੋਂ ਦਰਜ ਕਰਵਾਈ ਐਫਆਈਆਰ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ ਨਿਊਜ਼ ਪੋਰਟਲ ‘ਦਿ ਵਾਇਰ’ ਦੇ ਸੰਪਾਦਕਾਂ ਦੇ ਘਰਾਂ ਉਤੇ ਛਾਪੇ ਮਾਰੇ ਹਨ। ਮਾਲਵੀਆ ਨੇ ਪੋਰਟਲ ’ਤੇ ਉਨ੍ਹਾਂ ਬਾਰੇ ਮਨਘੜਤ ਰਿਪੋਰਟ ਚਲਾਉਣ ਦਾ ਦੋਸ਼ ਲਾਇਆ ਸੀ। ਪੁਲੀਸ ਨੇ ਐਮ.ਕੇ. ਵੇਨੂ, ਜਾਹਨਵੀ ਸੇਨ ਤੇ ਸਿਧਾਰਥ ਵਰਦਰਾਜਨ ਦੇ ਘਰਾਂ ਦੀ ਤਲਾਸ਼ੀ ਲਈ। ਵੇਰਵਿਆਂ ਮੁਤਾਬਕ ਪੁਲੀਸ ਨੇ ਇਲੈਕਟ੍ਰੌਨਿਕ ਉਪਕਰਨ ਜ਼ਬਤ ਕੀਤੇ ਹਨ। ਸੂਤਰਾਂ ਮੁਤਾਬਕ ਸਾਰੇ ਮੁਲਜ਼ਮਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਜਲਦੀ ਸੰਮਨ ਭੇਜੇ ਜਾਣਗੇ। ਸ਼ਿਕਾਇਤ ਪਹਿਲੇ ਸੰਪਾਦਕ ਸਿਧਾਰਥ ਭਾਟੀਆ ਖ਼ਿਲਾਫ਼ ਵੀ ਦਰਜ ਕਰਵਾਈ ਗਈ ਹੈ। ਮਾਲਵੀਆ ਨੇ ਕਿਹਾ ਸੀ ਕਿ ਪੋਰਟਲ ਨੇ ਧੋਖੇ ਨਾਲ, ਗਲਤ ਦਸਤਾਵੇਜ਼ਾਂ ਸਹਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਨਾਲ ਉਨ੍ਹਾਂ ਦੀ ਸਾਖ਼ ਨੂੰ ਸੱਟ ਵੱਜੀ ਹੈ। ਦੱਸਣਯੋਗ ਹੈ ਕਿ ‘ਦਿ ਵਾਇਰ’ ਨੇ ਰਿਪੋਰਟਾਂ ਵਿਚ ਦੋਸ਼ ਲਾਇਆ ਸੀ ਕਿ ਮਾਲਵੀਆ ਨੂੰ ਫੇਸਬੁੱਕ ਅਤੇ ਵਟਸਐਪ ਦੀ ਮਾਲਕ ਕੰਪਨੀ ਮੈਟਾ ਖ਼ਾਸ ਅਧਿਕਾਰ ਦਿੰਦੀ ਹੈ। ਉਹ ਕਈ ਪੋਸਟਾਂ ਪਲੇਟਫਾਰਮ ਤੋਂ ਹਟਾ ਸਕਦੇ ਹਨ।