ਸਿੱਖੀ ਦੀ ਸਿਧਾਂਤਕ ਹਸਤੀ, ਸ਼੍ਰੋਮਣੀ ਕਮੇਟੀ ਦਾ ਵਰਤਮਾਨ ਤੇ ਭਵਿਖ

ਸਿੱਖੀ ਦੀ ਸਿਧਾਂਤਕ ਹਸਤੀ, ਸ਼੍ਰੋਮਣੀ ਕਮੇਟੀ ਦਾ ਵਰਤਮਾਨ ਤੇ ਭਵਿਖ

ਗੁਰਬਚਨ ਸਿੰਘ ਦੇਸ ਪੰਜਾਬ    
9815698451    
                                   

ਆਪਣੀ ਜਿੰਦਗੀ ਦੇ ਆਖਰੀ 18 ਸਾਲ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਿਖੇ ਬਿਤਾਏ। ਇਥੇ ਹੀ ਉਨ੍ਹਾਂ ਨੇ ਕਿਰਤ ਕਰੋ-ਵੰਡ ਛਕੋ-ਨਾਮ ਜਪੋ ਦਾ ਆਪਣਾ ਸਿਧਾਂਤ ਅਮਲ ਵਿਚ ਲਾਗੂ ਕੀਤਾ। ਆਪਣੇ ਪਰਿਵਾਰ ਅਤੇ ਮਾਪਿਆਂ ਨੂੰ ਵੀ ਉਹ ਇਥੇ ਹੀ ਲੈ ਆਏ। ਇਕ ਦਿਨ ਪਿਤਾ ਮਹਿਤਾ ਕਾਲੂ ਨੇ ਗੁਰੂ ਨਾਨਕ ਸਾਹਿਬ ਨੂੰ ਪੁਛਿਆ ਕਿ ''ਪੁਤਰ ਤੂੰ ਜਿਸ ਮੰਤਰ ਨਾਲ ਰਬ ਦਾ ਧਿਆਨ ਧਰਦਾ ਹੈ, ਉਹ ਠੀਕ ਨਹੀਂ ਹੈ। ਵੈਸ਼ਨਵ ਲੋਕ ਤੀਰਥ ਯਾਤਰਾ ਕਰਨ ਲਈ ਜਾਂਦੇ ਹਨ। ਕੇਸਰ ਤੇ ਸੰਦਲ ਦੀਆਂ ਸੁਗੰਧੀਆਂ ਦਾ ਆਨੰਦ ਮਾਣਦੇ ਹਨ। ਕੀ ਉਨ੍ਹਾਂ ਨੂੰ ਕਿਸੇ ਚੀਜ ਦੀ ਘਾਟ ਹੈ? ਫਿਰ ਤੂੰ ਤਿਲਕ ਨਹੀਂ ਲਾਉਂਦਾ। ਧੋਤੀ ਨਹੀਂ ਪਹਿਨਦਾ। ਚੌਕੇ ਦੀ ਕਾਰ ਵੀ ਨਹੀਂ ਕਢਦਾ। ਤੇਰੀ ਜਿੰਦਗੀ ਨਾ ਵੈਸ਼ਨਵਾਂ ਤੇ ਨਾ ਦੁਨਿਆਵੀ ਲੋਕਾਂ ਨਾਲ ਮਿਲਦੀ ਹੈ। ਨਾ ਤੂੰ ਤਿਆਗੀ ਹੈ। ਨਾ ਤੂੰ ਬੈਰਾਗੀ ਹੈ। ਨਾ ਤੂੰ ਤਾਂਤਰਿਕ ਹੈ। ਫਿਰ ਤੇਰੀ ਰਬ ਬਾਰੇ ਕੀ ਸਮਝ ਹੈ।''

ਗੁਰੂ ਸਾਹਿਬ ਦਾ ਉਤਰ ਹੈ:
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ॥
ਬਾਬਾ ਹੋਰ ਮਤਿ ਹੋਰ ਹੋਰ॥ ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ॥  (ਗੁਰੂ ਗ੍ਰੰਥ ਸਾਹਿਬ, ਅੰਗ ੧੭)

ਯਥਾ ਇਹ ਸਰੀਰ ਕੇਸਰ ਦੀ ਨਿਆਈਂ ਹੈ। ਸਰੀਰ ਵਿਚਲੀ ਜਬਾਨ ਹੀਰੇ ਦੀ ਨਿਆਈਂ ਹੈ। ਇਸ ਸਰੀਰ ਵਿਚੋਂ ਸਾਹ ਦਾ ਚਲਣਾ ਅਗਰ ਦੀਆਂ ਸੁਗੰਧੀਆ ਬਿਖੇਰਣ ਵਾਂਗ ਹੈ। ਅਠਾਹਠ ਤੀਰਥਾਂ ਦੀ ਯਾਤਰਾ ਟਿਕੇ ਵਾਂਗ ਚਿਹਰੇ ਉਤੇ ਭਾਹ ਮਾਰ ਰਹੀ ਹੈ। ਹਿਰਦੈ ਵਿਚ ਮਤਿ ਭਾਵ ਸਿਆਣਪ ਖਿੜ ਰਹੀ ਹੈ। ਇਸ ਸਿਆਣਪ ਨਾਲ ਗੁਣਾਂ ਦੇ ਖਜਾਨੇ ਉਸ ਸਿਰਜਣਹਾਰ ਦੇ ਗੁਣ ਗਾਉਣੇ ਹੀ ਰਬ ਦਾ ਧਿਆਨ ਧਰਨਾ ਹੈ। ਬਾਬਾ ਭਾਵ ਹੇ ਸਿਆਣੇ ਦਾਨੇ ਮਨੁਖ! ਇਸ ਤੋਂ ਬਿਨਾਂ ਹੋਰ ਸਾਰੇ ਮਤਿ ਝੂਠੇ ਹਨ। ਝੂਠ ਨੂੰ ਭਾਵੇਂ ਸੌ ਵੇਰ ਧਿਆਈ ਜਾਈਏ ਪਰ ਉਸ ਨੇ ਝੂਠ ਹੀ ਰਹਿਣਾ ਹੈ।

ਮਹਿਤਾ ਕਾਲੂ ਆਪਣੇ ਪੁਤਰ ਦੀ ਰਬ ਬਾਰੇ ਇਸ ਸਮਝ ਨਾਲ ਸਹਿਮਤੀ ਪ੍ਰਗਟ ਕਰਦਿਆਂ ਫਿਰ ਪੁਛਦੇ ਹਨ, ''ਉਨ੍ਹਾਂ ਲੋਕਾਂ ਬਾਰੇ ਕੀ ਖਿਆਲ ਹੈ, ਜਿਹੜੇ ਆਪਣੇ ਆਪ ਨੂੰ ਸੰਸਾਰ ਦੇ ਪੀਰ ਸਦਵਾਉਂਦੇ ਹਨ ਅਤੇ ਸਾਰੇ ਉਨ੍ਹਾਂ ਦੀ ਪੂਜਾ ਕਰਦੇ ਹਨ? ਕੀ ਉਨ੍ਹਾਂ ਦੀ ਸਿਆਣਪ ਅਮਰ ਹੈ?''

ਗੁਰੂ ਸਾਹਿਬ ਦਾ ਫੁਰਮਾਨ ਹੈ :
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ।।
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ।।
ਜਾ ਪਤਿ ਲੇਖੈ ਨ ਪਵੈ ਸਭਾ ਪੂਜ ਖੁਆਰੁ।। (ਅੰਗ ੧੭)

ਯਥਾ ਕਿਸੇ ਦੀ ਪੂਜਾ ਹੋਣ ਲਗ ਪਵੇ। ਉਹ ਆਪਣੇ ਆਪ ਨੂੰ ਪੀਰ ਸਦਵਾਉਣ ਲਗ ਪਵੇ। ਸਾਰੇ ਸੰਸਾਰ ਵਿਚ ਉਸਦੀ ਮਾਨਤਾ ਹੋ ਜਾਏੇ। ਉਹ ਆਪਣਾ ਕੋਈ ਖਾਸ ਨਾਂ ਰਖ ਲਏੇ। ਆਪਣੇ ਕੋਲ ਰਿਧੀਆਂ ਸਿਧੀਆਂ ਭਾਵ ਕਰਾਮਾਤੀ ਸ਼ਕਤੀਆਂ ਹੋਣ ਦਾ ਦਾਅਵਾ ਕਰੇ। ਪਰ ਜੇ ਉਸ ਸਿਰਜਣਹਾਰ ਦੇ ਦਰਬਾਰ ਵਿਚ ਪ੍ਰਵਾਨਗੀ ਨਹੀਂ ਮਿਲਦੀ ਤਾਂ ਇਹ ਸਾਰੀ ਪੂਜਾ ਫਜੂਲ ਹੈ। ਨਿਰੋਲ ਖਜਲ ਖੁਆਰੀ ਹੈ। (ਹਵਾਲਾ 'ਸਰਹਦਾਂ ਤੋਂ ਪਾਰ ਸਿਖ ਵਿਰਾਸਤ')

ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਨੇ ਆਪਣੇ ਮਤਿ ਦਾ ਆਰੰਭ ਇਹ ਕਹਿ ਕੇ ਕੀਤਾ : ਨਾ ਕੋਈ ਹਿੰਦੂ ਨਾ ਮੁਸਲਮਾਨ। ਜਦੋ ਸੁਆਲ ਪੈਦਾ ਹੋਇਆ ਕਿ ਅਸੀਂ ਫਿਰ ਕੀ ਹਾਂ? ਤਾਂ ਇਸ ਦਾ ਬੜਾ ਸਪਸ਼ਟ ਜੁਆਬ ਹੈ : ਜੋ ਬ੍ਰਹਮੰਡੇ ਸੋਈ ਪਿੰਡੇ ।। ਯਥਾ ਜੋ ਬ੍ਰਹਿਮੰਡ ਵਿਚ ਹੈ ਸੋਈ ਸਾਡੇ ਪਿੰਡੇ ਭਾਵ ਸਰੀਰ ਵਿਚ ਹੈ। ਸਾਡਾ ਇਹ ਸਰੀਰ ਸਾਡੇ ਆਲੇ ਦੁਆਲੇ ਪਸਰੇ ਬ੍ਰਹਿਮੰਡ ਦਾ ਹੀ ਇਕ ਅੰਸ਼ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ।। (ਅੰਗ ੭੮੨) ਯਥਾ ਇਹ ਸਾਰਾ ਪਸਾਰਾ ਬ੍ਰਹਮ ਹੈ। ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ। ਸਭ ਪਾਸੇ ਬ੍ਰਹਮ ਹੀ ਨਜਰ ਆਉਂਦਾ ਹੈ। ਬ੍ਰਹਮ ਦਾ ਸਥੂਲ ਰੂਪ ਬ੍ਰਹਿਮੰਡ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਇਸ ਧਾਰਨਾ ਦੀ ਪੁਸ਼ਟੀ ਕੀਤੀ ਗਈ ਹੈ : ਨਾ ਹਮ ਹਿੰਦੂ ਨ ਮੁਸਲਮਾਨ ਅਲਹ ਰਾਮ ਕੇ ਪਿੰਡ ਪਰਾਣੁ।। ਯਥਾ ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ। ਸਾਡਾ ਇਹ ਸਰੀਰ ਅਤੇ ਜਿੰਦਗੀ ਇਸ ਬ੍ਰਹਿਮੰਡ ਦੇ ਕਣ ਕਣ ਵਿਚ ਰਮੇ ਹੋਏ ਅਲਹ ਰਾਮ ਦੀ ਦੇਣ ਹੈ। ਭਾਵ ਗੁਰੂ ਦੇ ਸਿਖ ਦੀ ਮਨੁਖੀ ਹੋਂਦ ਬ੍ਰਹਿਮੰਡੀ ਹੈ। ਇਸੇ ਕਰਕੇ ਸਿਖ ਇਕ ਅਕਾਲ ਦਾ ਪੁਜਾਰੀ ਹੈ। ਇਸੇ ਕਰਕੇ ਉਹ ਹਰ ਵੇਲੇ ਸਰਬਤ ਦੇ ਭਲੇ ਅਤੇ ਸਰਬ-ਸਾਂਝੀਵਾਲਤਾ ਦੀ ਅਰਦਾਸ ਕਰਦਾ ਹੈ। ਇਸ ਅਰਦਾਸ ਵਿਚੋਂ ਹੀ 'ਹਮ ਰਾਖਤ ਪਾਤਿਸਾਹੀ ਦਾਵਾ', ਹਲੇਮੀ ਰਾਜ ਅਤੇ ਬੇਗਮਪੁਰਾ ਸਮਾਜ ਦੇ ਸੰਕਲਪ ਪੈਦਾ ਹੁੰਦੇ ਹਨ। ਭਾਵੇਂ ਇਹ ਪਛਾਣ ਧਰਤੀ ਦੇ ਕਿਸੇ ਖਿਤੇ ਨਾਲ ਬਝੀ ਹੋਈ ਨਹੀਂ ਪਰ ਇਹ ਪਛਾਣ ਆਪਣੇ ਖਿਤੇ ਦੇ ਲੋਕਾਂ ਦੀ ਪੂਰਨ ਮੁਕਤੀ ਭਾਵ ਆਤਮਿਕ ਰਾਜਸੀ ਅਤੇ ਆਰਥਿਕ ਮੁਕਤੀ ਲਈ ਸੰਘਰਸ਼ਸ਼ੀਲ ਹੋਣ ਲਈ ਵਚਨਬਧ ਹੈ। ਆਪਿ ਮੁਕਤੁ ਮੁਕਤੁ ਕਰੈ ਸੰਸਾਰੁ।।  ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ।। (ਅੰਗ 295)

ਗੁਰਮਤਿ ਐਨ ਮੁਢ ਤੋਂ ਹੀ ਮਨੁਖੀ ਹੋਂਦ ਬਾਰੇ ਬ੍ਰਾਹਮਣਵਾਦ ਨਾਲੋਂ ਸਪਸ਼ਟ ਨਿਖੇੜਾ ਕਰ ਕੇ ਚਲਦੀ ਹੈ। ਬ੍ਰਾਹਮਣਵਾਦ ਆਦਮ ਜਾਤੀ ਦਾ ਮੁਢ ਤਿੰਨ ਮਨ-ਕਲਪਿਤ ਦੇਵਤਿਆਂ - ਬ੍ਰਹਮਾ, ਬਿਸਨ, ਮਹੇਸ ਦੀ ਹੋਂਦ ਤੋਂ ਮੰਨਦਾ ਹੈ। ਉਸ ਦਾ ਮੰਨਣਾ ਹੈ ਕਿ ਬ੍ਰਹਮਾ ਮਨੁਖ ਨੂੰ ਪੈਦਾ ਕਰਦਾ ਹੈ। ਬਿਸਨ (ਵਿਸ਼ਣੂ) ਮਨੁੱਖ ਦੀ ਪਾਲਣਾ ਕਰਦਾ ਹੈ। ਮਹੇਸ (ਸ਼ਿਵਜੀ) ਮਨੁਖ ਦਾ ਅੰਤ ਕਰਦਾ ਹੈ। ਬ੍ਰਾਹਮਣਵਾਦ ਦੇ ਸ਼੍ਰੋਮਣੀ ਗ੍ਰੰਥ ਮਨੂ ਸਿਮ੍ਰਿਤੀ ਵਿਚ ਬ੍ਰਹਮਾ ਦੇ ਪੈਦਾ ਹੋਣ ਬਾਰੇ ਦਸਿਆ ਗਿਆ ਹੈ:

''ਪਰਲੋ ਕਾਲ ਵਿਚ ਇਹ ਸੰਸਾਰ ਹਨੇਰੇ ਵਿਚ ਲੀਨ, ਅਣਜਾਣ, ਚਿਹਨ ਰਹਿਤ, ਪ੍ਰਮਾਣ ਆਦਿ ਤਰਕ ਤੋਂ ਹੀਣ, ਅਣਜਾਣਿਆ ਤਥਾ ਪੂਰਨ ਰੂਪ ਵਿਚ ਸੁਪਤ ਅਵਸਥਾ ਵਿਚ ਸੀ ਤਾਂ ਫਿਰ ਆਪਣੀ ਇਛਾ ਨਾਲ ਸਰੀਰ ਧਾਰਨ ਕਰਨ ਵਾਲੇ, ਮਨੁੱਖੀ ਇੰਦ੍ਰੀਆਂ ਦੀ ਪਕੜ ਵਿਚ ਨਾ ਆਉਣ ਵਾਲੇ ਅਦ੍ਰਿਸ਼ਟ, ਅਮਿਤ ਸਰਬਸ਼ਕਤੀਮਾਨ ਹਨੇਰੇ ਨੂੰ ਦੂਰ ਕਰਨ ਵਾਲੇ ਭਗਵਾਨ - ਆਕਾਸ਼ ਆਦਿ ਮੂਲ ਤਤਾਂ ਸਮੇਤ ਪ੍ਰਗਟ ਹੋਏ। ਜਿਹੜੇ ਭਗਵਾਨ ਮਨੁਖੀ ਗਿਆਨ ਇੰਦ੍ਰੀਆਂ ਦੀ ਪਹੁੰਚ ਤੇ ਸਮੂਹ ਪ੍ਰਾਣੀਆਂ ਦੀ ਸੋਚ ਤੋਂ ਪਾਰ, ਸੂਖਮ ਸਰੂਪ, ਅਗਮ, ਸਦਾ ਰਹਿਣ ਵਾਲੇ ਹਨ, ਉਹ ਖੁਦ ਪ੍ਰਗਟ ਹੋਏ। ਫਿਰ ਉਸ ਭਗਵਾਨ ਨੇ ਅਨੇਕ ਤਰ੍ਹਾਂ ਦੀ ਪਰਜਾ ਦੀ ਸਿਰਜਣਾ ਕਰਨ ਦੀ ਇਛਾ ਨਾਲ ਸਭ ਤੋਂ ਪਹਿਲਾਂ ਪਾਣੀ ਦੀ ਸਿਰਜਣਾ ਕੀਤੀ ਤੇ ਉਸ ਪਾਣੀ ਵਿਚ ਸ਼ਕਤੀ ਰੂਪੀ ਬੀਜ ਬੀਜਿਆ। ਇਸ ਬੀਜ ਨੇ ਹਜਾਰਾਂ ਸੂਰਜਾਂ ਦੇ ਬਰਾਬਰ ਪ੍ਰਕਾਸ਼ ਵਾਲੇ ਸੋਨੇ ਵਰਗੇ ਸ਼ੁਧ ਆਂਡੇ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਉਸ ਆਂਡੇ ਵਿਚੋਂ ਸਮੂਹ ਲੋਕਾਂ ਦੀ ਸਿਰਜਣਾ ਕਰਨ ਵਾਲੇ ਬ੍ਰਹਮਾ ਜੀ ਪੈਦਾ ਹੋਏ।''

ਮਨੂ ਸਿਮ੍ਰਿਤੀ ਵਿਚ ਹੀ ਵਰਣ ਵੰਡ ਦੇ ਰੂਪ ਵਿਚ ਜਾਤਪਾਤ ਦੇ ਬੀਜ ਬੀਜੇ ਗਏ। ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿਤਾ ਗਿਆ। ਜਿਸ ਦਾ ਖਮਿਆਜਾ ਹੁਣ ਤਕ ਇਸ ਦੇ ਲਿਖੇ ਜਾਣ ਤੋਂ ਹਜਾਰਾਂ ਸਾਲਾਂ ਬਾਅਦ ਵੀ ਮਨੁਖ ਜਾਤੀ ਦਾ ਵਡਾ ਹਿਸਾ ਭੁਗਤ ਰਿਹਾ ਹੈ। ਮਨੂ ਸਿਮ੍ਰਿਤੀ ਦੇ ਸੂਤਰਾਂ ਵਿਚ ਜਾਤਪਾਤ ਨੂੰ ਧਾਰਮਿਕ ਰੰਗਤ ਦੇ ਕੇ ਇਨ੍ਹਾਂ ਨੂੰ ਮੰਨਣਾ ਇਕ 'ਰਬੀ' ਆਦੇਸ਼ ਬਣਾ ਦਿਤਾ ਗਿਆ। ਮਨੂ ਸਿਮ੍ਰਿਤੀ ਵਿਚ ਦਰਜ ਹੈ : ''ਉਸ ਮਹਾਨ ਤੇਜ ਵਾਲੇ ਬ੍ਰਹਮਾਂ ਨੇ ਇਸ ਲੋਕ ਦੀ ਰਖਿਆ ਲਈ ਆਪਣੇ ਮੂੰਹ ਬਾਹਾਂ ਜੰਘਾ ਅਤੇ ਪੈਰਾਂ ਵਿਚੋਂ ਕਰਮਵਾਰ ਚੌਹਾਂ ਵਰਣਾਂ ਨੂੰ ਪੈਦਾ ਕੀਤਾ ਅਤੇ ਇਨ੍ਹਾਂਘ ਦੇ ਅਡ-ਅਡ ਕੰਮ  ਨਿਸ਼ਚਿਤ ਕਰ ਦਿਤੇ। ਈਸ਼ਵਰ ਨੇ ਸ਼ੂਦਰਾਂ ਲਈ ਇਹ ਹੀ ਕੰਮ ਕਰਨ ਦਾ ਆਦੇਸ਼ ਦਿਤਾ ਕਿ ਉਹ ਦੂਜੇ ਤਿੰਨਾਂ ਵਰਣਾਂ (ਸੁਵਰਣਾਂ) ਦੀ ਸੇਵਾ ਕਰਨ। ਰਾਜੇ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਸ਼ੂਦਰਾਂ ਨੂੰ ਉਨ੍ਹਾਂ ਲਈ ਨੀਯਤ ਕੀਤੇ ਹੋਏ ਕੰਮ ਕਰਨ ਲਈ ਲਾਵੇ। ਅਗਰ ਉਹ ਆਪਣੇ ਨੀਯਤ ਕੀਤੇ ਕੰਮ ਤੋਂ ਮੁਨਕਿਰ ਹੋਣਗੇ ਤਾਂ ਉਹ ਸਾਰੇ ਜਗਤ ਨੂੰ ਹੀ ਪ੍ਰੇਸ਼ਾਨੀ ਵਿਚ ਪਾ ਦੇਣਗੇ।''

ਇਹੀ ਮਨੂਵਾਦੀ ਸੋਚ ਅਤੇ ਇਸ ਦੇ ਆਧਾਰ ਉਤੇ ਬਣੀ ਬ੍ਰਾਹਮਣੀ ਮਾਨਸਿਕਤਾ ਨੇ ਅਗਲੇ ਸਮੇਂ ਵਿਚ ਵਰਣ ਵੰਡ ਨੂੰ ਜਾਤਪਾਤ ਦਾ ਰੂਪ ਦੇ ਕੇ ਸਾਰੇ ਸਮਾਜ ਨੂੰ ਦਰਜਾ-ਬਦਰਜੀ ਹਜਾਰਾਂ ਖਾਨਿਆਂ ਵਿਚ ਵੰਡ ਦਿਤਾ। ਇਹੀ ਵੰਡ ਸਾਡੇ ਦੇਸ ਦੀਆਂ ਸਾਰੀਆਂ ਸਮਸਿਆਵਾਂ ਦੀ ਮੂਲ ਜੜ੍ਹ੍ਹ ਹੈ। ਇਸ ਵੰਡ ਦੇ ਆਧਾਰ ਉਤੇ ਬਣੀ ਸੋਚ ਅਤੇ ਮਾਨਸਿਕਤਾ ਹੀ ਸਮੂਹ ਲੋਕਾਂ ਦਾ ਇਕ ਭਾਈਚਾਰਾ ਬਣਨ ਵਿਚ ਸਭ ਤੋਂ ਵਡੀ ਰੁਕਾਵਟ ਹੈ।

ਮਨੁਖੀ ਸਮਾਜ ਦੇ ਐਨ ਮੁਢ ਵਿਚ ਕੁਦਰਤੀ ਤੌਰ ਉਤੇ ਵਿਕਸਿਤ ਹੋਇਆ ਔਰਤ ਪ੍ਰਧਾਨ ਸਮਾਜ ਭਾਰੂ ਸੀ। ਬਾਅਦ ਵਿਚ ਜਦੋਂ ਨਿਜੀ ਜਾਇਦਾਦ ਉਤੇ ਆਧਾਰਿਤ ਪਿਤਾ-ਪੁਰਖੀ ਮਰਦ ਪ੍ਰਧਾਨ ਸਮਾਜ ਹੋਂਦ ਵਿਚ ਆਇਆ ਤਾਂ ਕੁਦਰਤੀ ਦਸਤੂਰ ਦੇ ਉਲਟ ਬਣੇ ਇਸ ਜਾਤਪਾਤੀ ਸਮਾਜ ਦੀ ਜਾਇਜਤਾ ਠਹਿਰਾਉਣ ਲਈ ਕਿਸੇ ਜਾਅਲੀ 'ਰਬੀ' ਹਸਤੀ ਦਾ ਮਾਨਸਿਕ ਬਿੰਬ ਘੜਨ ਦੀ ਲੋੜ ਪਈ। ਉਸੇ ਲੋੜ ਵਿਚੋਂ ਇਕ ਛੋਟੇ ਜਿਹੇ ਸ੍ਰੇਸ਼ਠ ਪੁਜਾਰੀ (ਬ੍ਰਾਹਮਣ) ਵਰਗ ਨੇ 'ਬ੍ਰਹਮ' ਦੇ ਵਿਅਕਤੀ ਰੂਪ ਮਨ-ਕਲਪਿਤ ਬ੍ਰਹਮਾ ਦੀ 'ਰਬੀ' ਹਸਤੀ ਦਾ ਮਾਨਸਿਕ ਬਿੰਬ ਘੜ ਲਿਆ। ਆਪਣੇ ਆਪ ਨੂੰ 'ਰਬੋਂ' ਉਚ ਜਾਤੀ ਸਾਬਤ ਕਰਨ ਵਾਸਤੇ ਸਮਾਜ ਵਿਚ ਕਰਮਕਾਂਡ, ਵਰਣ ਵੰਡ ਅਤੇ ਜਾਤਪਾਤੀ ਕੋਹੜ ਫੈਲਾਉਣ ਦਾ ਧਾਰਮਿਕ ਆਧਾਰ ਤਿਆਰ ਕਰਨ ਲਈੇ ਬ੍ਰਹਮਾ ਦੇ ਰੂਪ ਵਿਚ ਘੜੀ ਗਈ ਇਹੀ ਮਾਨਸਿਕ ਕਲਪਨਾ ਅੱਜ ਤਕ ਮਨੁਖ ਜਾਤੀ ਨੂੰ ਊਚ-ਨੀਚ ਵਿਚ ਵੰਡਣ ਅਤੇ ਅਨੇਕ ਕਿਸਮ ਦੇ ਕਰਮਕਾਂਡੀ ਭਰਮਜਾਲ ਫੈਲਾਉਣ ਦਾ ਮੂਲ ਆਧਾਰ ਬਣੀ ਹੋਈ ਹੈ। ਗੁਰਮਤਿ ਨੇ ਮਨੂਵਾਦ ਅਤੇ ਇਸ ਦੇ ਪ੍ਰਗਟ ਰੂਪ ਬ੍ਰਾਹਮਣਵਾਦ ਦੇ ਮੁਢ ਬ੍ਰਹਮਾ ਦੀ ਹੋਂਦ ਨੂੰ ਮੂਲੋਂ ਹੀ ਨਕਾਰ ਕੇ ਬ੍ਰਾਹਮਣਵਾਦ ਦੀ ਜੜ੍ਹ ਹੀ ਪੁਟ ਦਿਤੀ ਹੈ।

ਬ੍ਰਹਮਾ ਬਿਸਨੁ ਮਹੇਸੁ ਨ ਕੋਈ।।(ਅੰਗ ੧੦੩੫) ਯਥਾ ਬ੍ਰਹਮਾ ਬਿਸਨ ਮਹੇਸ ਦੀ ਕੋਈ ਹੋਂਦ ਨਹੀਂ।  
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ।। (ਅੰਗ ੫੫੯)
ਯਥਾ ਬ੍ਰਹਮਾ ਦੇ ਨਾਂ ਉਤੇ ਜਿਹੜਾ ਵੇਦਾਂ ਦਾ ਗਿਆਨ ਦਿਤਾ ਜਾ ਰਿਹਾ ਹੈ, ਇਹ ਸਾਰਾ ਮਨ-ਕਲਪਿਤ ਅਤੇ ਝੂਠ ਹੈ।

ਗੁਰਮਤਿ ਨੇ ਇਹ ਗਿਆਨ ਵੀ ਦਿਤਾ ਹੈ :
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ।। ਮਾਇਆ ਮੋਹੁ ਪਸਰਿਆ ਪਸਾਰਾ।।
ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ।। (ਅੰਗ ੧੦੫੩)
ਯਥਾ ਸਿਮ੍ਰਤੀਆਂ ਤੇ ਸਾਸਤਰਾਂ ਵਿਚ ਜਿੰਨਾ ਵਿਸਥਾਰ ਹੈ, ਇਹ ਸਾਰਾ ਮਨ-ਕਲਪਿਤ ਝੂਠ ਅਤੇ ਝੂਠੇ ਕਰਮਕਾਂਡ ਦਾ ਪਸਾਰਾ ਹੈ। ਮੂਰਖ ਮਨੁਖ ਇਨ੍ਹਾਂ ਪੜ੍ਹਦਾ ਹੈ ਪਰ ਸਬਦੁ ਵਿਚਲੇ ਆਤਮਿਕ ਗਿਆਨ ਦਾ ਭੇਦ ਨਹੀਂ ਪਾ ਸਕਦਾ। ਗੁਰੂ ਦੇ ਆਤਮਿਕ ਗਿਆਨ ਵਲ ਮੂੰਹ ਕਰਨ ਵਾਲਾ ਕੋਈ ਵਿਰਲਾ ਮਨੁਖ ਹੀ ਇਸ ਦਾ ਭੇਦ ਪਾ ਸਕਦਾ ਹੈ।

ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ।।ਸਾਂਕਲ ਜੇਵਰੀ ਲੈ ਹੈ ਆਈ।।
ਆਪਨ ਨਗਰੁ ਆਪ ਤੇ ਬਾਧਿਆ।। ਮੋਹ ਕੈ ਫਾਧਿ ਕਾਲ ਸਰੁ ਸਾਂਧਿਆ।। ਰਹਾਉ।।
ਕਟੀ ਨ ਕਟੈ ਤੂਟਿ ਨਹ ਜਾਈ।।ਸਾ ਸਾਪਨਿ ਹੋਇ ਜਗੁ ਕਉ ਖਾਈ।।(ਅੰਗ ੩੨੯)
ਯਥਾ ਵੇਦ ਹੀ ਸਿਮ੍ਰਤੀਆਂ ਦੇ ਜਨਕ ਹਨ। ਇਨ੍ਹਾਂ ਵਿਚਲਾ ਗਿਆਨ ਮਨੁਖੀ ਮਨ ਨੂੰ ਪਏ ਸੰਗਲ ਅਤੇ ਜੰਜੀਰਾਂ ਵਾਂਗ ਹਨ। ਇਹ ਇੰਝ ਹੈ ਜਿਵੇਂ ਕੋਈ ਮਨੁਖ ਆਪਣੇ ਆਲੇ ਦੁਆਲੇ ਆਪ ਹੀ ਜਾਲ ਬੁਣ ਲਏ ਅਤੇ ਫਿਰ ਉਸ ਦੇ ਮੋਹ ਵਿਚ ਆਪ ਹੀ ਫਸ ਕੇ ਮਰ ਜਾਏ। ਸਾਰੇ ਯਤਨਾਂ ਦੇ ਬਾਵਜੂਦ ਜਿਹੜਾ ਜਾਲ ਕਟਿਆ ਨਹੀਂ ਜਾ ਸਕਦਾ ਅਤੇ ਜਿਹੜਾ ਸਪਣੀ ਦਾ ਰੂਪ ਧਾਰ ਕੇ ਜਗਤ ਨੂੰ ਖਾ ਰਿਹਾ ਹੈ।

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਰ ਪੜਿਆ ਮੁਕਤਿ ਨ ਹੋਈ।। (ਅੰਗ ੭੪੭)
ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀਂ ਕੀਮਤਿ ਪਾਈ ।। (ਅੰਗ ੭੪੭)
ਯਥਾ ਵੇਦ ਕਤੇਬ ਸਿਮ੍ਰਿਤੀਆਂ ਤੇ ਸਾਰੇ ਸ਼ਾਸਤਰ ਪੜ੍ਹ੍ਹ ਕੇ ਵੀ (ਮਨ ਦੀ) ਮੁਕਤੀ ਨਹੀਂ ਮਿਲਦੀ। ਵੇਦ ਪੜ੍ਹ ਪੜ੍ਹ ਕੇ ਬ੍ਰਹਮੇ ਵਰਗੇ ਅਨੇਕ ਹਾਰ ਹੰਭ ਗਏ ਪਰ ਉਨ੍ਹਾਂ ਨੇ ਉਸ ਇਕੁ (ਸਿਰਜਣਹਾਰ) ਦੀ ਰਤੀ ਭਰ ਵੀ ਕੀਮਤ ਨਹੀਂ ਜਾਣੀ।

ਗੁਰਮਤਿ ਅਤੇ ਬ੍ਰਾਹਮਣਵਾਦ ਵਿਚ ਇਹੀ ਬੁਨਿਆਦੀ ਟਕਰਾਅ ਹੈ। ਗੁਰਮਤਿ ਠੋਸ ਹਕੀਕਤ ਤੋਂ ਤੁਰਦੀ ਹੈ ਜਦੋਂ ਕਿ ਬ੍ਰਾਹਮਣਵਾਦ ਦੀ ਟੇਕ ਨਿਰੋਲ ਮਾਨਸਿਕ ਕਲਪਨਾ ਉਤੇ ਆਧਾਰਿਤ ਹੈ। ਇਹ ਦੋਵੇਂ ਇਕ ਦੂਜੇ ਨਾਲ ਇਕਠੇ ਨਹੀਂ ਚਲ ਸਕਦੇ। ਗੁਰੂ ਨਾਨਕ ਸਾਹਿਬ ਨੇ ਆਪਣੀ ਬ੍ਰਹਿਮੰਡੀ ਸੋਚ ਅਨੁਸਾਰ ਮਨੁਖੀ ਸਮਾਜ ਦੇ ਵਿਕਾਸ ਦਾ ਜੋ ਨਿਰਣਾ ਕੀਤਾ ਉਹ ਮੂਲ ਮੰਤਰ ਵਿਚ ਦਰਜ ਹੈ। ਗੁਰਮਤਿ ਮਨੁਖ ਨੂੰ ਕੁਦਰਤੀ ਨੇਮਾਂ ਦੇ ਅਧੀਨ ਚਲਣ ਦਾ ਆਦੇਸ਼ ਦੇਂਦੀ ਹੈ। ਗੁਰੂ ਸਾਹਿਬ ਕੁਦਰਤ ਦੇ ਕਰਤਾ ਨੂੰ 'ਸਿਰਜਣਹਾਰ' ਦਾ ਨਾਂ ਦੇ ਕੇ ਇਹ ਸਿਧ ਕਰਦੇ ਹਨ ਕਿ ਸਮਾਂ ਅਤੇ ਪੁਲਾੜ  ਆਦਿ-ਅੰਤ ਤੋਂ ਰਹਿਤ ਹਨ। ਬਾਅਦ ਵਿਚ ਇਸ ਧਾਰਨਾ ਦੀ ਪੁਸ਼ਟੀ 20ਵੀਂ ਸਦੀ ਦੇ ਮਹਾਨ ਵਿਗਿਆਨੀ ਆਈਨਸਟਾਈਨ ਨੇ ਆਪਣੇ 'ਟਾਈਮ ਅਤੇ ਸਪੇਸ' ਦੇ ਰਿਸ਼ਤੇ ਦੀ ਵਿਆਖਿਆ ਰਾਹੀਂ ਕੀਤੀ ਹੈ। ਗੁਰੂ ਸਾਹਿਬ ਦੇ ਸਮੇਂ ਯੂਰਪ ਅਜੇ ਇਸ ਦੁਵਿਧਾ ਵਿਚ ਸੀ ਕਿ ਧਰਤੀ ਗੋਲ ਹੈ ਜਾਂ ਚਪਟੀ ਤੇ ਇਹ ਸੂਰਜ ਗਿਰਦ ਘੁੰਮਦੀ ਹੈ ਜਾਂ ਸੂਰਜ ਇਸ ਦੇ ਗਿਰਦ ਘੁੰਮਦਾ ਹੈ। ਪਛਮੀ ਦੇਸਾਂ ਵਿਚ ਉਦੋਂ ਇਹ ਸਭ ਤੋਂ ਵਡਾ ਮਤਭੇਦ ਸੀ ਕਿ ਹਕੀਕਤ ਸਥੂਲ ਹੈ ਜਾਂ ਕਲਪਨਾ। ਗੁਰੂ ਸਾਹਿਬ ਕੁਦਰਤ ਨੂੰ 'ਹੋਂਦ ਰੂਪ' ਯਥਾ 'ਸਥੂਲ' ਭਾਵ ਸਚ (ਸਤਿ) ਮੰਨਦੇ ਹਨ। ਸਾਰੇ ਵਡੇ ਧਰਮਾਂ ਦੇ ਰਹਿਬਰਾਂ ਨੇ ਆਪਣੇ ਵਿਚਾਰਾਂ ਅਧੀਨ ਜੋ ਦੇਣ ਦਿਤੀ, ਉਸ ਦਾ ਆਧਾਰ ਉਨ੍ਹਾਂ ਆਪਣੇ ਸਮੇਂ ਦੀ ਕੁਦਰਤ ਪ੍ਰਤੀ ਬਣੀ ਆਪਣੀ ਸੋਝੀ ਹੈ। ਸਿਖੀ ਤੋਂ ਪਹਿਲਾਂ ਲਗਪਗ ਸਾਰੇ ਧਰਮਾਂ ਵਿਚ ਕਰਾਮਾਤ ਉਨ੍ਹਾਂ ਦੇ ਰਹਿਬਰਾਂ ਦੀ ਵਿਚਾਰਧਾਰਾ ਵਿਚ ਬੜੀ ਮਜ਼ਬੂਤੀ ਨਾਲ ਸਥਾਪਿਤ ਹੈ। ਪਰ ਇਹ ਮਾਣ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਮਿਲਿਆ ਕਿ ਸਿਖੀ ਵਿਚ ਕਰਾਮਾਤ ਦੀ ਕੋਈ ਥਾਂ ਨਹੀਂ।

ਗੁਰੂ ਸਾਹਿਬਾਨ ਨੇ 239 ਸਾਲ ਇਸੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿਚਾਰਧਾਰਾ ਨੂੰ ਅਮਲ ਵਿਚ ਢਾਲਣ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ। ਜਿਸ ਦਾ ਨਿਸ਼ਾਨਾ ਮਿਥਿਆ ਗਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ। ਇਥੇ ਆਕੀ ਹੋਣ ਦਾ ਭਾਵਅਰਥ ਕੁਦਰਤੀ ਨੇਮਾਂ ਤੋਂ ਆਕੀ ਹੋਣਾ ਹੈ। ਯਥਾ ਅਜਿਹੇ ਰਾਜ ਤੇ ਸਮਾਜ ਦੀ ਸਿਰਜਣਾ ਕਰਨੀ, ਜਿਸ ਵਿਚ ਸਾਰੇ ਮਨੁਖ ਕੁਦਰਤੀ ਨੇਮਾਂ ਅਧੀਨ ਭਾਵ ਕੁਦਰਤ ਨਾਲ ਇਕਸੁਰਤਾ ਵਿਚ ਰਹਿ ਕੇ ਜੀਵਨ ਬਤੀਤ ਕਰਨ। ਇਸੇ ਤਰਜ ਦੇ ਰਾਜ ਨੂੰ ਸਥਾਪਿਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਉਤੇ ਇਕ ਬੇਮਿਸਾਲ ਯੁਧ ਲੜਿਆ। ਪਰ ਮਨੂਵਾਦ ਦੇ ਪੈਰੋਕਾਰ ਸਿਖਾਂ ਦੇ ਇਕ ਹਿਸੇ ਨੇ ਜਾਤਪਾਤ ਦੇ ਆਧਾਰ ਉਤੇ ਪੰਥ ਵਿਚ ਫੁਟ ਪੁਆ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੂੰ ਪੰਥ ਵਿਚੋਂ ਛੇਕ ਦਿਤਾ। ਪੰਥ ਵਿਚ ਪਈ ਇਸ ਫੁਟ ਕਾਰਨ ਗੁਰਦਾਸ ਨੰਗਲ ਦੀ ਗੜੀ ਨੂੰ ਅਠ ਮਹੀਨੇ ਦੇ ਪਏ ਘੇਰੇ ਤੋਂ ਬਾਅਦਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀ ਮੁਗਲ ਫੌਜ ਦੇ ਕਾਬੂ ਆ ਗਏ ਅਤੇ ਦਿਲੀ ਲਿਜਾ ਕੇ ਬੜੀ ਬੇਰਹਿਮੀ ਨਾਲ ਸ਼ਹੀਦ ਕੀਤੇ ਗਏ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਰਕਾਰ ਖਾਲਸਾ ਕਾਇਮ ਹੋਈ ਪਰ ਸਿਖੀ ਸਿਧਾਂਤਾਂ ਤੋਂ ਇਕ ਵਾਰ ਥਿੜਕਿਆ ਸਿਖ ਪੰਥ ਫਿਰ ਕਦੀ ਵੀ ਪੈਰਾਂ ਸਿਰ ਖੜਾ ਨਾ ਹੋ ਸਕਿਆ। ਬੇਦੀ ਸੋਢੀ ਗੁਰੂ ਪਰਿਵਾਰਾਂ ਨੇ ਆਪਣੇ ਆਪਣੇ ਗੁਰੂ ਡੰਮ ਸਥਾਪਿਤ ਕਰ ਲਏ ਅਤੇ ਸਿਖਾਂ ਨੂੰ ਇਕ ਵਾਰ ਫਿਰ ਮਨੂਵਾਦੀ ਜਾਤਪਾਤ ਤੇ ਬ੍ਰਾਹਮਣੀ ਕਰਮਕਾਂਡ ਦੀ ਦਲਦਲ ਵਿਚ ਧਕ ਦਿਤਾ।

ਪੰਜਾਬ ਉਤੇ ਅੰਗਰੇਜ ਸਾਮਰਾਜੀਆਂ ਦਾ ਕਬਜਾ 1849 ਵਿਚ ਹੋਇਆ। ਸਿਖ ਫੌਜਾਂ ਨੇ ਜਿਸ ਦਲੇਰੀ ਅਤੇ ਸੂਰਮਗਤੀ ਨਾਲ ਸਾਮਰਾਜੀ ਫੌਜ ਦਾ ਮੁਕਾਬਲਾ ਕੀਤਾ, ਉਸ ਨੇ ਇਕ ਗੱਲ ਅੰਗਰੇਜ਼ ਸਾਮਰਾਜੀਆਂ ਦੇ ਦਿਮਾਗਾਂ ਵਿਚ ਬਿਠਾ ਦਿਤੀ ਕਿ ਜੇ ਉਨਾਂ ਨੇ ਹਿੰਦੁਸਤਾਨ ਉਤੇ ਰਾਜ ਕਰਨਾ ਹੈ ਤਾਂ ਸਿਖਾਂ ਨੂੰ ਪੂਰੀ ਤਰ੍ਹਾਂ ਕਰ ਕੇ ਰਖਣਾ ਪਵੇਗਾ। ਯੂਰਪ ਵਿਚ ਉਭਰ ਰਹੇ ਪੂੰਜੀਵਾਦ ਨੇ ਲੋਕਾਂ ਨੂੰ ਕਾਬੂ ਕਰਨ ਦੇ ਸਾਮਰਾਜ ਨੂੰ ਦੋ ਹੀ ਢੰਗ ਸਿਖਾਏ ਸਨ। ਮਨੁਖੀ ਸਵੈਮਾਣ ਲਈ ਲੜ ਰਹੇ ਲੋਕਾਂ ਦੇ ਬਾਗੀ ਕਣ ਨੂੰ ਜਬਰ ਨਾਲ ਕੁਚਲਣਾ ਅਤੇ ਲੋਕਾਂ ਦੇ ਮਾਨਸਿਕ ਤੌਰ ਉਤੇ ਬਿਮਾਰ ਹਿਸੇ ਨੂੰ ਪਦਾਰਥਕ ਸਹੂਲਤਾਂ ਦਾ ਲਾਲਚ ਦੇ ਕੇ ਭਰਮਾਉਣਾ। ਪੰਜਾਬ ਅੰਦਰ ਉਨ੍ਹਾਂ ਇਹ ਦੋਵੇਂ ਹੀ ਢੰਗ ਅਪਨਾਏ। ਸਿਖ ਫੌਜੀਆਂ ਨੂੰ ਜਬਰੀ ਬੇਹਥਿਆਰੇ ਕੀਤਾ ਗਿਆ, ਪਿੰਡਾਂ ਨੂੰ ਘੇਰੇ ਪਾ ਕੇ ਉਨ੍ਹਾਂ ਕੋਲੋ ਛੋਟੇ ਤੋਂ ਛੋਟਾ ਹਥਿਆਰ ਵੀ ਖੋਹਿਆ ਗਿਆ ਅਤੇ ਫਿਰ ਹਰੇਕ ਉਠ ਰਹੀ ਬਾਗੀ ਲਹਿਰ ਨੂੰ ਵਹਿਸ਼ੀ ਜਬਰ ਨਾਲ ਕੁਚਲਿਆ। ਨਾਮਧਾਰੀ ਲਹਿਰ ਉਤੇ ਹੋਇਆ ਵਹਿਸ਼ੀ ਜਬਰ ਇਸ ਵਰਤਾਰੇ ਦੀ ਉਘੜਵੀਂ ਮਿਸਾਲ ਹੈ। ਸੁਭਾਵਿਕ ਹੈ ਕਿ ਆਗੂ ਰਹਿਤ ਸਿਖ ਪੰਥ ਘੋਰ ਨਿਰਾਸ਼ਾ, ਬਦਜਨੀ ਤੇ ਖਿੰਡਾਅ ਦਾ ਸ਼ਿਕਾਰ ਹੋ ਕੇ ਸਿਖ ਕਦਰਾਂ-ਕੀਮਤਾਂ ਤੋਂ ਪਤਿਤ ਹੁੰਦਾ-ਹੁੰਦਾ ਇਕ ਵਾਰ ਫਿਰ ਆਲੇ ਦੁਆਲੇ ਪਸਰੇ ਮੂਰਤੀ-ਮਾਇਆ ਪੂਜ ਮਨੂਵਾਦੀ ਸੋਚ ਅਤੇ ਬ੍ਰਾਹਮਣਵਾਦੀ ਕਰਮਕਾਂਡ ਦੀ ਦਲ-ਦਲ ਵਿਚ ਜਾ ਧਸਿਆ।

ਅੰਗਰੇਜ ਸਾਮਰਾਜੀਆਂ ਦੀ ਪੰਜਾਬੀਆਂ ਨੂੰ ਹਰੇਕ ਪਧਰ ਉਤੇ ਵੰਡਣ ਦੀ ਨੀਤੀ ਅਧੀਨ ਪੰਜਾਬੀ ਸਮਾਜ ਦੇ ਪਿਛੋਕੜ ਵਿਚ ਪਈਆਂ ਇਤਿਹਾਸਕ ਵੰਡਾਂ ਨੂੰ ਉਭਾਰਿਆ ਗਿਆ ਅਤੇ ਪਹਿਲੀ ਵਾਰ ਜਨਸਮੂਹਾਂ ਦੀ ਧਰਮਾਂ ਦੇ ਆਧਾਰ ਉਤੇ ਗਿਣਤੀ ਕਰਵਾ ਕੇ ਹਰੇਕ ਧਰਮ ਨੂੰ ਇਕ ਦੂਜੇ ਦੇ ਮੁਕਾਬਲੇ ਖੜਾ ਕਰ ਦਿਤਾ ਗਿਆ। ਸਾਮਰਾਜੀ ਰਾਜ ਵਿਚ ਪਛਮੀ ਤਰਜ ਦੀ ਆਈ ਵਿਦਿਆ ਕਾਰਨ ਸਿਖਾਂ ਨੇ ਵੀ ਆਪਣੀ ਸਿਧਾਂਤਕ ਆਗੂ ਹੋਂਦ ਨੂੰ ਅਣਗੌਲਿਆ ਕਰ ਕੇ ਗਿਣਤੀਆ ਮਿਣਤੀਆ ਨੂੰ ਤਰਜੀਹ ਦੇਣੀ ਆਰੰਭ ਦਿਤੀ ਅਤੇ ਆਪਣੇ ਆਪ ਨੂੰ ਘਟ ਗਿਣਤੀ ਤਸਲੀਮ ਕਰ ਲਿਆ। ਘਟ ਗਿਣਤੀ ਦੀ ਇਸ ਸੋਚ ਵਿਚੋਂ ਪੈਦਾ ਹੋਈ ਹੀਣ ਭਾਵਨਾ ਵਿਚੋਂ ਅੱਜ ਤਕ ਸਿਖ ਪੰਥ ਮੁਕਤ ਨਹੀਂ ਹੋ ਸਕਿਆ। ਪਹਿਲਾਂ ਗਦਰੀ ਬਾਬਿਆਂ ਤੇ ਬਾਅਦ ਵਿਚ ਅਕਾਲੀ ਲਹਿਰ ਵੇਲੇ ਉਹ ਅੰਗਰੇਜ ਸਾਮਰਾਜੀਆਂ ਵਿਰੁਧ ਸੰਘਰਸ਼ ਵਿਚ ਆਗੂ ਰੋਲ ਨਿਭਾਉਂਦਾ ਹੋਇਆ ਤੇ ਆਪਣੀ ਗਿਣਤੀ ਤੋਂ ਕਿਤੇ ਜਿਆਦਾ ਕੁਰਬਾਨੀਆਂ ਕਰਦਾ ਹੋਇਆ ਵੀ ਆਪਣੇ ਇਸ ਸੰਘਰਸ਼ ਨੂੰ ਆਪਣੀ ਰਾਜਸੀ ਤਾਕਤ ਵਿਚ ਨਹੀਂ ਬਦਲ ਸਕਿਆ। ਇਹੀ ਕਾਰਨ ਹੈ ਕਿ ਉਹ ਦੇਸ ਦੀ 'ਆਜਾਦੀ' ਮੌਕੇ ਅੰਗਰੇਜ ਸਾਮਰਾਜੀਆਂ ਕੋਲੋ 1849 ਵਿਚ ਆਪਣਾ ਖੋਹਿਆ ਰਾਜਕੀ ਹਕ ਮੰਗਣ ਦੀ ਬਜਾਇ ਹਿੰਦੂ ਮੁਸਲਮਾਨ ਦੀ ਫਿਰਕੂ ਸੋਚ ਦਾ ਸ਼ਿਕਾਰ ਹੋ ਗਿਆ ਅਤੇ ਅੰਗਰੇਜ ਗੁਲਾਮੀ ਵਿਚੋਂ ਨਿਕਲ ਕੇ ਨਿਰੋਲ ਮਨੂਵਾਦੀ ਗੁਲਾਮੀ ਵਿਚ ਫਸ ਗਿਆ।  

ਉਂਝ ਦੂਜੇ ਧਰਮਾਂ ਦੀ ਵੇਖੋ-ਵੇਖੀ ਸਿਖਾਂ ਦੇ ਮਨਾਂ ਵਿਚ ਵੀ ਆਪਣੀ ਨਿਆਰੀ ਹੋਂਦ ਦਾ ਅਹਿਸਾਸ ਜਾਗਿਆ।  ਇਸ ਦੌਰ ਅੰਦਰ ਸਿਖ ਪੰਥ ਵਿਚ ਆਈ ਜਾਗਰਤੀ ਦਾ ਪਹਿਲਾ ਪੜਾਅ ਸਿੰਘ ਸਭਾ ਲਹਿਰ ਹੈ। ਇਹ ਲਹਿਰ 18ਵੀਂ ਸਦੀ ਦੇ ਅਸੀਂਵਿਆਂ ਵਿਚ ਆਰੰਭ ਹੋਈ। ਸਿਖੀ ਵਿਚ ਬ੍ਰਾਹਮਣੀ ਪ੍ਰਭਾਵ ਹੇਠ ਫੈਲੀ ਜਾਤਪਾਤ ਤੇ ਕਰਮਕਾਂਡ ਦਾ ਵਿਰੋਧ ਹੋਣਾ ਆਰੰਭ ਹੋਇਆ। ਕਥਿਤ ਨੀਚ ਕਹੀਆ ਜਾਂਦੀਆ ਜਾਤੀਆਂ ਦੇ ਲੋਕਾਂ ਨੂੰ ਸਿਖ ਪੰਥ ਵਿਚ ਸ਼ਾਮਿਲ ਕਰਨ ਦੇ ਮਹਤਵਪੂਰਨ ਯਤਨ ਆਰੰਭ ਹੋਏ। ਸਿਖ ਸਮਾਜ ਵਿਚ ਘੁਸਪੈਠ ਕਰ ਚੁਕੀ ਮਨੂਵਾਦੀ ਜਾਤਪਾਤ, ਛੂਆਛਾਤ ਅਤੇ ਬ੍ਰਾਹਮਣੀ ਕਰਮਕਾਂਡ ਵਿਰੁਧ ਸਿਖਾਂ ਨੂੰ ਲਾਮਬੰਦ ਕੀਤਾ ਗਿਆ। ਪੰਜਾਬ ਅੰਦਰ ਆਰੀਆ ਸਮਾਜ ਵਲੋਂ ਫੈਲਾਏ ਜਾ ਰਹੇ ਨਵ-ਬ੍ਰਾਹਮਣਵਾਦ ਦਾ ਵਿਰੋਧ ਕੀਤਾ ਗਿਆ। ਇਸੇ ਜਾਗਰਤੀ ਦਾ ਸਿਟਾ ਸੀ ਕਿ 12 ਅਕਤੂਬਰ 1920 ਦੇ ਦਿਨ ਸਿਖ ਪੰਥ ਨੇ ਖਾਲਸਾ ਬਰਾਦਰੀ ਦੇ ਰੂਪ ਵਿਚ ਨੀਚ ਕਹੇ ਜਾਂਦੇ ਭਾਈਚਾਰੇ ਨਾਲ ਮਿਲ ਕੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਜਾਤਪਾਤ ਦੇ ਪੈਰੋਕਾਰ ਬ੍ਰਾਹਮਣਵਾਦੀ ਪੁਜਾਰੀਆਂ ਦੇ ਕਬਜੇ ਵਿਚੋਂ ਆਜਾਦ ਕਰਵਾਇਆ। ਇਹ 19ਵੀਂ ਸਦੀ ਵਿਚ ਸਿਖ ਪੰਥ ਦੀ ਸਾਮਰਾਜੀਆਂ ਦੀ ਭਾਈਵਾਲ ਮਨੂਵਾਦੀ ਵਿਚਾਰਧਾਰਾ ਉਤੇ ਹੋਈ ਪਹਿਲੀ ਜਿਤ ਸੀ।

ਇਹ ਧਾਰਮਿਕ ਜਾਗਰਤੀ ਦਾ ਸਿਟਾ ਸੀ ਕਿ ਇਕ ਸੁਚੇਤ ਅਤੇ ਜਥੇਬੰਦ ਕਾਰਵਾਈ ਤਹਿਤ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਅਤੇ ਜਥੇਦਾਰ ਕਰਤਾਰ ਸਿੰਘ ਝਬਰ ਅਤੇ ਜਥੇਦਾਰ ਤੇਜਾ ਸਿੰਘ ਭੁਚਰ ਦੀ ਅਗਵਾਈ ਵਿਚ ਇਕਠੀਆਂ ਹੋਈਆ ਸਿਖ ਸੰਗਤਾਂ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਅੰਗਰੇਜ ਸਾਮਰਾਜੀ ਹਾਕਮਾਂ ਦੀ ਸ਼ਹਿ ਪ੍ਰਾਪਤ ਬ੍ਰਾਹਮਣਵਾਦ ਦੇ ਪੈਰੋਕਾਰ ਮਹੰਤਾਂ ਅਤੇ ਪੁਜਾਰੀਆਂ ਦੇ ਕਬਜੇ ਵਿਚੋਂ ਮੁਕਤ ਕਰਵਾਇਆ। ਇਹ ਸਿੰਘ ਸਭਾ ਲਹਿਰ ਤੇ ਜਾਤਪਾਤ ਨੂੰ ਤੋੜ ਕੇ ਸਿਖ ਪੰਥ ਦੀ ਹੋਈ ਏਕਤਾ ਦੀ ਪਹਿਲੀ ਵਡੀ ਜਿਤ ਸੀ। ਖਾਲਸਾ ਪੰਥ ਦੇ ਇਸ ਜੇਤੂ ਜਲੂਸ ਵਿਚੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ। ਨਨਕਾਣਾ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜੇ ਤੋਂ ਆਜਾਦ ਕਰਵਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੇ ਯਤਨ ਆਰੰਭ ਹੋਏ। ਸਿਖ ਪੰਥ ਦੀ ਨਿਆਰੀ ਹਸਤੀ ਦਾ ਖਿਆਲ ਪੈਦਾ ਹੋਇਆ। ਬੇਸ਼ਕ ਸਿੰਘ ਸਭਾ ਲਹਿਰ ਦੇ ਇਨ੍ਹਾਂ ਦੀਆਂ ਕੁਝ ਕੁ ਵਕਤੀ ਸੀਮਾਵਾਂ ਸਨ, ਜਿਨ੍ਹਾਂ ਕਰਕੇ ਇਹ ਯਤਨ ਸ੍ਰੀ ਅਕਾਲ ਤਖਤ ਸਾਹਿਬ ਦੀ ਆਜਾਦ ਹੋਂਦ ਅਤੇ ਸਿਖ ਪੰਥ ਦੀ ਨਿਆਰੀ ਹਸਤੀ ਕਾਇਮ ਕਰਨ ਵਿਚ ਸਫਲ ਨਾ ਹੋ ਸਕੇ।

ਸਿਖ ਪੰਥ ਵਿਚ ਆਈ ਜਾਗਰਤੀ ਦਾ ਦੂਜਾ ਪੜਾਅ 1978 ਦੀ ਵਿਸਾਖੀ ਤੋਂ ਲੈ ਕੇ ਕਰੀਬ 1995 ਤਕ ਚਲੇ ਸਿਖ ਸੰਘਰਸ਼ ਦਾ ਸਮਾਂ ਹੈ। 1978 ਦੀ ਖੂਨੀ ਵਿਸਾਖੀ ਮੌਕੇ ਅਮ੍ਰਿਤਸਰ ਵਿਖੇ 13 ਸਿੰਘਾਂ ਦੇ ਹੋਏ ਕਤਲਾਂ ਦੇ ਜਿੰਮੇਵਾਰ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਆਰੰਭ ਹੋਇਆ ਸੰਘਰਸ਼, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਲਗੇ ਧਰਮ ਯੁਧ ਮੋਰਚੇ ਤੋਂ ਹੁੰਦਾ ਹੋਇਆ ਜੂਨ 1984 ਦੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਹੋਏ ਫੌਜੀ ਹਮਲੇ ਤਕ ਪਹੁੰਚਿਆ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਸ ਤੋਂ ਸਾਰਾ ਸਿਖ ਪੰਥ ਜਾਣੂ ਹੈ। ਭਾਵੇਂ ਇਸ ਸਾਰੇ ਸੰਘਰਸ਼ ਦੌਰਾਨ ਸਿਖ ਪੰਥ ਨੇ ਸਿਧਾਂਤਕ ਸੋਝੀ ਪ੍ਰਾਪਤ ਕਰਨ ਪਖੋਂ ਬਹੁਤ ਵਡੀਆਂ ਪ੍ਰਾਪਤੀਆਂ ਕੀਤੀਆਂ ਪਰ ਬਦਕਿਸਮਤੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਾਂਗ ਅਜੋਕੇ ਮੁਗਲਾਂ ਦੀ ਸ਼ਹਿ ਨਾਲ ਮਾਨਸਿਕ ਤੌਰ ਉਤੇ ਬਿਮਾਰ ਸਿਖਾਂ ਦੇ ਇਕ ਵਰਗ ਨੇ ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦੀ  ਅਗਵਾਈ ਹੇਠ ਸਿਖ ਪੰਥ ਦੀ ਪਿਠ ਵਿਚ ਛੁਰਾ ਮਾਰ ਕੇ ਨਵਾਬੀਆਂ ਦੀ ਕੀਮਤ ਉਤੇ ਅਜੋਕੇ ਮੁਗਲਾਂ ਨਾਲ ਸਮਝੌਤਾ ਕਰ ਲਿਆ। ਇਹੀ ਜੁੰਡਲੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦੇ ਕਟਿਹਰੇ ਵਿਚ ਖੜੀ ਹੈ।

ਅਜੋਕਾ ਸਿਖ ਪੰਥ ਲਗਪਗ ਦੁਨੀਆ ਭਰ ਵਿਚ ਫੈਲ ਚੁਕਾ ਹੈ। ਬਹੁਤ ਸਾਰੇ ਦੇਸਾਂ ਵਿਚ ਉਹ ਆਪਣੀ ਅਹਿਮ ਥਾਂ ਬਣਾਈ ਬੈਠਾ ਹੈ। ਉਨ੍ਹਾਂ ਨੂੰ ਦੇਸ ਦੇ ਸਮਾਜੀ ਅਤੇ ਰਾਜਸੀ ਤਾਣੇਬਾਣੇ ਵਿਚ ਸਿਖ ਭਾਈਚਾਰੇ ਦੀ ਹੋਂਦ ਸਪਸ਼ਟ ਦਿਸਦੀ ਹੈ। ਭਾਵੇਂ ਉਹ ਸਿਖ ਸਿਧਾਂਤਾਂ ਦੇ ਨਿਆਰੇਪਣ ਨੂੰ ਪ੍ਰਗਟ ਕਰਨ ਤੋਂ ਊਣੇ ਰਹਿ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਨਿਆਰੀ ਸਿਖ ਹੋਂਦ ਨੂੰ ਜਤਾਇਆ ਹੈ। ਹੁਣ ਸਿਖਾਂ ਨੂੰ ਸਿਰਫ ਪੰਜਾਬ ਤਕ ਸੀਮਤ ਕਰ ਕੇ ਵੇਖਣਾ ਜਾਇਜ ਨਹੀਂ। ਭਾਵੇਂ ਮੂਰਤੀ-ਮਾਇਆ ਪੂਜ ਬਿਰਤੀ ਤੇ ਪੰਥ ਵਿਰੋਧੀ ਰਾਜਨੀਤੀ ਕਾਰਨ ਅਜੋਕੇ ਸਿਖਾਂ ਵਿਚ ਬਹੁਤ ਸਾਰੀਆਂ ਕਮਜੋਰੀਆਂ ਆਈਆ ਹਨ, ਉਨ੍ਹਾਂ ਦੀ ਚੇਤਨਾ ਤੇ ਮਨਾਂ ਉਤੇ ਇਕ ਵਾਰ ਫਿਰ ਕਰਮਕਾਂਡ ਅਤੇ ਵਿਖਾਵਾ ਭਾਰੂ ਹੋਇਆ ਹੈ ਪਰ ਇਨ੍ਹਾਂ ਸਾਰੀਆਂ ਕਮੀਆਂ ਦੇ ਬਾਵਜੂਦ ਆਪਣੀ ਸਿਦਕ ਦਿਲੀ, ਦ੍ਰਿੜਤਾ, ਮਿਹਨਤ ਅਤੇ ਸੇਵਾ ਭਾਵਨਾ ਨਾਲ ਸਿਖਾਂ ਨੇ ਸੰਸਾਰ ਭਰ ਵਿਚ ਬਹੁਤ ਸਾਰੀਆਂ ਮਲਾਂ ਵੀ ਮਾਰੀਆ ਹਨ। ਆਪਣੀ ਬਹੁਤ ਛੋਟੀ ਜਿਹੀ ਗਿਣਤੀ ਹੋਣ ਦੇ ਬਾਵਜੂਦ ਸਿਖ ਭਾਈਚਾਰਾ ਸੰਸਾਰ ਭਰ ਵਿਚ ਇਸ ਵੇਲੇ ਸਭ ਤੋਂ ਵਧੇਰੇ ਸਰਗਰਮ ਹੈ। ਸਿਧਾਂਤਕ ਘਾਟਾਂ ਨੂੰ ਦੂਰ ਕਰਦੇ ਹੋਏ ਸਿਖਾਂ ਨੂੰ ਆਪਣੀਆ ਇਨ੍ਹਾਂ ਪ੍ਰਾਪਤੀਆਂ ਤੋਂ ਆਰੰਭ ਕਰਨ ਦੀ ਲੋੜ ਹੈ।

ਇਥੇ ਇਕ ਗੱਲ ਹਮੇਸ਼ਾਂ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਸਿਖਾਂ ਦੀ ਤਾਕਤ ਦਾ ਅੰਦਾਜਾ ਉਨ੍ਹਾਂ ਦੇ ਸਿਰਾਂ ਦੀ ਗਿਣਤੀ ਤੋਂ ਨਹੀਂ ਲਾਇਆ ਜਾ ਸਕਦਾ ਬਲਕਿ ਸਿਖਾਂ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਤਮਿਕ ਗਿਆਨ ਤੇ ਸਿਖ ਇਤਿਹਾਸ ਹੈ, ਜਿਹੜਾ ਮਾੜੀਆਂ ਤੋਂ ਮਾੜੀਆਂ ਹਾਲਤਾਂ ਵਿਚ ਵੀ ਸਿਖ ਮਨਾਂ ਵਿਚ ਚੜਦੀਕਲਾ ਦਾ ਜਜਬਾ ਭਰੀ ਰਖਦਾ ਹੈ। ਗੁਰਮਤਿ ਅਜੋਕੇ ਯੁਗ ਦਾ ਧਰਮ ਹੈ। ਇਸ ਧਰਮ ਨੂੰ ਜਿਉਣਾ ਤੇ ਆਪਣੇ ਉਚੇ ਕਿਰਦਾਰ ਰਾਹੀਂ  ਪ੍ਰਚਾਰਨਾ ਹੀ ਹਰੇਕ ਸਿਖ ਦਾ ਉਦੇਸ਼ ਹੋਣਾ ਚਾਹੀਦਾ ਹੈ। ਇਹ ਸਚਾਈ ਹੁਣ ਕਿਸੇ ਨੂੰ ਦਸਣ ਦੀ ਲੋੜ ਨਹੀਂ ਕਿ ਪਛਮੀ ਤਰਜ ਦੀ ਜਮਹੂਰੀਅਤ (ਰਾਜ ਅਤੇ ਸਮਾਜ) ਦੇ ਦਿਨ ਪੁਗ ਗਏ ਹਨ। ਪਛਮੀ ਤਰਜ ਦੀ ਜਮਹੂਰੀਅਤ ਲੜਖੜਾ ਰਹੀ ਹੈ। ਭਾਰਤ ਵਿਚ ਹਿੰਦੂ ਰਾਸ਼ਟਰ ਦੇ ਨਾਂ ਹੇਠ ਸਵਾ ਅਰਬ ਲੋਕਾਂ ਉਤੇ ਠੋਸੀ ਜਾ ਰਹੀ ਮੂਰਤੀ-ਮਾਇਆ ਪੂਜ (ਬਾਣੀਆਂ-ਬ੍ਰਾਹਮਣੀ) ਤਾਨਾਸ਼ਾਹੀ ਹੁਣ ਇਕ ਆਮ ਸਚਾਈ ਹੈ। ਜਿਸਦਾ ਸੇਕ ਕਸ਼ਮੀਰ ਦੇ 80 ਲਖ ਲੋਕ ਆਪਣੇ ਪਿੰਡਿਆਂ ਉਤੇ ਹੰਢਾ ਰਹੇ ਹਨ ਤੇ ਅਜਿਹਾ ਹੀ ਇਕ ਹਮਲਾ ਹੁਣ 'ਖੇਤੀ ਬਿਲਾਂ' ਦੇ ਰੂਪ ਵਿਚ ਪੰਜਾਬ ਉਤੇ ਹੋਇਆ ਹੈ। ਜੂਨ '84 ਤੋਂ ਬਾਅਦ ਬ੍ਰਾਹਮਣੀ ਹਾਕਮਾਂ ਦਾ ਪੰਜਾਬ ਅਤੇ ਸਿਖਾਂ ਉਤੇ ਇਹ ਦੂਜਾ ਵਡਾ ਹਮਲਾ ਹੈ।

ਮੌਜੂਦਾ ਅਖੌਤੀ ਜਮਹੂਰੀ ਰਾਜਸੀ ਤਾਣਾਬਾਣਾ ਹੁਣ ਬਹੁਗਿਣਤੀ ਲੋਕਾਂ ਦੀ ਸੁਰਖਿਆ ਕਰਨ ਦੀ ਬਜਾਇ ਉਨ੍ਹਾਂ ਦੀ ਜਾਨ ਦਾ ਖੌਅ ਬਣਦਾ ਜਾ ਰਿਹਾ ਹੈ। ਅਜੋਕੇ ਸੰਸਾਰ ਨੂੰ ਕਿਸੇ ਨਵੀਂ ਕਿਸਮ ਦੀ ਜਮਹੂਰੀਅਤ ਅਤੇ ਨਵੀਂ ਕਿਸਮ ਦੇ ਰਾਜਪ੍ਰਬੰਧ ਦੀ ਲੋੜ ਹੈ, ਜਿਹੜਾ ਰਾਜਪ੍ਰਬੰਧ ਬਹੁਗਿਣਤੀ ਲੋਕਾਂ ਦੀਆਂ ਭੌਤਿਕ, ਜਜਬਾਤੀ ਅਤੇ ਆਤਮਿਕ ਲੋੜਾਂ ਦੀ ਪੂਰਤੀ ਕਰ ਸਕੇ। ਅਜੋਕੀ 'ਸਾਮਰਾਜੀ ਜਮਹੂਰੀਅਤ' ਨੇ ਨਿਜੀਕਰਨ ਦੀਆਂ ਭਾਵਨਾਵਾਂ ਨੂੰ ਜਰਬਾਂ ਦੇ ਕੇ ਹਰੇਕ ਮਨੁਖ ਨੂੰ ਸਮੁਚੇ ਭਾਈਚਾਰੇ ਨਾਲੋਂ ਤੋੜ ਦਿਤਾ ਹੈ। ਜਿਸ ਦਾ ਸਿਟਾ ਇਹ ਨਿਕਲਿਆ ਹੈ ਕਿ ਨਾ ਸਿਰਫ਼ ਮਨੁਖੀ ਅਤੇ ਪਰਿਵਾਰਕ ਰਿਸ਼ਤੇ ਜਹਿਰੀ ਹੋ ਗਏ ਹਨ ਸਗੋਂ ਸਮਾਜੀ ਰਿਸ਼ਤੇ ਪਹਿਲਾਂ ਨਾਲੋਂ ਵੀ ਤਿੜਕ ਗਏ ਹਨ। ਗੁਰਮਤਿ ਬ੍ਰਹਮਵਾਦੀ ਜਮਹੂਰੀਅਤ ਦੀ ਪੈਰੋਕਾਰ ਹੈ। ਗਰੀਬ ਅਤੇ ਮਜਲੂਮ ਪਖੀ ਰਾਜਨੀਤੀ ਦੀ ਅਗਵਾਈ ਹਮੇਸ਼ਾਂ ਆਤਮਿਕ ਗਿਆਨ ਕਰਦਾ ਹੈ। ਗੁਰਮਤਿ ਨੇ ਇਸੇ ਆਤਮਿਕ ਗਿਆਨ ਨੂੰ ਬ੍ਰਹਮ ਗਿਆਨ ਦਾ ਨਾਂ ਦਿਤਾ ਹੈ। ਇਹ ਬ੍ਰਹਮ ਗਿਆਨ ਹੀ ਅਸਲੀ ਜਮਹੂਰੀਅਤ ਦਾ ਆਤਮਿਕ ਤੇ ਮਾਨਸਿਕ ਆਧਾਰ ਹੈ। ਅੱਜ ਇਸ ਗਿਆਨ ਨੂੰ ਆਧਾਰ ਬਣਾ ਕੇ ਅਤੇ ਪੰਜਾਬ ਦੇ ਦਬੇ ਕੁਚਲੇ ਲੋਕਾਂ ਦੀ ਅਗਵਾਈ ਕਰਦਿਆਂ ਹੋਇਆ ਹੀ ਬ੍ਰਾਹਮਣੀ ਹੁਕਮਰਾਨਾਂ ਨੂੰ ਭਾਂਜ ਦਿਤੀ ਜਾ ਸਕਦੀ ਹੈ।

ਸਿਖੀ ਮਨੁਖਤਾ ਦੇ ਕਲਿਆਣ ਦਾ ਮਾਰਗ ਹੈ। ਸਿਖੀ ਗੁਰੂ ਗ੍ਰੰਥ ਸਾਹਿਬ ਦੀ ਜੀਵਨ ਜਾਚ ਹੈ। ਸਿਖੀ ਦਾ ਪ੍ਰਚਾਰ ਹੈ ਕਿ ਸ਼ਕਤੀ ਦੀ ਪੂਜਾ ਜਾਂ ਮਾਇਆਧਾਰੀ ਪ੍ਰਣਾਲੀ ਕਦੇ ਮਨੁਖੀ ਸੁਖ ਦੇ ਸਾਧਨ ਨਹੀਂ ਹੋ ਸਕਦੇ। 'ਹਥਹੁ ਦੇਹ' ਭਾਵ 'ਵੰਡ ਛਕਣ' ਜਾਂ ਮਾਇਆ-ਧਨ ਦੀ ਠੀਕ ਵੰਡ ਹੀ ਸੁਖ ਦਾ ਸਾਧਨ ਹੈ। ਸਭ ਲਈ ਉਸਾਰੂ ਕਿਰਤ, ਸਭ ਲਈ ਨਿਰਭੈ ਅਤੇ ਨਿਰਵੈਰ ਜੀਵਨ, ਸਭ ਲਈ ਆਤਮਿਕ ਆਜਾਦੀ ਦੀ ਸ਼ਰਤ ਅਤੇ ਸ਼ੁਭ ਸੁਖਾਵਾਂ ਵਤੀਰਾ ਹੀ ਸੁਖ ਤੇ ਸੰਪੂਰਣਤਾ ਦੇ ਮਾਰਗ ਹਨ। ਅਕਾਲ ਪੁਰਖ ਦੀ ਸਿਧੀ ਅਧੀਨਗੀ ਹੇਠ ਵਿਚਰਦਾ ਹੋਇਆ ਖਾਲਸਾ ਪੰਥ ਇਸ ਆਦਰਸ਼ ਸਮਾਜ ਦੀ ਸਿਰਜਣਾ ਦਾ ਜਾਮਨ ਹੈ। ਸਿਖੀ ਇਕ ਯੁਗ ਪਲਟਾਊ ਇਨਕਲਾਬ ਹੈ। ਖਾਲਸਾ ਪੰਥ ਇਸੇ ਤਰਜ ਦੀ ਸੰਗਤੀ ਜਮਹੂਰੀਅਤ ਦਾ ਪੈਰੋਕਾਰ ਹੈ। ਕੀ ਬਣਨ ਵਾਲੀ ਨਵੀਂ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਆਜਾਦ ਹਸਤੀ ਦੀ ਅਗਵਾਈ ਹੇਠ ਖਾਲਸਾ ਪੰਥ ਦੇ ਇਸ ਆਦਰਸ਼ ਲਈ ਸੰਘਰਸ਼ ਕਰ ਕੇ ਦੁਨੀਆਂ ਭਰ ਦੇ ਦਬੇ ਕੁਚਲੇ ਲੋਕਾਂ ਲਈ ਇਸ ਘੋਰ ਨਿਰਾਸ਼ਾ ਭਰੇ ਇਸ ਦੌਰ ਵਿਚ ਕੋਈ ਆਸ ਦੀ ਕਿਰਨ ਪੈਦਾ ਕਰੇਗੀ?