ਦਿੱਲੀ ਨਾਲ ਕਿਸਾਨਾਂ ਦੀ ਟੱਕਰ: ਮਝੈਲਾਂ ਨੇ ਸਵਾਰੀ ਗੱਡੀਆਂ ਰੋਕੀਆਂ, ਦਿੱਲੀ ਨੇ 3 ਦਸੰਬਰ ਨੂੰ ਬੈਠਕ ਸੱਦੀ

ਦਿੱਲੀ ਨਾਲ ਕਿਸਾਨਾਂ ਦੀ ਟੱਕਰ: ਮਝੈਲਾਂ ਨੇ ਸਵਾਰੀ ਗੱਡੀਆਂ ਰੋਕੀਆਂ, ਦਿੱਲੀ ਨੇ 3 ਦਸੰਬਰ ਨੂੰ ਬੈਠਕ ਸੱਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਸੰਘਰਸ਼ ਜ਼ੋਰ ਫੜ੍ਹਦਾ ਜਾ ਰਿਹਾ ਹੈ। ਭਾਵੇਂ ਕਿ ਪੰਜਾਬ ਦੀਆਂ ਕਈ 30 ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀਂ ਭਾਰਤ ਸਰਕਾਰ ਦੀ ਅੜੀ ਅੱਗੇ ਝੁਕਦਿਆਂ ਕੁੱਝ ਦਿਨਾਂ ਲਈ ਯਾਤਰੀ ਰੇਲ ਗੱਡੀਆਂ ਚਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਮਾਝੇ ਵਿਚ ਸਰਗਰਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਵਾਰੀ ਗੱਡੀਆਂ ਲਈ ਲਾਈਨਾਂ ਖਾਲੀ ਕਰਨ ਤੋਂ ਨਾਹ ਕਰ ਦਿੱਤੀ ਹੈ। 

ਪੰਜਾਬ ਵਿੱਚ ਦੋ ਮਹੀਨੇ ਬਾਅਦ ਰੇਲ ਗੱਡੀਆਂ ਮੁੜ ਪਟੜੀ ’ਤੇ ਆਈਆਂ ਪਰ ਯਾਤਰੂ ਗੱਡੀਆਂ ਨੂੰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਲਾਂਘਾ ਨਾ ਮਿਲਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੁੜ ਅੰਮ੍ਰਿਤਸਰ ਜਲੰਧਰ ਰੇਲ ਮਾਰਗ ਉੱਪਰ ਜੰਡਿਆਲਾ ਗੁਰੂ ਵਿਖੇ ਪਟੜੀਆਂ ’ਤੇ ਬੈਠੀ ਅਤੇ ਯਾਤਰੀ ਗੱਡੀਆਂ ਨੂੰ ਲਾਂਘਾ ਦੇਣ ਤੋਂ ਇਨਕਾਰ ਕੀਤਾ ਗਿਆ। ਮਾਲ ਗੱਡੀਆਂ ਨੂੰ ਲਾਂਘਾ ਦਿੱਤਾ ਗਿਆ। 

ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਈਨ ਨਹੀਂ ਮੰਨਣੀ। ਉਨ੍ਹਾਂ ਕਿਹਾ ਉਹ ਸੱਤ ਸਤੰਬਰ ਤੋਂ ਜੇਲ੍ਹ ਭਰੋ ਅੰਦੋਲਨ ਕਰ ਰਹੇ ਹਨ ਅਤੇ 24 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਕਰ ਰਹੇ ਹਨ ਅਤੇ ਅੱਜ 62ਵੇਂ ਦਿਨ ਵਿਚ ਉਨ੍ਹਾਂ ਦਾ ਰੇਲ ਰੋਕੋ ਅੰਦੋਲਨ ਪਹੁੰਚ ਗਿਆ ਹੈ।

ਭਾਰਤ ਸਰਕਾਰ ਵੱਲੋਂ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਬੈਠਕ ਦਾ ਸੱਦਾ
ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਦੁਬਾਰਾ ਤਿੰਨ ਦਸੰਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਇਸ ਬਾਰੇ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੱਤਰ ਅਨੁਸਾਰ ਇਹ ਮੀਟਿੰਗ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕੀਤੀ ਜਾਵੇਗੀ। ਮੀਟਿੰਗ ਲਈ ਤਿੰਨ ਦਸੰਬਰ ਨੂੰ ਸਵੇਰੇ 11 ਵਜੇ ਦਾ ਸਮਾਂ ਰੱਖਿਆ ਗਿਆ ਹੈ ਤੇ ਇਹ ਮੀਟਿੰਗ ਹਾਲ ਨੰਬਰ ਦੋ ਪਹਿਲੀ ਮੰਜ਼ਿਲ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਵੇਗੀ।

ਮੁੰਬਈ ਤੋਂ ਪਹਿਲੀ ਯਾਤਰੀ ਰੇਲ ਗੱਡੀ ਘੁੰਮਦੀ-ਘੁਮਾਉਂਦੀ ਅੰਮ੍ਰਿਤਸਰ ਪੁੱਜੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਯਾਤਰੂ ਰੇਲ ਗੱਡੀਆਂ ਲਈ ਲਾਂਘਾ ਨਾ ਦੇਣ ਦੇ ਫੈਸਲੇ ਦੇ ਤਹਿਤ ਅੱਜ ਤੜਕੇ ਸਵੇਰੇ ਮੁੰਬਈ ਤੋਂ ਆਈ ਪਹਿਲੀ ਯਾਤਰੀ ਰੇਲ ਗੱਡੀ ਬਿਆਸ ਤੋਂ ਤਰਨਤਾਰਨ ਰਸਤੇ ਅੰਮ੍ਰਿਤਸਰ ਪੁੱਜੀ। ਕਿਸਾਨਾਂ ਵੱਲੋਂ ਰੇਲ ਟਰੈਕ ਰੋਕਣ ਕਾਰਨ ਇਹ ਰੇਲ ਗੱਡੀ ਤਿੰਨ ਘੰਟੇ ਤੋਂ ਵੱਧ ਦੇਰ ਨਾਲ ਪੁੱਜੀ। ਗੋਲਡਨ ਐਕਸਪ੍ਰੈਸ ਰੇਲ ਗੱਡੀ ਨੂੰ ਬਿਆਸ ਰੇਲਵੇ ਸਟੇਸ਼ਨ ’ਤੇ ਰੋਕ ਲਿਆ ਗਿਆ ਅਤੇ ਮਗਰੋਂ ਤਰਨਤਾਰਨ ਰਸਤੇ ਅੰਮ੍ਰਿਤਸਰ ਲਿਆਂਦਾ ਗਿਆ। 

ਇਸ ਦੌਰਾਨ ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੀਆਂ ਰੇਲ ਗੱਡੀਆਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਚਾਰ ਮਾਲ ਗੱਡੀਆਂ ਵੀ ਅੰਮ੍ਰਿਤਸਰ ਪੁੱਜੀਆਂ ਹਨ, ਜਿਨ੍ਹਾਂ ਨੂੰ ਲੰਘਣ ਵਾਸਤੇ ਕਿਸਾਨਾਂ ਵੱਲੋਂ ਲਾਂਘਾ ਦੇ ਦਿੱਤਾ ਗਿਆ ਸੀ।