ਬਰਤਾਨੀਆ ਅਤੇ ਯੂਰੋਪ ਵਿਚ ਜਾਅਲੀ ਆਵਾਸ

ਬਰਤਾਨੀਆ ਅਤੇ ਯੂਰੋਪ ਵਿਚ ਜਾਅਲੀ ਆਵਾਸ

ਜਾਹਲੀ ਏਜੰਟਾਂ ਰਾਹੀਂ ਪਰਵਾਸ ਸਮਸਿਆ

ਹਰਜੀਤ ਅਟਵਾਲ

ਬਰਤਾਨੀਆ ਅਤੇ ਯੂਰੋਪ ਦੇ ਵਿਚਕਾਰ ਪੈਂਦੇ ਸਮੁੰਦਰ ਨੂੰ ਇੰਗਲਿਸ਼ ਚੈਨਲ ਕਹਿੰਦੇ ਹਨ। ਛੱਬੀ ਮੀਲ ਦਾ ਇਹ ਸਮੁੰਦਰ ਦੁਨੀਆ ਦੇ ਨਕਸ਼ੇ ਤੇ ਬਹੁਤ ਮਹੱਤਵਪੂਰਨ ਹੈ। ਯੂਰੋਪ ਅਤੇ ਇੰਗਲੈਂਡ ਨੂੰ ਜੋੜਨ ਲਈ ਸਭ ਤੋਂ ਨੇੜਲੀਆਂ ਬੰਦਰਗਾਹਾਂ ਫਰਾਂਸ ਦੀ ਕੈਲੇ ਤੇ ਇੰਗਲੈਂਡ ਦੀ ਡੋਵਰ ਹੈ। ਫੈਰੀ ਰਾਹੀਂ ਪੈਂਤੀ ਕੁ ਮਿੰਟ ਲਗਦੇ ਹਨ। ਹੁਣ ਯੌਰੋਟਨਲ, ਸਮੁੰਦਰ ਹੇਠਾਂ ਸੁਰੰਗ ਬਣਨ ਤੋਂ ਬਾਅਦ ਟਰੇਨ ਵੀ ਚੱਲ ਪਈ ਹੈ। ਅਜੇ ਵੀ ਤੁਸੀਂ ਫਰਾਂਸ ਨੂੰ ਕਾਰ ਚਲਾ ਕੇ ਨਹੀਂ ਜਾ ਸਕਦੇ। ਕਾਰ ਨੂੰ ਟਰੇਨ ਜਾਂ ਫੈਰੀ (ਪਾਣੀ ਵਾਲੇ ਜਹਾਜ਼) ਵਿਚ ਲੱਦ ਕੇ ਲਿਜਾਣਾ ਪੈਂਦਾ ਹੈ। ਵੈਸੇ ਏਨਾ ਕੁ ਸਮੁੰਦਰ ਤਾਂ ਕਈ ਲੋਕ ਸ਼ਰਤਾਂ ਲਾ ਕੇ ਤੈਰ ਕੇ ਵੀ ਪਾਰ ਕਰ ਲੈਂਦੇ ਹਨ ਪਰ ਕੁਝ ਲੋਕਾਂ ਲਈ ਇਹ ਕਬਰਸਤਾਨ ਹੈ। ਜਦ ਤੋਂ ਮਨੁੱਖੀ-ਸਮੱਗਲਰਾਂ ਨੇ ਬੰਦੇ ਇੰਗਲੈਂਡ ਲੰਘਾਉਣ ਲਈ ਇਹ ਰੂਟ ਵਰਤਣਾ ਸ਼ੁਰੂ ਕੀਤਾ ਹੈ, ਇੰਗਲਿਸ਼ ਚੈਨਲ ਦਾ ਭਵਸਾਗਰ ਵਾਲਾ ਰੂਪ ਸਾਫ ਸਾਹਮਣੇ ਆ ਗਿਆ ਹੈ। ਅਣਗਿਣਤ ਲੋਕਾਂ ਨੂੰ ਇਹ ਸਮੁੰਦਰ ਨਿਗਲ ਰਿਹਾ ਹੈ। ਪਿਛਲੇ ਸੱਠ ਸਾਲ ਤੋਂ ਹੀ ਲੋਕ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਵਿਚ ਦਾਖਲ ਹੁੰਦੇ ਆਏ ਹਨ। ਬਹੁਤ ਸਾਰੇ ਰਾਹ ਅਪਣਾਉਂਦਿਆਂ ਲੋਕਾਂ ਨੇ ਲੱਗਭੱਗ 1990 ਤੋਂ ਇੰਗਲਿਸ਼ ਚੈਨਲ ਵਾਲਾ ਰਾਹ ਲੈਣਾ ਸ਼ੁਰੂ ਕਰ ਦਿੱਤਾ। ਏਸ਼ੀਆ, ਅਫਰੀਕਾ ਤੋਂ ਲੋਕ ਯੂਰੋਪ ਰਾਹੀਂ ਹੁੰਦੇ ਹੋਏ ਕੈਲੇ ਪੁੱਜ ਜਾਂਦੇ ਹਨ, ਉਥੇ ਜੰਗਲਾਂ ਵਿਚ ਕੈਂਪ ਲਾ ਕੇ ਬਹਿ ਜਾਂਦੇ ਹਨ ਤੇ ਇਹ ਚੈਨਲ ਪਾਰ ਕਰਨ ਦੇ ਮੌਕੇ ਦੀ ਉਡੀਕ ਕਰਦੇ ਰਹਿੰਦੇ ਹਨ। ਇਹ ਇੰਗਲੈਂਡ ਲੰਘਣ ਲਈ ਕਿਵੇਂ ਜਾਨ ਦੀ ਬਾਜ਼ੀ ਲਾ ਦਿੰਦੇ ਹਨ।ਕੁਝ ਜਾਅਲੀ ਆਵਾਸੀ ਤਜਰਬਾ ਹੋ ਜਾਣ ਤੇ ਖੁਦ ਵੀ ਲੰਘਣ ਦੀਆਂ ਕੋਸ਼ਿਸ਼ਾਂ ਕਰਨ ਲਗਦੇ ਹਨ, ਨਹੀਂ ਤਾਂ ਕੈਲੇ ਤੇ ਹੋਰ ਥਾਵਾਂ ਤੇ ਮਨੁੱਖੀ-ਸਮੱਗਲਰ ਬੈਠੇ ਹਨ। ਇਹ ਕਾਫੀ ਸਾਰੇ ਪੈਸੇ ਲੈ ਕੇ ਇਨ੍ਹਾਂ ਜਾਅਲੀਆਂ ਨੂੰ ਇੰਗਲੈਂਡ ਪੁੱਜਣ ਵਿਚ ਮਦਦ ਕਰਦੇ ਹਨ। ਪਹਿਲਾਂ ਸਮੱਗਲਰ ਲੌਰੀਆਂ, ਸ਼ਿਪਿੰਗ ਕੰਟੇਨਰਾਂ, ਬੱਸਾਂ, ਟਰੇਨਾਂ ਵਿਚ ਵੀ ਇਨ੍ਹਾਂ ਨੂੰ ਇੰਗਲੈਂਡ ਭੇਜਣ ਦੀ ਕੋਸ਼ਿਸ਼ ਕਰਦੇ ਸਨ। ਕਈ ਵਾਰ ਇਹ ਲੰਘਣ ਵਿਚ ਕਾਮਯਾਬ ਹੋ ਜਾਂਦੇ ਹਨ ਤੇ ਕਈ ਵਾਰ ਫੈਰੀ ਵਿਚ ਚੜ੍ਹਨ ਤੋਂ ਪਹਿਲਾਂ ਹੀ ਫੜੇ ਜਾਂਦੇ ਹਨ। ਕਾਨੂੰਨੀ ਤੌਰ ਤੇ ਇਸ ਕੋਸ਼ਿਸ਼ ਦੀ ਕੋਈ ਸਜ਼ਾ ਨਹੀਂ ਹੁੰਦੀ, ਇਸ ਲਈ ਮੁੜ ਕੋਸ਼ਿਸ਼ਾਂ ਕਰਨ ਲਗਦੇ ਹਨ; ਕਿੰਗ ਬਰੂਸ ਵਾਲੀ ਕਹਾਣੀ ਵਾਂਗ ‘ਟਰਾਈ ਟਰਾਈ ਅਗੇਨ’।

ਜਾਅਲੀਆਂ ਦੇ ਬਣਾਏ ਹੋਏ ਕੈਂਪ ਤਾਂ ਫਰਾਂਸ ਤੇ ਬਰਤਾਨਵੀ ਸਰਕਾਰਾਂ ਦੇ ਸਾਂਝੇ ਯਤਨਾਂ ਕਰ ਕੇ ਪੰਜ ਕੁ ਸਾਲ ਪਹਿਲਾਂ ਚੁੱਕ ਦਿੱਤੇ ਗਏ ਹਨ ਪਰ ਅੱਜ ਵੀ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਏਸ਼ੀਅਨ ਜਾਂ ਅਫਰੀਕਨ ਲੋਕ ਕੈਲੇ ਦੀ ਬੰਦਰਗਾਹ ਨੇੜੇ ਜਾਂ ਸ਼ਹਿਰ ਵਿਚ ਫਿਰਦੇ ਦੇਖੇ ਜਾ ਸਕਦੇ ਹਨ। ਇਹ ਹਰ ਵੇਲੇ ਆਪਣੀ ਕਿਸਮਤ ਅਜ਼ਮਾਉਣ ਦੇ ਯਤਨਾਂ ਵਿਚ ਸਰਗਰਮ ਰਹਿੰਦੇ ਹਨ। ਦਿਲਚਸਪ ਗੱਲ ਇਹ ਕਿ ਕੈਲੇ ਸ਼ਹਿਰ ਦੇ ਲੋਕ ਇਨ੍ਹਾਂ ਦੀ ਮਦਦ ਕਰਦੇ ਰਹੇ ਹਨ। ਕੁਝ ਪੈਸੇ ਫਰਾਂਸ ਸਰਕਾਰ ਵਲੋਂ ਇਨ੍ਹਾਂ ਨੂੰ ਮਿਲਣ ਲਗਦੇ ਹਨ ਤੇ ਕੁਝ ਸਥਾਨਕ ਲੋਕਾਂ ਵਲੋਂ ਵੀ ਸਹਾਇਤਾ ਮਿਲ ਜਾਂਦੀ। ਬੰਦਰਗਾਹ ਨੇੜੇ ਇਨ੍ਹਾਂ ਜਾਅਲੀਆਂ ਨੂੰ ਰੋਕਣ ਲਈ ਵਾੜ ਵੀ ਲਾਈ ਗਈ ਜਿਸ ਵਿਚ ਬਾਰਾਂ ਮਿਲੀਅਨ ਪੌਂਡ ਯੂਕੇ ਨੇ ਖਰਚਿਆ ਸੀ।...ਯੂਰੋਪ ਤੋਂ ਸਮਾਨ ਦੀਆਂ ਭਰੀਆਂ ਹਜ਼ਾਰਾਂ ਲੌਰੀਆਂ ਯੂਕੇ ਆਉਂਦੀਆਂ ਹਨ, ਜਾਅਲੀਆਂ ਲਈ ਇਹ ਜ਼ਰੀਆ ਸਭ ਤੋਂ ਵੱਧ ਕਾਰਗਾਰ ਹਨ। ਕਿੰਨੀਆਂ ਕੁ ਲੌਰੀਆਂ ਦੀ ਤਲਾਸ਼ੀ ਲਈ ਜਾ ਸਕਦੀ ਹੈ? ਲੌਰੀਆਂ ਵਿਚ ਲੰਘਣ ਲਈ ਇਹ ਲੋਕ ਸਾਹ ਘੁੱਟ ਹੋਣ ਦਾ ਜੋਖ਼ਮ ਲੈਂਦੇ ਹਨ। ਦੋ ਕੁ ਸਾਲ ਪਹਿਲਾਂ ਫਰਿੱਜ ਵਾਲੀ ਲੌਰੀ ਵਿਚ ਲੁਕ ਕੇ ਆ ਰਹੇ 39 ਵੀਤਨਾਮੀਆਂ ਦੀ ਮੌਤ ਹੋ ਗਈ ਜਿਸ ਨੇ ਯੂਰੋਪ ਅਤੇ ਯੂਕੇ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ। ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚੌਕਸ ਕਰ ਦਿੱਤਾ। ਇਵੇਂ ਇਨ੍ਹਾਂ ਲੋਕਾਂ ਨੂੰ ਲੈ ਕੇ ਜਾਣ ਵਾਲੀਆਂ ਲੌਰੀਆਂ ਦੇ ਮਾਲਕਾਂ ਤੇ ਡਰਾਈਵਰਾਂ ਨੂੰ ਲੰਮੀਆਂ ਸਜ਼ਾਵਾਂ ਹੋਣ ਲਗੀਆਂ। ਸੋ ਇਸ ਰਾਹ ਉਪਰ ਬਹੁਤ ਸਖਤੀਆਂ ਹੋਣ ਲਗੀਆਂ। ਇਵੇਂ ਮਨੁੱਖੀ-ਸਮੱਗਲਰ ਜਾਅਲੀਆਂ ਨੂੰ ਇੰਗਲੈਂਡ ਲੰਘਾਉਣ ਦੇ ਨਵੇਂ ਨਵੇਂ ਸਾਧਨ ਲੱਭਣ ਲੱਗੇ। ਇੰਗਲਿਸ਼ ਚੈਨਲ ਵਾਲਾ ਸਮੁੰਦਰੀ ਰਾਹ ਵੀ ਇਸੇ ਦਾ ਬਦਲ ਹੈ ਪਰ ਹੈ ਬਹੁਤ ਖਤਰਨਾਕ।

ਯੂਕੇ ਦੇ ਚਾਰੇ ਪਾਸੇ ਸਮੁੰਦਰ ਲਗਦਾ ਹੈ। ਏਡੇ ਵੱਡੇ ਸਮੁੰਦਰੀ ਤੱਟ ਨੂੰ ਹਰ ਵੇਲੇ ਗਾਰਡ ਕੀਤਾ ਨਹੀਂ ਜਾ ਸਕਦਾ। ਬਾਰਡਰ ਫੋਰਸ ਭਾਵੇਂ ਚੇਤੰਨ ਰਹਿੰਦੀ ਹੈ, ਫਿਰ ਵੀ ਕਿਤੇ ਨਾ ਕਿਤੇ ਵਿਰਲ ਰਹਿ ਜਾਂਦੀ ਹੈ। ਸਮੱਗਲਰ ਤਾੜ ਰੱਖਦੇ ਹਨ ਤੇ ਉਧਰੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਸਮੁੰਦਰ ਦਾ ਇਹ ਪਾੜ ਛੱਬੀ ਮੀਲ ਤਾਂ ਇਕ ਜਗਾਹ ਤੇ ਹੀ ਹੈ, ਬਾਕੀ ਥਾਵਾਂ ਤੇ ਇਸ ਤੋਂ ਵੱਧ ਹੈ। ਜਿਨ੍ਹਾਂ ਕਿਸ਼ਤੀਆਂ ਰਾਹੀਂ ਇਹ ਲੋਕ ਸਮੁੰਦਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਬਹੁਤ ਸਾਧਾਰਨ ਹੁੰਦੀਆਂ ਹਨ ਤੇ ਇਨ੍ਹਾਂ ਵਿਚ ਲੋਕ ਸਮਰਥਾ ਤੋਂ ਵੱਧ ਚੜ੍ਹਦੇ ਹਨ। ਜੇ ਕਿਸੇ ਪ੍ਰੋਫੈਸ਼ਨਲ ਜਾਂ ਰਜਿਸਟਰ ਕਿਸ਼ਤੀ ਰਾਹੀਂ ਲੰਘਦੇ ਫੜੇ ਜਾਣ ਤਾਂ ਕਿਸ਼ਤੀ ਦੇ ਮਾਲਕ ਨੂੰ ਜੁਰਮਾਨਾ ਜਾਂ ```ਜੇਲ੍ਹ ਵੀ ਹੋ ਸਕਦੀ ਹੈ। ਇਸ ਲਈ ਇਹ ਸਾਧਾਰਨ, ਬਿਨਾਂ ਕਿਸੇ ਮਾਰਕ ਵਾਲੀਆਂ ਕਿਸ਼ਤੀਆਂ ਰਾਹੀਂ ਲੰਘਦੇ ਹਨ। ਆਮ ਤੌਰ ਤੇ ਇਹ ਛੋਟੇ ਇੰਜਣਾਂ ਵਾਲੀਆਂ ਕਿਸ਼ਤੀਆਂ ਹੁੰਦੀਆਂ ਹਨ। ਅਕਸਰ ਹਵਾ ਭਰਨ ਵਾਲੀਆਂ ਕਿਸ਼ਤੀਆਂ ਨੂੰ ਹੀ ਇੰਜਣ ਫਿੱਟ ਕਰ ਲਿਆ ਜਾਂਦਾ ਹੈ। ਕੁਝ ਲੋਕ ਇੰਨੇ ਸਿਰਲੱਥ ਹੋ ਜਾਂਦੇ ਹਨ ਕਿ ਟੁਆਏ-ਬੋਟ ਰਾਹੀਂ ਲੰਘਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਹੁਣ ਤਾਂ ਫਿਰ ਵੀ ਸੇਫਟੀ-ਜੈਕਟਾਂ ਪਾਉਣ ਲੱਗੇ ਹਨ, ਪਹਿਲਾਂ ਤਾਂ ਇਵੇਂ ਹੀ ਕਿਸ਼ਤੀਆਂ ਲੈ ਕੇ ਠਿੱਲ੍ਹ ਪੈਂਦੇ ਸਨ। ਕਈ ਵਾਰ ਇਹ ਪਾਰ ਵੀ ਨਹੀਂ ਲੰਘ ਸਕਦੇ, ਕਿਸ਼ਤੀ ਰਾਹ ਵਿਚ ਹੀ ਰਹਿ ਜਾਂਦੀ ਹੈ। ਇਹ ਲੋਕ ਕਿਸ਼ਤੀ ਚਲਾਉਣ ਜਾਂ ਸਮੁੰਦਰੀ ਰਾਹਾਂ ਦੇ ਮਾਹਰ ਨਹੀਂ ਹੁੰਦੇ, ਰਾਹ ਵੀ ਭੁੱਲ ਸਕਦੇ ਹਨ। ਇਸ ਜਗਾਹ ਦਾ ਸਮੁੰਦਰ ਵੀ ਕਈ ਵਾਰ ਬਹੁਤ ਗੁੱਸੇ ਵਿਚ ਹੁੰਦਾ ਹੈ ਤੇ ਸਾਧਾਰਨ ਕਿਸ਼ਤੀਆਂ ਨੂੰ ਉਲਟਾ ਮਾਰਦਾ ਹੈ। ਸੋ ਇਸ ਸਫਰ ਨੂੰ ਸਾਰੇ ਸਰ ਕਰ ਸਕਣਗੇ, ਇਸ ਦੀ ਕੋਈ ਗਰੰਟੀ ਨਹੀਂ। ਇਨ੍ਹਾਂ ਵਿਚੋਂ ਕੁਝ ਦੀਆਂ ਦੇਹਾਂ ਸਮਾਂ ਪਾ ਕੇ ਕੰਢੇ ਆ ਲਗਦੀਆਂ ਹਨ। ਸਮੁੰਦਰੀ ਤੱਟ ਉਪਰ ਪੈਂਦੇ ਪਿੰਡਾਂ ਦੇ ਲੋਕਾਂ ਵਿਚ ਇਨ੍ਹਾਂ ਬੇਪਛਾਣ ਲਾਸ਼ਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਬੀਬੀਸੀ ਉਪਰ ਲੜੀਵਾਰ ਡਰਾਮਾ ‘ਡੌਂਟ ਫੌਰਗੈਟ ਦਾ ਡਰਾਈਵਰ’ ਚੱਲ ਰਿਹਾ ਸੀ ਜਿਸ ਦੀ ਕਹਾਣੀ ਸਮੁੰਦਰੀ ਕੰਢਲੇ ਪਿੰਡ ਬੌਗਨੌਰ ਰੈਜਿਜ਼ ਤੇ ਆਧਾਰਿਤ ਹੈ। ਇਸ ਡਰਾਮੇ ਵਿਚ ਬੱਸ ਡਰਾਈਵਰ ਬੱਸ ਲੈ ਕੇ ਫਰਾਂਸ ਜਾਂਦਾ ਰਹਿੰਦਾ ਹੈ ਤੇ ਕਦੀ ਕਦੀ ਕਿਸੇ ਜਾਅਲੀ ਆਵਾਸੀ ਨੂੰ ਵੀ ਲੈ ਆਉਂਦਾ ਹੈ। ਉਸ ਪਿੰਡ ਦੇ ਆਮ ਲੋਕਾਂ ਦੀ ਗੱਲਬਾਤ ਵਿਚ ਗੈਰ-ਕਾਨੂੰਨੀਆਂ ਬਾਰੇ ਤੇ ਕੰਢੇ ਲਗਦੀਆਂ ਬੇਪਛਾਣ ਲਾਸ਼ਾਂ ਬਾਰੇ ਚਰਚਾ ਹੁੰਦੀ ਹੈ। ਪਿਛਲੇ ਸਾਲ ਦਿੱਤੇ ਅੰਕੜਿਆਂ ਅਨੁਸਾਰ ਕੁਲ ਤਿੰਨ ਸੌ ਲਾਸ਼ਾਂ ਸਮੁੰਦਰ ਵਿਚੋਂ ਚੁੱਕੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਛੱਤੀ ਬੱਚਿਆਂ ਦੀਆਂ ਸਨ। ਸਹੀ ਅੰਕੜੇ ਭਾਵ ਜੋ ਡੁੱਬ ਗਈਆਂ ਜਾਂ ਨਹੀਂ ਮਿਲੀਆਂ, ਉਨ੍ਹਾਂ ਦੀ ਕੋਈ ਗਿਣਤੀ ਨਹੀਂ। ਫਰਾਂਸ ਤੇ ਯੂਕੇ ਦੀਆਂ ਸਰਕਾਰਾਂ ਬਹੁਤ ਰੌਲਾ ਪਾਉਂਦੀਆਂ ਹਨ ਕਿ ਇੰਗਲਿਸ਼ ਚੈਨਲ ਕਬਰਸਤਾਨ ਹੈ, ਇਸ ਵਿਚ ਨਾ ਜਾਓ ਪਰ ਕੋਈ ਨਹੀਂ ਸੁਣਦਾ।

ਕੁਝ ਕਿਸ਼ਤੀਆਂ ਕਿਨਾਰੇ ਲੱਗ ਵੀ ਜਾਂਦੀਆਂ ਹੋਣਗੀਆਂ ਤਾਂ ਹੀ ਤਾਂ ਹੋਰ ਕਿਸ਼ਤੀਆਂ ਨੂੰ ਠੱਲ੍ਹਣ ਦਾ ਹੌਸਲਾ ਮਿਲਦਾ ਹੋਵੇਗਾ। ਬਹੁਤੀ ਵਾਰੀ ਬਾਰਡਰ ਫੋਰਸ ਵਾਲੇ ਇਨ੍ਹਾਂ ਨੂੰ ਫੜ ਵੀ ਲੈਂਦੇ ਹਨ। ਕਈ ਵਾਰ ਕਿਸ਼ਤੀਆਂ ਡੁੱਬ ਜਾਂਦੀਆਂ ਹਨ ਤੇ ਇਹ ਲੋਕ ਪਾਣੀ ਉਪਰ ਤੈਰ ਰਹੇ ਹੁੰਦੇ ਹਨ ਜਾਂ ਕਿਸ਼ਤੀ ਡੁੱਬਣ ਕਿਨਾਰੇ ਹੁੰਦੀ ਹੈ, ਅਜਿਹੇ ਵੇਲੇ ਕੋਈ ਨਾ ਕੋਈ ਸੇਫਟੀ ਬੋਟ ਇਨ੍ਹਾਂ ਨੂੰ ਆ ਕੇ ਬਚਾਉਂਦੀ ਹੈ। ਜੇ ਇਹ ਬ੍ਰਿਟਿਸ਼ ਬਾਰਡਰ ਫੋਰਸ ਹੱਥ ਚੜ੍ਹ ਜਾਣ ਤਾਂ ਇਨ੍ਹਾਂ ਦੀਆਂ ਪੌ-ਬਾਰਾਂ ਹੋ ਜਾਂਦੀਆਂ ਹਨ, ਇਹ ਉਸੇ ਵੇਲੇ ਸਿਆਸੀ ਸ਼ਰਨ ਮੰਗ ਲੈਂਦੇ ਹਨ। ਅਜਿਹੀ ਹਾਲਤ ਵਿਚ ਯੂਕੇ ਸਰਕਾਰ ਨੂੰ ਉਨ੍ਹਾਂ ਉਪਰ ਕੇਸ ਚਲਾਉਣਾ ਪੈਂਦਾ ਹੈ ਕਿ ਵਾਕਿਆ ਹੀ ਉਹ ਸਿਆਸੀ ਸ਼ਰਨ ਦੇ ਹੱਕਦਾਰ ਹਨ ਕਿ ਨਹੀਂ। ਜਦ ਤੱਕ ਕੇਸ ਚਲਦਾ ਹੈ, ਉਨ੍ਹਾਂ ਨੂੰ ਆਰਜ਼ੀ ਤੌਰ ਤੇ ਯੂਕੇ ਵਿਚ ਰਹਿਣ ਦੀ ਆਗਿਆ ਮਿਲ ਜਾਂਦੀ ਹੈ। ਇਨ੍ਹਾਂ ਵਿਚੋਂ ਬਹੁਤੇ ਪੱਕੇ ਵੀ ਹੋ ਜਾਂਦੇ ਹਨ। ਇਹ ਕਾਨੂੰਨੀ ਪ੍ਰਕਿਰਿਆ ਬਹੁਤ ਮਹਿੰਗੀ ਹੁੰਦੀ ਹੈ ਜਿਸ ਦੇ ਖਰਚੇ ਦਾ ਸਾਰਾ ਭਾਰ ਸਰਕਾਰ ਰਾਹੀਂ ਆਮ ਲੋਕਾਂ ਤੇ ਪੈਂਦਾ ਹੈ। ਕਿਸ਼ਤੀਆਂ ਰਾਹੀਂ ਚੋਰੀ ਛੁਪੇ ਲੰਘਣ ਦੀਆਂ ਖ਼ਬਰਾਂ ਢਾਈ ਤਿੰਨ ਸਾਲ ਕੁ ਤੋਂ ਹੀ ਉਭਰ ਕੇ ਸਾਹਮਣੇ ਆਉਣ ਲੱਗੀਆਂ ਹਨ। ਅੰਕੜਿਆਂ ਮੁਤਾਬਕ 2020 ਵਿਚ 8500 ਗੈਰ-ਕਾਨੂੰਨੀ ਲੋਕ ਕਿਸ਼ਤੀਆਂ ਰਾਹੀਂ ਯੂਕੇ ਪੁੱਜੇ ਹਨ। ਇਸ ਨਾਲ ਸਿਆਸੀ ਸ਼ਰਨ ਮੰਗਣ ਵਾਲੇ ਲੋਕਾਂ ਵਿਚ ਬਹੁਤ ਵਾਧਾ ਹੋ ਗਿਆ ਹੈ। ਇਕ ਲੱਖ ਤੋਂ ਕਿਤੇ ਉਪਰ ਲੋਕ ਇਸ ਵੇਲੇ ਸਿਆਸੀ ਸ਼ਰਨ ਦੀਆਂ ਆਪਣੀਆਂ ਅਰਜ਼ੀਆਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਅੱਜਕੱਲ੍ਹ ਕਿਸ਼ਤੀਆਂ ਰਾਹੀਂ ਲੰਘਣ ਵਾਲੇ ਲੋਕਾਂ ਨੂੰ ਲੈ ਕੇ ਖ਼ਬਰਾਂ ਬਹੁਤ ਸਰਗਰਮ ਹਨ। ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸਿਆਸੀ ਸ਼ਰਨ ਵਾਲਾ ਕਾਨੂੰਨ ਬਦਲਣ ਦੀ ਤਿਆਰੀ ਕਰ ਰਹੀ ਹੈ। ਪਹਿਲਾਂ ਇੰਗਲੈਂਡ ਯੂਰੋਪੀਅਨ ਯੂਨੀਅਨ ਵਿਚ ਹੋਣ ਕਰ ਕੇ ਉਨ੍ਹਾਂ ਦੇ ਕਾਨੂੰਨ ਮੰਨਣਾ ਪੈਂਦਾ ਸੀ, ਹੁਣ ਇੰਗਲੈਂਡ ਆਜ਼ਾਦ ਹੈ ਤੇ ਆਪਣੇ ਹਿਸਾਬ ਨਾਲ ਸਿਆਸੀ ਸ਼ਰਨ ਵਾਲੇ ਕਾਨੂੰਨ ਨੂੰ ਬਦਲਣ ਦੀ ਤਿਆਰੀ ਸ਼ੁਰੂ ਹੈ। ਇਸ ਵੇਲੇ ਇੰਜ ਫੜੇ ਗਏ ਲੋਕਾਂ ਨੂੰ ਸਿਆਸੀ ਸ਼ਰਨ ਦੇ ਕੇਸ ਚਲਾਉਣ ਲਈ ਉਨ੍ਹਾਂ ਨੂੰ ਯੂਕੇ ਦੀ ਥਾਵੇਂ ਕਿਸੇ ਹੋਰ ਮੁਲਕ ਵਿਚ ਭੇਜਣ ਦੀ ਤਿਆਰੀ ਹੋ ਰਹੀ ਹੈ। ਇਕ ਤਾਂ ਇਹ ਤਰੀਕਾ ਸੋਚਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਥੇ ਹੀ ਵਾਪਸ ਭੇਜਿਆ ਜਾਵੇ ਜਿਥੋਂ ਉਹ ਆਏ ਹਨ। ਬਹੁਤੇ ਫਰਾਂਸ ਵਿਚੋਂ ਹੀ ਆਉਂਦੇ ਹਨ ਪਰ ਫਰਾਂਸ ਇਸ ਮਾਮਲੇ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਕਿਉਂਕਿ ਇਹ ਉਸ ਦਾ ਮਸਲਾ ਨਹੀਂ ਹੈ। ਫਰਾਂਸ ਵਿਚ ਤਾਂ ਇਹ ਰਿਫਿਊਜ਼ੀ ਆਰਜ਼ੀ ਤੌਰ ਤੇ ਹੀ ਰਹਿੰਦੇ ਹਨ। ਹੁਣ ਇਨ੍ਹਾਂ ਨੂੰ ਜਿਬਲਾਰਟਰ ਜਾਂ ਆਈਯਲ ਔਫ ਮੈਨ ਜੋ ਯੈਕੇ ਦੇ ਦੂਰਲੇ ਅੱਡੇ ਹਨ, ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਡੈਨਮਾਰਕ ਨਾਲ ਵੀ ਗੱਲ ਚੱਲ ਰਹੀ ਹੈ।

ਖੈਰ, ਇਸ ਵੇਲੇ ਦੋ ਖ਼ਬਰਾਂ ਹਨ, ਇਕ ਚੰਗੀ ਤੇ ਇਕ ਮਾੜੀ। ਮਾੜੀ ਖ਼ਬਰ ਇਹ ਕਿ ਯੂਕੇ ਵਿਚ ਸਿਆਸੀ ਸ਼ਰਨ ਮੰਗਣ ਵਾਲਿਆਂ ਲਈ ਅਗਾਂਹ ਬਹੁਤ ਜ਼ਿਆਦਾ ਸਖਤਾਈ ਹੋ ਰਹੀ ਹੈ, ਚੰਗੀ ਖ਼ਬਰ ਇਹ ਹੈ ਕਿ ਸਰਕਾਰ ਹੁਣ ਤੱਕ ਸਿਆਸੀ ਸ਼ਰਨ ਲਈ ਅਰਜ਼ੀਆਂ ਦੇਈ ਬੈਠੇ ਲੋਕਾਂ ਨੂੰ ਪੱਕਿਆਂ ਕਰਨ ਬਾਰੇ ਸੋਚ ਰਹੀ ਹੈ।