ਤਰਨਤਾਰਨ 'ਵਿਚ ਡਰੱਗ ਦੀ ਓਵਰਡੋਜ਼ ਨਾਲ ਮਾਪਿਆਂ ਦੇ 15 ਸਾਲਾ ਇਕਲੌਤੇ ਬੇਟੇ ਦੀ ਮੌਤ

ਤਰਨਤਾਰਨ 'ਵਿਚ ਡਰੱਗ ਦੀ ਓਵਰਡੋਜ਼ ਨਾਲ ਮਾਪਿਆਂ ਦੇ 15 ਸਾਲਾ ਇਕਲੌਤੇ ਬੇਟੇ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅੱਲੋਵਾਲ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਅਰਸ਼ਪ੍ਰੀਤ ਸਿੰਘ ਉਰਫ ਅਰੁਣਪ੍ਰੀਤ ਸਿੰਘ (15) ਪੁੱਤਰ ਪਲਵਿੰਦਰ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਬਰਾਂ ਮੁਤਾਬਿਕ ਅਰਸ਼ਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ। ਲੰਘੇ ਦਿਨ ਉਹ ਕਿਸੇ ਘਰੇਲੂ ਕੰਮ ਲਈ ਬਾਹਰ ਗਿਆ ਪਰ ਪਤਾ ਨਹੀਂ ਉਸ ਨੇ ਕਦੋਂ ਆਪਣੇ ਕਿਸੇ ਦੋਸਤ ਨਾਲ ਮਿਲ ਕੇ ਨਸ਼ਾ ਖਰੀਦਿਆ ਤੇ ਉਸਦਾ ਟੀਕਾ ਲਗਾ ਲਿਆ। ਜਦੋਂ ਉਸਦੀ ਹਾਲਤ ਖਰਾਬ ਹੋ ਗਈ ਤਾਂ ਉਸਦੇ ਦੋਸਤ ਵੱਲੋਂ ਪਰਿਵਾਰ ਨੂੰ ਫੋਨ ਕਰ ਸੂਚਿਤ ਕੀਤਾ ਗਿਆ। ਉਹ ਅਰਸ਼ਪ੍ਰੀਤ ਨੂੰ ਡਾਕਟਰ ਕੋਲ ਲੈ ਕੇ ਗਏ ਪਰ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ, ਜਿਥੇ ਉਸਦੀ ਮੌਤ ਹੋ ਗਈ।

ਪਰਿਵਾਰਕ ਮੈਬਰਾਂ ਨੇ ਇਲਾਕੇ ਵਿਚ ਸ਼ਰ੍ਹੇਆਮ ਨਸ਼ਾ ਵਿਕਣ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਨਸ਼ੇ ਨੇ ਉਨ੍ਹਾਂ ਦੇ ਇਕਲੌਤੇ ਪੁੱਤਰ ਨੂੰ ਖੋਹ ਲਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਬੰਦ ਕਰੇ ਤਾਂ ਜੋ ਹੋਰਾਂ ਦੇ ਘਰ ਨਾ ਉੱਜੜਨ। ਦੂਜੇ ਪਾਸੇ ਥਾਣਾ ਵੈਰੋਂਵਾਲ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਦੋਂਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ।