ਅਫ਼ਗਾਨਿਸਤਾਨ ਤਬਾਹੀ ਦੇ ਕੰਢੇ ’ਤੇ

ਅਫ਼ਗਾਨਿਸਤਾਨ ਤਬਾਹੀ ਦੇ ਕੰਢੇ ’ਤੇ

ਵਿਸ਼ਵ ਦਰਪਣ

ਅਫ਼ਗਾਨਿਸਤਾਨ ’ਚੋਂ ਨਿਕਲਣ ਦੀ ਢਿੱਲੀ ਅਮਰੀਕੀ ਯੋਜਨਾ ਤੇ ਜਲਦਬਾਜ਼ੀ ਨੇ ਅਫ਼ਗਾਨਿਸਤਾਨ ਨੂੰ ਤਬਾਹੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਜਦੋਂ ਤਾਲਿਬਾਨ ਕਾਬੁਲ ਦੇ ਆਸਪਾਸ ਤੇਜ਼ੀ ਨਾਲ ਆਪਣਾ ਕਬਜ਼ਾ ਕਰ ਰਿਹਾ ਹੈ, ਉਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵਾਪਸੀ ਦੇ ਇਸ ਕਦਮ ਨੂੰ ਤਰਕਸੰਗਤ ਠਹਿਰਾ ਰਹੇ ਹਨ। ਇਸ ’ਚ ਅਫ਼ਗਾਨੀਆਂ ਲਈ ਤਬਾਹੀ ਦੇ ਸੰਕੇਤ ਹੀ ਛਿਪੇ ਹਨ। ਇਸ ਨਾਲ ਅਮਰੀਕਾ ਪ੍ਰਤੀ ਆਲਮੀ ਭਰੋਸਾ ਵੀ ਘਟੇਗਾ। ਬਾਈਡਨ ਨੇ ਆਪਣੇ ਮੁੱਖ ਫ਼ੌਜੀ ਕਮਾਂਡਰ ਦੀ ਸਲਾਹ ਨੂੰ ਵੀ ਦਰਕਿਨਾਰ ਕਰਦਿਆਂ ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜਾਂ ਦੀ ਵਾਪਸੀ ’ਤੇ ਮੋਹਰ ਲਾਈ। ਇਹ ਇਕ ਅਜਿਹੇ ਫ਼ੈਸਲੇ ਦਾ ਪ੍ਰਤੀਕ ਬਣਿਆ, ਜਿਸ ’ਚ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਇਕ ਅੱਤਵਾਦੀ ਮਿਲਸ਼ੀਆ ਹੱਥੋਂ ਹਾਰ ਗਈ। ਤਾਲਿਬਾਨ ਅਫ਼ਗਾਨਿਸਤਾਨ ’ਚੋਂ ਅਮਰੀਕਾ ਨੂੰ ਬੇਦਖ਼ਲ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਕਗਾਰ ’ਤੇ ਹੈ। ਇਸ ਦਾ ਅਸਰ ਅਫ਼ਗਾਨਿਸਤਾਨ ਤੋਂ ਪਰ੍ਹਾਂ ਵੀ ਦਿਸੇਗਾ। ਅਮਰੀਕੀ ਸ਼ਕਤੀ ਦੇ ਪਤਨ ਵੱਲ ਸੰਕੇਤ ਕਰਨ ਵਾਲਾ ਇਹ ਘਟਨਾਕ੍ਰਮ ਆਲਮੀ ਜਿਹਾਦੀ ਮੁਹਿੰਮ ਦਾ ਹੌਸਲਾ ਵਧਾਉਣ ਦਾ ਕੰਮ ਕਰੇਗਾ।ਬਾਈਡਨ ਨੇ ਠੀਕ ਹੀ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ ’ਚ ਰਾਸ਼ਟਰ ਨਿਰਮਾਣ ਲਈ ਨਹੀਂ ਗਿਆ ਸੀ। ਉਹ ਤਾਂ ਅਸਲ ’ਚ 11 ਸਤੰਬਰ 2001 ਨੂੰ ਅਮਰੀਕਾ ’ਚ ਹੋਏ ਜਿਹਾਦੀ ਹਮਲੇ ਦਾ ਬਦਲਾ ਲੈਣ ਲਈ ਹੀ ਉੱਥੇ ਵੜਿਆ ਸੀ। ਇਸ ਦੇਸ਼ ’ਚ ਹਾਈਵੇ, ਹਸਪਤਾਲ, ਬੰਨ੍ਹ ਤੇ ਸੰਸਦ ਬਣਾਉਣ ਦਾ ਜ਼ਿੰਮਾ ਭਾਰਤ ਜਿਹੇ ਦੇਸ਼ਾਂ ਦਾ ਰਹਿ ਗਿਆ। ਭਾਵੇਂ ਹੀ ਅਮਰੀਕੀ ਫ਼ੌਜੀ 31 ਅਗਸਤ ਤਕ ਅਫ਼ਗਾਨਿਸਤਾਨ ਤੋਂ ਵਾਪਸੀ ਕਰਨ ਪਰ ਇਹ ਸਿਲਸਿਲਾ ਤਾਂ ਪਹਿਲੀ ਜੁਲਾਈ ਤੋਂ ਉਦੋਂ ਹੀ ਸ਼ੁਰੂ ਹੋ ਗਿਆ, ਜਦੋਂ ਅਮਰੀਕਾ ਨੇ ਉੱਥੇ ਆਪਣੇ ਆਖ਼ਰੀ ਏਅਰਬੇਸ ਬਗਰਾਮ ’ਚ ਬਿਜਲੀ ਸਪਲਾਈ ਬੰਦ ਕਰ ਕੇ ਰਾਤੋਂ-ਰਾਤ ਆਪਣਾ ਬੋਰੀਆ ਬਿਸਤਰ ਬੰਨ੍ਹ ਲਿਆ। ਇਹ ਏਅਰਬੇਸ ਅਮਰੀਕੀ ਯੁੱਧ ਦਾ ਕੇਂਦਰ ਬਿੰਦੂ ਰਿਹਾ। ਇਸ ਨਾਲ ਸੁਰੱਖਿਆ ਢਾਂਚਾ ਜਰਜਰ ਹਾਲਤ ’ਚ ਹੋ ਗਿਆ। ਅਫ਼ਗਾਨ ਸੁਰੱਖਿਆ ਬਲ ਇੱਥੇ ਪਹੁੰਚ ਕੇ ਸਥਿਤੀ ਆਪਣੇ ਕੰਟਰੋਲ ’ਚ ਲੈਂਦੇ, ਇਸ ਤੋਂ ਪਹਿਲਾਂ ਹੀ ਲੁਟੇਰੇ ਲੁੱਟ-ਖਸੁੱਟ ਕਰ ਕੇ ਚਲੇ ਗਏ। ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਨੇ ਵੀਅਤਨਾਮ ਦੀ ਯਾਦ ਦਿਵਾ ਦਿੱਤੀ ਹੈ। ਅਮਰੀਕਾ ਉਸ ਯੁੱਧ ਨੂੰ ਵੀ ਅੱਧਾ-ਅਧੂਰਾ ਛੱਡ ਕੇ ਭੱਜ ਨਿਕਲਿਆ ਸੀ। ਜਿਵੇਂ ਅਮਰੀਕਾ ਨੇ ਦੱਖਣੀ ਵੀਅਤਨਾਮ ’ਚ ਆਪਣੇ ਸਾਥੀਆਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਸੀ, ਉਸੇ ਤਰ੍ਹਾਂ ਇਹ ਵਾਪਸੀ ਅਫ਼ਗਾਨੀਆਂ ਨੂੰ ਭਿਆਨਕ ਇਸਲਾਮਿਕ ਤਾਕਤਾਂ ਦੀ ਗ਼ੁਲਾਮ ਬਣਾ ਕੇ ਛੱਡ ਦੇਵੇਗੀ।ਬਾਈਡਨ ਨੇ ਅਫ਼ਗਾਨਿਸਤਾਨ ਤੋਂ ਵਾਪਸੀ ਨੂੰ ਵਾਜਬ ਦੱਸਦਿਆਂ ਕਿਹਾ ਕਿ ਆਖ਼ਰ ਅਮਰੀਕਾ ਦੀਆਂ ਕਿੰਨੀਆਂ ਸੰਤਾਨਾਂ ਦੇ ਜੀਵਨ ਨੂੰ ਜੋਖਮ ’ਚ ਪਾਵੋਗੇ? ਉਨ੍ਹਾਂ ਦੀ ਇਹ ਭਰਮਾਊ ਟਿੱਪਣੀ ਤੱਥਾਂ ਨੂੰ ਭਟਕਾ ਰਹੀ ਹੈ। ਪਹਿਲੀ ਜਨਵਰੀ, 2015 ਨੂੰ ਜਦੋਂ ਅਫ਼ਗਾਨਿਸਤਾਨ ’ਚ ਅਮਰੀਕਾ ਦੀ ਫ਼ੌਜੀ ਭੂਮਿਕਾ ਖ਼ਤਮ ਹੋਈ, ਉਦੋਂ ਤੋਂ ਉਸ ਦੀ ਤਪਸ਼ ਅਫ਼ਗਾਨੀ ਸੁਰੱਖਿਆ ਬਲਾਂ ਨੂੰ ਹੀ ਝੱਲਣੀ ਪਈ ਹੈ। ਇਨ੍ਹਾਂ ਸਾਲਾਂ ਦੌਰਾਨ ਅਮਰੀਕਾ ਦੇ 99 ਜਵਾਨ ਮਾਰੇ ਗਏ ਜਦਕਿ ਅਫ਼ਗਾਨ ਸੁਰੱਖਿਆ ਬਲਾਂ ਦੇ 28,000 ਫ਼ੌਜੀਆਂ ਨੂੰ ਆਪਣੀ ਜਾਨ ਗੁਆਉਣੀ ਪਈ।

ਤਾਲਿਬਾਨ ਦੀ ਤਾਕਤ

ਅਮਰੀਕਾ ਦੀ ਆਪਣੇ ਸਭ ਤੋਂ ਲੰਬੇ ਯੁੱਧ ਦੀ ਸਮਾਪਤੀ ਤਾਂ ਤਰਕਮਈ ਹੈ ਪਰ ਇਸ ਕੀਮਤ ’ਤੇ ਨਹੀਂ ਕਿ ਅਜਿਹੇ ਜਿਹਾਦੀ ਸਮੂਹ ਨਾਲ ਸੌਦੇਬਾਜ਼ੀ ਕਰਨੀ ਪਵੇ, ਜਿਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਨੇ ਪੈਦਾ ਕੀਤਾ ਤੇ ਅੱਜ ਵੀ ਉਸ ਦਾ ਪਾਲਣ-ਪੋਸ਼ਣ ਕਰ ਰਹੀ ਹੈ। 1996 ਤੋਂ 2001 ਦਰਮਿਆਨ ਤਾਲਿਬਾਨ ਦਾ ਸ਼ਾਸਨ ਕਰੂਰਤਾ ਦੀਆਂ ਹੱਦਾਂ ਪਾਰ ਕਰਨ ਵਾਲਾ ਰਿਹਾ, ਜਿਸ ਵਿਚ ਇਤਿਹਾਸਕ ਤੇ ਸੱਭਿਆਚਾਰਕ ਪ੍ਰਤੀਕਾਂ ਦੀ ਤਬਾਹੀ ਵੀ ਸ਼ਾਮਲ ਸੀ। ਉਸ ਨੇ 1975-79 ਦੌਰਾਨ ਕੰਬੋਡੀਆ ’ਚ ਚੀਨ ਸਮਰਥਿਤ ਕਮਿਊਨਿਸਟ ਸ਼ਾਸਨ ਦੀ ਭਿਆਨਕਤਾ ਦੀ ਹੀ ਯਾਦ ਦਿਵਾਈ। ਪਿਛਲੇ ਸਾਲ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਾਲਿਬਾਨ ਨਾਲ ਕੀਤਾ ਗਿਆ ਸਮਝੌਤਾ ਅਤੇ ਹੁਣ ਬਾਈਡਨ ਵੱਲੋਂ ਇਸ ’ਤੇ ਅਮਲ ਇਕ ਇਤਿਹਾਸਕ ਗ਼ਲਤੀ ਵਜੋਂ ਗਿਣਿਆ ਜਾਵੇਗਾ। ਅਮਰੀਕਾ ਦੁਨੀਆ ਦੇ ਸਭ ਤੋਂ ਖ਼ਤਰਨਾਕ ਜਿਹਾਦੀਆਂ ਨਾਲ ਸਮਝੌਤਾ ਕੀਤੇ ਬਗ਼ੈਰ ਤੇ ਅਫ਼ਗਾਨਿਸਤਾਨ ਦੀ ਖੇਤਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਏ ਬਿਨਾਂ ਵੀ ਅਫ਼ਗਾਨਿਸਤਾਨ ’ਚੋਂ ਵਿਦਾਈ ਲੈ ਸਕਦਾ ਸੀ। ਬਾਈਡਨ ਨੇ ਟਰੰਪ ਦੇ ਤਮਾਮ ਫ਼ੈਸਲਿਆਂ ਨੂੰ ਪਲਟਣ ’ਚ ਜ਼ਰਾ ਵੀ ਦੇਰੀ ਨਹੀਂ ਕੀਤੀ ਪਰ ਅਫ਼ਗਾਨਿਸਤਾਨ ਦੇ ਮਾਮਲੇ ’ਚ ਉਨ੍ਹਾਂ ਨੇ ਟਰੰਪ ਦਾ ਰੁਖ਼ ਹੀ ਅਖ਼ਤਿਆਰ ਕੀਤਾ। ਇਸ ਤੋਂ ਵੀ ਬਦਤਰ ਗੱਲ ਇਹ ਹੈ ਕਿ ਬਾਈਡਨ ਦੀ ਜਲਦਬਾਜ਼ੀ ਨੇ ਜ਼ਮੀਨੀ ਹਾਲਾਤ ਤੇਜ਼ੀ ਨਾਲ ਬਦਲ ਕੇ ਹਾਰ ਦਾ ਦੁਆਰ ਖੋਲ੍ਹ ਦਿੱਤਾ ਹੈ। ਅਫ਼ਗਾਨਿਸਤਾਨ ’ਚ ਬਦਲਦੀਆਂ ਸਥਿਤੀਆਂ ਦੇ ਡੂੰਘੇ ਅਰਥ ਹਨ। ਇਸ ਨਾਲ ਉੱਥੇ ਭਾਰਤ ਖ਼ਿਲਾਫ਼ ਨਵਾਂ ਅੱਤਵਾਦੀ ਮੋਰਚਾ ਖੜ੍ਹਾ ਹੋ ਸਕਦਾ ਹੈ, ਜਿਸ ਨਾਲ ਭਾਰਤ ਦਾ ਧਿਆਨ ਚੀਨ ਤੋਂ ਭਟਕ ਸਕਦਾ ਹੈ, ਜੋ ਉਸ ਨੂੰ ਸਰਹੱਦ ’ਤੇ ਪਰੇਸ਼ਾਨ ਕਰ ਰਿਹਾ ਹੈ। ਇਹ ਖ਼ਦਸ਼ਾ ਵੀ ਹੈ ਕਿ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਅਫ਼ਗਾਨਿਸਤਾਨ ਦੀ ਧਰਤੀ ਤੋਂ ਭਾਰਤ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਵਧਾ ਸਕਦੀਆਂ ਹਨ।

ਅਮਰੀਕੀ ਫ਼ੌਜ ਦੀ ਇਕ ਛੋਟੀ ਟੁਕੜੀ ਦਾ ਅਫ਼ਗਾਨਿਸਤਾਨ ’ਚ ਤਾਇਨਾਤ ਰਹਿਣਾ ਉੱਚਿਤ ਹੁੰਦਾ। ਇਸ ਨਾਲ ਨਾ ਸਿਰਫ਼ ਅਫ਼ਗਾਨ ਸੁਰੱਖਿਆ ਬਲਾਂ ਲਈ ਮਦਦ ਦਾ ਢਾਂਚਾ ਮੌਜੂਦ ਰਹਿੰਦਾ ਸਗੋਂ ਸੁਰੱਖਿਆ ਦਾ ਢਾਂਚਾ ਅਚਾਨਕ ਢਹਿਣ ਦਾ ਜੋਖਮ ਵੀ ਘੱਟ ਹੋ ਜਾਂਦਾ। ਨਾਲ ਹੀ ਜਿਹਾਦੀਆਂ ਦੀਆਂ ਐਸ਼ਗਾਹਾਂ ਦੇ ਫਿਰ ਤੋਂ ਉੱਭਰਨ ’ਤੇ ਵੀ ਰੋਕ ਲੱਗਦੀ। ਬਾਈਡਨ ਇਸ ਦੀ ਬਜਾਏ ਉਸ ਸਮਝੌਤੇ ’ਤੇ ਅਮਲ ’ਚ ਅੱਗੇ ਵਧ ਗਏ, ਜਿਸ ਦੀ ਤਾਲਿਬਾਨ ਪਹਿਲਾਂ ਤੋਂ ਹੀ ਉਲੰਘਣਾ ਕਰ ਰਿਹਾ ਹੈ। 25 ਜੂਨ ਨੂੰ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਕਹਿ ਚੁੱਕੇ ਹਨ ਕਿ ਅਫ਼ਗਾਨਿਸਤਾਨ ਦਾ ਭਵਿੱਖ ਹੁਣ ਖ਼ੁਦ ਉਸ ਦੇ ਹੱਥਾਂ ’ਚ ਹੈ। ਅਸਲ ’ਚ ਤਾਲਿਬਾਨ ਦੇ ਅੱਗੇ ਅਮਰੀਕਾ ਦੇ ਸਮਰਪਣ ਨੇ ਅਫ਼ਗਾਨਿਸਤਾਨ ’ਚ ਸ਼ਾਂਤੀ ਸਥਾਪਨਾ ਨੂੰ ਕਮਜ਼ੋਰ ਕਰਨ ਦੇ ਨਾਲ ਹੀ ਦੱਖਣੀ ਏਸ਼ੀਆ ’ਚ ਅਸਥਿਰਤਾ ਦਾ ਖ਼ਤਰਾ ਵਧਾ ਦਿੱਤਾ ਹੈ। ਜਿਵੇਂ ਕਿ ਗਨੀ ਨੇ ਕਿਹਾ, ‘ਹੁਣ ਅਮਰੀਕਾ ਦੀ ਭੂਮਿਕਾ ਘੱਟ ਹੋ ਗਈ ਹੈ ਤੇ ਸ਼ਾਂਤੀ ਜਾਂ ਅਸ਼ਾਂਤੀ ਦਾ ਸਵਾਲ ਪਾਕਿਸਤਾਨ ’ਤੇ ਨਿਰਭਰ ਕਰਦਾ ਹੈ।’ਬਾਈਡਨ ਦੇ ਕਦਮ ਪਿੱਛੇ ਖਿੱਚਣ ਨਾਲ ਚੀਨ ਨੂੰ ਆਪਣੇ ਪਿੱਠੂ ਪਾਕਿਸਤਾਨ ਜ਼ਰੀਏ ਅਫ਼ਗਾਨਿਸਤਾਨ ’ਚ ਦਬਦਬਾ ਵਧਾਉਣ ਦਾ ਮੌਕਾ ਮਿਲੇਗਾ। ਅਫ਼ਗਾਨਿਸਤਾਨ ਦੇ ਕੁਦਰਤੀ ਵਸੀਲਿਆਂ ਤਕ ਪਹੁੰਚ ਤੇ ਬੈਲਟ ਐਂਡ ਰੋਡ ਪ੍ਰਾਜੈਕਟ ’ਚ ਉਸ ਨੂੰ ਈਰਾਨ ਤੇ ਪਾਕਿਸਤਾਨ ’ਚ ਪੁਲ ਬਣਾਉਣ ਲਈ ਚੀਨ ਤਾਲਿਬਾਨ ਨੂੰ ਉਹ ਦੋ ਪੇਸ਼ਕਸ਼ਾਂ ਕਰੇਗਾ, ਜਿਸ ਦੀ ਇਸ ਸਮੂਹ ਨੂੰ ਸ਼ਿੱਦਤ ਨਾਲ ਜ਼ਰੂਰਤ ਹੈ। ਪਹਿਲੀ ਆਲਮੀ ਮਾਨਤਾ ਤੇ ਦੂਜੀ ਆਰਥਿਕ ਮਦਦ। ਤਾਲਿਬਾਨ ਨੂੰ ਰੂਸ ਤੋਂ ਵੀ ਮਾਨਤਾ ਮਿਲਣ ਦੀ ਉਮੀਦ ਹੈ। ਇਸ ਸੂਰਤ ’ਚ ਤਾਲਿਬਾਨ ਖ਼ੁਦ ’ਚ ਸੁਧਾਰ ਕਰਨ ਦੀ ਬਜਾਏ ਆਪਣੇ ਮੱਧਕਾਲੀਨ ਤੌਰ-ਤਰੀਕਿਆਂ ਨੂੰ ਹੀ ਹੋਰ ਸਖ਼ਤੀ ਨਾਲ ਲਾਗੂ ਕਰੇਗਾ। ਤਾਲਿਬਾਨ ਵਿਆਪਕ ਆਲਮੀ ਜਿਹਾਦੀ ਮੁਹਿੰਮ ਦਾ ਹੀ ਇਕ ਹਿੱਸਾ ਹੈ। ਇਸ ਲਈ ਅਮਰੀਕਾ ਨੂੰ ਅਫ਼ਗਾਨਿਸਤਾਨ ’ਚੋਂ ਬਾਹਰ ਖਦੇੜਨ ਦੇ ਉਸ ਦੇ ਪੂਰੇ ਹੁੰਦੇ ਸੁਪਨੇ ਨਾਲ ਦੁਨੀਆ ਭਰ ’ਚ ਜਿਹਾਦੀ ਹਿੰਸਾ  ਨੂੰ ਨਵੀਂ ਤਾਕਤ ਮਿਲੇਗੀ। ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਰਾਬਰਟ ਗੇਟਸ ਨੇ 2014 ’ਚ ਲਿਖਿਆ ਸੀ ਕਿ ਪਿਛਲੇ ਚਾਰ ਦਹਾਕਿਆਂ ਦੌਰਾਨ ਵਿਦੇਸ਼ ਨੀਤੀ ਤੇ ਕੌਮੀ ਸੁਰੱਖਿਆ ਦੇ ਵੱਡੇ ਮਸਲਿਆਂ ’ਤੇ ਬਾਈਡਨ ਦਾ ਰੁਖ਼ ਗ਼ਲਤ ਰਿਹਾ ਹੈ। ਹੁਣ ਅਫ਼ਗਾਨਿਸਤਾਨ ’ਚ ਆਕਾਰ ਲੈਂਦੀ ਤਰਾਸਦੀ ਦੇ ਰੂਪ ’ਚ ਬਾਈਡਨ ਨੂੰ ਲੈ ਕੇ ਕੀਤੀ ਗਈ ਗੇਟਸ ਦੀ ਇਸ ਤਲਖ਼ ਟਿੱਪਣੀ ਦੀ ਪੁਸ਼ਟੀ ਹੁੰਦੀ ਦਿਸ ਰਹੀ ਹੈ।

-ਬ੍ਰਹਮ ਚੇਲਾਨੀ

(ਲੇਖਕ ਆਲਮੀ ਮਸਲਿਆਂ ਦਾ ਵਿਸ਼ਲੇਸ਼ਣਕਾਰ ਹੈ।)