ਗੁਨੀ ਪ੍ਰਸ਼ਾਦ ਬੋਲਿਆ ਕਿਸਾਨ ਆਗੂ ਚੜੂਨੀ ਦੀ ਪੱਗ ਤੇ ਦਾੜੀ ਬੇਅਦਬ ਕਰਾਂਗਾ

ਗੁਨੀ ਪ੍ਰਸ਼ਾਦ ਬੋਲਿਆ ਕਿਸਾਨ ਆਗੂ ਚੜੂਨੀ ਦੀ ਪੱਗ ਤੇ ਦਾੜੀ ਬੇਅਦਬ ਕਰਾਂਗਾ

*ਭਾਜਪਾ ਆਗੂ ਗੁਨੀ ਖ਼ਿਲਾਫ਼ ਕੇਸ ਦਰਜ ਕਰਵਾਏਗੀ ਦਿੱਲੀ ਕਮੇਟੀ

*ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਦਿੱਤੇ ਬਿਆਨ ਦੀ ਸਿਰਸਾ ਵੱਲੋਂ ਨਿਖੇਧੀ

*ਸਿੱਖ ਕੌਮ ’ਤੇ ਬੇਤੁਕੀ ਟਿੱਪਣੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਜਰਾਨਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ:ਭਾਜਪਾ ਆਗੂ ਗੁਨੀ ਪ੍ਰਸ਼ਾਦ ਜੋ ਆਪਣੇ ਆਪ ਨੂੰ ਕਿਸਾਨ ਆਗੂ ਸਦਵਾਉਂਦਾ ਹੈ ,ਉਹ ਕਿਸਾਨ ਆਗੂ ਗੁਰਨਾਮ ਸਿੰਘ ਦੀਆਂ ਕਿਸਾਨ ਦੇ ਹਕ ਵਿਚ ਸਰਗਰਮੀਆਂ ਤੋਂ ਔਖਾ ਹੈ।ਉਸਨੇ ਫਿਰਕੂ ਤੇ ਨਸਲੀ ਬਿਆਨ ਦਿੰਦਿਆਂ ਕਿਹਾ ਕਿ ਉਹ  ਕਿਸਾਨ ਆਗੂ ਚੜੂਨੀ ਦੀ ਪੱਗ ਤੇ ਦਾੜੀ ਬੇਅਦਬ ਕਰੇਗਾ।ਚੜੂਨੀ ਅੰਮਿ੍ਤਧਾਰੀ ਸਿੰਘ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਤੀਕਰਮ ਵਜੋਂ ਕਿਹਾ ਹੈ ਕਿ ਫਿਰਕੂਵਾਦੀ ਸੋਚ ਦੇ ਮਾਲਕ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਕਮੇਟੀ ਉਸ ਖ਼ਿਲਾਫ਼ ਕੇਸ ਦਰਜ ਕਰਵਾਏਗੀ। ਸਿਰਸਾ ਨੇ ਕਿਹਾ, "ਉਸ ਨੂੰ ਜੇਲ੍ਹ ਵੀ ਛੱਡ ਕੇ ਆਵਾਂਗੇ ਤੇ ਐਸਾ ਸਬਕ ਸਿਖਾਵਾਂਗੇ ਕਿ ਉਸਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ।" ਉਨ੍ਹਾਂ ਕਿਹਾ ਕਿ ਇਹ ਨਸਲੀ ਟਿੱਪਣੀ ਅਚਾਨਕ ਹੀ ਨਹੀਂ ਕੀਤੀ ਗਈ ਬਲਕਿ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਅਜਿਹਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਸ ਬਿਆਨ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ।  ਸਿਰਸਾ ਨੇ ਕਿਹਾ ਕਿ ਇਹ ਬਿਆਨ ਹਿੰਦੂ ਤੇ ਸਿੱਖਾਂ ਅੰਦਰ ਪਾੜਾ ਪਾਉਣ ਦੇ ਮਨਸ਼ੇ ਨਾਲ ਉਸੇ ਤਰੀਕੇ ਦਿੱਤਾ ਗਿਆ ਹੈ ਜਿਵੇਂ ਕਿ 26 ਜਨਵਰੀ ਦੇ ਸੰਘਰਸ਼ ਨੂੰ ਸਰਕਾਰ ਨੇ ਸਿਰਫ ਸਿੱਖਾਂ ਦਾ ਸੰਘਰਸ਼ ਦੱਸ ਕੇ ਸਿੱਖਾਂ ਦੀ ਦੁਨੀਆਂ ਭਰ ਵਿਚ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਬੇਤੁਕੀ ਟਿੱਪਣੀ ਨੂੰ ਲੈ ਕੇ ਸਿੱਖਾਂ ਵਿਚ ਨਾਰਾਜ਼ਗੀ ਹੈ, ਜਿਸ ਦੇ ਰੋਸ ਵਜੋਂ  ਇੱਥੇ ਸਿੱਖ ਸੰਗਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਇਕੱਠੀ ਹੋਈ। ਸਿੱਖ ਪਰਿਵਾਰ ਹਰਿਆਣਾ ਦੇ ਸੂਬਾਈ ਪ੍ਰਧਾਨ ਕਵਲਜੀਤ ਸਿੰਘ ਅਜਰਾਨਾ ਦੀ ਅਗਵਾਈ ਵਿੱਚ ਵਿਰੋਧ ਕਰਦੇ ਹੋਏ ਮਿੰਨੀ ਸਕੱਤਰੇਤ ਪਹੁੰਚੇ ਅਤੇ ਡੀਡੀਪੀਓ ਪ੍ਰਤਾਪ ਸਿੰਘ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਉਪਰੰਤ ਸਿੱਖ ਸੰਗਤ ਐੱਸ.ਪੀ. ਦਫ਼ਤਰ ਪਹੁੰਚੀ ਅਤੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਡੀਐੱਸਪੀ ਸੁਭਾਸ਼ ਚੰਦ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ, ਸਕੱਤਰ ਜਨਰਲ ਸੁਖਬੀਰ ਸਿੰਘ ਮਾਂਡੀ, ਕੋਰ ਕਮੇਟੀ ਮੈਂਬਰ ਅਮਰਜੀਤ ਸਿੰਘ ਮੋਹੜੀ, ਹਰਕੇਸ਼ ਸਿੰਘ ਮੋਹੜੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰਪਾਲ ਸਿੰਘ ਲਾਡਵਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਕਵਲਜੀਤ ਸਿੰਘ ਅਜਰਾਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਕੌਮ ’ਤੇ ਬੇਤੁਕੀ ਟਿੱਪਣੀਆਂ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼, ਪ੍ਰਵੀਨ ਮਥਾਣਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿੱਖਾਂ ’ਤੇ ਬੇਤੁਕੀ ਟਿੱਪਣੀਆਂ ਕਰਨ ਦਾ ਮਾਮਲਾ ਇਹ ਪਹਿਲਾ ਨਹੀਂ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ, ਪਰ ਹੁਣ ਇਨ੍ਹਾਂ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਰਾਨਾ ਨੇ ਸਿੱਖ ਸੰਗਤ ਵਲੋਂ 28 ਜੁਲਾਈ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਗੁਨੀ ਪ੍ਰਕਾਸ਼, ਪ੍ਰਵੀਨ ਮਥਾਣਾ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਸਿੱਖ ਸੰਗਤ ਇੱਕ ਮਹਾ ਪੰਚਾਇਤ ਕਰ ਕੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਦੌਰਾਨ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮੁਸੀਬਤ ਦੀ ਸਥਿਤੀ ਵਿੱਚ ਇਕੱਠੇ ਹੋਣ ਅਤੇ ਆਪਣੇ ਹੱਕਾਂ ਲਈ ਲੜਨ ਵਾਸਤੇ ਤਿਆਰ ਰਹਿਣ।   ਡਾ ਮੰਨਣਾ ਹੈ ਕਿ ਇਸ ਬਾਰੇ ਜਥੇਦਾਰ ਅਕਾਲ ਤਖਤ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿਉਂ ਕਿ ਇਹ ਫਿਰਕੂ ਤੇ ਸ਼ਰਾਰਤੀ ਕਾਰਵਾਈ ਹੈ ਤੇ ਪੂਰੇ ਪੰਥ ਨੂੰ ਚੈਲਿੰਜ ਹੈ।