ਸੱਚ ਨਾਮੁ ਦੇਖਣ ਵੀਚਾਰ

ਸੱਚ ਨਾਮੁ ਦੇਖਣ ਵੀਚਾਰ

ਸਰੀਰ ਕਰਕੇ ਕਈ ਵਾਰ ਵੱਸ ਨਹੀਂ ਹੁੰਦਾ ਪਰ ਮਨ ਕਰਕੇ ਦੁਖੀ ਹੋਈ ਜਾਣਾ ਨਾ-ਸਮਝੀ ਹੈ    

ਮੈਂ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਸਾਨੂੰ ਬੱਸ ਲੈਣੀ ਪੈਂਦੀ ਹੈ ਵਾਪਸ ਕਾਰ ਚੁੱਕਣ ਲਈ ਜਿੱਥੋਂ ਕੰਮ ਸ਼ੁਰੂ ਕੀਤਾ ਹੁੰਦਾ ਤੇ ਬੱਸ ਚੱਲਣ ਚ ਹਾਲੇ  ਪੰਜ ਮਿੰਟ ਪਏ ਸੀ । ਸਾਰੇ ਚੁੱਪ-ਚਾਪ ਬੈਠੇ ਸੀ ਤੇ ਮੈਨੂੰ ਇਕ ਗੋਰੇ ਨੇ ਸਵਾਲ ਕੀਤਾ ਕਿ ਤੇਰੀ ਦਾੜ੍ਹੀ ਬੜੀ ਲੰਮੀ ਹੈ ( ਮਤਲਬ ਤੂੰ ਸ਼ੇਵ ਕਿਉਂ ਨੀ ਕਰਦਾ ? ) ਮੈਂ ਉੱਥੇ ਇਕ ਹੋਰ ਗੋਰਾ ਬੈਠਾ ਸੀ ਜਿਸ ਦੀ ਦਾੜ੍ਹੀ ਮੇਰੇ ਤੋਂ ਵੀ ਲੰਮੀ ਸੀ ਮੈਂ ਕਿਹਾ ਉਸ ਮਨੁੱਖ ਦੀ ਦਾੜ੍ਹੀ ਦੇਖ ਕਿੰਨੀ ਲੰਮੀ ਹੈ । ਉਹਨੇ ਫੇਰ ਦੂਜਾ ਸਵਾਲ ਕੀਤਾ ਕਿ ਤੇਰੇ ਸਿਰ ਦੇ ਵਾਲ ਕਿੰਨੇ ਲੰਮੇ ਨੇ । ਮਤਲਬ ਉਹੀ ਕਿ ਕੱਟਦਾ ਕਿਉਂ ਨਹੀਂ ? ਮੈਂ ਕਿਹਾ ਕਿ ਔਹ ਦੇਖ ਗੋਰੀ ਔਰਤ ਉਹਦੇ ਕਿੰਨੇ ਲੰਮੇ ਵਾਲ ਨੇ । ਫੇਰ ਮੈਂ ਉਹਨੂੰ ਪੁੱਛਿਆ ਕਿ ਤੂੰ ਦੋ ਸਵਾਲ ਕਰ ਚੁੱਕਾਂ ਤੇ ਹੁਣ ਮੈਂ ਸਵਾਲ ਕਰਾਂ ?   ਉਹ ਕਹਿੰਦਾ ਕਰ । ਮੈਂ ਪੁਛਿਆ ਕਿ ਜਿਸ ਦਿਨ ਤੇਰਾ ਜਨਮ ਹੋਇਆ ਸੀ ਉਸ ਦਿਨ ਤੇਰੇ ਕੋਲ ਕੀ ਚੋਣ ਸੀ ਕਿ ਤੂੰ ਮੁੰਡਾ ਜੰਮਣਾ ਕਿ ਕੁੜੀ ? ਗੋਰਾ ਜੰਮਣਾ ਕਿ ਕਾਲ੍ਹਾ ? ਕਿੱਥੇ ਜੰਮਣਾ ਕਿਹਦੇ ਘਰ ਜੰਮਣਾ ? ਤੇਰੇ ਨੈਣ ਨਕਸ਼ ਤੇ ਹੋਰ ਤੇਰੇ ਕੋਲ ਕਿਹੜੀ ਆਪਣੀ ਚੋਣ ਸੀ ਜੋ ਤੂੰ ਚੁਣ ਸਕਦਾ ? ਉਹ ਕਹਿੰਦਾ ਇਕ ਵੀ ਨਹੀਂ । ਮੈਂ ਕਿਹਾ ਫੇਰ ਤੇਰੇ ਸਵਾਲ ਕੀਤੇ ਬੇਫਜੂਲ ਨੇ । ਮੈਂ ਵੀ ਆਪਣੇ ਸਰੀਰ ਨੂੰ ਡਿਜ਼ਾਈਨ ਨਹੀਂ ਕੀਤਾ ਤੇ ਨ ਬਣਾਇਆ । ਇਹ ਸਵਾਲ ਉਹਨੂੰ ਕਰ ਕਿ ਮਰਦ ਦੇ ਦਾੜ੍ਹੀ ਕਿਉਂ ਲਾਈ ਤੇ ਸਿਰ ਤੇ ਇੰਨੇ ਲੰਮੇ ਵਾਲ ਔਰਤ ਮਰਦ ਦੇ ਕਿਉਂ ਲਾਏ ? ਉਹ ਉਠ ਕੇ ਮੇਰੇ ਪੈਰੀਂ ਪੈ ਗਿਆ । 
  ਸਵਾਲ ਸਿਰਫ ਕੇਸਾਂ ਦਾ ਹੀ ਨਹੀਂ  । ਸਾਡੇ ਮਾਂ ਬਾਪ ਕੌਣ ਹੋਣਗੇ ਉਂਨਾਂ ਦੀ ਕਿੰਨੀ ਉਮਰ ਹੋਵੇਗੀ ਜਦੋਂ ਅਸੀਂ ਪੈਦਾ ਹੋਵਾਂਗੇ 
  ਉਹ ਕਿਹੋ ਜਹੇ ਕਿੰਨੇ ਕੁ ਪੜੇ ਲਿਖੇ ? ਅਮੀਰ ਗਰੀਬ ? ਸਾਡੇ ਕੌਣ ਭੈਣ ਭਰਾ ਚਾਹੇ ਪਹਿਲਾਂ ਜੰਮੇ ਹੋਏ ਜਾਂ ਜੋ ਬਾਅਦ ਚ ਆਉਣੇ ਨੇ ? ਉਹ ਕੌਣ ਨੇ ? ਕਿੱਥੋਂ ਆਏ ਉਹ ਸਾਰੇ ? ਸਾਡਾ ਉਂਨਾਂ ਨਾਲ ਕੀ ਰਿਸ਼ਤਾ ਸੀ ? ਇਹ ਸਾਰਾ ਕੁਝ ਇਸ ਧਰਤੀ ਦੀ ਦੇਣ ਹੈ ਤੇ ਇਹਦਾ ਸੰਬੰਧ ਉਂਨਾਂ ਚਿਰ ਹੀ ਹੈ ਜਿੰਨਾ ਚਿਰ ਅਸੀਂ ਜੀਉਦੇ ਹਾਂ ਇਹ ਦੁੱਖ ਇਹ ਸੁੱਖ ਇਹ ਰਿਸ਼ਤੇ ਇਹ ਸਾਰਾ ਬ੍ਰਹਿਮੰਡ ਸਾਡੀ ਸੋਚ ਵਿੱਚ ਹੈ । ਜੋ ਚਿਤਵਦੇ ਹਾਂ ਉਹੀ ਦਿਸਦਾ ਹੈ । ਸੁੱਤੇ ਪਿਆਂ ਦਾ ਨ ਕੋਈ ਮਿੱਤਰ ਹੁੰਦਾ ਨਾਂ ਦੁਸ਼ਮਣ । ਇਹ ਜਦੋਂ ਸੋਚ ਬਣਦੀ ਹੈ ਸੁਰਤ ਜਾਗਦੀ ਹੈ ਇਹ ਪਸਾਰਾ ਫੇਰ ਦਿੱਸਣ ਲੱਗ ਜਾਂਦਾ ਤੇ ਅਸੀਂ ਇਉਂ ਹਰ ਰੋਜ ਮਰਦੇ ਜੰਮਦੇ ਹਾਂ ਤੇ ਜਿੱਥੇ ਜ਼ਿੰਦਗੀ ਛੱਡੀ ਹੁੰਦੀ ਹੈ ਉੱਥੋਂ ਹੀ ਫੇਰ ਤੋਰ ਲੈਂਦੇ ਹਾਂ   ਪਰ ਕੁਝ ਉਹ ਇੰਨਸਾਨ ਨੇ ਜੋ ਸਿਰਫ ਹੁਣ ਵਿੱਚ ਜੀਉਂਦੇ ਨੇ ਨਾਂ ਭਵਿੱਖ ਵਿੱਚ ਨ ਭੂਤ ਵਿੱਚ । ਜੇ ਅਸੀਂ ਭੂਤ ਵਿੱਚ ਵਿਚਰਾਂਗੇ ਤਾਂ ਦੁਖੀ ਹੋਵਾਂਗੇ ਤੇ ਜੇ ਭਵਿੱਖ ਵਿੱਚ ਜੀਵਾਂਗੇ ਤਾਂ ਚਿੰਤਾ ਫਿਕਰ ਆ ਚਿੰਬੜੇਗੀ । ਜੇ ਅਸੀਂ ਇਸ ਦੁਨੀਆਂ ਤੇ ਨ ਹੋਈਏ ਪਰ ਦੂਰ ਖੜੇ ਦੇਖਦੇ ਹੋਈਏ ਤਾਂ ਇਹ ਸੰਸਾਰ ਇਵੇ ਹੀ ਚੱਲਦਾ ਦਿਸੇਗਾ ਪਰ ਅਸੀਂ ਨ ਦੁਖੀ ਨ ਸੁਖੀ ਹੋਵਾਂਗੇ । ਜੇ ਹੋਏ ਵੀ ਤਾਂ ਥੋੜ੍ਹੇ ਚਿਰ ਲਈ ਜਿਵੇਂ ਕੋਈ ਫ਼ਿਲਮ ਦੇਖਦੇ ਸਮੇ ਕਦੀ ਰੋਂਦੇ ਹਾਂ ਤੇ ਕਦੀ ਹੱਸਦੇ ਹਾਂ । ਇੱਥੇ ਕੁਝ ਵੀ ਸਦੀਵੀ ਨਹੀਂ । ਨ ਦੁੱਖ ਨ ਸੁੱਖ   ਕਦੀ ਕਦੀ ਜਦੋਂ ਸਾਨੂੰ ਕੋਈ ਦੁੱਖ ਆ ਲਗਦਾ ਚਾਹੇ ਉਹ ਕਿਸੇ ਜੀਅ ਨੂੰ ਬੀਮਾਰੀ ਲੱਗ ਜਾਵੇ ਵਿਛੋੜਾ ਪੈ ਜਾਵੇ ਜਾਂ ਮੌਤ ਹੋ ਜਾਵੇ ਤਾਂ ਮਨ ਉਸੇ ਪਲ ਨੂੰ ਫੜ ਕੇ ਬਹਿ ਜਾਂਦਾ ਤੇ ਅਸੀਂ ਮੁੜ ਮੁੜ ਉਸੇ ਵਿੱਚ ਡਿਗੀ ਜਾਂਦੇ ਹਾਂ ਤੇ ਮੁੜ ਮੁੜ ਦੁਖੀ ਹੁੰਦੇ ਰਹਿੰਦੇ ਹਾਂ   ਸਾਨੂੰ ਖ਼ੁਦ ਦਾ ਜੀਉਂਣਾ ਭੁੱਲ ਜਾਂਦਾ । ਲੋੜ ਹੈ ਆਪਣੇ ਅੰਦਰ ਉਹ ਦੇਖਣ ਦੀ ਜੋ ਤੁਹਾਡੇ ਕੋਲ ਹੈ । ਜੋ ਗੁਆਚ ਗਿਆ ਉਹ ਮੁੜ ਨਹੀਂ ਆਉਣਾ । ਜੋ ਕੱਲ ਬੀਤ ਗਿਆ ਜੇ ਉਹਨੂੰ ਰੋਂਦੇ ਰਹੇ ਤਾਂ ਅੱਜ ਵੀ ਗੁਆਚ ਜਾਣਾ । ਕੋਸ਼ਿਸ਼ ਕਰੋ ਆਪਣੀ ਸੋਚ ਨੂੰ ਕਿਸੇ ਖੁਸ਼ੀ ਦੇ ਖਿਆਲ ਨਾਲ ਜੋੜੋ । ਤੇ ਵਾਰ ਵਾਰ ਆਪਣੇ ਅੰਦਰ ਦੇਖਦੇ ਰਹੋ ਕਿ ਤੁਹਾਡੀ ਸੁਰਤੀ ਇੱਕੋ ਖਿਆਲ ਵਿੱਚ ਨ ਫਸੀ ਰਹੇ   ਨਹੀਂ ਉਹ ਬਹੁਤ ਦੁੱਖੀ ਕਰੇਗੀ । ਲੋੜ ਹੈ ਇਕ ਜ਼ਰੂਰੀ ਨੁਕਤਾ ਸਮਝਣ ਦੀ ਕਿ ਦਰਦ ਹਰ ਮਨੁੱਖ ਨੂੰ ਹੁੰਦਾ ਤੇ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਮਾਲ ਦਾ ਸ਼ਬਦ ਉਚਾਰਿਆ ਕਿ ਦੁਨੀਆਂ ਦੇ ਮਹਾਨ ਲੋਕ ਪੀਰ ਪੈਕੰਬਰ ਵੀ ਦੁਖੀ ਹੋਏ ਸੀ ।ਪਰ ਵਾਰ ਵਾਰ ਉਸੇ ਦੁੱਖ ਨੂੰ ਯਾਦ ਕਰਨ ਵਾਲਾ ਇਕ ਵਾਰ ਨਹੀਂ ਹਜ਼ਾਰਾਂ ਵਾਰ ਦੁੱਖੀ ਹੁੰਦਾ । 
Pain and suffering ਦੋ ਵਖਰੀਆਂ ਗੱਲਾਂ ਨੇ
Pain ਸਰੀਰ ਕਰਕੇ ਹੈ ਤੇ suffering ਮਨ ਕਰਕੇ ਹੈ
ਸਰੀਰ ਕਰਕੇ ਕਈ ਵਾਰ ਵੱਸ ਨਹੀਂ ਹੁੰਦਾ ਪਰ ਮਨ ਕਰਕੇ ਦੁਖੀ ਹੋਈ ਜਾਣਾ ਨਾ-ਸਮਝੀ ਹੈ 
   ਸਲੋਕੁ ਮ ੧॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉੁਰੂ ਵਾਇ ॥
ਰੋਵਹਿ ਪਾਂਡਵ ਭਏ ਮਜੂਰ ॥
ਜਿਨ ਕੈ ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ ਖੁਇ ਗਇਆ ॥
ਏਕੀ ਕਾਰਣਿ ਪਾਪੀ ਭਇਆ ॥
ਰੋਵਹਿ ਸੇਖ ਮਸਾਇਕ ਪੀਰ ॥
ਅੰਤਿ ਕਾਲਿ ਮਤੁ ਲਾਗੈ ਭੀੜ ॥
ਰੋਵਹਿ ਰਾਜੇ ਕੰਨ ਪੜਾਇ ॥
ਘਰਿ ਘਰਿ ਮਾਗਹਿ ਭੀਖਿਆ ਜਾਇ ॥
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ ਗਿਆਨੁ ਗਵਾਇ ॥
ਬਾਲੀ ਰੋਵੈ ਨਾਹਿ ਭਤਾਰੁ ॥
ਨਾਨਕ ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉੁ ਸੋਈ ਜਿਣਿ ਜਾਇ ॥
ਅਉੁਰੀ ਕਰਮ ਨ ਲੇਖੈ ਲਾਇ ॥੧॥

ਇਸ ਸ਼ਬਦ ਦੀਆਂ ਮਗਰਲੀਆਂ ਦੋ ਪੰਕਤੀਆਂ ਸਮਝਣ ਤੇ ਫੜ ਕੇ ਰੱਖਣ ਵਾਲ਼ੀਆਂ ਨੇ ਕਿ ਦੁੱਖ ਤਾਂ ਆਉਣਗੇ ਹੀ ਆਉਣਗੇ ਪਰ ਜੋ ਮਨ ਚ ਪਿਆਰ ਭਰ ਲੈਂਦੇ ਨੇ ਉਹ ਇਸ ਦੁੱਖ ਨੂੰ ਜਿੱਤ ਲੈਂਦੇ ਨੇਬਿਨਾ ਰੱਬੀ ਇਲਾਹੀ ਪਿਆਰ ਦੇ ਇਹ ਦੁੱਖ ਹਰ ਗੱਲ ਹਰ ਵਿਚਾਰ ਨੂੰ ਟਿੱਚ ਜਾਣਦੇ ਨੇ ਮਤਲਬ ਇਹ ਮਨ ਦੇ ਦੁੱਖ ਬਿਨਾ ਗੁਰੂ ਬਿਨਾ ਰੱਬੀ ਬਿਨਾ ਪਿਆਰ ਦੇ ਨਹੀਂ ਮਿਟਦੇ ਤੇ  ਇਹ ਸਾਰਾ ਦੁੱਖ ਸਾਨੂੰ ਇੱਥੇ ਮਿਲਿਆ ਤੇ ਹਰ ਇਕ ਨਾਲ ਉਂਨਾਂ ਚਿਰ ਸੰਬੰਧ ਹੈ ਜਿੰਨਾ ਚਿਰ ਸਾਹ ਚੱਲਦੇ ਨੇ । ਇੱਥੇ ਹਰ ਕੋਈ ਆਪ ਦੀ ਜੀਣ ਆਇਆ ਤੇ ਤੁਸੀਂ ਵੀ ਪਹਿਲਾਂ ਆਪ ਦੀ ਜੀਉ ਫੇਰ ਹੋਰਾਂ ਦਾ ਫਿਕਰ ਕਰੋ   -
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥

  - 
    ਤੇ ਜਿੱਥੇ ਹੋਰ ਕੋਈ ਨ ਬਹੁੜੇ ਉੱਥੇ
-
ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥

ਸੁਰਜੀਤ ਸਿੰਘ ਵੀਰਕ