ਅਕਾਲੀ ਦਲ ਬਾਦਲ ਤੇ ਬੀਐਸਪੀ ਗਠਜੋੜ: ਭਵਿੱਖੀ ਸਿਆਸਤ

ਅਕਾਲੀ ਦਲ ਬਾਦਲ ਤੇ ਬੀਐਸਪੀ ਗਠਜੋੜ: ਭਵਿੱਖੀ ਸਿਆਸਤ

ਰਾਜਨੀਤੀ ਫ਼ਿਲਹਾਲ ਸੰਭਾਵਨਾਵਾਂ ਦੀ ਖੇਡ ਹੈ

 ਬਾਦਲ ਅਕਾਲੀ ਦਲ ਅੱਜਕਲ੍ਹ ਗਰਦਿਸ਼ ਵਿਚ ਹੈ,ਪਰ ਪੈਸਾ,ਵਰਕਰ ਤੇ ਪਾਰਟੀ ਢਾਂਚਾ ਕਾਫ਼ੀ ਮਜ਼ਬੂਤ ਹੈ।ਜਿਹੜੀ ਪਾਰਟੀ ਲੰਬੇ ਸਮੇਂ ਤੋਂ ਰਾਜ ਕਰਦੀ ਆ ਰਹੀ ਹੋਵੋ,ਉਹ ਢੂਈ ਪਰਨੇ ਵੀ ਕਿਉਂ ਨਾ ਪਈ ਹੋਵੇ,ਆਪਣਾ ਦਾਅਵਾ ਕਦੀ ਨਹੀਂ ਛੱਡਦੀ।... ਬਹੁਤਿਆਂ ਦੀ ਰਾਇ ਏਹੀ ਹੈ ਕਿ ਇਹ ਗੱਠਜੋੜ ਕੱਢਣ ਪਾਉਣ ਨੂੰ ਕੁੱਝ ਨਹੀਂ ਕਰ ਸਕਦਾ... ਬਿਲਕੁਲ ਠੀਕ,ਪਰ ਗੱਲ ਇਹ  ਐ ਕਿ ਅਕਾਲੀ ਦਲ ਬਾਦਲ ਦਾ ਲੁੱਕਵਾਂ ਅਜੰਡਾ ਹੈ ਕੀ?  ਪੰਜਾਬ ਦੀ ਰਾਜਨੀਤੀ ਦਾ ਦ੍ਰਿਸ਼ ਧੁੰਦਲਕੇ ਵਿਚ ਹੈ। ਅਕਾਲੀ ਦਲ ਬਾਦਲ ਪਿਛਲੇ ਸਮੇਂ ਤੋਂ ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਓਸ ਪੋਜੀਸ਼ਨ ਤੇ ਨਹੀਂ ਪਹੁੰਚ ਸਕਿਆ ਜਿਸ ਪੋਜੀਸ਼ਨ ਤੇ ਓਸ ਨੂੰ ਬਾਹਰ ਰਹਿੰਦਿਆਂ ਪਹੁੰਚਣਾ ਚਾਹੀਦਾ ਸੀ,ਏਸ ਹਕੀਕਤ ਤੋਂ ਉਹ ਖੁਦ ਵੀ ਜਾਣੂੰ ਨੇ। ਇਸ ਸਮੇਂ ਜਿੱਤਣ ਦੀ ਪੋਜੀਸ਼ਨ ਵਿਚ ਤਾਂ ਕੋਈ ਧਿਰ ਦਿੱਖ ਨਹੀਂ ਰਹੀ। ਏਸ ਮੌਜੂਦਾ ਹਾਲਾਤ ਨੂੰ ਹੋਰ ਧੁੰਦਲਾ ਬਣਾਉਣ ਲਈ ਸੁਖਬੀਰ ਦਾ ਇਹ ਦਾਅ ਕੂਟਨੀਤਕ ਤੌਰ ਤੇ ਓਸ ਦੀ ਆਪਣੀ ਪਾਰਟੀ ਹਿੱਤ ਤੋਂ,ਹੁਣ ਦੇ ਹਾਲਾਤਾਂ ਮੁਤਾਬਕ ਬੜਾ ਕਾਰਗਰ ਹੈ। .......ਉਹ ਕਿਵੇਂ?ਬਾਦਲ ਅਕਾਲੀ ਦਲ ਦੁਆਰਾ ਲੰਮਾ ਸਮਾਂ ਰਾਜਭਾਗ ਭੋਗਣ ਦੌਰਾਨ ਚੰਗੀ ਕਾਰਗੁਜ਼ਾਰੀ ਨਾ ਵਿਖਾ ਸਕਣ ਕਾਰਨ ਲੋਕਾਂ ਦੇ ਮਨ ਤੋਂ ਇਹ ਪਾਰਟੀ ਉੱਤਰ ਗਈ..ਏਸ ਪਾਰਟੀ ਦੀ ਸਿਆਸਤ ਦਾ ਸੂਰਜ ਡੁੱਬਣ ਦੇ ਕਿਨਾਰੇ ਤੇ ਹੈ, ਕੁੱਝ ਹਿਤਾਂ ਬੱਧੇ ਲੋਕ/ਲੀਡਰ ਜ਼ਰੂਰ ਜੁੜੇ ਹੋਏ ਨੇ, ਸਿਰੋਮਣੀ ਕਮੇਟੀ ਵੀ ਏਹਨਾਂ ਦੇ ਅਧੀਨ ਹੈ,ਪਰ ਲੋਕ ਨਾਲ ਨਹੀਂ ਹਨ..ਇਹ ਕੌੜੀ ਸਚਾਈ ਹੈ।....ਦੂਜੇ ਪਾਸੇ ਪਿੱਛੇ ਜਿਹੇ ਵਾਪਰੀਆਂ ਕੁੱਝ ਘਟਨਾਵਾਂ ਤੋਂ ਕਾਂਗਰਸ ਵੀ ਲੋਕਾਂ ਦੀ ਚਹੇਤੀ ਪਾਰਟੀ ਨਹੀਂ ਬਣ ਸਕੀ ਤੇ 'ਆਪ' ਦਾ ਹਾਲ ਤੁਹਾਡੇ ਸਾਹਮਣੇ ਹੈ।....ਏਸ ਸਾਰੇ ਮੰਜ਼ਰ ਵਿਚ ਸੁਖਬੀਰ ਤੇ ਓਹਦੇ ਨਾਲ ਖਲੋਤੇ ਕੁੱਝ ਲੀਡਰਾਂ ਦਾ ਆਪਣੀ ਹੋਂਦ ਦਾ ਸੁਆਲ ਹੈ...ਪੈਸਾ ਹੈ,ਪਾਰਟੀ ਦਾ ਢਾਂਚਾ ਹੈ,ਵਰਕਰ ਹਨ...ਪਰ ਨਹੀਂ ਹਨ ਤਾਂ ਲੋਕ ਨਾਲ ਨਹੀਂ ਹਨ ਤੇ ਪ੍ਰਕਾਸ਼ ਸਿੰਘ ਬਾਦਲ ਦਾ ਚਿਹਰਾ ਏਸ ਚੋਣ ਵਿਚ ਬਿਲਕੁਲ ਨਹੀਂ ਚੱਲ ਸਕਦਾ ,ਉਹਦੀ ਔਹਦ ਹੁਣ ਮੁੱਕ ਗਈ ਹੈ ਤੇ ਨਾਲ ਹੀ ਇਹ ਕਿ ਸੁਖਬੀਰ ਤੇ ਕੁੱਝ ਹੋਰ ਚੁਨਿੰਦਾ ਲੀਡਰਾਂ ਕੋਲ ਅਰਬਾਂ ਦੀ ਜਾਇਦਾਦ ਨੂੰ ਬਚਾ ਕੇ ਰੱਖਣ ਦਾ ਹਿੱਤ..... ਸੁਖਬੀਰ ਦਾ ਹਿੱਤ ਇਹ ਕਿ ਆਪ ਤਾਂ ਜਿੱਤ ਸਕਣਾ ਨਹੀਂ, ਬੀਐਸਪੀ ਹੀ ਸਹੀ। ਏਸਨੂੰ ਨਾਲ ਜੋੜਕੇ ਕਈ ਵਿਧਾਨ ਸਭਾਈ ਸੀਟਾਂ ਤੇ ਵੋਟਾਂ ਦਾ ਸਮੀਕਰਨ ਵਿਗਾੜੋ ...ਤੇ ਲੁੱਕਵਾਂ ਅਜੰਡਾ ਇਹ ਕਿ ਕਿਸੇ ਪਾਰਟੀ ਦੀ ਮੈਜੌਰਟੀ ਆਵੇ ਈ ਨਾ ...ਆਪਣਾ ਕਿਸੇ ਨਾਲ ਗੰਢਚਿਤਰਾਵਾ ਹੋ ਗਿਆ ਤਾਂ ਠੀਕ (ਜੀਹਦੀ ਸੰਭਾਵਨਾ ਘੱਟ ਹੈ) ਤੇ ਜਿਹਨਾਂ ਦਾ ਵੀ ਆਪਸੀ ਸਮਝੌਤਾ ਹੋ ਗਿਆ,ਆਪੇ ਇਕ ਦੂਜੇ ਨਾਲ ਛਿੱਤਰ ਪੌਲਾ ਕਰਦੇ ਰਹਿਣਗੇ,ਆਪਣਾ ਤਾਂ ਕੰਮ ਇਹੀ ਹੋਣੈ 'ਅੱਗ ਲਾ ਕੇ ਡੱਬੂ ਕੰਧ ਤੇ' 22 ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਕੰਮਜ਼ੋਰ ਵਿਧਾਨ ਸਭਾ ਬਣਨ ਨਾਲ ਕਈ ਤਰ੍ਹਾਂ ਦੇ ਧੜੇ, ਤੇ ਹੋਰ ਟੁੱਟ-ਭੱਜ, ਆਰਥਿਕਤਾ ਦਾ ਹੋਰ ਨਿਘਰਨਾਂ.... ਪੰਜਾਬ ਦਾ ਇਹ ਸੰਭਾਵਿਤ ਭਵਿੱਖ ਵਿਖਾਈ ਦੇ ਰਿਹੈ।........ ਬਾਅਦ ਦੇ ਰਾਜਨੀਤਕ ਮੰਜ਼ਰ ਵਿਚ ਸੁਖਬੀਰ ਬਾਦਲ ਦਾ ਸੰਭਾਵਿਤ ਏਜੰਡਾ ਇਹ ਕਿ ਸਾਡੇ ਤੇ ਲੱਗੇ ਦੋਸ਼ ਲੋਕੀਂ ਭੁੱਲ ਭੁਲਾ ਜਾਣਗੇ ਤੇ ਫੇਰ ਵੇਖਾਂਗੇ ਕਿ ਆਪਣੀ ਰਾਜਨੀਤੀ ਦਾ ਉੱਠ ਕਿਹੜੇ ਪਾਸੇ ਬਠਾਉਣੈ! ਰਾਜਨੀਤੀ ਫ਼ਿਲਹਾਲ ਸੰਭਾਵਨਾਵਾਂ ਦੀ ਖੇਡ ਹੈ।ਇਹ ਸੰਭਾਵਨਾਵਾਂ ਸਿਰਫ਼ ਓਦੋਂ ਮਿਟਦੀਆਂ ਨੇ ਜਦੋਂ ਸਮਾਜ ਵਿਚ ਬਹੁਤ ਵੱਡੀ ਲਹਿਰ ਚੱਲ ਰਹੀ ਹੋਵੇ ਤੇ ਲਹਿਰ ਕਿਸੇ ਪੋਲੀਟੀਕਲ ਜਾਮੇ ਵਿੱਚ ਜਾ ਰਹੀ ਹੋਵੇ।ਭਵਿੱਖ ਵਿੱਚ ਕੁੱਝ ਵੀ ਹੋ ਸਕਦੈ- ਕਿ ਕਿਸਾਨੀ ਅੰਦੋਲਨ ਤੋਂ ਆਈ ਚੇਤਨਾ ਕੁੱਝ ਹੱਦ ਤੱਕ ਬਾਈ ਦੀ ਅਲੈਕਸ਼ਨ ਵੇਲੇ ਰੋਲ ਅਦਾ ਕਰੇ ਤੇ ਗੁਣਾਤਮਿਕ ਪਰਿਵਰਤਨ ਬਾਈ ਦੀ ਅਲੈਕਸ਼ਨ ਤੋਂ ਬਾਅਦ ਹੋ ਸਕਣ ਦੀ ਸੰਭਾਵਨਾ..ਇਹ ਨਿਰਧਾਰਤ ਕਰੇਗਾ ਲੋਕਾਂ ਦੀ ਚੇਤਨਾ, ਸਮਰਪਿਤ ਬੁਧੀਜੀਵੀਆਂ ਦਾ ਰੋਲ ਤੇ ਹੋਰ ਸਜੱਗ ਧਿਰਾਂ ਉੱਪਰ, ਕਿ ਉਹ ਆਪਣੀ ਸੰਗਠਨਾਤਮਕ ਯੋਗਤਾ ਤੇ ਪੰਜਾਬ ਪ੍ਰਤੀ ਉਹਨਾਂ ਦਾ ਬਹੁ- ਪਸਾਰੀ ਵਿਜ਼ਨ ਕਿਹੋ ਜਿਹਾ ਹੈ?

ਅਮਰਜੀਤ ਅਰਪਨ