ਧੀਆਂ ਦਾ ਪਿਆਰ ਅਨਮੋਲ !

ਧੀਆਂ ਦਾ ਪਿਆਰ ਅਨਮੋਲ !

ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ, ਤੇ ਮੈ ਕਹਾਂਗਾ ਕਿ ਧੀ ਉਸ ਰੂਪ (ਮਾਂ) ਦਾ ਰੂਪ ਹੁੰਦੀ ਹੈ। 

ਕੁਦਰਤ ਦੀ ਕਾਇਨਾਤ 'ਚ ਸਭ ਤੋਂ ਖੂਬ-ਸੂਰਤ ਸ਼ਬਦ ਮਾਂ ਹੈ ਤੇ ਮਾਂ ਦਾ ਦੂਜਾ ਰੂਪ 'ਧੀ'! ਸਾਡੇ ਸਮਾਜਕ ਤੇ ਭਾਈਚਾਰਕ ਰਿਸ਼ਤਿਆਂ 'ਚ ਖਾਸ 'ਥਾਂ ਰੱਖਦੀਆਂ ਨੇ ਇਹ ਧੀਆਂ, ਸੰਸਾਰਕ ਰਿਸ਼ਤਿਆਂ ਨੂੰ ਆਪਸ 'ਚ ਜੋੜੀ ਰੱਖਣ ਦੀ ਕਾਬਲੀਅਤ ਰੱਖਦੀਆਂ ਨੇ ਇਹ ਧੀਆਂ, ਸਮਾਂ ਬੀਤਦੇ ਪਤਾ ਹੀ ਨਹੀਂ ਚੱਲਦਾ ਕਦੋ ਨਿੱਕੀਆਂ-ਨਿੱਕੀਆਂ ਬਾਤਾਂ ਪਾਉਂਦੀਆਂ ਤੇ ਕਦੋ ਵੱਡੀਆਂ ਹੋ ਜਾਂਦੀਆਂ ਨੇ ਇਹ ਧੀਆਂ, ਤਾਂ ਹੀ ਤਾਂ ਕਹਿੰਦੇ ਨੇ ਕਿ ਧੀਆਂ ਤੇ ਧਰੇਕਾਂ ਕਦੋ ਵੱਡੀਆ ਹੋ ਗਈਆਂ ਪਤਾ ਹੀ ਨਹੀਂ ਲੱਗਾ। ਪਰਿਵਾਰਕ ਰਿਸ਼ਤਿਆਂ 'ਚ ਇਤਫ਼ਾਕ, ਪਿਆਰਾ ਬਣਾਈ ਰੱਖਣ ਦਾ ਅਹਿਮ ਰੋਲ ਅਦਾ ਕਰਦੀਆਂ ਨੇ ਇਹ ਧੀਆਂ, ਜੇ ਦੇਖਿਆ ਜਾਵੇ ਤਾ ਪਰਿਵਾਰ 'ਚ ਪਿਓ, ਪੁੱਤ ਅਤੇ ਦੋ-ਚਾਰ ਭਰਾਵਾਂ 'ਚ  ਇਕ ਧੁਰਾ ਹੁੰਦੀਆਂ ਨੇ ਇਹ ਧੀਆਂ, ਤਾਂ ਹੀ ਤਾਂ ਕਹਿੰਦੇ ਨੇ ਕਿ ਧੀਆਂ-ਭੈਣਾਂ ਸਭ ਦੀਆ ਸਾਂਜੀਆਂ ਹੁੰਦੀਆਂ ਨੇ !

ਪਿਆਰ ਦਾ ਦਿਖਾਵਾ ਨਹੀਂ ਕਰਦੀਆਂ ਮੈ ਤਾ ਕਹਾਂਗਾ ਕਿ ਸਭ ਤੋਂ ਅਨਮੋਲ ਰਿਸ਼ਤਿਆਂ 'ਚੋ ਹੁੰਦਾ ਹੈ ਧੀਆਂ ਦਾ ਰਿਸ਼ਤਾ, ਸੰਸਾਰ 'ਚ ਵਿਚਰਦਿਆਂ ਜਿੰਦਗੀ 'ਚ ਅਨੇਕਾਂ ਹੀ ਉਤਾਰ ਚੜ੍ਹਾ ਆਉਂਦੇ ਹਨ, ਅਨੇਕਾਂ ਹੀ ਮੁਸ਼ਕਿਲ ਆਉਂਦੀਆਂ ਹਨ , ਪ੍ਰੰਤੂ ਇਨ੍ਹਾਂ ਧੀਆਂ ਨਾਲ ਬਿਤਾਏ ਕੁਜ਼ ਪਲ, ਛਿਨ, ਘੜੀਆਂ ਸਾਰੀਆਂ ਚਿੰਤਾਵਾਂ ਉੱਡ-ਪੁੱਡ ਜਾਂਦੀਆਂ ਹਨ। ਮਾਂ ਤੋਂ ਮਗਰੋਂ ਇਕ ਧੀ ਹੈ ਜਿਸ ਕੋਲ ਬੈਠ ਦਿਲ ਨੂੰ ਸਕੂਨ ਮਿਲਦਾ ਹੈ। ਮੈਨੂੰ ਤਾਂ ਜਿਨ੍ਹਾਂ ਮਿੱਠਾ ਤੇ ਨਿੱਘਾ ਸ਼ਬਦ 'ਮਾਂ' ਲੱਗਦਾ ਹੈ ਉਨ੍ਹਾਂ ਹੀ ਮਿੱਠਾ ਤੇ ਨਿੱਘਾ ਸ਼ਬਦ 'ਧੀ' ਲੱਗਦਾ ਹੈ ਕਿਉ ਕਿ ਇਨ੍ਹਾਂ ਦੋਹਾਂ ਦਾ ਪਰਿਵਾਰ ਪ੍ਰਤੀ ਪਿਆਰ, ਸਤਿਕਾਰ ਤੇ ਫ਼ਿਕਰ ਕਦੀ ਮਾਪਿਆਂ ਨਹੀਂ ਜਾ ਸਕਦਾ। ਧੀਆਂ ਦਾ ਪਿਆਰ ਅਨਮੋਲ ਖਜਾਨੈ ਜਿਹਾ ਹੁੰਦਾ ਹੈ ਤੇ ਬੜਾ ਸਾਂਭ ਕੇ ਰੱਖਣਾ ਪੈਂਦਾ ਹੈ ਨਾਲ ਹੀ ਇੱਥੇ ਮਾਂ,ਬਾਪ ਦਾ ਇਹ ਫਰਜ਼ ਵੀ ਬਣਦਾ ਹੈ ਕਿ ਲਾਡਾ,ਪਿਆਰਾ ਨਾਲ ਪਾਲੀਆਂ ਧੀਆਂ ਨੂੰ ਚੰਗੀ ਸ਼ਿਕਸ਼ਾ ਤੇ ਸੰਸਕਾਰ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਦੁਨੀਆਂ-ਦਾਰੀ ਦੀ ਸਮਝ 'ਪੈ ਸਕੇ ਚੰਗੈ -ਮਾੜੇ ਦੀ ਪਰਖ ਹੋ ਸਕੇ ਕਿਉਂਕੇ ਇਹ ਦੁਨੀਆ ਬਹੁਰੰਗੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਮਾਂ ਦਾ ਪਿਆਰ ਨਸੀਬਾ ਵਾਲਿਆਂ ਨੂੰ ਮਿਲਦਾ ਹੈ ਉਵੇਂ ਹੀ ਧੀ ਦਾ ਪਿਆਰ ਵੀ ਬਿਨਾਂ ਨਸੀਬਾ ਤੋਂ ਨਹੀਂ ਮਿਲਦਾ। ਘਰ 'ਚ ਧੀ ਹੋਣ ਨਾਲ, ਘਰ 'ਚ ਪਿਆਰ, ਬੋਲਬਾਣੀ ਦਾ ਚੰਗਾ ਸਲੀਕਾ, ਲੱਜ-ਸ਼ਰਮ, ਤੇ ਅਨੁਸ਼ਾਸ਼ਨ ਬਣਿਆਂ ਰਹਿੰਦ ਹੈ। ਅਕਸਰ ਕਿਹਾ ਜਾਂਦਾ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ, ਤੇ ਮੈ ਕਹਾਂਗਾ ਕਿ ਧੀ ਉਸ ਰੂਪ (ਮਾਂ) ਦਾ ਰੂਪ ਹੁੰਦੀ ਹੈ। 

ਪਰਿਵਾਰ ਨੂੰ ਜੋੜੀ ਰੱਖਣ ਵਾਲੀਆਂ ਕਦੀ ਨਾ ਅੱਕਣ, ਥੱਕਣ ਵਾਲੀਆਂ ਸੰਸਾਰ ਦੀਆ ਸਭ ਧੀਆਂ, ਧਿਆਣੀਆਂ ਨੂੰ ਮੇਰਾ ਸਲਾਮ। 

ਹਰਮਨਪ੍ਰੀਤ ਸਿੰਘ,

ਸੰਪਰਕ : 98550 10005