ਪਹਿਲਾਂ ਫੌਜ ਦੇ ਹਥਿਆਰ ਖੋਹ ਕੇ ਲਿਆਇਆ ਸੀ, ਹੁਣ ਪੁਲਸ ਤੋਂ ਵੀ ਭਗੋੜਾ ਹੋਇਆ

ਪਹਿਲਾਂ ਫੌਜ ਦੇ ਹਥਿਆਰ ਖੋਹ ਕੇ ਲਿਆਇਆ ਸੀ, ਹੁਣ ਪੁਲਸ ਤੋਂ ਵੀ ਭਗੋੜਾ ਹੋਇਆ
ਗ੍ਰਿਫਤਾਰੀ ਤੋਂ ਬਾਅਦ ਪੁਲਸ ਹਿਰਾਸਤ ਵਿੱਚ ਲਈ ਗਈ ਹਰਪ੍ਰੀਤ ਦੀ ਤਸਵੀਰ; ਸੱਜੇ ਪਾਸੇ ਬਰਾਮਦ ਹਥਿਆਰ

ਹੁਸ਼ਿਆਰਪੁਰ: ਫੌਜ ਵਿਚੋਂ ਹਥਿਆਰ ਖੋਹ ਕੇ ਭਗੋੜਾ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ 25 ਸਾਲਾ ਨੌਜਵਾਨ ਸਿਪਾਹੀ ਹਰਪ੍ਰੀਤ ਸਿੰਘ ਅੱਜ ਸਵੇਰੇ ਪੁਲਸੀਆਂ ਕੋਲੋਂ ਵੀ ਭਗੋੜਾ ਹੋ ਗਿਆ। ਹੁਸ਼ਿਆਰਪੁਰ ਦੇ ਐਸਐਸਪੀ ਗੌਰਵ ਗਰਗ ਨੇ ਦੱਸਿਆ ਕਿ ਹੁਸ਼ਿਆਰਪੁਰ ਜੇਲ੍ਹ ਵਿਚ ਨਜ਼ਰਬੰਦ ਹਰਪ੍ਰੀਤ ਸਿੰਘ 31 ਦਸੰਬਰ ਤੋਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ਼ ਅਧੀਨ ਸੀ ਕਿਉਂਕਿ ਉਸਦੇ ਸਿਰ 'ਤੇ ਸੱਟ ਲੱਗੀ ਹੋਈ ਸੀ। 

ਉਹਨਾਂ ਦੱਸਿਆ ਕਿ ਅੱਜ ਸਵੇਰੇ ਪਿਸ਼ਾਬ ਕਰਨ ਦੇ ਬਹਾਨੇ ਉਹ ਡਿਊਟੀ 'ਤੇ ਤੈਨਾਤ ਮੁਲਾਜ਼ਮਾਂ ਨੂੰ ਭੁਲੇਖਾ ਦੇ ਕੇ ਹਸਪਤਾਲ ਦੀ ਕੰਧ ਟੱਪ ਫਰਾਰ ਹੋ ਗਿਆ। ਪੁਲਸ ਅਫਸਰਾਂ ਨੇ ਦੱਸਿਆ ਕਿ ਉਸਦੀ ਰਾਖੀ ਲਈ 4 ਪੁਲਸ ਮੁਲਾਜ਼ਮ ਤੈਨਾਤ ਸਨ। 

ਫੌਜ ਦੇ ਕੈਂਪ ਤੋਂ ਹਥਿਆਰ ਲੈ ਕੇ ਭਗੋੜਾ ਹੋਣ ਦੇ ਨੇ ਦੋਸ਼
ਹਰਪ੍ਰੀਤ ਸਿੰਘ 'ਤੇ ਦੋਸ਼ ਹੈ ਕਿ ਉਹ ਭਾਰਤੀ ਫੌਜ ਦੇ ਮੱਧ ਪ੍ਰਦੇਸ਼ ਸਥਿਤ ਸਿਖਲਾਈ ਕੈਂਪ ਤੋਂ ਦੋ ਰਾਈਫਲਾਂ ਅਤੇ ਗੋਲੀਆਂ ਲੈ ਕੇ ਭਗੋੜਾ ਹੋ ਗਿਆ ਸੀ। ਇਸ ਕੰਮ ਵਿੱਚ ਉਸ ਨਾਲ ਜਗਤਾਰ ਸਿੰਘ ਜੱਗਾ 'ਤੇ ਵੀ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਦੋਵੇਂ ਮਿਆਣੀ ਪਿੰਡ ਨਾਲ ਸਬੰਧਿਤ ਹਨ। ਪੁਲਸ ਮੁਤਾਬਕ ਅਕਤੂਬਰ ਮਹੀਨੇ ਹੀ ਫੌਜ ਤੋਂ ਭਗੋੜਾ ਐਲਾਨਿਆ ਜਾ ਚੁੱਕਿਆ ਹਰਪ੍ਰੀਤ ਸਿੰਘ ਆਪਣੇ ਸਾਥੀ ਜਗਤਾਰ ਸਿੰਘ ਨੂੰ ਨਾਲ ਲੈ ਕੇ 6 ਦਸੰਬਰ ਤੜਕੇ ਮੱਧ ਪ੍ਰਦੇਸ਼ ਦੇ ਫੌਜੀ ਸਿਖਲਾਈ ਕੈਂਪ 'ਤੇ ਗਿਆ ਅਤੇ ਉੱਥੇ ਮੋਜੂਦ ਸੰਤਰੀਆਂ ਤੋਂ ਅਸਲਾ ਖੋਹ ਕੇ ਇਹ ਦੋਵੇਂ ਫਰਾਰ ਹੋ ਗਏ। 

ਪੁਲਸ ਨੇ 9 ਦਸੰਬਰ ਨੂੰ ਹਰਪ੍ਰੀਤ ਸਿੰਘ ਨੂੰ ਇਸ ਅਸਲੇ ਸਮੇਤ ਟਾਂਡਾ ਨੇੜਲੇ ਚਟਾਲਾ ਪਿੰਡ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਮੌਕੇ ਪੁਲਸ ਨੇ ਹਰਪ੍ਰੀਤ ਸਿੰਘ ਨਾਲ ਜਗਤਾਰ ਸਿੰਘ ਜੱਗਾ ਨੂੰ ਵੀ ਗ੍ਰਿਫਤਾਰ ਕੀਤਾ ਸੀ।

ਭਾਰਤ ਵਿਰੋਧੀ ਕਾਰਵਾਈਆਂ ਨਾਲ ਸਬੰਧਾਂ ਦੀਆਂ ਅਖਬਾਰੀ ਰਿਪੋਰਟਾਂ
ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਮੌਕੇ ਅਖਬਾਰਾਂ 'ਚ ਛਪੀਆਂ ਖਬਰਾਂ ਵਿੱਚ ਇਸ ਗ੍ਰਿਫਤਾਰੀ ਨੂੰ ਭਾਰਤ ਵਿਰੋਧੀ ਕਾਰਵਾਈਆਂ ਨਾਲ ਵੀ ਜੋੜਿਆ ਗਿਆ ਸੀ। ਦਰਅਸਲ ਜਗਤਾਰ ਸਿੰਘ ਜੱਗਾ ਦੇ ਪਿਤਾ ਹਰਭਜਨ ਸਿੰਘ ਨੂੰ ਪੁਲਸ ਨੇ ਤਰਨਤਾਰਨ ਬੰਬ ਧਮਾਕਾ ਕੇਸ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਸਪਲਾਈ ਮਾਮਲੇ 'ਚ ਗ੍ਰਿਫਤਾਰ ਕੀਤਾ ਹੋਇਆ ਸੀ। ਪੁਲਸ ਨੇ ਹਰਭਜਨ ਸਿੰਘ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਖਾੜਕੂ ਦੱਸਿਆ ਸੀ। ਹਰਭਜਨ ਸਿੰਘ ਨੂੰ ਤਰਨਤਾਰਨ ਦੇ ਚੋਹਲਾ ਸਾਹਬ ਪਿੰਡ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ।

ਪੁਲਸ ਨੇ ਹਰਪ੍ਰੀਤ ਸਿੰਘ ਖਿਲ਼ਾਫ ਧਾਰਾ 380 (ਚੋਰੀ), 399 (ਡਾਕੇ ਦੀ ਯੋਜਨਾ), 411 ਅਤੇ ਅਸਲਾ ਕਾਨੂੰਨ ਦੀਆਂ ਧਾਰਾਵਾਂ ਅਧੀਨ ਹੀ ਮਾਮਲਾ ਦਰਜ ਕੀਤਾ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।