ਅਮਿਤ ਸ਼ਾਹ ਨਾਲ ਖੱਟਰ ਤੇ ਦੁਸ਼ਿਅੰਤ ਦੀ ਬੈਠਕ ਵਿਚ ਵਿਚਾਰੀ ਗਈ 26 ਜਨਵਰੀ

ਅਮਿਤ ਸ਼ਾਹ ਨਾਲ ਖੱਟਰ ਤੇ ਦੁਸ਼ਿਅੰਤ ਦੀ ਬੈਠਕ ਵਿਚ ਵਿਚਾਰੀ ਗਈ 26 ਜਨਵਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਸਬੰਧੀ ਹੁਕਮ ਜਾਰੀ ਕਰਨ ਮਗਰੋਂ ਮੰਗਲਵਾਰ ਰਾਤ ਨੂੰ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹਨਾਂ ਹਾਲਾਤਾਂ ਵਿਚ ਕੋਈ ਖਤਰਾ ਨਹੀਂ ਹੈ ਅਤੇ ਸਰਕਾਰ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰੇਗੀ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਤਿੰਨ ਖੇਤੀ ਕਾਨੂੰਨਾਂ 'ਤੇ ਅਗਲੇ ਫੈਂਸਲੇ ਤਕ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ ਸੀ। ਇਹਨਾਂ ਆਗੂਆਂ ਦੀ ਬੈਠਕ ਲਗਭਗ ਇਕ ਘੰਟੇ ਤਕ ਚੱਲੀ ਜਿਸ ਵਿਚ ਭਾਜਪਾ ਦੇ ਹਰਿਆਣਾ ਸੂਬਾ ਮੁਖੀ ਓਮ ਪ੍ਰਕਾਸ਼ ਧਨਕਰ, ਸੂਬੇ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ, ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਵੀ ਹਾਜ਼ਰ ਸਨ।

ਬੈਠਕ ਤੋਂ ਬਾਅਦ ਖੱਟਰ ਨੇ ਕਿਹਾ ਕਿ ਸੰਘਰਸ਼ ਦਾ ਕੇਂਦਰ ਹਰਿਆਣਾ ਬਣਿਆ ਹੋਇਆ ਹੈ, ਇਸ ਲਈ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਅਤੇ ਖੇਤੀ ਕਾਨੂੰਨਾਂ ਬਾਰੇ ਵਿਚਾਰ ਕੀਤੀ ਗਈ ਹੈ। ਖੱਟਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਕਿਸਾਨੀ ਮਸਲੇ ਦਾ ਹੱਲ ਕਰ ਸਕਦੀ ਹੈ। ਦੱਸ ਦਈਏ ਕਿ ਖੱਟਰ ਨੇ ਫੈਂਸਲਾ ਆਉਣ ਤੋਂ ਬਾਅਦ ਕਿਹਾ ਸੀ ਕਿ ਕਿਸਾਨਾਂ ਨੂੰ ਹੁਣ ਸੰਘਰਸ਼ ਖਤਮ ਕਰਕੇ ਘਰਾਂ ਨੂੰ ਵਾਪਸ ਪਰਤ ਜਾਣਾ ਚਾਹੀਦਾ ਹੈ। 

ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾਣ ਵਾਲੀ ਪਰੇਡ ਸਬੰਧੀ ਖੱਟਰ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਅਜਿਹਾ ਕੁੱਝ ਨਹੀਂ ਵਾਪਰੇਗਾ। ਉਹਨਾਂ ਕਿਹਾ ਕਿ ਬੈਠਕ ਵਿਚ ਇਸ ਸਬੰਧੀ ਵੀ ਵਿਚਾਰ ਕੀਤੀ ਗਈ ਕਿ 26 ਜਨਵਰੀ ਦੇ ਸਮਾਗਮਾਂ ਵਿਚ ਕੋਈ ਵਿਘਨ ਨਾ ਪਵੇ। ਉਹਨਾਂ ਕਿਹਾ ਕਿ 26 ਜਨਵਰੀ ਦਾ ਪ੍ਰੋਗਰਾਮ ਰਾਸ਼ਟਰੀ ਪ੍ਰੋਗਰਾਮ ਹੈ ਅਤੇ ਹਰ ਕੋਈ ਇਸ ਨਾਲ ਜੁੜੀਆਂ ਭਾਵਨਾਵਾਂ ਨੂੰ ਸਮਝਦਾ ਹੈ। 

ਖੱਟਰ ਨੇ ਕਿਹਾ ਕਿ ਹੁਣ ਖੇਤੀ ਕਾਨੂੰਨਾਂ ਸਬੰਧੀ ਸਾਰੇ ਫੈਂਸਲਿਆਂ ਦਾ ਜਿੰਮਾ ਸੁਪਰੀਮ ਕੋਰਟ ਕੋਲ ਹੈ ਅਤੇ ਕਿਸਾਨਾਂ ਨੂੰ ਸੰਘਰਸ਼ ਖਤਮ ਕਰ ਦੇਣਾ ਚਾਹੀਦਾ ਹੈ।

ਜੇਜੇਪੀ ਦੇ ਐਮਐਲਏ ਖੇਤੀ ਕਾਨੂੰਨ ਰੱਦ ਕਰਾਉੇਣ ਲਈ ਦੱਬੀ ਅਵਾਜ਼ ਵਿਚ ਬੋਲ ਰਹੇ ਹਨ
ਇਸ ਬੈਠਕ ਤੋਂ ਪਹਿਲਾਂ ਦੁਸ਼ਿਅੰਤ ਚੌਟਾਲਾ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਦਿੱਲੀ ਦੇ ਇਕ ਫਾਰਮ ਹਾਊਸ ਵਿਚ ਬੈਠਕ ਕੀਤੀ। ਇਸ ਬੈਠਕ ਵਿਚ ਵਿਧਾਇਕਾਂ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਰੱਦ ਨਹੀਂ ਹੋਏ ਤਾਂ ਇਸ ਦਾ ਗਠਜੋੜ ਸਰਕਾਰ ਨੂੰ ਵੱਡਾ ਹਰਜ਼ਾਨਾ ਤਾਰਨਾ ਪੈ ਸਕਦਾ ਹੈ। ਕੁੱਝ ਵਿਧਾਇਕਾਂ ਨੇ ਇਹ ਵੀ ਮੰਗ ਕੀਤੀ ਕਿ ਐਮਐਸਪੀ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। 

ਇਸ ਬੈਠਕ ਵਿਚ ਜੇਜੇਪੀ ਦੇ 10 ਵਿਧਾਇਕਾਂ ਵਿਚੋਂ 8 ਸ਼ਾਮਲ ਹੋਏ। ਬੈਠਕ ਵਿਚ ਨਹੀਂ ਸ਼ਾਮਲ ਹੋਣ ਵਾਲੇ ਵਿਧਾਇਕ ਰਾਮ ਕੁਮਾਰ ਗੌਤਮ ਨੇ ਕਿਹਾ ਕਿ ਹਰਿਆਣਾ ਵਿਚ ਖੇਤੀ ਕਾਨੂੰਨਾਂ ਦੇ ਵਿਰੁੱਧ ਵੱਡੀ ਭਾਵਨਾ ਹੈ ਅਤੇ ਉਹ ਇਸ ਬੈਠਕ ਵਿਚ ਇਸੇ ਲਈ ਸ਼ਾਮਲ ਨਹੀਂ ਹੋ ਰਹੇ।

ਬੈਠਕ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜੇਜੇਪੀ ਦੇ ਇਕ ਵਿਧਾਇਕ ਜੋਗੀ ਰਾਮ ਸਿਹਾਗ ਨੇ ਕਿਹਾ ਕਿ ਉਹ ਦੁਸ਼ਿਅੰਤ ਨੂੰ ਬੇਨਤੀ ਕਰਨਗੇ ਕਿ ਉਹ ਉਹਨਾਂ ਦੀਆਂ ਭਾਵਨਾਵਾਂ ਅਮਿਤ ਸ਼ਾਹ ਅੱਗੇ ਰੱਖਣ।