ਸਿੱਖ ਟਰੱਕ ਡਰਾਇਵਰ ਦੇ ਕਾਤਲ ਨੂੰ 17 ਸਾਲ ਕੈਦ ਦੀ ਸਜ਼ਾ 

ਸਿੱਖ ਟਰੱਕ ਡਰਾਇਵਰ ਦੇ ਕਾਤਲ ਨੂੰ 17 ਸਾਲ ਕੈਦ ਦੀ ਸਜ਼ਾ 


ਹੈਮਿਲਟਨ (ਮਿਆਮੀ)/ਬਿਊਰੋ ਨਿਊਜ਼ :
ਇਥੇ ਚਾਰ ਬੱਚਿਆਂ ਦੇ ਪਿਤਾ 32 ਸਾਲਾ ਸਿੱਖ ਦੀ ਹੱਤਿਆ ਕਰਨ ਦਾ ਜੁਰਮ ਕਬੂਲ ਕਰ ਲੈਣ ਵਾਲੇ ਦੋਸ਼ੀ ਨੂੰ ਅਦਾਲਤ ਨੇ 17 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। 12 ਮਈ 2018 ਨੂੰ ਪੰਜਾਬ ਤੋਂ ਆ ਕੇ ਅਮਰੀਕਾ ਵਿਚ ਰਹਿ ਰਹੇ ਜਸਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਬ੍ਰੋਡਰਿਕ ਮਲਿਕ ਰੋਬਰਟਸ ਉੱਤੇ ਕਤਲ, ਡਕੈਤੀ, ਬੇਰਹਿਮੀ ਨਾਲ ਹਮਲਾ ਕਰਨ ਅਤੇ ਗ਼ੈਰਕਾਨੂੰਨੀ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। 
ਗੌਰਤਲਬ ਹੈ ਕਿ ਇਸ ਘਟਨਾ ਵਿਚ ਰੋਬਰਟਸ ਨੇ ਪੰਜਾਬ ਦੇ ਕਪੂਰਥਲਾ ਦੇ ਨਜ਼ਦੀਕ ਪਿੰਡ ਨਡਾਲਾ ਤੋਂ ਅਮਰੀਕਾ ਆਏ ਜਸਪ੍ਰੀਤ ਸਿੰਘ 'ਤੇ ਉਸ ਸਮੇਂ ਗੋਲੀ ਚਲਾਈ, ਜਦੋਂ ਉਹ ਆਪਣੀ ਕਾਰ ਵਿਚ ਬੈਠਾ ਸੀ। ਜਖਮੀ ਹਾਲਤ ਵਿਚ ਜਸਪ੍ਰੀਤ ਸਿੰਘ ਨੂੰ ਪਹਿਲਾਂ ਸਥਾਨਕ ਫੋਰਟ ਹੈਮਿਲਟਨ ਹਸਪਤਾਲ ਲਿਆਂਦਾ ਗਿਆ। ਮਗਰੋਂ ਉਸ ਨੂੰ ਹੈਲੀਕਾਪਟਰ ਰਾਹੀਂ ਡੇਟਨ, ਓਹਿਓ ਸਥਿਤ ਮਿਆਂਮੀ ਵੈਲੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਪਰ 10 ਦਿਨ ਬਾਅਦ ਉਸ ਦੀ ਮੌਤ ਹੋ ਗਈ।
ਜਸਪ੍ਰੀਤ ਸਿੰਘ ਇਥੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਉਹ ਪਿਛਲੇ ਲਗਭਗ ਅੱਠ ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ।
ਮਾਨਯੋਗ ਜੱਜ ਨੇ ਕਿਹਾ ਕਿ ਇਹ ਇਕ ਨਸਲੀ ਨਫਰਤ ਦੇ ਘਿਨਾਉਣੇ ਜੁਰਮ ਦੀ ਸ਼੍ਰੈਣੀ ਵਿਚ ਨਹੀਂ ਆਉਂਦਾ ਹੈ, ਹਾਲਾਂਕਿ ਸਿੰਘ ਨੇ ਪੱਗ ਬੰਨ੍ਹੀ ਹੋਈ ਸੀ ਪਰ ਗੋਲੀਬਾਰੀ ਦੀ ਇਸ ਘਟਨਾ ਵਿਚ ਇਸ ਦੇ ਨਫ਼ਰਤੀ ਅਪਰਾਧ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ ਹੈ।
ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਗੁਰਬਿੰਦਰ ਸਿੰਘ, ਜੋ ਕਿ ਵਿੱਤੀ ਅਤੇ ਕਾਨੂੰਨੀ ਸਹਾਇਤਾ ਨਾਲ ਪਰਿਵਾਰ ਦੀ ਮਦਦ ਕਰ ਰਿਹਾ ਹੈ, ਨੇ ਪਿਛਲੇ ਸਾਲ ਮਈ ਵਿਚ ਕਿਹਾ ਸੀ ਕਿ ਇਸ ਘਟਨਾ ਦੌਰਾਨ ਲੁੱਟ ਕਰਨ ਦਾ ਕੋਈ ਸਬੂਤ ਨਹੀਂ ਹੈ, ਇਸ ਕਰ ਕੇ ਇਸ ਦੇ ਨਸਲੀ ਨਫਰਤ ਦਾ ਮਾਮਲਾ ਹੋਣ ਦਾ ਸ਼ੱਕ ਹੈ। ਪੁਲਿਸ ਰਿਪੋਰਟਾਂ ਦੇ ਹਵਾਲੇ ਨਾਲ ਵੀ ਕਿਹਾ ਗਿਆ ਸੀ ਕਿ ਕੋਈ ਪੈਸਾ ਜਾਂ ਹੋਰ ਕੁਝ ਨਹੀਂ ਲੁੱਟਿਆ ਗਿਆ। ਜਸਪ੍ਰੀਤ ਸਿੰਘ ਨੂੰ ਪਿੱਛੋਂ ਗੋਲੀ ਨਾਲ ਮਾਰਿਆ ਗਿਆ ਸੀ ਜਦੋਂ ਉਹ ਆਪਣੀ ਕਾਰ ਵਿਚ ਬੈਠਾ ਸੀ। ਅਦਾਲਤ ਵੱਲੋਂ ਰੌਬਰਟਸ ਦੁਆਰਾ ਜਸਪ੍ਰੀਤ ਸਿੰਘ ਨੂੰ ਮਾਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। 
ਰੌਬਰਟਸ ਬਟਲਰ ਕਾਊਂਟੀ ਜੇਲ੍ਹ ਤੋਂ ਪਿਛਲੇ ਅੱਠ ਮਹੀਨਿਆਂ ਤੋਂ ਇਕ ਮਿਲੀਅਨ ਡਾਲਰ ਦੀ ਜ਼ਮਾਨਤ ਉਤੇ ਸੀ ਅਤੇ ਮੌਤ ਦੀ ਸਜ਼ਾ ਲਈ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। ਉਸ ਨੇ ਲੰਘੀ 17 ਜਨਵਰੀ ਨੂੰ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਕਰ ਕੇ ਹੁਣ ਉਸ ਨੂੰ ਹੱਤਿਆ ਅਤੇ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ਾਂ ਲਈ ਕਸੂਰਵਾਰ ਠਹਿਰਾਇਆ ਗਿਆ ਤੇ ਵੱਖ-ਵੱਖ ਦੋਸ਼ਾਂ ਤਹਿਤ ਕੁੱਲ 17 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ, ਜਿਸ ਵਿਚ ਹੱਤਿਆ ਕਰਨ ਲਈ 11 ਸਾਲ ਕੈਦ, ਬੰਦੂਕ ਦੀ ਗੈਰਕਾਨੂੰਨੀ ਵਰਤੋਂ ਲਈ 3 ਸਾਲ ਦੀ ਕੈਦ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ੩੬ ਮਹੀਨਿਆਂ ਦੀ ਕੈਦ ਦੀ ਸਜ਼ਾ ਸ਼ਾਮਿਲ ਹੈ।