ਉਤਰ-ਪੂਰਬ ਵਿਚ ਅਜ਼ਾਦੀ ਲਹਿਰਾਂ ਨੂੰ ਦਬਾਉਣ ਲਈ ਭਾਰਤ ਸਰਕਾਰ ਨੇ ਅਸਾਮ ਰਾਈਫਲਜ਼ ਨੂੰ ਦਿੱਤੀਆਂ ਵਾਧੂ ਤਾਕਤਾਂ
ਨਵੀਂ ਦਿੱਲੀ: ਘੱਟਗਿਣਤੀ ਕੌਮਾਂ ਖਿਲਾਫ ਅਫਸਪਾ, ਯੂਏਪੀਏ, ਟਾਡਾ ਵਰਗੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ ਦੁਨੀਆ ਪੱਧਰ 'ਤੇ ਮਨੁੱਖੀ ਹੱਕਾਂ ਦੇ ਘਾਣ ਲਈ ਬਦਨਾਮ ਭਾਰਤ ਨੇ ਹੁਣ ਉਤਰ ਪੂਰਬੀ ਖੇਤਰ ਵਿਚ ਤੈਨਾਤ ਅਸਾਮ ਰਾਈਫਲਜ਼ ਨੂੰ ਖਾਸ ਤਾਕਤਾਂ ਦਿੱਤੀਆਂ ਹਨ, ਜਿਹਨਾਂ ਮੁਤਾਬਿਕ ਅਸਾਮ ਰਾਈਫਲਜ਼ ਦੇ ਜਵਾਨ ਬਿਨ੍ਹਾ ਕਿਸੇ ਵਾਰੰਟ ਤੋਂ ਕਿਸੇ ਨੂੰ ਗ੍ਰਿਫਤਾਰ ਕਰ ਸਕਦੇ ਹਨ ਅਤੇ ਕਿਸੇ ਵੀ ਘਰ ਦੀ ਤਲਾਸ਼ੀ ਲੈ ਸਕਦੇ ਹਨ। ਇਹ ਵਾਧੂ ਤਾਕਤਾਂ ਸੀਆਰਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਦਿੱਤੀਆਂ ਗਈਆਂ ਹਨ ਜੋ ਕਿ ਮਿਆਂਮਾਰ ਸਰਹੱਦ ਨਾਲ ਤੈਨਾਤ ਅਸਾਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਨਾਗਾਲੈਂਡ ਅਤੇ ਮਿਜ਼ੋਰਮ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਲਾਗੂ ਹੋਣਗੀਆਂ।
ਗੌਰਤਲਬ ਹੈ ਕਿ ਅਸਾਮ ਰਾਈਫਲਜ਼ ਮਨੁੱਖੀ ਹੱਕਾਂ ਦੇ ਘਾਣ ਲਈ ਪਹਿਲਾਂ ਹੀ ਬਹੁਤ ਬਦਨਾਮ ਹੈ ਅਤੇ ਮਨੀਪੁਰ ਵਿਚ ਅਸਾਮ ਰਾਈਫਲਜ਼ ਦੇ ਦਫਤਰ ਬਾਹਰ ਔਰਤਾਂ ਵਲੋਂ ਪੂਰੀ ਨਗਨ ਹਾਲਾਤ ਵਿਚ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸਾਮ ਰਾਈਫਲਜ਼ ਮਿਲੀਆਂ ਹੋਈਆਂ ਵਾਧੂ ਤਾਕਤਾਂ ਨਾਲ ਉਨ੍ਹਾਂ ਦੇ ਬਲਾਤਕਾਰ ਕਰਦੀ ਹੈ ਅਤੇ ਕਤਲ ਕਰਦੀ ਹੈ ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਵੀ ਨਹੀਂ ਹੁੰਦੀ।
ਭਾਰਤ ਦੇ ਗ੍ਰਹਿ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਅਨੁਸਾਰ, "ਅਸਾਮ ਰਾਈਫਲਜ਼ ਦੇ ਮੈਂਬਰਾਂ ਦੇ ਸਭ ਤੋਂ ਹੇਠਲੇ ਰੈਂਕ ਦੇ ਅਫ਼ਸਰ ਨੂੰ ਇਹ ਤਾਕਤਾਂ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਤਹਿਤ ਦਿੱਤੀਆਂ ਗਈਆਂ ਹਨ।
ਪਹਿਲਾਂ ਅਸਾਮ ਰਾਈਫਲਜ਼ ਉਨ੍ਹਾਂ ਇਲਾਕਿਆਂ ਵਿਚ ਗ੍ਰਿਫਤਾਰੀਆਂ ਕਰ ਸਕਦੀ ਸੀ ਜਿੱਥੇ ਆਰਮਡ ਫੋਰਸਿਜ਼ (ਵਿਸ਼ੇਸ਼ ਅਧਿਕਾਰ) ਐਕਟ ਲਾਗੂ ਸੀ। ਪਰ ਮਿਜ਼ੋਰਮ ਦੇ ਜਿਹਨਾਂ ਜ਼ਿਲ੍ਹਿਆਂ ਵਿਚ ਅਫਸਪਾ ਲਾਗੂ ਨਹੀਂ ਉਨ੍ਹਾਂ ਜ਼ਿਲ੍ਹਿਆਂ ਵਿਚ ਅਸਾਮ ਰਾਈਫਲਜ਼ ਨੂੰ ਇਸ ਨੋਟੀਫਿਕੇਸ਼ਨ ਰਾਹੀਂ ਇਹ ਵਾਧੂ ਤਾਕਤਾਂ ਦੇ ਦਿੱਤੀਆਂ ਗਈਆਂ ਹਨ।
ਸੀਆਰਪੀਸੀ ਦੀ ਧਾਰਾ 41 ਦੱਸਦੀ ਹੈ ਕਿ ਕੋਈ ਵੀ ਪੁਲਿਸ ਅਫਸਰ ਮੈਜਿਸਟਰੇਟ ਦੇ ਹੁਕਮ ਅਤੇ ਵਾਰੰਟ ਤੋਂ ਬਿਨਾ, ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦਾ ਹੈ। ਧਾਰਾ 47 ਰਾਹੀਂ ਕਿਸੇ ਵੀ ਥਾਂ ਦੀ ਤਲਾਸ਼ੀ ਲਈ ਜਾ ਸਕਦੀ ਹੈ।
ਅਸਾਮ ਰਾਈਫਲਜ਼, ਭਾਰਤ ਦੀਆਂ ਕੇਂਦਰੀ ਹਥਿਆਰਬੰਦ ਪੁਲਸ ਫ਼ੌਜਾਂ ਵਿਚੋਂ ਇਕ ਹੈ, ਜੋ ਉੱਤਰ-ਪੂਰਬ ਵਿਚ ਭਾਰਤ ਖਿਲਾਫ ਉੱਠਦੀਆਂ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਵਰਤੀ ਜਾਂਦੀ ਹੈ।
Comments (0)