ਔਲਖ: ਜਿਸ ਮੋਰਚੇ ਉੱਤੇ ਲੜਿਆ, ਖ਼ੂਬ ਲੜਿਆ!

ਔਲਖ: ਜਿਸ ਮੋਰਚੇ ਉੱਤੇ ਲੜਿਆ, ਖ਼ੂਬ ਲੜਿਆ!

ਕੈਪਸ਼ਨ : ਇਕ ਪੁਰਾਣੀ ਯਾਦ; ਅਜਮੇਰ ਔਲਖ ਤੇ ਲੇਖਕ ਗੁਰਬਚਨ ਸਿੰਘ ਭੁੱਲਰ.

ਅਜਮੇਰ ਸਿੰਘ ਔਲਖ ਚਲਿਆ ਗਿਆ। ਉਹ ਸ਼ਬਦ ਦੇ ਸਹੀ ਅਰਥਾਂ ਵਿਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿਚ ਲੜਿਆ। ਜਦੋਂ ਵੀ, ਜਿਥੇ ਵੀ ਮਜ਼ਦੂਰਾਂ-ਕਿਸਾਨਾਂ ਦੇ ਹੱਕਾਂ ਵਾਸਤੇ, ਲੋਕਾਂ ਦੇ ਜਮਹੂਰੀ ਅਧਿਕਾਰਾਂ ਵਾਸਤੇ, ਪੰਜਾਬੀ ਦੇ ਬੋਲਬਾਲੇ ਤੇ ਲੇਖਕਾਂ ਦੇ ਹੱਕੀ ਸਥਾਨ ਵਾਸਤੇ ਆਵਾ” ਬੁਲੰਦ ਹੁੰਦੀ ਸੀ, ਉਹ ਅਗਲੀ ਕਤਾਰ ਵਿਚ ਖਲੋਤਾ ਦਿਸਦਾ ਸੀ। ਲੋਕ-ਹਿਤ ਦਾ ਮੋਰਚਾ ਕੋਈ ਵੀ ਭਖਦਾ, ਉਹਦੀ ਵਫ਼ਾਦਾਰੀ ਅਡੋਲ ਹੁੰਦੀ।
2008 ਦੇ ਪਹਿਲੇ ਦਿਨਾਂ ਦੀ ਗੱਲ ਹੈ। ਅਜਮੇਰ ਦਾ ਫੋਨ ਆਇਆ, ”ਅਸੀਂ ਦਿੱਲੀ ਆ ਰਹੇ ਹਾਂ।” ਉਹਨੇ ਬਿਲਕੁਲ ਅਡੋਲ ਆਵਾ” ਵਿਚ ਮੇਰੀ ਪੁੱਛ ਦਾ ਜਵਾਬ ਦਿੱਤਾ, ”ਡਾਕਟਰਾਂ ਨੇ ਕੁਛ ਸ਼ੱਕ ਜਿਹਾ ਪਾ ਦਿੱਤਾ, ਸ਼ਾਇਦ ਉਹ ਸਾਲ਼ਾ ਦੂਜਾ ਰੋਗ ਐ।” ਮੇਰਾ ਦਿਲ ਥੱਲੇ ਨੂੰ ਗਿਆ। ਡਾਕਟਰਾਂ ਦਾ ਟੱਬਰ ਹੋਣ ਕਰਕੇ ਕੈਂਸਰ ਦੇ ਕਈ ਰੋਗੀਆਂ ਦੇ ਜੀਵਨ-ਸਫ਼ਰ ਦਾ ਆਖ਼ਰੀ ਪੰਧ ਮੈਂ ਦੇਖਿਆ-ਸੁਣਿਆ ਹੋਇਆ ਸੀ। ਦਿੱਲੀ ਦੇ ਰਾਜੀਵ ਗਾਂਧੀ ਕੈਂਸਰ ਹਸਪਤਾਲ ਵਿਚ ਪਰਖ-ਪੜਤਾਲ ਸ਼ੁਰੂ ਹੋ ਗਈ। ਬੇਟਾ ਮੈਨੂੰ ਨਾਲੋ-ਨਾਲ ਜਾਣਕਾਰੀ ਦਿੰਦਾ ਰਿਹਾ। ਜਿਸ ਦਿਨ ਪੂਰੀ ਰਿਪੋਰਟ ਆਈ, ਉਹਨੇ ਦੱਸਿਆ, ”ਪਿਤਾ ਜੀ, ਅੰਕਲ ਦੀ ਖ਼ਬਰ ਕੋਈ ਚੰਗੀ ਨਹੀਂ! ਰੋਗ ਕਾਫ਼ੀ ਵਧ ਚੁੱਕਿਆ ਹੈ।” ਉਹਨੇ ਰਿਪੋਰਟਾਂ ਅਹਿਮਦਾਬਾਦ ਮੇਰੇ ਜੁਆਈ ਨੂੰ ਵੀ ਭੇਜ ਦਿੱਤੀਆਂ ਜੋ ਕੈਂਸਰ ਦਾ ਹੀ ਡਾਕਟਰ ਹੈ। ਉਹਦਾ ਕਹਿਣਾ ਸੀ, ”ਡਾਕਟਰ ਪਹਿਲਾਂ ਫੜ ਨਹੀਂ ਸਕੇ। ਰੋਗ ਜਿਸ ਪੜਾਅ ਨੂੰ ਪਹੁੰਚਿਆ ਹੋਇਆ ਹੈ, ਇਹ ਘੱਟੋ-ਘੱਟ ਚਾਰ-ਪੰਜ ਸਾਲ ਤੋਂ ਪੈਰ ਪਸਾਰਨ ਲਗਿਆ ਹੋਇਆ ਹੈ।” ਮੈਂ ਕੰਬਦੇ ਬੋਲ ਨਾਲ ਦੋਵਾਂ ਨੂੰ ਉਹ ਸਵਾਲ ਪੁੱਛਿਆ ਜੋ ਕਿਸੇ ਆਪਣੇ ਬਾਰੇ ਪੁੱਛਣਾ ਬਹੁਤ ਮੁਸ਼ਕਿਲ ਹੁੰਦਾ ਹੈ, ”ਅੰਦਾਜ਼ਨ ਕਿੰਨਾ ਜੀਵਨ ਬਾਕੀ ਰਹਿ ਗਿਆ ਹੈ?” ਉੱਤਰ ਸੀ, ”ਇਲਾਜ ਤੋਂ ਬਿਨਾਂ ਛੇ ਮਹੀਨੇ ਤੇ ਜੇ ਸਿਦਕ ਨਾਲ ਇਲਾਜ ਕਰਵਾਇਆ ਜਾਵੇ, ਦੋ-ਢਾਈ ਸਾਲ।੩ ਵੈਸੇ ਤਾਂ ਕੁਝ ਵੀ ਕਹਿਣਾ ਮੁਸ਼ਕਿਲ ਹੈ, ਇਲਾਜ ਦੀ ਮਦਦ ਨਾਲ ਹਰ ਰੋਗੀ ਆਪਣੀ ਲੜਾਈ ਵੱਖਰੇ ਢੰਗ ਨਾਲ ਲੜਦਾ ਹੈ।”ਤੇ ਫੇਰ ਸ਼ੁਰੂ ਹੋਈ ਰੋਗ ਵਿਰੁੱਧ ਅਜਮੇਰ ਤੇ ਉਹਦੀ ਸਾਥਣ ਮਨਜੀਤ ਦੀ ਸਾਂਝੀ ਲੜਾਈ। ਤੇ ਅਸੀਂ ਇਸ ਲੜਾਈ ਦੇ ਪਲ ਪਲ ਦਾ ਦੁੱਖ ਭੋਗਦੇ ਚਸ਼ਮਦੀਦ। ਕੁਝ ਦਿਨਾਂ ਵਿਚ ਹੀ ਅਸੀਂ ਸਮਝ ਗਏ ਕਿ ਅਜਮੇਰ ਨੇ ਰੋਗ ਬਾਰੇ ਪੱਕੀ ਕੰਮ-ਵੰਡ ਕਰ ਲਈ ਹੈ। ਇਸ ਵੰਡ ਅਨੁਸਾਰ ਉਹਨੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨਾ, ਟੈਸਟਾਂ ਤੇ ਰਿਪੋਰਟਾਂ ਬਾਰੇ ਜਾਣਕਾਰੀ ਲੈਣੀ, ਵੇਲ਼ੇ-ਸਿਰ ਦਵਾਈਆਂ ਦੇਣੀਆਂ, ਹਾਲ-ਚਾਲ ਪੁੱਛਣ ਵਾਲ਼ਿਆਂ ਨਾਲ ਗੱਲ ਕਰਨੀ ਤੇ ਮੁੱਖ ਗੱਲ, ਰੋਗ ਦੀ ਪੀੜ ਨੂੰ ”ਜ਼ਾਹਿਰ ਕਰੇ ਬਿਨਾਂ ਬਰਦਾਸ਼ਤ ਕਰਨਾ ਮਨਜੀਤ ਦੇ ਹਿੱਸੇ ਕਰ ਦਿੱਤੇ। ਆਪ ਉਹਨੇ ਕੈਂਸਰ ਨੂੰ ਮਾਮੂਲੀ ਸਿਰ-ਦਰਦ ਜਾਂ ਕਣਸ ਦੇ ਬਰਾਬਰ ਦਾ ਦਰਜਾ ਦੇ ਕੇ ਦੂਰ ਪਰੇ ਖੜ੍ਹਾ ਕੀਤਾ ਤੇ ਆਪਣੇ ਅਸਲ ਰੂਪ ਵਿਚ ਆ ਗਿਆ। ਉਹ ਮੇਰੇ ਨਾਲ ਸਾਹਿਤਕਾਰਾਂ ਬਾਰੇ ਜੱਕੜ ਮਾਰਦਾ ਤੇ ਇਥੋਂ ਜਾ ਕੇ ਕਿਹੜੀ ਤਾਰੀਖ਼ ਨੂੰ ਕਿਹੜੇ ਪਿੰਡ ਕਿਹੜਾ ਨਾਟਕ ਖੇਡਣ ਜਾਣਾ ਹੈ, ਇਹ ਵਿਉੁਂਤਾਂ ਦਸਦਾ। ਉਹ ਨਵੇਂ ਲਿਖਣੇ ਸੋਚੇ ਨਾਟਕ ਦੀ ਰੂਪ-ਰੇਖਾ ਵੀ ਸਾਂਝੀ ਕਰਦਾ। ਹਸਪਤਾਲੋਂ ਘਰ ਪਰਤੇ ਨੂੰ ਮੈਂ ਪੁੱਛਣਾ, ”ਕਿਉਂ ਬਈ, ਕੀ ਕਹਿੰਦੇ ਨੇ ਤੇਰੇ ਡਾਕਟਰ?” ਉਹਨੇ ਹੱਸ ਕੇ ਕਹਿਣਾ, ”ਇਹ ਗੱਲਾਂ ਮਨਜੀਤ ਨੂੰ ਪੁੱਛੋ, ਮੈਂ ਤਾਂ ਥੋਡੇ ਸਾਹਮਣੇ ਐਹ ਟੱਲੀ ਵਰਗਾ ਖੜ੍ਹਾ ਹਾਂ!
ਜੇ ਅਜਮੇਰ ਦਾ ਕੈਂਸਰ ਵਰਗੇ ਚੰਦਰੇ ਰੋਗ ਨੂੰ ਆਪਣੇ ਮਨ ਉੱਤੇ ਕਾਬ” ਨਾ ਹੋਣ ਦੇਣਾ ਬੇਮਿਸਾਲ ਹੈ, ਮਨਜੀਤ ਦਾ ਭੁਰਦੇ ਮਨ ਨਾਲ ਆਪਾ ਸਾਬਤ ਰਖਦਿਆਂ ਉਹਦੇ ਰੋਗ ਦੇ ਇਲਾਜ ਸੰਬੰਧੀ ਕਿਸੇ ਵੀ ਥਕੇਵੇਂ ਜਾਂ ਅਕੇਵੇਂ ਤੋਂ ਬਿਨਾਂ ਪੂਰੇ ਇਕ ਦਹਾਕੇ ਦਾ ਸਿਦਕ-ਸਿਰੜ ਵੀ ਲਾਸਾਨੀ ਹੈ। ਇਹ ਰੋਗੀ ਵਜੋਂ ਅਜਮੇਰ ਦੀਆਂ ਬੇਪਰਵਾਹੀਆਂ ਤੇ ਸੰਭਾਲੂ ਵਜੋਂ ਮਨਜੀਤ ਦੀਆਂ ਪਰਵਾਹਾਂ ਦੇ ਸੁਮੇਲ ਦਾ ਹੀ ਨਤੀਜਾ ਹੈ ਕਿ ਦੋ-ਢਾਈ ਸਾਲਾਂ ਦਾ ਮੁੱਢਲਾ ਅਨੁਮਾਨ ਪੂਰੇ ਇਕ ਦਹਾਕੇ ਵਿਚ ਬਦਲ ਗਿਆ। ਤੇ ਇਹ ਇਕ ਦਹਾਕਾ, ਜਿਵੇਂ ਮੈਂ ਪਹਿਲਾਂ ਕਿਹਾ ਹੈ, ਕਿਸੇ ਕੈਂਸਰ ਦੇ ਰੋਗੀ ਦਾ ਮੰਜੇ ਉੱਤੇ ਕਰਾਹੁੰਦਿਆਂ ਬਿਤਾਇਆ ਸਮਾਂ ਨਹੀਂ ਸੀ। ਜਦੋਂ ਸ਼ੁਰੂ ਵਿਚ ਇਲਾਜ ਨੇ ਅਸਰ ਦਿਖਾਇਆ, ਉਹਦਾ ਆਪਣੇ ਇਲਾਕੇ ਵਿਚ ਪੂਰੀ ਸਰਗਰਮੀ ਨਾਲ ਮੰਚੀ ਪੇਸ਼ਕਾਰੀਆਂ ਵਿਚ ਜੁਟ ਜਾਣਾ ਤਾਂ ਕਿਸੇ ਹੱਦ ਤੱਕ ਸਮਝ ਆਉਂਦਾ ਸੀ ਪਰ ਹੈਰਾਨੀ ਓਦੋਂ ਹੋਈ ਜਦੋਂ ਉਹਨੇ ਦੱਸਿਆ ਕਿ ਉਹ ਤੇ ਮਨਜੀਤ ਉਥੋਂ ਦੇ ਪੰਜਾਬੀ ਮੁੰਡੇ-ਕੁੜੀਆਂ ਨੂੰ ਵਰਕਸ਼ਾਪ ਲਾ ਕੇ ਤਿਆਰ ਕਰਨ ਤੇ ਨਾਟਕ ਖੇਡਣ ਲਈ ਕੁਝ ਹਫ਼ਤਿਆਂ ਵਾਸਤੇ ਕੈਨੇਡਾ ਜਾ ਰਹੇ ਹਨ। ਮੈਂ ਸੋਚਿਆ, ਹਰ ਮਰੀ” ਉੱਤੇ ਦਹਿਸ਼ਤ ਪਾਉਣ ਗਿੱਝਿਆ ਹੋਇਆ ਕੈਂਸਰ ਇਸ ਬੰਦੇ ਨਾਲ ਵਾਹ ਪਾ ਕੇ ਤਾਂ ”ਰੂਰ ਪਛਤਾਇਆ ਹੋਵੇਗਾ!
ਇਲਾਜ ਤੋਂ ਡਰ ਕੇ ਲੰਮਾ ਸਮਾਂ ਛਾਪਲ਼ੇ ਰਹੇ ਰੋਗ ਨੇ ਦੁਬਾਰਾ ਸਿਰ ਚੁੱਕ ਲਿਆ। ਇਕ ਅਜਮੇਰ ਤੋਂ ਬਿਨਾਂ ਉਹਦੀ ਲਲਕਾਰ ਸਾਨੂੰ ਸਭ ਨੂੰ ਸੁਣਦੀ ਸੀ, ”ਲਓ ਬਈ, ਫੇਰ ਆ ਗਿਆ ਹਾਂ ਮੈਂ, ਇਸ ਵਾਰ ਪੂਰੇ ਦਲ-ਬਲ ਨਾਲ, ਲਾ ਲਵੋ ਜੋ ਵਾਹ ਲਗਦੀ ਹੈ!” ਅਸੀਂ ਸਾਰੇ ਜਾਣ ਗਏ ਕਿ ਹੁਣ ਉਹ ਸੰਕਟੀ ਦੌਰ ਆ ਗਿਆ ਹੈ ਜਦੋਂ ਗੱਲ ਇਲਾਜ ਦੀ ਨਹੀਂ ਰਹਿ ਗਈ, ਮੁੱਖ ਚਿੰਤਾ ਲਗਾਤਾਰ ਵਧਦੇ ਜਾਣੇ ਦਰਦ ਨੂੰ ਮੱਠਾ ਪਾਉਂਦੇ ਰਹਿਣ ਦੇ ਓਹੜ-ਪੋਹੜ ਦੀ ਬਣ ਗਈ ਹੈ।
ਪਰ ਕਿਸ ਮਿੱਟੀ ਦਾ ਸੀ ਲੋਕਾਂ ਦਾ ਇਹ ਬੰਦਾ! ਦਰਦ ਨੇ ਤੁਰਨਾ ਮੁਸ਼ਕਿਲ ਬਣਾ ਕੇ ਖੂੰਡੀ ਫੜਾ ਦਿੱਤੀ ਤਾਂ ਵੀ ਉਹਨੇ ਨਾਟ-ਮੰਚ ਤਾਂ ਕੀ ਛੱਡਣਾ ਸੀ, ਹੋਰ ਸਾਹਿਤਕ ਪਰੋਗਰਾਮਾਂ ਤੋਂ ਵੀ ਕਿਨਾਰਾ ਨਾ ਕੀਤਾ। ਜਲੰਧਰ ਮੈਨੂੰ ਡਾ. ਜਗਤਾਰ ਸਨਮਾਨ ਦਿੱਤਾ ਜਾਣਾ ਸੀ। ਦੇਖਿਆ, ਅਜਮੇਰ ਆ ਰਿਹਾ ਹੈ, ਹੱਥ ਵਿਚ ਖੂੰਡੀ ਪਰ ਤਾਂ ਵੀ ਮੁੰਡਿਆਂ ਨੇ ਸਹਾਰਾ ਦਿੱਤਾ ਹੋਇਆ। ਮੈਂ ਲਗਭਗ ਗੁੱਸੇ ਹੋ ਕੇ ਕਿਹਾ, ”ਕੀ ਲੋੜ ਸੀ ਆਉਣ ਦੀ?” ਮੁਸਕਰਾ ਕੇ ਬੋਲਿਆ, ”ਇਕ ਤਾਂ ਇਹਨਾਂ ਮੁੰਡਿਆਂ ਨੇ ਕਿਹਾ ਸੀ, ਜ਼ਰੂਰ ਆਇਓ, ਨਾਲ਼ੇ ਸਨਮਾਨ ਤੇਰਾ ਸੀ।” ਦੋ ਪੌੜੀਆਂ ਵਾਲ਼ੇ ਮੰਚ ਉੱਤੇ ਮੁੰਡਿਆਂ ਨੇ ਉਹਨੂੰ ਲਗਭਗ ਚੁੱਕ ਕੇ ਹੀ ਚੜ੍ਹਾਇਆ। ਮੇਰੇ ਨਾਲ ਦੀ ਕੁਰਸੀ ਉੱਤੇ ਤੰਦਰੁਸਤਾਂ ਵਾਂਗ ਤਣ ਕੇ ਬੈਠੇ ਦੀ ਅੰਦਰਲੀ ਪੀੜ ਮੈਨੂੰ ਲਗਾਤਾਰ ਮਹਿਸੂਸ ਹੁੰਦੀ ਰਹੀ। ਫੇਰ ਖੂੰਡੀ ਦੀ ਥਾਂ ਕੁਰਸੀ ਨੇ ਲੈ ਲਈ। ਉਹ ਤਾਂ ਵੀ ਕਾਰ ਵਿਚ ਲੰਮਾ ਪੈ ਕੇ ਪਿੰਡਾਂ ਵਿਚ ਨਾਟਕ ਖੇਡਣ ਜਾ ਪਹੁੰਚਦਾ। ਉਹਨੂੰ ਰੋਕਣ ਦੀ ਹਿੰਮਤ ਕੌਣ ਕਰੇ!
ਅੰਤ ਨੂੰ ਰੀੜ੍ਹ ਤੱਕ ਪਹੁੰਚੇ ਕੈਂਸਰ ਨੇ ਇਕ ਪਲ ਲਈ ਵੀ ਸਿੱਧਾ ਪੈਣਾ ਅਸੰਭਵ ਬਣਾ ਦਿੱਤਾ। ਲੋਕ ਮਿਲਣ ਆਉਂਦੇ, ਉਹ ਪਾਸੇ ਪਰਨੇ ਹੋ ਜਾਂਦਾ ਤੇ ਛੇਤੀ ਹੀ ਪਾਸਾ ਥੱਕੇ ਤੋਂ ਉਲਟਾ ਪੈ ਜਾਂਦਾ। ਫੇਰ ਪਾਸਾ, ਫੇਰ ਉਲਟਾ। ਪਰ ਆਏ-ਗਏ ਦੀ ਰੋਗ ਦੀ ਪੁੱਛ-ਦੱਸ ਦੀ ਗੱਲ ਨੂੰ ਤੇ ਆਪਣੇ ਦਰਦ ਨੂੰ ਪਰੇ ਹੂੰਝ ਕੇ ਗੱਲਾਂ ਉਹੋ ਲੋਕਾਂ ਦੇ ਦਰਦ ਦੀਆਂ, ਉਹਨਾਂ ਨੂੰ ਪੇਸ਼ ਕਰਦੇ ਨਾਟਕਾਂ ਦੀਆਂ ਤੇ ਸਮੁੱਚੇ ਸਾਹਿਤ ਦੀਆਂ ਕਰਦਾ! ਉਹ ਮੰਚ ਉੱਤੇ ਜਿੰਨਾ ਗੱਜਵਾਂ-ਲਲਕਾਰਵਾਂ ਸੀ, ਨਿੱਜੀ ਜੀਵਨ ਵਿਚ ਓਨਾ ਹੀ ਸਹਿਜ-ਸ਼ਾਂਤ ਸੀ। ਇਹੋ ਵਜ੍ਹਾ ਸੀ ਕਿ ਉਹਨੇ ਭਿਆਨਕ ਬਿਮਾਰੀ ਦਾ ਦੌਰ ਜਿਸ ਸਹਿਜ-ਸ਼ਾਂਤੀ ਨਾਲ ਬਿਤਾਇਆ, ਅੰਤਿਮ ਯਾਤਰਾ ਉੱਤੇ ਵੀ ਉਹ ਉਸੇ ਸਹਿਜਤਾ ਨਾਲ ਤੁਰਿਆ। ਸ਼ਾਮ ਤੱਕ ਉਹ ਪਰਿਵਾਰ ਤੇ ਦੋਸਤ-ਮਿੱਤਰਾਂ ਨਾਲ ਆਮ ਵਾਂਗ ਗੱਲਾਂ ਕਰਦਾ ਰਿਹਾ। ਰਾਤ ਨੂੰ ਮਨਜੀਤ ਨਿੱਤ-ਕਰਮ ਵਾਂਗ ਸਮੇਂ ਸਮੇਂ ਪਾਸਾ ਬਦਲਾਉਂਦੀ ਰਹੀ। ਤਿੰਨ ਵਜੇ ਵਾਲ਼ਾ ਪਾਸਾ ਬਦਲਾਉਣ ਲਈ ਜਦੋਂ ਉਹਨੇ ਪੰਜ ਵਜੇ ਹੱਥ ਲਾਇਆ, ਯਾਤਰੀ ਚੁੱਪਚਾਪ ਰਵਾਨਾ ਹੋ ਚੁਕਿਆ ਸੀ। ਕਹਿੰਦੇ ਹਨ, ਅਜਿਹੀ ਮੌਤ ਮਹਾਂਪੁਰਖਾਂ ਨੂੰ ਆਉਂਦੀ ਹੈ। ਆਪਣੇ ਕਾਰਜ-ਖੇਤਰ ਦਾ ਮਹਾਂਪੁਰਖ ਹੀ ਤਾਂ ਸੀ ਉਹ!
ਨਾਟ-ਖੇਤਰ ਵਿਚ ਭਾਅ ਜੀ ਗੁਰਸ਼ਰਨ ਸਿੰਘ ਵਾਂਗ ਅਜਮੇਰ ਵੀ ਅਜਿਹੇ ਯੋਧੇ ਦੀ ਮਿਸਾਲ ਹੈ ਜਿਨ੍ਹਾਂ ਦੀ ਜਾਨ ਆਪਣੀ ਦੇਹ ਵਿਚ ਨਹੀਂ, ਜਨਤਾ ਵਿਚ ਹੁੰਦੀ ਹੈ। ਦੇਹ ਤਾਂ ਆਉਣੀ-ਜਾਣੀ ਹੈ ਪਰ ਜਨਤਾ ਅਮਰ ਹੈ ਜਿਸ ਕਾਰਨ ਜਨਤਾ ਵਿਚ ਸਾਹ ਲੈਂਦੇ ਤੇ ਜਨਤਾ ਵਿਚ ਜਿਉਂਦੇ ਅਜਿਹੇ ਬੰਦੇ ਵੀ ਅਮਰ ਰਹਿੰਦੇ ਹਨ। ਚੰਗਾ ਬਈ ਅਜਮੇਰ, ਅਲਵਿਦਾਅ!