ਬਾ-ਅਦਬ ਹੁਕਮਾਂ ਨਾਲ ਕਿਤੇ ਰਾਸ਼ਟਰ ਗੀਤ ਦਾ ਅਪਮਾਨ ਨਾ ਹੋ ਜਾਵੇ

ਬਾ-ਅਦਬ ਹੁਕਮਾਂ ਨਾਲ ਕਿਤੇ ਰਾਸ਼ਟਰ ਗੀਤ ਦਾ ਅਪਮਾਨ ਨਾ ਹੋ ਜਾਵੇ

ਦੇਸ਼ ਜ਼ਬਰੀ ਲਾਗੂ ਪਰੰਪਰਾਵਾਂ ਅਤੇ ਕਾਨੂੰਨਾਂ ਨਾਲ ਨਹੀਂ ਚਲਦਾ। ਉਹ ਸਮੂਹਕ ਚੇਤਨਾ ਦਾ ਨਾਂ ਹੁੰਦਾ ਹੈ, ਜੋ ਵੱਖ-ਵੱਖ ਮਾਨ-ਸਨਮਾਨ ਵਿਚਕਾਰ ਪੈਦਾ ਹੁੰਦਾ ਹੈ। ਕੋਈ ਖਿਡਾਰੀ ਉਲੰਪਿਕ ‘ਚ ਮੈਡਲ ਜਿੱਤਦਾ ਹੈ ਤਾਂ ਦੇਸ਼ ਦਾ ਸਨਮਾਨ ਵਧਦਾ ਹੈ, ਕੋਈ ਫ਼ਿਲਮਕਾਰ ਚੰਗੀ ਫ਼ਿਲਮ ਬਣਾ ਕੇ ਕੌਮਾਂਤਰੀ ਸਮਾਗਮ ਵਿਚ ਸ਼ਲਾਘਾ ਪ੍ਰਾਪਤ ਕਰਦਾ ਹੈ ਤਾਂ ਦੇਸ਼ ਦਾ ਨਾਂ ਹੁੰਦਾ ਹੈ, ਚੰਗੀ ਕਿਤਾਬ ਦੇਸ਼ ਦੀ ਮਾਨਸਿਕ ਸ਼ਕਤੀ ਦਾ ਵਿਸਤਾਰ ਕਰਦੀ ਹੈ, ਚੰਗਾ ਗਾਇਕ ਦੇਸ਼ ਨੂੰ ਸੱਤ ਸਮੁੰਦਰ ਪਾਰ ਲਿਜਾਂਦਾ ਹੈ, ਮਤਲਬ ਹਰ ਕਿਸੇ ਦਾ ਆਪਣਾ ਮਾਨ-ਸਨਮਾਨ ਹੈ। ਇਸੇ ਤਰ੍ਹਾਂ ਸਿਨੇਮਾ ਦਾ ਵੀ ਹੈ।
ਪ੍ਰਿਯਦਰਸ਼ਨ
ਸਿਨੇਮਾ ਘਰਾਂ ਵਿਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗੀਤ ਵਜਾਉਣਾ ਲਾਜ਼ਮੀ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਨੇ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ। ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ। ਖ਼ਤਰਾ ਇਹ ਵੀ ਹੈ ਕਿ ਜਲਦ ਹੀ ਸੁਪਰੀਮ ਕੋਰਟ ਦੇ ਇਸ ਆਦੇਸ਼ ਨੂੰ ਕੁੱਝ ਜੋਸ਼ੀਲੇ ਦੇਸ਼ ਭਗਤ ਸਿਨੇਮਾ ਘਰਾਂ ਵਿਚ ਆਪਣੇ ਪੱਧਰ ‘ਤੇ ਲਾਗੂ ਕਰਵਾਉਣ ਦੇ ਨਾਂ ‘ਤੇ ਕਈ ਹਿੰਸਕ ਹਾਲਾਤ ਪੈਦਾ ਕਰ ਸਕਦੇ ਹਨ।
ਕਿਰਪਾ ਇਹ ਨਾ ਸਮਝੋ ਕਿ ਮੈਂ ਰਾਸ਼ਟਰ ਗੀਤ ਦਾ ਵਿਰੋਧੀ ਹਾਂ। ਮੈਂ ਰਾਸ਼ਟਰ ਗੀਤ ਦਾ ਬਹੁਤ ਸਨਮਾਨ ਕਰਦਾ ਹਾਂ, ਉਨ੍ਹਾਂ ਲੋਕਾਂ ਤੋਂ ਜ਼ਿਆਦਾ ਜੋ ਸਾਲਾਂ ਤਕ ਇਸ ਰਾਸ਼ਟਰ ਗੀਤ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਦੇ ਰਹੇ ਅਤੇ ਪ੍ਰਚਾਰਤ ਕਰਦੇ ਰਹੇ ਕਿ ਇਹ ਜਾਰਜ ਪੰਚਮ ਦੀ ਤਾਰੀਫ਼ ‘ਚ ਲਿਖਿਆ ਗਿਆ ਹੈ। ਹਾਲਾਂਕਿ ਰਵਿੰਦਰਨਾਥ ਟੈਗੋਰ ਆਪਣੇ ਜੀਵਨ ਕਾਲ ਵਿਚ ਹੀ ਇਸ ਗੱਲ ਦਾ ਵਾਰ-ਵਾਰ ਵਿਰੋਧ ਕਰਦੇ ਰਹੇ। ਬੇਸ਼ੱਕ ਉਨ੍ਹਾਂ ਤੋਂ ਸਮਰਾਟ ਦੀ ਤਾਰੀਫ਼ ਵਿਚ ਗੀਤ ਲਿਖਣ ਦੀ ਅਪੀਲ ਕੀਤੀ ਗਈ ਸੀ, ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਸੀ। ਇਸ ਬਾਰੇ ਉਨ੍ਹਾਂ ਨੇ ਆਪਣੇ ਦੋਸਤ ਪੀ.ਬੀ. ਸੇਨ ਨੂੰ ਵੀ ਲਿਖਿਆ, ”ਸਮਰਾਟ ਦੇ ਅਮਲੇ ਦੇ ਕਿਸੇ ਅਫਸਰ ਨੇ, ਜੋ ਮੇਰੇ ਦੋਸਤ ਵੀ ਸਨ, ਅਪੀਲ ਕੀਤੀ ਸੀ ਕਿ ਮੈਂ ਸਮਰਾਟ ਦੀ ਤਾਰੀਫ਼ ਵਿਚ ਇੱਕ ਗੀਤ ਲਿਖਾਂ। ਇਸ ਅਪੀਲ ਤੋਂ ਮੈਂ ਹੈਰਾਨ ਰਹਿ ਗਿਆ। ਇਸ ਗੱਲ ਕਾਰਨ ਮੈਨੂੰ ਬਹੁਤ ਗੁੱਸਾ ਆਇਆ। ਇਸ ਬੇਹੱਦ ਮਾਨਸਿਕ ਸ਼ੋਸ਼ਣ ਦੇ ਜਵਾਬ ਵਿਚ ਮੈਂ ਜਨ ਗਣ ਮਨ ‘ਚ ਉਸ ਭਾਰਤ ਭਵਿੱਖ ਸੰਚਾਲਨ ਦੀ ਜਿੱਤ ਦਾ ਐਲਾਨ ਕੀਤਾ, ਜੋ ਕਈ ਸਦੀਆਂ ਤੋਂ ਉੱਠਦੇ-ਡਿੱਗਦੇ ਭਾਰਤ ਨੂੰ ਚਲਾਉਂਦਾ ਰਿਹਾ ਹੈ।”
ਪਰ ਟੈਗੋਰ ਦੇ ਜਨ-ਗਣ-ਮਨ ਨੂੰ ਜਾਰਜ ਪੰਚਮ ਨਾਲ ਕਿਵੇਂ ਜੋੜ ਦਿੱਤਾ ਗਿਆ? ਇਸ ਦਾ ਜਵਾਬ ਸੌਭਿਕ ਭੱਟਾਚਾਰਿਆ ਅਤੇ ਅਨਿਬਾਰਨ ਮਿੱਤਰਾ ਵੱਲੋਂ ਕੀਤੇ ਗਏ ਸ਼ੋਧ ਵਿਚ ਮਿਲਦਾ ਹੈ। ਕੁੱਝ ਸਾਲ ਪਹਿਲਾਂ ‘ਦੀ ਹਿੰਦੂ’ ਦੇ ਇੱਕ ਲੇਖ ਵਿਚ ਉਨ੍ਹਾਂ ਲਿਖਿਆ ਹੈ ਕਿ ਉਸੇ ਸਾਲ ਕਾਂਗਰਸ ਦੇ ਸੈਸ਼ਨ ਵਿਚ ਟੈਗੋਰ ਦਾ ਜਨ ਗਣ ਮਨ ਵੀ ਗਾਇਆ ਗਿਆ ਅਤੇ ਜਾਰਜ ਪੰਚਮ ਦੀ ਸ਼ਲਾਘਾ ‘ਚ ਕਿਸੇ ਹੋਰ ਲੇਖਕ ਵੱਲੋਂ ਲਿਖਿਆ ਗਿਆ ਇਕ ਹੋਰ ਗੀਤ ਵੀ ਜਿਸ ਨੂੰ ਮੀਡੀਆ ਦੀ ਰਿਪੋਰਟਿੰਗ ਨੇ ਜੋੜ-ਤੋੜ ਕਰ ਦਿੱਤਾ। ਟੈਗੋਰ ਤੋਂ ਬਾਅਦ ਵਿਚ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਮੈਂ ਅਜਿਹੀ ਮੂਰਖਤਾ ਕਰ ਸਕਦਾ ਹਾਂ, ਉਨ੍ਹਾਂ ਦੇ ਸਵਾਲ ਦਾ ਜਵਾਬ ਤਕ ਦੇਣਾ ਮੇਰੇ ਲਈ ਅਪਮਾਨਜਨਕ ਹੈ।
ਖ਼ੈਰ, ਟੈਗੋਰ ਉਨ੍ਹਾਂ ਲੋਕਾਂ ਵਿਚੋਂ ਸਨ, ਜਿਨ੍ਹਾਂ ਨੇ ਨਵੇਂ ਰਾਸ਼ਟਰਵਾਦ, ਫ਼ਿਰਕਾਪ੍ਰਸਤੀ ਅਤੇ ਧਾਰਮਿਕ ਪਾਖੰਡ ਦੇ ਖਤਰਿਆਂ ਨੂੰ ਸਭ ਤੋਂ ਪਹਿਲਾਂ ਪਛਾਣਿਆ ਸੀ। 1889 ਵਿਚ ਲਿਖਿਆ ਗਿਆ ਉਨ੍ਹਾਂ ਦਾ ਨਾਵਲ ‘ਰਾਜਸ੍ਰੀ’ ਬਹੁਤ ਮਨੁੱਖੀ ਢੰਗ ਨਾਲ ਸੱਤਾ ਅਤੇ ਧਰਮ ਨੂੰ ਪੇਸ਼ ਕਰਦਾ ਹੈ ਅਤੇ ਉਸ ਦੌਰ ਵਿਚ ਅਹਿੰਸਾ ਨੂੰ ਆਦਰਸ਼ ਦੀ ਤਰ੍ਹਾਂ ਪੇਸ਼ ਕਰਦਾ ਹੈ, ਜਦੋਂ ਗਾਂਧੀ ਦਾ ਵਿਚਾਰਿਕ ਮਨੁੱਖ ਤਿਆਰ ਹੋ ਰਿਹਾ ਸੀ। 1911 ਵਿਚ ਪ੍ਰਕਾਸ਼ਤ ਆਪਣੇ ਨਾਵਲ ‘ਗੋਰਾ’ ਵਿੱਚ ਵੀ ਰਾਸ਼ਟਰਵਾਦ ਦੀ ਬਹਿਸ ਨੂੰ ਵੱਡਾ ਮੁੱਦਾ ਬਣਾਇਆ ਹੈ।
ਅਜਿਹਾ ਕ੍ਰਾਂਤੀਦਰਸ਼ੀ ਸਾਡੇ ਰਾਸ਼ਟਰ ਗੀਤ ਦਾ ਨਿਰਮਾਤਾ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਸੱਚ ਤਾਂ ਇਹ ਹੈ ਕਿ ਰਾਸ਼ਟਰ ਗੀਤ ਹੋਵੇ ਜਾਂ ਤਿਰੰਗਾ – ਦੋਹਾਂ ਦਾ ਸਭ ਤੋਂ ਘੱਟ ਸਨਮਾਨ ਸ਼ੁਰੂਆਤੀ ਸਾਲਾਂ ‘ਚ ਉਨ੍ਹਾਂ ਭਗਵਾ ਵਿਚਾਰਕਾਂ ਨੇ ਕੀਤਾ, ਜੋ ਸਭ ਤੋਂ ਵੱਧ ਦੇਸ਼ ਭਗਤੀ ਦਾ ਝੰਡਾ ਚੁੱਕਦੇ ਹਨ।
ਫਿਰ ਸਵਾਲ ਹੈ, ਸੁਪਰੀਮ ਕੋਰਟ ਦੇ ਹੁਕਮ ਤੋਂ ਮੈਨੂੰ ਇਤਰਾਜ਼ ਕਿਉਂ ਹੈ? ਮੈਨੂੰ ਰਾਸ਼ਟਰ ਗੀਤ ਤੋਂ ਨਹੀਂ, ਇਸ ਦੇ ਜਬਰੀ ਲਾਗੂ ਕੀਤੇ ਜਾਣ ਤੋਂ ਇਤਰਾਜ਼ ਹੈ। ਇਸ ਤੋਂ ਰਾਸ਼ਟਰ ਗੀਤ ਦਾ ਮਾਣ ਘੱਟ ਹੋਵੇਗਾ। ਜਿਸ ਨਾਲ ਸਾਡਾ ਸਹਿਜ ਸਬੰਧ ਹੋਣਾ ਚਾਹੀਦਾ ਹੈ, ਜਿਸ ਨੂੰ ਗਾਉਂਦੇ ਸਮੇਂ ਸ਼ਰਧਾ ਅਤੇ ਸਨਮਾਨ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ, ਜੇ ਉਸ ਨੂੰ ਬਿਲਕੁਲ ਖੜ੍ਹੇ ਹੋ ਕੇ ਸਾਵਧਾਨ ਦੀ ਸਥਿਤੀ ਵਿਚ ਗਾਉਣ ਲਈ ਮਜਬੂਰ ਹੋਣਾ ਪਵੇ ਤਾਂ ਉਸ ਦੇ ਮਾਣ ਨੂੰ ਸੱਟ ਪੁੱਜੇਗੀ। ਰਾਸ਼ਟਰ ਗੀਤ ਕਿਸੇ ਵਿਅਕਤੀ ਨੂੰ ਉਸ ਦੀ ਆਜ਼ਾਦੀ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ, ਉਸ ਨੂੰ ਪ੍ਰਸ਼ਾਸਨ ਦਾ ਜਬਰੀ ਲਾਗੂ ਕੀਤਾ ਹੋਇਆ ਆਦੇਸ਼ ਨਹੀਂ ਹੋਣਾ ਚਾਹੀਦਾ।
ਇੱਥੇ ਇਸ ਆਦੇਸ਼ ਦੀ ਦੂਜੀ ਸੀਮਾ ਵਿਖਾਈ ਦਿੰਦੀ ਹੈ। ਇਹ ਹੁਕਮ ਸਾਡੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਕਿਸੇ ਵੀ ਅਧਿਕਾਰ ਦਾ ਇਕ ਬੁਨਿਆਦੀ ਨਿਯਮ ਉਸ ਦੀ ਵਰਤੋਂ ਨਾ ਕਰਨ ਦੀ ਛੋਟ ਵੀ ਹੁੰਦਾ ਹੈ। ਮਤਲਬ ਸਾਡੇ ਵੋਟ ਦੇਣ ਦੇ ਅਧਿਕਾਰ ‘ਚ ਵੋਟ ਨਾ ਦੇਣ ਦਾ ਅਧਿਕਾਰ ਵੀ ਸ਼ਾਮਲ ਹੈ। ਪਰ ਸੁਪਰੀਮ ਕੋਰਟ ਸਾਨੂੰ ਸਿਰਫ਼ ਰਾਸ਼ਟਰ ਗੀਤ ਨਾ ਗਾਉਣ ਦਾ ਅਧਿਕਾਰ ਹੀ ਖੋਹ ਰਿਹਾ ਹੈ, ਉਹ ਸਾਨੂੰ ਇਸ ਨੂੰ ਖਾਸ ਤਰੀਕੇ ਤੋਂ ਗਾਉਣ ਲਈ ਵੀ ਮਜਬੂਰ ਕਰ ਰਿਹਾ ਹੈ। ਇਸ ਅਦਾਲਤੀ ਹੁਕਮ ਦੇ ਜਨਤਕ ਖਤਰੇ ਹੋਰ ਵੱਧ ਹਨ। ਛੇਤੀ ਹੀ ਅਜਿਹੇ ਸੰਗਠਨ ਵੇਖਣ ਨੂੰ ਮਿਲਣਗੇ, ਜੋ ਰਾਸ਼ਟਰ ਗੀਤ ਦੀ ਉਲੰਘਣਾ ਦੇ ਨਾਂ ‘ਤੇ ਕਿਸੇ ਨੂੰ ਵੀ ਪ੍ਰੇਸ਼ਾਨ ਕਰ ਸਕਦੇ ਹਨ, ਜਿਵੇਂ ਗਉ-ਰੱਖਿਆ ਸੰਗਠਨ ਕਰਦੇ ਹਨ।
ਇਸ ਦਾ ਇੱਕ ਹੋਰ ਪੱਖ ਸਮਝਣ ਦੀ ਲੋੜ ਹੈ। ਦੇਸ਼ ਜ਼ਬਰੀ ਲਾਗੂ ਪਰੰਪਰਾਵਾਂ ਅਤੇ ਕਾਨੂੰਨਾਂ ਨਾਲ ਨਹੀਂ ਚਲਦਾ। ਉਹ ਸਮੂਹਕ ਚੇਤਨਾ ਦਾ ਨਾਂ ਹੁੰਦਾ ਹੈ, ਜੋ ਵੱਖ-ਵੱਖ ਮਾਨ-ਸਨਮਾਨ ਵਿਚਕਾਰ ਪੈਦਾ ਹੁੰਦਾ ਹੈ। ਕੋਈ ਖਿਡਾਰੀ ਉਲੰਪਿਕ ‘ਚ ਮੈਡਲ ਜਿੱਤਦਾ ਹੈ ਤਾਂ ਦੇਸ਼ ਦਾ ਸਨਮਾਨ ਵਧਦਾ ਹੈ, ਕੋਈ ਫ਼ਿਲਮਕਾਰ ਚੰਗੀ ਫ਼ਿਲਮ ਬਣਾ ਕੇ ਕੌਮਾਂਤਰੀ ਸਮਾਗਮ ਵਿਚ ਸ਼ਲਾਘਾ ਪ੍ਰਾਪਤ ਕਰਦਾ ਹੈ ਤਾਂ ਦੇਸ਼ ਦਾ ਨਾਂ ਹੁੰਦਾ ਹੈ, ਚੰਗੀ ਕਿਤਾਬ ਦੇਸ਼ ਦੀ ਮਾਨਸਿਕ ਸ਼ਕਤੀ ਦਾ ਵਿਸਤਾਰ ਕਰਦੀ ਹੈ, ਚੰਗਾ ਗਾਇਕ ਦੇਸ਼ ਨੂੰ ਸੱਤ ਸਮੁੰਦਰ ਪਾਰ ਲਿਜਾਂਦਾ ਹੈ, ਮਤਲਬ ਹਰ ਕਿਸੇ ਦਾ ਆਪਣਾ ਮਾਨ-ਸਨਮਾਨ ਹੈ। ਇਸੇ ਤਰ੍ਹਾਂ ਸਿਨੇਮਾ ਦਾ ਵੀ ਹੈ। ਅਸੀਂ ਜਦੋਂ ਫ਼ਿਲਮ ਵੇਖਣ ਜਾਂਦੇ ਹਾਂ ਤਾਂ ਉਸੇ ਮਾਨਸਿਕ ਸਥਿਤੀ ਨਾਲ ਜਾਂਦੇ ਹਾਂ। ਉੱਥੇ ਜਾ ਕੇ ਜਦੋਂ ਰਾਸ਼ਟਰ ਗੀਤ ਲਈ ਖੜ੍ਹੇ ਹੋਣਾ ਰਾਸ਼ਟਰ ਗੀਤ ਲÂਂੀ ਮਾਣ ਵਾਲੀ ਗੱਲ ਨਹੀਂ ਹੈ। ਫ਼ਿਲਮ ਲਈ ਵੀ ਨਹੀਂ। ਇਹੀ ਨਹੀਂ, ਰਾਸ਼ਟਰ ਗੀਤ ਨੂੰ ਅਜਿਹੀ ਪੂਜਾ ਦੀ ਚੀਜ਼ ਬਣਾ ਦੇਣਾ ਕਿ ਉਸ ਨੂੰ ਇਵੇਂ ਛੋਹ ਲੈਣ ਨਾਲ ਅਪਵਿੱਤਰ ਹੋ ਜਾਵੇਗਾ, ਰਾਸ਼ਟਰ ਗੀਤ ਨੂੰ ਛੋਟਾ ਕਰਨਾ ਹੈ, ਲੋਕਾਂ ਤੋਂ ਵੱਖ ਕਰਨਾ ਹੈ, ਰਾਸ਼ਟਰ ਗੀਤ ਨਾਲ ਸਾਡੇ ਸਾਹ ਦਾ ਸਬੰਧ ਹੋਣਾ ਚਾਹੀਦਾ ਹੈ। ਕਦੇ ਉਹ ਸਾਹ ਲੰਮਾ ਹੋ ਸਕਦਾ ਹੈ, ਕਦੇ ਛੋਟਾ। ਕਦੇ ਅਸੀਂ ਇਸ ਨੂੰ ਗੁਨਗੁਨਾ ਸਕਦੇ ਹਾਂ, ਕਦੇ ਜ਼ੋਰ ਨਾਲ ਗਾ ਸਕਦੇ ਹਾਂ। ਕਦੇ ਇਸ ਦੇ ਨਾਲ ਕੁੱਝ ਚੰਗੇ ਸੰਗੀਤਮਈ ਪ੍ਰਯੋਗ ਵੀ ਕਰ ਸਕਦੇ ਹਾਂ, ਕਦੇ ਇਸ ਨੂੰ ਗੀਤ ਮੁਕਾਬਲੇ ਵਿਚ ਵੀ ਵਰਤ ਸਕਦੇ ਹਾਂ। ਮੁਸ਼ਕਲ ਇਹ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਅਜਿਹੀਆਂ ਕਈ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ।
ਕੁੱਝ ਦੋਸਤਾਂ ਦਾ ਕਹਿਣਾ ਹੈ ਕਿ ਜੇ ਰਾਸ਼ਟਰ ਗੀਤ ਲਈ ਸਿਨੇਮਾ ਘਰ ‘ਚ 52 ਸਕਿੰਡ ਖੜ੍ਹੇ ਹੋਣਾ ਹੋਵੇ ਤਾਂ ਕਿਸੇ ਦਾ ਕੁੱਝ ਨਹੀਂ ਵਿਗੜੇਗਾ। ਗੱਲ ਸਹੀ ਹੈ, ਪਰ ਇਸ ਤੋਂ ਵੱਧ ਉਸ ਰਾਸ਼ਟਰ ਗੀਤ ਦਾ ਵਿਗੜੇਗਾ, ਜਿਸ ਨੂੰ ਸ਼ਰਧਾ ਅਤੇ ਸਨਮਾਨ ਨਾਲ ਗਾਇਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਸਰਕਾਰੀ ਜਾਂ ਅਦਾਲਤ  ਹੁਕਮ ਤੋਂ।
ਦਰਅਸਲ ਇਹ ਫੈਸਲਾ ਇਕ ਤਰੀਕੇ ਨਾਲ ਰਾਸ਼ਟਰ ਗੀਤ ਦੀ ਉਲੰਘਣਾ ਕਰਦਾ ਹੈ। ਇਹ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਤੋਂ ਇਕ ਮਾਨਤਾ ਪ੍ਰਾਪਤ ਪੁਨਰ ਨਿਰੀਖਣ ਦੀ ਮੰਗ ਕੀਤੀ ਜਾਵੇ ਤਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਾ ਹੋਵੇ ਅਤੇ ਨਾ ਰਾਸ਼ਟਰ ਗੀਤ ਦੀ।