ਚਮਕੌਰ ਦੀ ਗੜ੍ਹੀ ਦਾ ਪੁਰਾਤਨ ਦਿੱਖ ਵਾਲਾ ਇਮਾਰਤੀ ਢਾਂਚਾ ਤਿਆਰ

ਚਮਕੌਰ ਦੀ ਗੜ੍ਹੀ ਦਾ ਪੁਰਾਤਨ ਦਿੱਖ ਵਾਲਾ ਇਮਾਰਤੀ ਢਾਂਚਾ ਤਿਆਰ

ਚਮਕੌਰ ਦੀ ਕੱਚੀ ਗੜ੍ਹੀ ਨੂੰ ਪੁਰਾਤਨ ਦਿੱਖ ਦੇਣ ਦਾ ਕਾਰਜ ਮੁਕੰਮਲ
ਹੋਣ ਮੌਕੇ ਜਥੇਦਾਰ ਬਾਈ ਦੀਪ ਸਿੰਘ ਘੜੂੰਆਂ।
ਚਮਕੌਰ ਸਾਹਿਬ/ਬਿਊਰੋ ਨਿਊਜ਼ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ੪੦ ਸਿੰਘਾਂ ਦੀ ਮੁਗਲ ਫੌਜਾਂ ਨਾਲ ਹੋਈ ਅਸਾਂਵੀ ਲੜਾਈ ਦੀ ਚਸ਼ਮਦੀਦ ਗਵਾਹ ਚਮਕੌਰ ਦੀ ਕੱਚੀ ਗੜ੍ਹੀ ਨੂੰ ਪੁਰਾਤਨ ਦਿੱਖ ਦਿੱਤੀ ਗਈ ਹੈ। ਇਸ ਤਹਿਤ ਦਰਸ਼ਨੀ ਡਿਊਢੀ ਦੇ ਗੇਟ ਦਾ ਲੈਂਟਰ ਪਾਉਣ ਨਾਲ ਕੰਮ ਮੁਕੰਮਲ ਹੋ ਗਿਆ ਹੈ। ਕੱਚੀ ਗੜ੍ਹੀ ਦੀ ਕਾਰਸੇਵਾ ਕਰਵਾਉਣ ਵਾਲੇ ਜਥੇਦਾਰ ਬਾਈ ਦੀਪ ਸਿੰਘ ਘੜੂੰਆਂ ਅਤੇ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸਿੱਖ ਪੰਥ ਨਾਲ ਸਬੰਧਤ ਪੁਰਾਤਨ ਅਤੇ ਇਤਿਹਾਸਕ ਮਹੱਤਵ ਵਾਲੀਆਂ ਇਮਾਰਤਾਂ ਨੂੰ ਪਰਾਤਨ ਦਿੱਖ ਦੇਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਸਾਲ 2015 ਵਿਚ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੀ ਕਾਰ ਸੇਵਾ ਸੌਂਪੀ ਗਈ ਸੀ, ਜਿਸ ਨੂੰ ਕਾਰ ਸੇਵਾ ਦੇ ਮਾਹਿਰ ਮਿਸਤਰੀਆਂ ਨੇ ਛੋਟੀਆਂ ਟਾਇਲਾਂ ਰਾਹੀਂ ਇਸ ਗੜ੍ਹੀ ਨੂੰ ਮੁੜ ਪੁਰਾਤਨ ਦਿੱਖ ਦੇਣ ਦਾ ਕਾਰਜ ਮਿਥੇ ਸਮੇਂ ਅੰਦਰ ਨੇਪਰੇ ਚੜ੍ਹਾਇਆ ਹੈ। ਬਾਈ ਦੀਪ ਸਿੰਘ ਨੇ ਦੱਸਿਆ ਕਿ ਦਰਸ਼ਨੀ ਡਿਊਢੀ ਦੇ ਗੇਟ (500 ਵਰਗ ਫੁੱਟ ਏਰੀਏ) ‘ਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਲੈਂਟਰ ਪਾ ਕੇ ਗੜ੍ਹੀ ਵਿਖੇ ਚੱਲ ਰਹੇ ਕਾਰਜ ਸੰਪੂਰਨ ਕੀਤੇ ਗਏ ਹਨ। ਇਸ ਮੌਕੇ ਭਾਈ ਗੁਰਦਿਆਲ ਸਿੰਘ, ਬਾਬਾ ਕਰਨੈਲ ਸਿੰਘ, ਬਾਬਾ ਸੁਰਮੁਖ ਸਿੰਘ, ਬਾਬਾ ਪਰਮਜੀਤ ਸਿੰਘ ਗੋਗੀ, ਭਾਈ ਪ੍ਰਿਥੀ ਸਿੰਘ ਅਤੇ ਫੋਰਮੈਨ ਕਾਲਾ ਸਿੰਘ ਹਾਜ਼ਰ ਸਨ।