ਭਾਰਤ ‘ਚ ਸਿੱਖ ਯਾਤਰੀਆਂ ਉੱਤੇ ਰੋਕਾਂ ਵਿਰੁਧ ਨਨਕਾਣਾ ਸਾਹਿਬ ਤੇ ਲਾਹੌਰ ‘ਚ ਰੋਸ ਮੁਜ਼ਾਹਰੇ

ਭਾਰਤ ‘ਚ ਸਿੱਖ ਯਾਤਰੀਆਂ ਉੱਤੇ ਰੋਕਾਂ ਵਿਰੁਧ ਨਨਕਾਣਾ ਸਾਹਿਬ ਤੇ ਲਾਹੌਰ ‘ਚ ਰੋਸ ਮੁਜ਼ਾਹਰੇ

ਅੰਮ੍ਰਿਤਸਰ/ਬਿਊਰੋ ਨਿਊਜ:
ਭਾਰਤੀ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿਖੇ ਸਿੱਖ ਗੁਰਦੁਆਰਿਆਂ ਦੇ ਦਰਸ਼ਨ ‘ਤੇ ਲਗਾਈ ਰੋਕ ਦੇ ਵਿਰੋਧ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਅਤੇ ਪੰਜਾਬੀ ਪਾਰਟੀ ਵੱਲੋਂ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ। ਇਸ ਸਬੰਧੀ ਪੈੱ੍ਰਸ ਨੋਟ ਜਾਰੀ ਕਰਦਿਆਂ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਰੋਸ ਧਰਨੇ ਵਿਚ ਉਨ੍ਹਾਂ ਸਮੇਤ ਪੀ.ਐੱਸ.ਜੀ.ਪੀ.ਸੀ. ਪ੍ਰਧਾਨ ਤਾਰਾ ਸਿੰਘ, ਐਗਜ਼ੈਕਟਿਵ ਮੈਂਬਰ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਸਮੇਤ ਹੋਰ ਸਿੱਖ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ 8 ਜੂਨ ਨੂੰ ਸ਼ਹੀਦੀ ਦਿਹਾੜੇ ‘ਤੇ 80 ਸਿੱਖਾਂ ਨੂੰ ਸਮਝੌਤਾ ਗੱਡੀ ‘ਤੇ ਅਟਾਰੀ ਤੋਂ ਨਹੀਂ ਬੈਠਣ ਦਿੱਤਾ ਗਿਆ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 28 ਜੂਨ ਨੂੰ 300 ਦੇ ਕਰੀਬ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਆਉਣ ਤੋਂ ਰੋਕੀ ਰੱਖਿਆ। ਵਿਸ਼ੇਸ਼ ਰੇਲ ਗੱਡੀ ਜੋ ਵਾਹਗਾ ਸਟੇਸ਼ਨ ਤੋਂ ਭਾਰਤੀ ਫਾਟਕ ਆ ਕੇ ਖੜ੍ਹੀ ਸੀ ਅਤੇ ਔਕਾਫ਼ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਵੱਲੋਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਕੇਅਰ ਟੇਕਰ ਅਜਰ ਅੱਬਾਸ ਅਤੇ ਸਾਥੀ ਸਿੰਘਾਂ ਲਈ ਚਾਹ ਅਤੇ ਲੰਗਰ ਲਿਆ ਕੇ ਬੈਠੇ ਰਹੇ ਅਤੇ ਸਿੱਖ ਯਾਤਰੀਆਂ ਨੂੰ ਜੀ ਆਇਆ ਕਹਿਣ ਲਈ ਚੇਅਰਮੈਨ ਸਦੀਕ ਉਲ ਫਰੂਕ ਐਡੀਸ਼ਨਲ ਸੈਕਟਰੀ, ਸਦੀਕ ਡਿਪਟੀ ਸੈਕਟਰੀ, ਇਮਰਾਨ ਖ਼ਾਨ ਗੋਦਲ ਅਤੇ ਜਰਨਲ ਸਕੱਤਰ ਫਰਾਜ ਅੱਬਾਸ, ਪ੍ਰਧਾਨ ਤਾਰਾ ਸਿੰਘ, ਰੇਸ਼ਮ ਸਿੰਘ ਅਰੋੜਾ ਮੰਤਰੀ ਪੰਜਾਬ, ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ, ਮੈਂਬਰ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਲਾਹੌਰ ਦੇ ਮੇਅਰ, ਡਿਪਟੀ ਕਮਿਸ਼ਨਰ, ਡੀ.ਆਈ.ਜੀ, ਐੱਸ.ਐੱਸ.ਪੀ ਪੁਲਿਸ ਅਤੇ ਹੋਰ ਅਧਿਕਾਰੀ ਸ਼ਾਮ 5 ਵਜੇ ਤੱਕ ਬੈਠੇ ਰਹੇ, ਪਰ ਫਿਰ ਵੀ ਰੇਲ ਗੱਡੀ ਵਾਪਸ ਭੇਜ ਦਿੱਤੀ ਗਈ। ਸਿੱਖਾਂ ਨੂੰ ਪਤਾ ਲੱਗਣ ‘ਤੇ ਕਿ ਭਾਰਤ ਤੋਂ ਸਿੱਖ ਯਾਤਰੀਆਂ ਨੂੰ ਪਾਕਿ ਨਹੀਂ ਆਉਣ ਦਿੱਤਾ ਗਿਆ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਜਿਸ ਦੇ ਰੋਸ ਵਜੋਂ ਸਿੱਖਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।