ਕਤਲਾਨ ਅਜ਼ਾਦੀ ਮੁਹਿੰਮ ਦੇ 9 ਆਗੂਆਂ ਨੂੰ 13 ਸਾਲ ਤੱਕ ਦੀਆਂ ਸਜ਼ਾਵਾਂ; ਕਤਲਾਨੀਆ ਵਿੱਚ ਅਜ਼ਾਦੀ ਲਈ ਸੜਕਾਂ 'ਤੇ ਉੱਤਰੇ ਲੋਕ

ਕਤਲਾਨ ਅਜ਼ਾਦੀ ਮੁਹਿੰਮ ਦੇ 9 ਆਗੂਆਂ ਨੂੰ 13 ਸਾਲ ਤੱਕ ਦੀਆਂ ਸਜ਼ਾਵਾਂ; ਕਤਲਾਨੀਆ ਵਿੱਚ ਅਜ਼ਾਦੀ ਲਈ ਸੜਕਾਂ 'ਤੇ ਉੱਤਰੇ ਲੋਕ

ਬਾਰਸੀਲੋਨਾ: ਕਤਲਾਨ ਦੀ ਅਜ਼ਾਦੀ ਲਈ ਅਵਾਜ਼ ਚੁੱਕਣ ਵਾਲੇ 9 ਕਤਲਾਨ ਆਗੂਆਂ ਨੂੰ ਦੇਸ਼ ਧ੍ਰੋਹ ਅਤੇ ਸਰਕਾਰੀ ਪੈਸੇ ਦੀ ਗਲਤ ਵਰਤੋਂ ਕਰਨ ਦੇ ਦੋਸ਼ ਹੇਠ ਲੰਬੀਆਂ ਜੇਲ੍ਹ ਸਜ਼ਾਵਾਂ ਦਿੱਤੀਆਂ ਗਈਆਂ ਹਨ। ਹਲਾਂਕਿ ਇਹਨਾਂ ਆਗੂਆਂ 'ਤੇ ਬਗਾਵਤ ਕਰਨ ਦੇ ਲਗਾਏ ਗਏ ਦੋਸ਼ਾਂ ਤੋਂ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। 

ਸਪੇਨ ਦੀ ਸੁਪਰੀਮ ਕੋਰਟ ਨੇ ਕਤਲਾਨੀਆ ਦੇ ਸਾਬਕਾ ਉੱਪ-ਰਾਸ਼ਟਰਪਤੀ ਓਰੀਓਲ ਜੁਨਕੁਇਰਾਸ ਨੂੰ ਦੇਸ਼-ਧ੍ਰੋਹ ਅਤੇ ਸਰਕਾਰੀ ਪੈਸੇ ਦੀ ਗਲਤ ਵਰਤੋਂ ਕਰਨ ਦੇ ਦੋਸ਼ ਹੇਠ 13 ਸਾਲ ਦੀ ਸਜ਼ਾ ਸੁਣਾਈ ਹੈ। ਉਹਨਾਂ 'ਤੇ ਕਿਸੇ ਸਰਕਾਰੀ ਅਹੁਦਾ ਸਾਂਭਣ 'ਤੇ ਵੀ 13 ਸਾਲਾਂ ਦੀ ਰੋਕ ਲਾ ਦਿੱਤੀ ਗਈ ਹੈ।

ਸਪੇਨ ਦੀ ਸੁਪਰੀਮ ਕੋਰਟ ਵਿੱਚ ਕੁੱਲ 12 ਕਤਲਾਨ ਆਗੂਆਂ ਖਿਲਾਫ ਮਾਮਲਾ ਚਲਾਇਆ ਗਿਆ, ਜਿਹਨਾਂ ਵਿੱਚੋਂ 9 ਆਗੂਆਂ ਨੂੰ 9 ਸਾਲ ਤੋਂ 13 ਸਾਲ ਤੱਕ ਦੀ ਜੇਲ੍ਹ ਸਜ਼ਾ ਸੁਣਾਈ ਹੈ। 


ਉਹ 9 ਕਤਲਾਨ ਆਗੂ ਜਿਹਨਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ

ਦੱਸ ਦਈਏ ਕਿ 2017 ਵਿੱਚ ਕਤਲਾਨੀਆ ਦੇ ਲੋਕਾਂ ਨੇ ਇਹਨਾਂ ਆਗੂਆਂ ਦੀ ਅਗਵਾਈ ਵਿੱਚ ਸਪੇਨ ਤੋਂ ਅਜ਼ਾਦੀ ਲਈ ਲੋਕ ਸੰਘਰਸ਼ ਦੀ ਅੱਗ ਨੂੰ ਮਘਾ ਦਿੱਤਾ ਸੀ ਤੇ ਇੱਕ ਅਣਅਧਕਾਰਿਤ ਰੈਫਰੈਂਡਮ ਵੀ ਕਰਵਾਇਆ ਗਿਆ ਸੀ ਜਿਸ ਵਿੱਚ ਕਤਲਾਨੀਆ ਦੇ ਲੋਕਾਂ ਨੇ ਅਜ਼ਾਦੀ ਦੇ ਪੱਖ ਵਿੱਚ ਫੈਂਸਲਾ ਸੁਣਾਇਆ ਸੀ। ਇਸ ਮੁਹਿੰਮ ਨੂੰ ਰੋਕਣ ਲਈ ਸਪੇਨ ਨੇ ਫੌਜ ਦੀ ਵਰਤੋਂ ਕੀਤੀ ਸੀ ਤੇ ਪ੍ਰਮੁੱਖ ਕਤਲਾਨ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ।

ਕਤਲਾਨੀਆ ਵਿੱਚ ਵਿਰੋਧ ਸ਼ੁਰੂ
ਕਤਲਾਨ ਆਗੂਆਂ ਨੂੰ ਸਜ਼ਾ ਦੀ ਖਬਰ ਮਿਲਣ ਤੋਂ ਬਾਅਦ ਕਤਲਾਨ ਦੇ ਲੋਕਾਂ ਨੇ ਸਪੇਨ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਵੱਖ-ਵੱਖ ਥਾਵਾਂ 'ਤੇ ਰੇਲ ਅਤੇ ਸੜਕੀ ਆਵਾਜ਼ਾਈ ਠੱਪ ਕਰ ਦਿੱਤੀ ਗਈ ਹੈ।

ਕਤਲਾਨੀਆ ਦੀ ਰਾਜਧਾਨੀ ਬਾਰਸੀਲੋਨਾ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਸੜਕਾਂ ਭਰ ਗਈਆਂ ਹਨ। ਹੋਰ ਵੱਡੇ ਸ਼ਹਿਰਾਂ ਵਿੱਚ ਵੀ ਲੋਕ ਸੜਕਾਂ 'ਤੇ ਉੱਤਰ ਆਏ ਹਨ।

ਕਤਲਾਨੀਆ ਦੀ ਖੇਤਰੀ ਸਰਕਾਰ ਦੇ ਸਾਬਕਾ ਮੁਖੀ ਕਾਰਲਸ ਨੇ ਇਸ ਫੈਂਸਲੇ ਨੂੰ "ਤਸ਼ੱਦਦ" ਦੱਸਿਆ ਹੈ। ਉਹਨਾਂ ਟਵੀਟ ਕੀਤਾ, "ਇਹ ਸਮਾਂ ਜਵਾਬ ਦੇਣ ਦਾ ਹੈ.... ਆਪਣੇ ਪੁੱਤਰਾਂ ਅਤੇ ਧੀਆਂ ਦੇ ਭਵਿੱਖ ਲਈ। ਲੋਕਤੰਤਰ ਲਈ। ਯੂਰਪ ਲਈ। ਕਤਲਾਨੀਆ ਲਈ। 

ਜ਼ਿਕਰਯੋਗ ਹੈ ਕਿ ਕਾਰਲਸ ਦੀ ਅਗਵਾਈ ਵਿੱਚ ਹੀ ਕਤਲਾਨੀਆ ਦੀ ਅਜ਼ਾਦੀ ਮੁਹਿੰਮ ਮਘੀ ਸੀ ਪਰ ਉਹ ਸਪੇਨ ਸਰਕਾਰ ਦੀ ਗ੍ਰਿਫਤ ਤੋਂ ਬਚ ਕੇ ਬੈਲਜੀਅਮ ਪਹੁੰਚ ਗਏ ਸਨ ਜਿੱਥੇ ਉਹ ਇਸ ਸਮੇਂ ਰਹਿ ਰਹੇ ਹਨ।

ਸਪੇਨ ਦੀ ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਫੈਂਸਲੇ ਦਾ ਸਵਾਗਤ
ਸਪੇਨ ਦੀ ਕੇਂਦਰੀ ਸਰਕਾਰ ਅਤੇ ਮੁੱਖ ਵਿਰੋਧੀ ਧਿਰ ਨੇ ਇਸ ਅਦਾਲਤੀ ਫੈਂਸਲੇ ਦਾ ਸਵਾਗਤ ਕੀਤਾ ਹੈ। 

ਬਾਰਸੀਲੋਨਾ ਕਲੱਬ ਨੇ ਜੇਲ੍ਹ ਸਜ਼ਾ ਦਾ ਵਿਰੋਧ ਕੀਤਾ
ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਬਾਰਸੀਲੋਨਾ ਨੇ ਸਪੇਨ ਸੁਪਰੀਮ ਕੋਰਟ ਵੱਲੋਂ ਸੁਣਾਈ ਸਜ਼ਾ ਦਾ ਵਿਰੋਧ ਕਰਦਿਆਂ ਟਵੀਟ ਕੀਤਾ, "ਜੇਲ੍ਹ ਦੀ ਸਜ਼ਾ ਇਸ ਮਸਲੇ ਦਾ ਹੱਲ ਨਹੀਂ। ਕਤਲਾਨੀਆ ਦੇ ਮਸਲੇ ਦਾ ਹੱਲ ਸਿਆਸੀ ਗੱਲਬਾਤ ਰਾਹੀਂ ਹੀ ਹੋਣਾ ਚਾਹੀਦਾ ਹੈ।"

ਸ਼ੁਕਰਵਾਰ ਨੂੰ ਬਾਰਸੀਲੋਨਾ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ
ਅੱਜ ਕਤਲਾਨ ਆਗੂਆਂ ਨੂੰ ਸੁਣਾਈ ਗਈ ਸਜ਼ਾ ਤੋਂ ਬਾਅਦ ਇੱਕ ਵਾਰ ਫੇਰ ਕਤਲਾਨੀਆ ਦੀ ਅਜ਼ਾਦੀ ਮੁਹਿੰਮ ਨੂੰ ਤਾਕਤ ਮਿਲੀ ਹੈ ਤੇ ਅਜ਼ਾਦੀ ਪਸੰਦ ਧਿਰਾਂ ਇੱਕ ਮੰਚ 'ਤੇ ਆ ਰਹੀਆਂ ਹਨ। ਕਤਲਾਨੀਆ ਦੀ ਅਜ਼ਾਦੀ ਦੇ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਵੱਖ-ਵੱਖ ਖੇਤਰਾਂ ਤੋਂ ਲੋਕ ਸ਼ੁਕਰਵਾਰ ਨੂੰ ਬਾਰਸੀਲੋਨਾ ਪਹੁੰਚਣਗੇ ਜਿੱਥੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। 

ਸਪੇਨ ਸਰਕਾਰ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਵੱਡੇ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤੇ ਹਨ।