ਸੰਘੀ ਹੁਣ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦਾ ਨਾਂ ਬਦਲਣ ਲੱਗੇ

ਸੰਘੀ ਹੁਣ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦਾ ਨਾਂ ਬਦਲਣ ਲੱਗੇ

ਸ਼ਿਮਲਾ/ਬਿਊਰੋ ਨਿਊਜ਼ :
ਭਾਰਤ ਵਿਚ ਕੇਂਦਰ ਤੇ ਰਾਜਾਂ ਵਿਚਲੀਆਂ ਭਗਵੀਆਂ ਸਰਕਾਰਾਂ ਦੇ ਸਿਰ ਸ਼ਹਿਰਾਂ ‘ਤੇ ਹੋਰ ਥਾਵਾਂ ਦੇ ਨਾਮ ਬਦਲਣ ਦਾ ਭੂਤ ਸਵਾਰ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਨਾਂ ਵੀ ਬਦਲਿਆ ਜਾ ਸਕਦਾ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਸੂਬੇ ਦਾ ਨਾਂ ਬਦਲਣ ਬਾਰੇ ਸੋਚ ਰਹੀ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਅੰਗ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਸ਼ਿਮਲਾ ਦਾ ਨਾਂ ਸ਼ਿਆਮਲਾ ਸੀ ਤੇ ਪੁਰਾਣੇ ਨਾਂ ਨੂੰ ਵਾਪਸ ਲਿਆਉਣ ਲਈ ਸੂਬਾ ਸਰਕਾਰ ਲੋਕਾਂ ਤੋਂ ਰਾਏ ਲਵੇਗੀ।
ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਵਿਪਿਨ ਪਰਮਾਰ ਨੇ ਵੀ ਕਿਹਾ ਸੀ ਕਿ ਨਾਂ ਬਦਲਣ ਵਿੱਚ ਕੋਈ ਨੁਕਸਾਨ ਨਹੀਂ । ਸ਼ਿਮਲਾ ਅੰਗ੍ਰੇਜ਼ੀ ਹਕੂਮਤ ਸਮੇਂ ਸੰਨ 1864 ਤੋਂ ਲੈਕੇ ਆਜ਼ਾਦੀ ਤਕ ਦੇਸ਼ ਦੀ ਗਰਮੀਆਂ ਵਾਲੀ ਰਾਜਧਾਨੀ ਸੀ। ਗੌਰਤਲਬ ਹੈ ਕਿ ਸ਼ਿਮਲਾ ਦਾ ਨਾਂ ਬਦਲਣ ਦੀ ਮੰਗ ਵਿਸ਼ਵ ਹਿੰਦੂ ਪ੍ਰੀਸ਼ਦ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। ਸਾਲ 2016 ਵਿੱਚ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਇਸ ਮੰਗ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸ਼ਿਮਲਾ ਕੌਮਾਂਤਰੀ ਪਛਾਣ ਹਾਸਲ ਕਰ ਚੁੱਕਾ ਹੈ ਤੇ ਨਾਂਅ ਬਦਲਣਾ ਸਹੀ ਨਹੀਂ ਹੈ।
ਇਸ ਤੋਂ ਪਹਿਲਾਂ ਭਾਜਪਾ ਸਰਕਾਰਾਂ ਮੁਗ਼ਲ ਸਰਾਇ ਜੰਕਸ਼ਨ ਦਾ ਨਾਂਅ ਬਦਲ ਕੇ ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਇਲਾਹਾਬਾਦ ਦਾ ਨਾਂ ਪਰਿਆਗਰਾਜ ਰੱਖ ਚੁੱਕੀਆਂ ਹਨ।