ਅਜ਼ਲਾਨ ਸ਼ਾਹ ਹਾਕੀ ਵਿਚ ਭਾਰਤ ਨੇ ਦਿੱਤੀ ਨਿਊਜ਼ੀਲੈਂਡ ਨੂੰ ਮਾਤ

ਅਜ਼ਲਾਨ ਸ਼ਾਹ ਹਾਕੀ ਵਿਚ ਭਾਰਤ ਨੇ ਦਿੱਤੀ ਨਿਊਜ਼ੀਲੈਂਡ ਨੂੰ ਮਾਤ
ਕੈਪਸ਼ਨ-ਨਿਊਜ਼ੀਲੈਂਡ ਖ਼ਿਲਾਫ਼ ਮੈਚ ਜਿੱਤਣ ਤੋਂ ਬਾਅਦ ਖੁਸ਼ੀ ਸਾਂਝੀ ਕਰਦੇ ਹੋਏ ਭਾਰਤੀ ਖਿਡਾਰੀ।

ਇਪੋਹ (ਮਲੇਸ਼ੀਆ)/ਬਿਊਰੋ ਨਿਊਜ਼ :
ਡਿਫੈਂਡਰ ਹਰਮਨਪ੍ਰੀਤ ਸਿੰਘ ਵੱਲੋਂ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਸਦਕਾ ਭਾਰਤ ਨੇ 26ਵੇਂ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਇੱਥੇ ਨਿਊਜ਼ੀਲੈਂਡ ਖ਼ਿਲਾਫ਼ 3-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲਾ ਮੈਚ ਬਰਤਾਨੀਆ ਖ਼ਿਲਾਫ਼ 2-2 ਨਾਲ ਡਰਾਅ ਖੇਡਿਆ ਸੀ। ਇਸ ਤਰ੍ਹਾਂ ਉਸ ਦੇ ਦੋ ਮੈਚਾਂ ਵਿੱਚ ਚਾਰ ਅੰਕ ਹੋ ਗਏ ਹਨ।
ਮਨਦੀਪ ਸਿੰਘ ਨੇ 23ਵੇਂ ਮਿੰਟ ਵਿੱਚ ਬਿਹਤਰੀਨ ਗੋਲ ਕਰ ਕੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਦੋ ਵਾਰ ਡ੍ਰੈਗ ਫਲਿਕ ਦਾ ਬਿਹਤਰੀਨ ਨਮੂਨਾ ਪੇਸ਼ ਕਰ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਪਹਿਲੇ ਕੁਆਰਟਰ ਵਿੱਚ ਤਿੰਨ ਵਾਰ ਮੌਕੇ ਦਿੱਤੇ ਪਰ ਇਸ ਮਗਰੋਂ ਉਸ ਨੇ ਲੈਅ ਹਾਸਲ ਕਰ ਲਈ ਤੇ ਫੇਰ ਅਖ਼ੀਰ ਤੱਕ ਦਬਦਬਾ ਬਣਾ ਕੇ ਰੱਖਿਆ।
ਨਿਊਜ਼ੀਲੈਂਡ ਨੇ ਛੇਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਹ ਭਾਰਤ ਲਈ ਖ਼ਤਰਨਾਕ ਸਾਬਤ ਨਹੀਂ ਹੋਇਆ ਕਿਉਂਕਿ ਗੇਂਦ ਸਿੱਧੀ ਗੋਲਕੀਪਰ ਪੀ. ਆਰ. ਸ੍ਰੀਜੇਸ਼ ਕੋਲ ਪੁੱਜ ਗਈ ਤੇ ਉਸ ਨੇ ਸਰਕਲ ਤੋਂ ਬਾਹਰ ਕਰ ਦਿੱਤੀ। ਭਾਰਤੀ ਡਿਫੈਂਸ ਲਾਈਨ ਜਦੋਂ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਨਿਊਜ਼ੀਲੈਂਡ ਨੇ ਸ਼ੁਰੂ ਵਿੱਚ ਦੋ ਸ਼ਾਟ ਲਾਏ। ਇਸ ਤੋਂ ਬਾਅਦ ਦਸਵੇਂ ਮਿੰਟ ਵਿੱਚ ਅਕਾਸ਼ਦੀਪ ਦੀ ਰਿਵਰਸ ਡਰਾਈਵ ਕਰਾਸ ਬਾਰ ਉੱਤੋਂ ਬਾਹਰ ਚਲੀ ਗਈ। ਭਾਰਤ ਨੇ 23ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ ਜਦੋਂ ਚਿੰਗਲੇਨਸਨਾ ਸਿੰਘ ਨੇ ਗੋਲ ਨੇੜੇ ਮਨਪ੍ਰੀਤ ਸਿੰਘ ਨੂੰ ਪਾਸ ਦਿੱਤਾ ਤੇ ਮਨਪ੍ਰੀਤ ਨੇ ਇਸ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ।
ਇਸ ਤੋਂ ਬਾਅਦ ਹਰਮਨਪ੍ਰੀਤ ਦੀ ਸ਼ਾਨਦਾਰ ਖੇਡ ਦੇਖਣ ਨੂੰ ਮਿਲੀ। ਭਾਰਤ ਨੂੰ 27ਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਸ ‘ਤੇ ਹਰਮਨਪ੍ਰੀਤ ਨੇ ਡਰੈੱਗ ਫਲਿਕ ਨਾਲ ਗੋਲ ਕੀਤਾ। ਹਾਫ਼ ਟਾਈਮ ਤੋਂ ਐਨ ਪਹਿਲਾਂ ਭਾਰਤ ਨੇ ਤਿੰਨ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਟੀਮ ਇਨ੍ਹਾਂ ਨੂੰ ਗੋਲਾਂ ਵਿੱਚ ਤਬਦੀਲ ਨਹੀਂ ਕਰ ਸਕੀ। 39ਵੇਂ ਮਿੰਟ ਵਿੱਚ ਅਕਾਸ਼ਦੀਪ ਵੀ ਗੋਲ ਕਰਨ ਤੋਂ ਖੁੰਝ ਗਿਆ। ਅਜਿਹੇ ਵੇਲੇ ਹਰਮਨਪ੍ਰੀਤ ਨੇ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਕੇ ਭਾਰਤ ਦੀ ਜਿੱਤ ਪੱਕੀ ਕੀਤੀ। 47ਵੇਂ ਮਿੰਟ ਵਿੱਚ ਉਸ ਦਾ ਤੇਜ਼ਤਰਾਰ ਸ਼ਾਟ ਸਿੱਧਾ ਗੋਲ ਵਿੱਚ ਗਿਆ। ਰੁਪਿੰਦਰ ਪਾਲ ਸਿੰਘ ਨੇ ਭਾਰਤ ਦਾ ਆਖਰੀ ਪੈਨਲਟੀ ਕਾਰਨਰ ਲਿਆ, ਪਰ ਉਸ ਨੂੰ ਨਿਊਜ਼ੀਲੈਂਡ ਦੇ ਗੋਲਕੀਪਰ ਨੇ ਡੱਕ ਦਿੱਤਾ।
ਭਾਰਤੀ ਹਾਕੀ ਟੀਮ ਦੇ ਫਾਰਵਰਡ ਐਸ.ਵੀ. ਸੁਨੀਲ ਨੇ ਦੇਸ਼ ਲਈ 200ਵਾਂ ਕੌਮਾਂਤਰੀ ਮੈਚ ਖੇਡਿਆ। ਉਸ ਨੇ ਇਹ ਮੁਕਾਮ 26ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿੱਚ ਭਾਰਤ ਦੇ ਦੂਜੇ ਮੈਚ ਦੌਰਾਨ ਹਾਸਲ ਕੀਤਾ। ਸੁਨੀਲ ਨੇ 2007 ਵਿੱਚ ਆਪਣੇ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ ਸੀ।