ਆਈਪੀਐਲ: ਮੁੰਬਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

ਆਈਪੀਐਲ: ਮੁੰਬਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ
ਕੈਪਸ਼ਨ-ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਉਣ ਦੀ ਖ਼ੁਸ਼ੀ ਮਨਾਉਂਦੇ ਹੋਏ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਿਤੀਸ਼ ਰਾਣਾ ਤੇ ਹਾਰਦਿਕ ਪਾਂਡਿਆ (ਵਿਚਕਾਰ)।

ਇੰਦੌਰ/ਬਿਊਰੋ ਨਿਊਜ਼ :
ਆਈਪੀਐਲ ਵਿੱਚ ਲਗਾਤਾਰ ਹਾਰਾਂ ਝੱਲ ਰਹੇ ਕਿੰਗਜ਼ ਇਲੈਵਨ ਪੰਜਾਬ ਨੂੰ ਇਥੇ ਖੇਡੇ ਗਏ ਇਕ ਮੈਚ ਦੌਰਾਨ ਬੱਲੇਬਾਜ਼ ਹਾਸ਼ਿਮ ਅਮਲਾ ਵੱਲੋਂ ਜੜਿਆ ਧਮਾਕੇਦਾਰ ਸੈਂਕੜਾ ਵੀ ਜਿੱਤ ਦਾ ਮੂੰਹ ਨਾ ਦਿਖਾ ਸਕਿਆ ਅਤੇ ਜੋਸ ਬਟਲਰ ਤੇ ਨਿਤੀਸ਼ ਰਾਣੀ ਦੀਆਂ ਤੂਫ਼ਾਨੀ ਪਾਰੀਆਂ ਦੇ ਵੇਗ ਵਿੱਚ ਮੁੰਬਈ ਇੰਡੀਅਨਜ਼ ਨੇ ਜਿੱਤ ਲਈ ਦਿੱਤਾ ਵੱਡਾ ਟੀਚਾ ਵੀ 27 ਗੇਂਦਾਂ ਰਹਿੰਦਿਆਂ ਆਸਾਨੀ ਨਾਲ ਪਾਰ ਕਰ ਕੇ ਪੰਜਾਬ ਨੂੰ 8 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾ ਦਿੱਤਾ। ਪੰਜਾਬ ਵੱਲੋਂ ਜਿੱਤਣ ਲਈ ਦਿੱਤੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੇ ਬੱਲੇਬਾਜ਼ ਸ਼ੁਰੂ ਵਿੱਚ ਹੀ ਹਾਵੀ ਹੋ ਗਏ।
ਬਟਲਰ (37 ਗੇਂਦਾਂ ਵਿੱਚ 77 ਦੌੜਾਂ) ਅਤੇ ਪਾਰਥਿਵ ਪਟੇਲ (18 ਗੇਂਦਾਂ ਵਿੱਚ 37) ਨੇ ਪਹਿਲੀ ਵਿਕਟ ਲਈ 35 ਗੇਂਦਾਂ ਵਿੱਚ ਹੀ 81 ਦੌੜਾਂ ਬਣਾ ਕੇ ਮੁੰਬਈ ਦੀ ਜਿੱਤ ਦੀ ਨੀਂਹ ਧਰ ਦਿੱਤੀ। ਬਟਲਰ ਨੇ ਦੂਜੀ ਵਿਕਟ ਲਈ ਰਾਣਾ (34 ਗੇਂਦਾਂ ਵਿੱਚ ਨਾਬਾਦ 62 ਦੌੜਾਂ) ਨਾਲ ਮਿਲ ਕੇ 44 ਗੇਂਦਾਂ ਵਿੱਚ 85 ਗੇਂਦਾਂ ਦੀ ਭਾਈਵਾਲੀ ਕੀਤੀ, ਜਿਸ ਸਦਕਾ ਮੁੰਬਈ ਨੇ 15.3 ਓਵਰਾਂ ਵਿੱਚ ਹੀ ਦੋ ਵਿਕਟਾਂ ਗੁਆ ਕੇ ਜੇਤੂ ਟੀਚਾ ਸਰ ਕਰ ਲਿਆ। ਪੰਜਾਬ ਦੀ ਇਹ ਛੇ ਮੈਚਾਂ ਵਿੱਚ ਚੌਥੀ ਹਾਰ ਸੀ ਤੇ ਉਸ ਦੇ ਅੰਕ ਵੀ ਚਾਰ ਹੀ ਹਨ। ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਸ਼ੁਰੂ ਤੋਂ ਅਖ਼ੀਰ ਤੱਕ ਗੇਂਦਬਾਜ਼ਾਂ ਦੀ ਕੋਈ ਪੇਸ਼ ਨਾ ਗਈ।
ਇਸ ਤੋਂ ਪਹਿਲਾਂ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਾਸ਼ਿਮ ਅਮਲਾ ਦੀ 60 ਗੇਂਦਾਂ ‘ਤੇ ਨਾਬਾਦ 104 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ  ਚਾਰ ਵਿਕਟਾਂ ਦੇ ਨੁਕਸਾਨ ‘ਤੇ ਕੁੱਲ 198 ਦੌੜਾਂ ਬਣਾਈਆਂ। ਅਮਲਾ ਨੇ ਅੱਠ ਚੌਕੇ ਅਤੇ ਛੇ ਛੱਕੇ ਲਾਏ। ਕਪਤਾਨ ਗਲੈਨ ਮੈਕਸਵੈੱਲ ਨੇ 18 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਦੋਂ ਕਿ ਸ਼ਾਨ ਮਾਰਸ ਨੇ 26 ਦੌੜਾਂ ਦਾ ਯੋਗਦਾਨ ਦਿੱਤਾ।
ਦੱਖਣੀ ਅਫਰੀਕੀ ਸਟਾਰ ਅਮਲਾ ਨੇ ਸ਼ੁਰੂ ਤੋਂ ਹੀ ਮਲਿੰਗਾ ਨੂੰ ਨਿਸ਼ਾਨੇ ‘ਤੇ ਰੱਖਿਆ ਜੋ ਮੁੜ ਮਹਿੰਗਾ ਸਾਬਤ ਹੋਇਆ। ਉਸ ਨੇ ਆਪਣੇ ਕਰੀਅਰ ਦੀ ਸਭ ਤੋਂ ਮਹਿੰਗੀ ਗੇਂਦਬਾਜ਼ੀ ਕਰਦਿਆਂ ਚਾਰ ਓਵਰਾਂ ਵਿੱਚ 58 ਦੌੜਾਂ ਦਿੱਤੀਆਂ, ਜਿਨ੍ਹਾਂ ਵਿਚੋਂ 51 ਦੌੜਾਂ ਇਕੱਲੇ ਅਮਲਾ ਨੇ ਬਣਾਈਆਂ। ਉਸ ਨੇ ਪਾਰੀ ਦੇ ਆਖਿਰੀ ਓਵਰ ਵਿੱਚ ਇਸੇ ਗੇਂਦਬਾਜ਼ ਦੀਆਂ ਗੇਂਦਾਂ ‘ਤੇ ਲਗਾਤਾਰ ਦੋ ਛੱਕੇ ਮਾਰ ਕੇ ਆਪਣੇ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ।