ਭਗਵੰਤ ਮਾਨ ਸਰਦ ਰੁੱਤ ਇਜਲਾਸ ਲਈ ਮੁਅੱਤਲ
ਨਵੀਂ ਦਿੱਲੀ/ਬਿਊਰੋ ਨਿਊਜ਼ :
‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਬਾਕੀ ਰਹਿੰਦੇ ਸਰਦ ਰੁੱਤ ਇਜਲਾਸ ਲਈ ਮੁਅੱਤਲ ਕਰਨ ਦੇ ਮਤੇ ਨੂੰ ਲੋਕ ਸਭਾ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੰਸਦ ਭਵਨ ਵਿਚ ਕਥਿਤ ਤੌਰ ‘ਤੇ ਵਿਵਾਦਤ ਵੀਡੀਓ ਬਣਾਉਣ ਦੇ ਮੁੱਦੇ ਦੀ ਪੜਤਾਲ ਕਰ ਰਹੀ ਕਮੇਟੀ ਨੇ ਮਾਨ ਨੂੰ ਬਾਕੀ ਰਹਿੰਦੇ ਇਜਲਾਸ ਲਈ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਲੋਕ ਸਭਾ ਵਿਚ ਹੰਗਾਮਿਆਂ ਦੌਰਾਨ ਕਮੇਟੀ ਦੀ ਅਗਵਾਈ ਕਰ ਰਹੇ ਭਾਜਪਾ ਸੰਸਦ ਮੈਂਬਰ ਕਿਰਣ ਸੋਮਿਆ ਨੇ ਕਮੇਟੀ ਦੀਆਂ ਸਿਫਾਰਸ਼ਾਂ ਪੇਸ਼ ਕਰਦਿਆਂ ਮਾਨ ਦੀ ਵੀਡੀਓਗ੍ਰਾਫੀ ਨੂੰ ਕਾਫੀ ਇਤਰਾਜ਼ਯੋਗ ਦੱਸਿਆ। ਉਨ੍ਹਾਂ ਕਿਹਾ ਕਿ ਮਾਨ ਦਾ ਰਵੱਈਆ ਦਰਸਾਉਂਦਾ ਹੈ ਕਿ ਉਹ ਬੁਨਿਆਦੀ ਸਿਸ਼ਟਾਚਾਰ, ਗਿਆਨ ਅਤੇ ਆਪਣੇ ਅਹੁਦੇ ਸਬੰਧੀ ਜ਼ਿੰਮੇਵਾਰੀਆਂ ਤੋਂ ਜਾਣੂ ਨਹੀਂ ਹਨ। ਕਿਰਣ ਸੋਮਿਆ ਦੀ ਅਗਵਾਈ ਵਾਲੀ ਕਮੇਟੀ ਨੇ ਮਾਨ ਦੀ ਲਿਖਤੀ ਮੁਆਫ਼ੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ਵਿਚ ਮਾਨ ਦੇ ਗਲਤ ਰਵੱਈਏ ਨੂੰ ਸੰਸਦ ਅਤੇ ਉਸ ਦੇ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਲਈ ਖ਼ਤਰੇ ਵਿਚ ਪਾਉਣ ਦਾ ਦੋਸ਼ੀ ਠਹਿਰਾਇਆ ਗਿਆ। ਕਮੇਟੀ ਨੇ ਮਾਨ ਦੇ ਵਾਰ-ਵਾਰ ਬਦਲਦੇ ਸਟੈਂਡ ‘ਤੇ ਵੀ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਮੁਆਫ਼ੀ ਮੰਗਣ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣਾ ਨਹੀਂ ਕਿਹਾ ਜਾ ਸਕਦਾ।
Comments (0)