ਮੁਤਵਾਜ਼ੀ ਜਥੇਦਾਰਾਂ ਦੀ ਹਾਮੀ ਮਗਰੋਂ ਪੰਥਕ ਮਸਲੇ ਹੱਲ ਹੋਣ ਦੀ ਸੰਭਾਵਨਾ

ਮੁਤਵਾਜ਼ੀ ਜਥੇਦਾਰਾਂ ਦੀ ਹਾਮੀ ਮਗਰੋਂ ਪੰਥਕ ਮਸਲੇ ਹੱਲ ਹੋਣ ਦੀ ਸੰਭਾਵਨਾ

ਪ੍ਰੋ. ਬਡੂੰਗਰ ਦੀ ਮਨਸ਼ਾ ਤੇ ਨਜ਼ਰੀਆ ਵੇਖਾਂਗੇ: ਦਾਦੂਵਾਲ; 
ਬਾਦਲਾਂ ਦੀ ਸੋਚ ਪਾਸੇ ਰੱਖ ਕੇ ਹੋਵੇ ਗੱਲਬਾਤ: ਮੰਡ
ਬਠਿੰਡਾ/ਬਿਊਰੋ ਨਿਊਜ਼ :
ਮੁਤਵਾਜ਼ੀ ਜਥੇਦਾਰ ਪੰਥਕ ਮਸਲੇ ਨਜਿੱਠਣ ਲਈ ਗੱਲਬਾਤ ਕਰਨ ਵਾਸਤੇ ਤਿਆਰ ਹਨ। ਇਸ ਹਾਮੀ ਨਾਲ ਨਵੇਂ ਰਾਹ ਨਿਕਲਣ ਦੀ ਸੰਭਾਵਨਾ ਬਣ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਥਕ ਏਕਤਾ ਲਈ ਮੁਤਵਾਜ਼ੀ ਜਥੇਦਾਰਾਂ ਨਾਲ ਗੱਲਬਾਤ ਕਰਨ ਦੀ ਪਹਿਲ ਕੀਤੀ ਹੈ। ਚਮਕੌਰ ਸਾਹਿਬ ਵਿੱਚ ਸ਼ਹੀਦੀ ਜੋੜ ਮੇਲ ਮੌਕੇ ਪ੍ਰੋ. ਬਡੂੰਗਰ ਨੇ ਸਿੱਖ ਕੌਮ ਵਿੱਚੋਂ ਦੁਬਿਧਾ ਦੂਰ ਕਰਨ ਖਾਤਰ ਪੰਥਕ ਏਕਤਾ ਦਾ ਮੁੱਦਾ ਉਠਾਇਆ ਸੀ।
ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਜੇ ਪ੍ਰੋ. ਬਡੂੰਗਰ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਤਿਆਰ ਹਨ ਅਤੇ ਗੱਲ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਪ੍ਰੋ. ਬਡੂੰਗਰ ਕਿਸ ਮਨਸ਼ਾ ਨਾਲ ਗੱਲ ਕਰਨ ਆਉਂਦੇ ਹਨ ਅਤੇ ਕਿੰਨੀ ਸੁਹਿਰਦਤਾ ਨਾਲ ਗੱਲਬਾਤ ਤੋਰਦੇ ਹਨ, ਇਹੋ ਵੇਖਣ ਵਾਲਾ ਹੈ। ਉਨ੍ਹਾਂ ਆਖਿਆ ਕਿ ਉਹ ਤਾਂ ਕਦੇ ਗੱਲਬਾਤ ਤੋਂ ਪਿੱਛੇ ਨਹੀਂ ਹਟੇ। ਉਹ ਵੀ ਚਾਹੁੰਦੇ ਹਨ ਕਿ ਸਿੱਖ ਪ੍ਰੰਪਰਾਵਾਂ ਨੂੰ ਲੱਗੀ ਢਾਹ ਅਤੇ ਤਖ਼ਤ ਸਿਆਸੀ ਗਲਬੇ ਤੋਂ ਮੁਕਤ ਹੋਣ। ਭਾਈ ਦਾਦੂਵਾਲ ਨੇ ਆਖਿਆ ਕਿ ਫਿਲਹਾਲ ਕਮੇਟੀ ਪ੍ਰਧਾਨ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਗੱਲਬਾਤ ਤੋਂ ਪਹਿਲਾਂ ਉਹ ਪ੍ਰੋ. ਬਡੂੰਗਰ ਦਾ ਨਜ਼ਰੀਆ ਵੇਖਣਗੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤਖਤਾਂ ‘ਤੇ ਧੱਕੇ ਨਾਲ ਕਾਬਜ਼ ਹੋਏ ਜਥੇਦਾਰਾਂ, ਬਾਦਲ ਪਰਿਵਾਰ ਦੇ ਸਿਆਸੀ ਦਖ਼ਲ ਅਤੇ ਪ੍ਰਬੰਧਾਂ ਵਿੱਚ ਆਈਆਂ ਕਮੀਆਂ ਤੇ ਵਿਗਾੜਾਂ ਨੂੰ ਦੂਰ ਕਰਨ ਪ੍ਰਤੀ ਕੀ ਸੋਚ ਰੱਖਦੇ ਹਨ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਉਹ ਤਾਂ ਸ਼ੁਰੂ ਤੋਂ ਪੰਥਕ ਏਕਤਾ ਦੇ ਹਾਮੀ ਹਨ ਅਤੇ ਸਾਰਾ ਪੰਥ ਕੇਸਰੀ ਨਿਸ਼ਾਨ ਹੇਠ ਇਕੱਠਾ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜੇ ਪ੍ਰੋ. ਬਡੂੰਗਰ ਪੰਥਕ ਮਸਲਿਆਂ ‘ਤੇ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਇਸ ਤੋਂ ਇਨਕਾਰੀ ਨਹੀਂ। ਭਾਈ ਮੰਡ ਨੇ ਆਖਿਆ ਕਿ ਉਨ੍ਹਾਂ ਦੀ ਇੱਕੋ ਸ਼ਰਤ ਹੋਵੇਗੀ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਤੌਰ ‘ਤੇ ਆਉਣ ਅਤੇ ਬਾਦਲਾਂ ਦੀ ਸੋਚ ਨੂੰ ਪਾਸੇ ਰੱਖ ਕੇ ਪੰਥਕ ਮਸਲਿਆਂ ‘ਤੇ ਗੱਲਬਾਤ ਲਈ ਮੈਦਾਨ ਵਿੱਚ ਨਿੱਤਰਨ। ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਨੇ ਸਿੱਖ ਪੰਥ ਦਾ ਵੱਡਾ ਘਾਣ ਕੀਤਾ ਹੈ ਅਤੇ ਤਖ਼ਤਾਂ ਦੀ ਮਾਣ ਮਰਿਆਦਾ ਨੂੰ ਵੱਡੀ ਢਾਹ ਲਾਈ ਹੈ, ਜਿਸ ਕਰ ਕੇ ਬਾਦਲ ਪਰਿਵਾਰ ਤੋਂ ਲਾਂਭੇ ਹੋ ਕੇ ਹੋਣ ਵਾਲੀ ਗੱਲਬਾਤ ਹੀ ਉਸਾਰੂ ਹੋ ਸਕਦੀ ਹੈ। ਸੂਤਰ ਆਖਦੇ ਹਨ ਕਿ ਮੁਤਵਾਜ਼ੀ ਜਥੇਦਾਰਾਂ ਨੇ ਬਾਦਲ ਪਰਿਵਾਰ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ, ਜਿਸ ਨੇ ਬਾਦਲ ਪਰਿਵਾਰ ਨੂੰ ਸੱਟ ਮਾਰੀ ਹੈ। ਦੇਖਣਾ ਇਹ ਹੋਵੇਗਾ ਕਿ ਪ੍ਰੋ. ਬਡੂੰਗਰ ਕਿੰਨੇ ਕਦਮ ਅਗਾਂਹ ਪੁੱਟਦੇ ਹਨ।