ਬ੍ਰੈੱਟ ਲੀ ਵੱਲੋਂ ਭਾਰਤੀ ਗੇਂਦਬਾਜ਼ਾਂ ਦੀ ਕੀਤੀ ਸ਼ਲਾਘਾ

ਬ੍ਰੈੱਟ ਲੀ ਵੱਲੋਂ ਭਾਰਤੀ ਗੇਂਦਬਾਜ਼ਾਂ ਦੀ ਕੀਤੀ ਸ਼ਲਾਘਾ
ਕੈਪਸ਼ਨ-ਮੁੰਬਈ ਵਿੱਚ ਗੇਂਦਬਾਜ਼ੀ ਸਬੰਧੀ ਸਮੱਗਰੀ ‘ਬੌਲਿੰਗ ਮਾਸਟਰ’ ਜਾਰੀ ਕਰਨ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਬੌਲਿੰਗ ਮਾਸਟਰ ਦੇ ਬਰਾਂਡ ਅੰਬੈਸਡਰ ਆਸਟਰੇਲੀਅਨ ਕ੍ਰਿਕਟਰ ਬ੍ਰੈੱਟ ਲੀ।

ਮੁੰਬਈ/ਬਿਊਰੋ ਨਿਊਜ਼ :
ਆਸਟਰੇਲੀਆ ਦਾ ਸਾਬਕਾ ਤੇਜ਼ ਗੇਂਦਬਾਜ ਬ੍ਰੈੱਟ ਲੀ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਮੌਜੂਦਾ ਖੇਪ ਤੋਂ ਕਾਫ਼ੀ ਪ੍ਰਭਾਵਤ ਹੈ ਅਤੇ ਉਸ ਨੇ ਪ੍ਰਭਾਸ਼ਾਲੀ ਯਾਰਕਰ ਸੁੱਟਣ ਦੀ ਸਮਰੱਥਾ ਲਈ ਜਸਪ੍ਰੀਤ ਬੁਮਰਾਹ ਸਮੇਤ ਕਈਆਂ ਦੀ ਸ਼ਲਾਘਾ ਕੀਤੀ। ਲੀ ਨੇ ਇੱਥੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਾਰਤੀ ਲਾਈਨਅਪ ਵਿੱਚ ਕੁਝ ਮਹਾਨ ਤੇਜ਼ ਗੇਂਦਬਾਜ਼ ਹਨ। ਬੁਮਰਾਹ ਅਜਿਹਾ ਗੇਂਦਬਾਜ਼ ਹੈ, ਜਿਹੜਾ ਚੰਗਾ ਯਾਰਕਰ ਸੁੱਟਦਾ ਹੈ। ਮੈਨੂੰ ਉਸ ਵਿੱਚ ਕਾਫ਼ੀ ਪ੍ਰਤਿਭਾ ਨਜ਼ਰ ਆਉਂਦੀ ਹੈ।’
ਉਸ ਨੇ ਕਿਹਾ, ‘ਇਸ਼ਾਂਤ ਸ਼ਰਮਾ ਕੋਲ 70 ਟੈਸਟ ਮੈਚਾਂ ਦਾ ਤਜਰਬਾ ਹੈ। ਉਮੇਸ਼ ਯਾਦਵ ਕੋਲ ਰਫ਼ਤਾਰ ਹੈ। ਇਸ ਲਈ ਭਾਰਤੀ ਕ੍ਰਿਕਟ ਕੋਲ ਤੇਜ਼ ਗੇਂਦਬਾਜ਼ੀ ਦਾ ਚੰਗਾ ਸਟਾਕ ਹੈ।’
ਸਚਿਨ ਤੇਂਦੁਲਕਰ ਨੇ ਹਾਲ ਹੀ ਵਿੱਚ ਟਿੱਪਣੀ ਕੀਤੀ ਸੀ ਕਿ ਯਾਦਵ ਜਿੰਨੀ ਜ਼ਿਆਦਾ ਤੇਜ਼ ਗੇਂਦਬਾਜ਼ੀ ਕਰੇਗਾ, ਉਹ ਓਨਾ ਹੀ ਬਿਹਤਰ ਹੁੰਦਾ ਜਾਵੇਗਾ। ਲੀ ਨੇ ਵੀ ਅੱਜ ਗੇਂਦਬਾਜ਼ੀ ਸਬੰਧੀ ਸਮੱਗਰੀ ‘ਬੌਲਿੰਗ ਮਾਸਟਰ’ ਲਾਂਚ ਕਰਦਿਆਂ ਇਹੀ ਗੱਲ ਆਖੀ। ਉਸ ਨੇ ਕਿਹਾ, ‘ਮੈਂ ਸਚਿਨ ਨਾਲ 100 ਫ਼ੀਸਦ ਸਹਿਮਤ ਹਾਂ। ਉਹ (ਉਮੇਸ਼) ਜਿੰਨੀ ਜ਼ਿਆਦਾ ਗੇਂਦਬਾਜ਼ੀ ਕਰੇਗਾ, ਓਨਾ ਹੀ ਬਿਹਤਰ ਹੁੰਦਾ ਜਾਵੇਗਾ। ਗੇਂਦਬਾਜ਼ੀ ਵਿੱਚ ਲੈਅ ਅਹਿਮ ਹੁੰਦੀ ਹੈ ਤੇ ਇਹ ਵੱਧ ਤੋਂ ਵੱਧ ਗੇਂਦਬਾਜ਼ੀ ਕਰਨ ਸਦਕਾ ਹਾਸਲ ਹੁੰਦੀ ਹੈ।’