ਕਾਂਗਰਸੀ ਪੰਜਾਬ ਭਰ ਵਿਚ ਫੂਕਣਗੇ ‘ਚਿੱਟੇ ਰਾਵਣ’ ਦੇ ਪੁਤਲੇ
ਬਾਦਲ ਦੀ ਕੋਠੀ ਅੱਗੇ ਧਰਨਾ ਜਾਰੀ; 10 ਵਿਧਾਇਕਾਂ ਦਾ ਜਥਾ ਰੋਜ਼ ਦੇਵੇਗਾ ਧਰਨਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ਼ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਹਮਲਾਵਰ ਰੁਖ ਅਪਣਾਉਂਦਿਆ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ‘ਚਿੱਟੇ ਰਾਵਣ’ (ਨਸ਼ੀਲੇ ਪਦਾਰਥ) ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਅੱਗੇ ਉਦੋਂ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਸਰਕਾਰ ਲੁਧਿਆਣਾ ਦੇ ਕਮਿਸ਼ਨਰ ਜਤਿੰਦਰ ਔਲਖ ਨੂੰ ਬਦਲਦੀ ਨਹੀਂ ਅਤੇ ਏਡੀਸੀਪੀ ਜਸਵਿੰਦਰ ਸਿੰਘ ਨੂੰ ਮੁਅੱਤਲ ਨਹੀਂ ਕਰਦੀ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਵਿਧਾਇਕ, ਸੰਸਦ ਮੈਂਬਰਾਂ ਤੇ ਧਰਨਾਕਾਰੀਆਂ ਨੂੰ ਮਿਲਣ ਗਏ ਤੇ ਕੁੱਝ ਸਮਾਂ ਧਰਨੇ ਵਿੱਚ ਬੈਠੇ। ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਦੀ ਕੋਠੀ ਅੱਗੇ ਧਰਨਾ ‘ਚਿੱਟੇ ਰਾਵਣ’ ਤੇ ਅਕਾਲੀ-ਭਾਜਪਾ ਦੇ ਰਾਜਭਾਗ ਨੂੰ ਜੜ੍ਹੋਂ ਉਖੇੜਨ ਦੀ ਸ਼ੁਰੂਆਤ ਹੈ ਤੇ ਅਸੀਂ ਚਿੱਟੇ ਰਾਵਣ ਨੂੰ ਸੂਬੇ ਵਿੱਚ ਖਤਮ ਕਰ ਕੇ ਹੀ ਦਮ ਲਵਾਂਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਪਾਰਟੀ ਆਗੂਆਂ ਵਿਰੁੱਧ ਪੁਲੀਸ ਵੱਲੋਂ ਦੁਸਹਿਰੇ ਵਾਲੇ ਦਿਨ ਬਣਾਏ ਕਥਿਤ ਝੂਠੇ ਕੇਸ ਵਾਪਸ ਲਏ ਜਾਣ ਤੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਲੁਧਿਆਣਾ ਹੀ ਨਹੀਂ ਸਗੋਂ ਅੰਮ੍ਰਿਤਸਰ ਵਿੱਚ ਵੀ ਦੁਸਹਿਰੇ ਵਾਲੇ ਦਿਨ ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਸਾੜੇ ਗਏ ਸਨ। ਸੀਨੀਅਰ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੁਤਲੇ ਬਣਾਉਣ ਵਾਲੇ ਨੂੰ ਅੰਮ੍ਰਿਤਸਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਰਿਹਾਅ ਕਰਵਾ ਕੇ ਮੁੜ ਪੁਤਲੇ ਬਣਵਾਏ ਗਏ ਤੇ ਸਾੜੇ ਗਏ। ਇਸ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਬਾਦਲ ਨੂੰ ਪੁੱਛਣਾ ਚਾਹੁੰਦੇ ਹਨ ਕਿ ਜੇਕਰ ਉਹ ਆਪਣੇ ਸਾਥੀ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਇਨਸਾਫ ਨਹੀਂ ਦੇ ਸਕਦੇ ਤਾਂ ਆਮ ਲੋਕਾਂ ਨੂੰ ਕੀ ਇਨਸਾਫ ਦੇਣਗੇ। ਉਨ੍ਹਾਂ ਕਿਹਾ ਕਿ ਉਨਾਂ ਨੂੰ ਇਨਸਾਫ ਲੈਣ ਲਈ ਧਰਨੇ ‘ਤੇ ਬੈਠਣਾ ਪਿਆ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ,ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਲ ਲਾਲ ਸਿੰਘ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਾਜਿੰਦਰ ਬਾਜਵਾ, ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ , ਸੀਨੀਅਰ ਵਿਧਾਇਕ ਸੁਨੀਲ ਜਾਖੜ, ਬਲਬੀਰ ਸਿੰਘ ਸਿੱਧੂ, ਕੁਲਜੀਤ ਨਾਗਰਾ, ਰਣਦੀਪ ਨਾਭਾ, ਤਰਲੋਚਨ ਸੂੰਢ, ਪਰਮਿੰਦਰ ਪਿੰਕੀ, ਅਰੁਣਾ ਚੌਧਰੀ, ਹਰਚੰਦ ਕੌਰ, ਭਾਰਤ ਭੂਸ਼ਨ ਆਸ਼ੂ, ਸੁਰਿੰਦਰ ਡਾਵਰ ਵੀ ਹਾਜ਼ਰ ਸਨ।
ਬਾਦਲ ਦੀ ਕੋਠੀ ਮੂਹਰੇ ਤਿੰਨ ਧਰਨੇ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਸਾਹਮਣੇ ਤਿੰਨ ਧਰਨੇ ਚੱਲ ਰਹੇ ਹਨ ਤੇ ਧਰਨੇ ਦਿੱਲੀ ਦੇ ਜੰਤਰ ਮੰਤਰ ਵਾਲੀ ਥਾਂ ਵਰਗਾ ਦ੍ਰਿਸ਼ ਪੇਸ਼ ਕਰਦੇ ਹਨ। ਕਾਂਗਰਸ ਤੋਂ ਇਲਾਵਾ ਇਕ ਧਰਨਾ 1965 ਅਤੇ 1971 ਦੀ ਜੰਗ ਵਿੱਚ ਮਾਰੇ ਗਏ ਫੌਜੀਆਂ ਦੇ ਵਾਰਸਾਂ ਦਾ ਹੈ। ਇਕ ਧਰਨਾ ਹੋਮ ਗਾਰਡਾਂ ਦੇ ਜਵਾਨਾਂ ਦੇ ਵਾਰਸਾਂ ਦਾ ਹੈ।
ਜੰਗੀ ਵਿਧਵਾਵਾਂ ਨੂੰ ਦਿੱਤੀ ਜਾਵੇਗੀ 50 ਲੱਖ ਦੀ ਵਿਸ਼ੇਸ਼ ਗ੍ਰਾਂਟ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਦਭਾਵਨਾ, ਸਤਿਕਾਰ ਤੇ ਸ਼ੁਕਰਾਨੇ ਦੀ ਭਾਵਨਾ ਵਜੋਂ 1965 ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਅਤੇ 1962 ਦੀ ਭਾਰਤ-ਚੀਨ ਜੰਗ ਵਿੱਚ ਸ਼ਹਾਦਤ ਦੇਣ ਵਾਲੇ ਬਹਾਦਰ ਸੈਨਿਕਾਂ ਦੀਆਂ ਜੰਗੀ ਵਿਧਵਾਵਾਂ ਜਾਂ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ-ਇਨ-ਏਡ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 1975 ਵਿੱਚ ਇੱਕ ਨੀਤੀ ਐਲਾਨੀ ਗਈ ਸੀ ਅਤੇ 1500 ਜੰਗੀ ਵਿਧਵਾਵਾਂ ਨੇ ਨਿਰਧਾਰਤ ਸਮੇਂ ਵਿੱਚ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ। ਉਨ੍ਹਾਂ ਨੂੰ ਦਿਹਾਤੀ ਖੇਤਰ ਵਿੱਚ ਪੈਂਦੀ ਖੇਤੀ ਵਾਲੀ 10 ਏਕੜ ਜ਼ਮੀਨ ਜਾਂ ਸਮੇਂ-ਸਮੇਂ ‘ਤੇ ਨੋਟੀਫਾਈ ਹੋਈ ਕੀਮਤ ‘ਤੇ ਜ਼ਮੀਨ ਦੇ ਬਦਲੇ ਬਰਾਬਰ ਨਕਦ ਰਾਸ਼ੀ ਦਿੱਤੀ ਗਈ ਸੀ। ਪਰ ਬਿਨੈਕਾਰਾਂ ਦੇ ਲਗਭਗ 100 ਅਜਿਹੇ ਮਾਮਲੇ ਹਨ, ਜੋ ਕਿਸੇ ਨਾ ਕਿਸੇ ਕਾਰਨ ਨਿਰਧਾਰਤ ਤਰੀਕ ਤੱਕ ਅਰਜ਼ੀ ਨਹੀਂ ਦੇ ਸਕੇ। 4 ਜਨਵਰੀ, 2010 ਤੱਕ ਨਿਰਧਾਰਤ ਕੀਤੀ ਵਧਾਈ ਹੋਈ ਤਰੀਕ ਤੱਕ ਇਨ੍ਹਾਂ 100 ਤੋਂ ਵੱਧ ਬਿਨੈਕਾਰਾਂ ਦੀਆਂ ਅਰਜ਼ੀਆਂ ਹਾਸਲ ਹੋਈਆਂ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਬਚੀ ਹੋਈ ਖੇਤੀ ਵਾਲੀ ਜ਼ਮੀਨ ਅਦਾਲਤੀ ਸੁਣਵਾਈ ਹੇਠ ਹੋਣ ਜਾਂ ਅਣਅਧਿਕਾਰਤ ਕਬਜ਼ੇ ਹੇਠ ਹੋਣ ਕਰਕੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦਾ ਕਬਜ਼ਾ ਦੇਣਾ ਵਿਹਾਰਕ ਤੌਰ ‘ਤੇ ਅਸੰਭਵ ਹੈ। ਇਸ ਕਰਕੇ ਜੰਗੀ ਵਿਧਵਾਵਾਂ ਜਾਂ ਉਨ੍ਹਾਂ ਦੇ ਵਾਰਸਾਂ ਦੀ ਮੰਗ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਬਾਕੀ ਰਹਿੰਦੇ ਮਾਮਲਿਆਂ ਦੀ ਤਸਦੀਕ ਕਰਕੇ ਜੰਗੀ ਵਿਧਵਾਵਾਂ ਦੇ ਬਣਦੇ ਕੇਸਾਂ ਵਿੱਚ ਨਕਦ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈ। ਇਹ ਗ੍ਰਾਂਟ ਹਰ ਛਿਮਾਹੀ ਨੂੰ ਤਿੰਨ ਕਿਸ਼ਤਾਂ 20 ਲੱਖ ਰੁਪਏ, 15 ਲੱਖ ਰੁਪਏ ਅਤੇ 15 ਲੱਖ ਰੁਪਏ ਦੇ ਰੂਪ ਵਿੱਚ ਦਿੱਤੀ ਜਾਵੇਗੀ।
Comments (0)