ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਗੈਰ ਸਿੱਖ ਨੌਜਵਾਨ ਵਲੋਂ ਗੁਟਕੇ ਦੀ ਬੇਅਦਬੀ, ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਇੱਕ ਗੈਰ-ਸਿੱਖ ਨੌਜਵਾਨ ਵੱਲੋਂ ਸੁਖਮਨੀ ਸਾਹਿਬ ਦੇ ਗੁਟਕੇ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਇਸ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਹੈ।
ਮੁਲਜ਼ਮ ਦੀ ਸ਼ਨਾਖਤ ਜਤਿੰਦਰ ਚੱਢਾ ਵਾਸੀ ਯਮੁਨਾ ਵਿਹਾਰ, ਨਵੀਂ ਦਿੱਲੀ ਵਜੋਂ ਹੋਈ ਹੈ। ਇਹ ਨੌਜਵਾਨ ਪਰਿਕਰਮਾ ਵਿੱਚ ਰਾਮਗੜ੍ਹੀਆ ਬੁੰਗਾ ਵਾਲੇ ਪਾਸੇ ਬੈਠਾ ਸੀ ਅਤੇ ਇਸ ਕੋਲ ਹਿੰਦੀ ਦਾ ਸੁਖਮਨੀ ਸਾਹਿਬ ਦਾ ਗੁਟਕਾ ਸੀ। ਪਰਿਕਰਮਾ ਵਿੱਚ ਡਿਊਟੀ ‘ਤੇ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤਰਵਿੰਦਰ ਸਿੰਘ ਨੇ ਇਸ ਨੌਜਵਾਨ ਨੂੰ ਗੁਟਕੇ ਦੇ ਅੰਗ ਪਾੜਦਿਆਂ ਦੇਖਿਆ। ਉਸ ਨੇ ਇਸ ਨੌਜਵਾਨ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਕਮਿਸ਼ਨਰ ਨਾਗੇਸ਼ਵਰ ਰਾਓ ਨੇ ਦੱਸਿਆ ਕਿ ਦਿੱਲੀ ਵਾਸੀ ਮੁਲਜ਼ਮ ਜਤਿੰਦਰ ਚੱਢਾ (36 ਸਾਲ) ਤੋਂ ਪੁੱਛ-ਪੜਤਾਲ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਚਮੜੀ ਰੋਗ ਤੋਂ ਪੀੜਤ ਹੈ ਅਤੇ ਹਾਲੇ ਤੱਕ ਅਣਵਿਆਹਿਆ ਹੈ। ਬਿਮਾਰੀ ਕਾਰਨ ਇਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਅਤੇ ਕਈ ਥਾਵਾਂ ਤੋਂ ਇਲਾਜ ਵੀ ਕਰਵਾ ਚੁੱਕਿਆ ਹੈ। ਬਿਮਾਰੀ ਦੀ ਰੋਕਥਾਮ ਲਈ ਕਈ ਧਾਰਮਿਕ ਅਸਥਾਨਾਂ ‘ਤੇ ਸੇਵਾ ਵੀ ਕਰ ਚੁੱਕਿਆ ਹੈ। ਇਸੇ ਤਹਿਤ ਹੀ ਉਹ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਵਿਖੇ ਇਸ਼ਨਾਨ ਕਰਨ ਤੇ ਸੇਵਾ ਕਰਨ ਆਇਆ ਸੀ ਤਾਂ ਜੋ ਉਸ ਦੀ ਬਿਮਾਰੀ ਠੀਕ ਹੋ ਸਕੇ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ 29 ਦਸੰਬਰ ਤੋਂ ਇੱਥੇ ਹੈ। ਇਥੇ ਪਰਿਕਰਮਾ ਵਿੱਚ ਬੈਠਾ ਜਦੋਂ ਉਹ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਅਚਾਨਕ ਮਾਨਸਿਕ ਬਿਮਾਰੀ ਤਹਿਤ ਇਹ ਗੁਟਕੇ ਦੀ ਬੇਅਦਬੀ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਵੀ ਪੁੱਛ-ਪੜਤਾਲ ਜਾਰੀ ਹੈ।
ਪੁਲੀਸ ਨੇ ਪਹਿਲਾਂ ਮਾਮਲਾ ਗੋਲ ਮੋਲ ਕਰਨ ਦਾ ਕੀਤਾ ਯਤਨ
ਨਰਿੰਦਰ ਪਾਲ ਸਿੰਘ ਦੀ ਰਿਪੋਰਟ ਅਨੁਸਾਰ ਸਾਲ 2015 ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਪ੍ਰਤੀ ਅਪਣਾਏ ਸਰਕਾਰੀ ਰਵਈਏ ਦੀ ਹੀ ਦੇਣ ਹੈ ਕਿ ਹੁਣ ਗੱਲ ਦਰਬਾਰ ਸਾਹਿਬ ਪਰਕਰਮਾ ਤੀਕ ਪੁੱਜ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਵੀ ਥਾਣਾ ਕੋਤਵਾਲੀ ਪਹੁੰਚ ਗਏ। ਉਨ੍ਹਾਂ ਮੌਕੇ ‘ਤੇ ਮੌਜੂਦ ਪੁਲਿਸ ਕਮਿਸ਼ਨਰ ਨਗੇਸ਼ਵਰ ਰਾਉ ਨੂੰ ਮਿਲਕੇ ਦੋਸ਼ੀ ਨੂੰ ਵੇਖਣ ਦੀ ਗੱਲ ਕਹੀ ਪਰ ਪੁਲਿਸ ਵਲੋਂ ਮਾਮਲਾ ਗੋਲ ਮੋਲ ਕਰਮ ਦੀ ਨੀਅਤ ਨਾਲ ਦੱਸਿਆ ਗਿਆ ਕਿ ਦੋਸ਼ੀ ਤਾ੬ ਨੀਮ ਪਾਗਲ ਹੈ, ਗੱਲ ਨਹੀ੬ ਕਰਵਾਈ ਜਾ ਸਕਦੀ। ਪਰ ਭਾਈ ਅਮਰੀਕ ਸਿੰਘ ਨੇ ਪੁਲਿਸ ਦੀ ਇਹ ਕਹਾਣੀ ਮੁੱਢੋਂ ਹੀ ਰੱਦ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਦੋਸ਼ੀ ਬਾਰੇ ਕਾਫੀ ਸਮਾਂ ਕੋਈ ਜਾਣਕਾਰੀ ਹੀ ਨਹੀਂ ਦਿੱਤੀ। ਇਹ ਵੀ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਮੌਜੂਦਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਦੇ ਕਾਫੀ ਕਰੀਬੀ ਹਨ ਤੇ ਕੁਝ ਸਮਾਂ ਪਹਿਲਾਂ ਹੀ ਮਜੀਠੀਆ ਦੀ ਕਿਰਪਾ ਸਦਕਾ ਪਿੰਡ ਭੰਗਾਲੀ ਦੇ ਸਰਪੰਚ ਵੀ ਬਣੇ ਹਨ।
Comments (0)