ਪੰਜਾਬ ਦੀ ਧੀ ਮੁੱਕੇਬਾਜ਼ ਸ਼ਾਹੀਨ ਗਿੱਲ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗਮਾ

ਪੰਜਾਬ ਦੀ ਧੀ ਮੁੱਕੇਬਾਜ਼ ਸ਼ਾਹੀਨ ਗਿੱਲ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗਮਾ

ਖੇਡ ਸੰਸਾਰ

ਪੰਜਾਬ ਦੀ ਧੀ ਸ਼ਾਹੀਨ ਗਿੱਲ ਦਾ ਜਨਮ 30 ਜਨਵਰੀ, 2004 ਨੂੰ ਮਾਤਾ ਰੋਜ਼ੀ ਖਾਨਮ ਅਤੇ ਪਿਤਾ ਸੁਲਤਾਨ ਖਾਂ ਉਰਫ਼ ਸੋਨੀ ਗਿੱਲ ਦੇ ਘਰ ਖੰਨਾ (ਪੰਜਾਬ) ਵਿਖੇ ਹੋਇਆ। ਪਿਤਾ ਨਿੱਜੀ ਕਾਰੋਬਾਰੀ ਅਤੇ ਪੱਤਰਕਾਰੀ ਦਾ ਕੰਮ ਕਰਦੇ ਹਨ, ਅਤੇ ਮਾਤਾ ਜੀ ਘਰ ਦਾ ਕੰਮ ਕਰਨ ਉਪਰੰਤ, ਸ਼ਾਹੀਨ ਨੂੰ ਖੇਡ ਮੈਦਾਨ ਵਿਚ ਮੁਕਾਬਲੇ ਲਈ ਵੀ ਉਤਸ਼ਾਹਿਤ ਕਰਦੇ ਸਨ। ਸ਼ਾਹੀਨ ਨੂੰ ਖੇਡ ਮੈਦਾਨ ਵਿਚ ਮੁਕਾਬਲੇ ਲਈ ਵੀ ਉਤਸ਼ਾਹਿਤ ਕਰਦੇ ਸਨ। ਸ਼ਾਹੀਨ ਨੇ ਆਪਣੀ ਖੇਡਣ ਦੀ ਪ੍ਰਕਿਰਿਆ ਬਹੁਤ ਹੀ ਛੋਟੀ ਉਮਰ ਤੋਂ ਸ਼ੁਰੂ ਕਰ ਦਿੱਤੀ ਸੀ। ਖੇਡਾਂ ਦੀ ਦੁਨੀਆ ਵਿਚ ਸ਼ੁਰੂਅਤ ਕਰਾਟੇ ਖੇਡ ਤੋਂ ਕੀਤੀ, ਕਰਾਟਿਆਂ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ, ਕੁਝ ਕੁ ਸਾਲ ਬਾਅਦ ਮਨ ਵਿਚ ਸ਼ਹੀਨ ਗਿੱਲ ਦੇ ਸੁਪਨੇ ਕੁਝ ਹੋਰ ਹੀ ਸਨ। ਬਾਕਸਿੰਗ ਖੇਡਣੀ ਸ਼ੁਰੂ ਕੀਤੀ, ਪੈਰਾਂ ਅਤੇ ਹੱਥਾਂ ਦੀ ਤੇਜ਼-ਤਰਾਰ ਸ਼ਾਹੀਨ ਨੇ ਬਾਕਸਿੰਗ ਖੇਡਣ ਦਾ ਮਨ ਬਣਾ ਲਿਆ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬ ਦੇ ਸ਼ਹਿਰ ਖੰਨਾ ਜੋ ਕਿ ਬਾਕਸਿੰਗ ਖਿਡਾਰੀਆਂ ਦਾ ਮੱਕਾ ਮੰਨਿਆ ਜਾ ਰਿਹਾ ਹੈ, ਸ਼ਾਹੀਨ ਨੇ ਉਸ ਸੈਂਟਰ ਤੋਂ ਪ੍ਰੇਰਨਾ ਲੈ ਕੇ ਚੰਗੇ-ਚੰਗੇ ਬਾਕਸਰਾਂ ਨੂੰ ਆਪਣੇ ਮੁੱਕੇ ਦਾ ਲੋਹਾ ਮਨਵਾਉਣਾ ਸ਼ੁਰੂ ਕੀਤਾ। ਪੰਜਾਬ ਦੀ ਧੀ ਨੇ ਬੀਤੇ ਦਿਨੀਂ ਏਸ਼ੀਅਨ ਯੂਥ ਅਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 2022 ਅਮਾਨ (ਜੌਰਡਨ) ਵਿਖੇ 27 ਫਰਵਰੀ ਤੋਂ 16 ਮਾਰਚ, 2022 ਤੱਕ ਭਾਗ ਲਿਆ।

ਇਨ੍ਹਾਂ ਖੇਡਾਂ ਵਿਚ ਏਸ਼ੀਆ ਭਰ ਦੇ 21 ਦੇਸ਼ਾਂ ਤੋਂ 352 ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਸ਼ਾਹੀਨ ਨੇ ਯੂਥ ਕੈਟਾਗਿਰੀ ਵਿਚ 60 ਕਿੱਲੋ ਭਾਰ ਵਰਗ ਵਿਚ ਭਾਗ ਲਿਆ। ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸ਼ਾਹੀਨ ਫਾਈਨਲ ਮੁਕਾਬਲਾ ਉਜ਼ਬੇਕਿਸਤਾਨ ਦੀ ਬਾਕਸਰ ਨਾਲ ਹੋਣਾ ਸੀ ਮੁਕਾਬਲੇ ਦੌਰਾਨ ਸ਼ਾਹੀਨ ਨੇ ਆਪਣੇ ਮੁੱਕੇ ਦੇ ਜੌਹਰ ਦਿਖਾਏ, ਇਸ ਮਕਾਬਲੇ ਨੂੰ ਜਿੱਤ ਕੇ ਭਾਰਤ ਦੀ ਝੋਲੀ ਸੋਨੇ ਦਾ ਤਗਮਾ ਪਾਇਆ। ਇਸ ਪ੍ਰਾਪਤੀ ਨਾਲ ਦੇਸ਼ ਵਾਸੀਆਂ ਅਤੇ ਪੰਜਾਬ ਦੇ ਖੰਨਾ ਸ਼ਹਿਰ ਨਿਵਾਸੀਆਂ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ। ਇਸ ਕਾਮਯਾਬੀ ਲਈ ਸ਼ਾਹੀਨ ਦੇ ਜਿਹੜੇ-ਜਿਹੜੇ ਵੀ ਖੇਡ ਗੁਰੂਆਂ ਨੇ ਸਿਖਲਾਈ ਪ੍ਰਦਾਨ ਕੀਤੀ, ਉਹ ਸਾਰੇ ਹੀ ਵਧਾਈ ਦੇ ਪਾਤਰ ਹਨ। ਇਸ ਖੁਸ਼ੀ ਵਿਚ ਦਾਦਾ ਮੇਹਰ ਦੀਨ ਅਤੇ ਦਾਦੀ ਬੀਬੀ ਫ਼ਾਤਿਮਾ ਸਮਾਜ ਸੇਵਕਾ ਚੇਅਰਪਰਸ਼ਨ ਬਾਬਾ ਫ਼ਰੀਦ ਨਿਸ਼ਕਾਮ ਸੁਸਾਇਟੀ ਪੰਜਾਬ ਫੁੱਲੇ ਨਹੀਂ ਸਮਾ ਰਹੇ ਸਨ। ਇਕ ਕਹਾਵਤ ਹੈ, 'ਮੂਲ ਨਾਲੋਂ ਵਿਆਜ ਪਿਆਰਾ' ਜਿਹੜੇ ਹੱਥਾਂ ਨੂੰ ਦਾਦਾ ਦਾਦੀ ਪਿਆਰ ਨਾਲ ਚੁੰਮਦੇ ਰਹੇ ਅੱਜ ਲੋਹੇ ਤੋਂ ਵੀ ਵੱਧ ਮਜ਼ਬੂਤ ਹੋ ਗਏ। ਇਸ ਤਰ੍ਹਾਂ ਅੱਜ ਮਾਣ ਹੈ ਉਸ ਬਾਕਸਿੰਗ ਸੈਂਟਰ ਨਾਲ ਜੁੜੇ ਖਿਡਾਰੀਆਂ ਨੂੰ ਜਿਨ੍ਹਾਂ ਨਾਲ ਖੇਡ ਬਾਰੀਕੀਆ ਸਾਂਝੀ ਕਰਦੀ ਰਹੀ।ਇਸ ਸੈਂਟਰ ਨੇ ਹਜ਼ਾਰਾਂ ਖਿਡਾਰੀ ਤਿਆਰ ਕੀਤੇ ਹਨ ਜੋ ਕਿ ਅੱਜ ਵੀ ਚੰਗੇ ਅਹੁਦਿਆਂ 'ਤੇ ਬਿਰਾਜਮਾਨ ਹਨ ਪ੍ਰੰਤੂ ਸਹੂਲਤਾਂ ਦੀ ਘਾਟ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੇ ਖੇਡ ਮੈਦਾਨਾਂ ਨੂੰ ਉੱਚ ਪੱਧਰ ਅਤੇ ਨਵੀਨ ਤਕਨੀਕੀ ਪੱਖ ਤੋਂ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਹੋਰ ਵੀ ਸ਼ਾਹੀਨ ਵਰਗੀਆਂ ਧੀਆਂ ਪੈਦਾ ਕੀਤੀਆਂ ਜਾਣ। ਅੱਜ ਸ਼ਾਹੀਨ ਨੇ ਜੋ ਵੀ ਮੰਜ਼ਿਲ ਪ੍ਰਾਪਤ ਕੀਤੀ ਹੈ ਵਧਾਈ ਦੀ ਪਾਤਰ ਹੈ। ਆਸ ਕਰਦੇ ਹਾਂ ਕਿ ਏਸ਼ੀਆਈ ਖੇਡਾਂ, ਵਿਸ਼ਵ ਪੱਧਰ ਮੁਕਾਬਲਿਆਂ, ਉਲੰਪਿਕ ਪੈਰਿਸ-2024 ਵਿਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਦੇਸ਼ ਵਾਸੀਆਂ ਦੀਆਂ ਦੁਆਵਾਂ ਸਦਕਾ ਭਾਰਤ ਦੀ ਝੋਲੀ ਸੋਨੇ ਦੇ ਤਗਮੇ ਪਾਉਂਦੀ ਰਹੇਗੀ

 

ਬੀਰਪਾਲ ਗਿੱਲ