ਸਾਕਾ ਨੀਲਾ ਤਾਰਾ ‘ਚ ਬਰਤਾਨਵੀ ਸਰਕਾਰ ਦੀ ਭੂਮਿਕਾ ਨੂੰ ਲੇਬਰ ਪਾਰਟੀ ਨੇ ਮੁੱਦਾ ਬਣਾਇਆ

ਸਾਕਾ ਨੀਲਾ ਤਾਰਾ ‘ਚ ਬਰਤਾਨਵੀ ਸਰਕਾਰ ਦੀ ਭੂਮਿਕਾ ਨੂੰ ਲੇਬਰ ਪਾਰਟੀ ਨੇ ਮੁੱਦਾ ਬਣਾਇਆ

ਬਰਤਾਨਵੀ ਸਿੱਖਾਂ ‘ਤੇ ਲੱਗੀਆਂ ਪਾਬੰਦੀਆਂ ਬਾਰੇ ਵੀ ਜਾਂਚ ਦਾ ਭਰੋਸਾ
ਲੰਡਨ/ਬਿਊਰੋ ਨਿਊਜ਼ :
ਯੂ.ਕੇ. ਦੀਆਂ 8 ਜੂਨ ਨੂੰ ਆ ਰਹੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਨਿਰਪੱਖ ਜਾਂਚ ਕਰਵਾਉਣ ਦੇ ਮੁੱਦੇ ਨੂੰ ਵੀ ਸ਼ਾਮਲ ਕੀਤਾ ਹੈ। ਲੇਬਰ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਸਿੱਖਾਂ ਨਾਲ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਅਤੇ ਨਵੰਬਰ 1984 ਵਿਚ ਭਾਰਤ ਵਿਚ ਸਿੱਖਾਂ ਦੇ ਕੀਤੇ ਕਤਲੇਆਮ ਦੀ ਨਿਰਪੱਖ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਉਸ ਸਮੇਂ ਬਰਤਾਨਵੀ ਸਿੱਖਾਂ ‘ਤੇ ਲੱਗੀਆਂ ਪਾਬੰਦੀਆਂ ਬਾਰੇ ਵੀ ਜਾਂਚ ਹੋਵੇਗੀ। ਲੇਬਰ ਪਾਰਟੀ ਦੇ ਡਿਪਟੀ ਲੀਡਰ ਟੌਮ ਵਾਟਸਨ ਨੇ ਕਿਹਾ ਹੈ ਕਿ ਯੂ.ਕੇ. ਵਿਚ ਵੱਸਦੇ ਵੱਡੀ ਗਿਣਤੀ ਵਿਚ ਸਿੱਖ ਜਿਨ੍ਹਾਂ ਵਿਚ ਉਨ੍ਹਾਂ ਦੇ ਹਲਕੇ ਦਾ ਸਿੱਖ ਭਾਈਚਾਰਾ ਵੀ ਸ਼ਾਮਲ ਹੈ, ਸਾਕਾ ਨੀਲਾ ਤਾਰਾ ਵਿਚ ਯੂ.ਕੇ. ਦੀ ਭੂਮਿਕਾ ਬਾਰੇ ਜਾਣ ਕੇ ਹੈਰਾਨ ਹੋ ਗਏ ਸਨ। ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਸਰਕਾਰ ਦੇ ਕੁਝ ਦਸਤਾਵੇਜ਼ ਜਾਰੀ ਹੋਏ ਪਰ ਦੂਜੇ ਦਸਤਾਵੇਜ਼ ਅਜੇ ਵੀ ਲੁਕੇ ਹੋਏ ਹਨ। ਸ਼ੈਡੋ ਖਜ਼ਾਨਾ ਮੰਤਰੀ ਜੌਹਨ ਮੈਕਡੌਨਲ ਨੇ ਕਿਹਾ ਹੈ ਕਿ ਬਰਤਾਨਵੀ ਸਿੱਖਾਂ ਦੀ ਯੂ.ਕੇ. ਦੇ ਸਭਿਆਚਾਰ ਅਤੇ ਆਰਥਿਕ ਜ਼ਿੰਦਗੀ ਵਿਚ ਬਹੁਤ ਵੱਡੀ ਦੇਣ ਹੈ। ਮੈਨੂੰ ਮਾਣ ਹੈ ਕਿ ਸਾਡੇ ਲੇਬਰ ਚੋਣ ਮਨੋਰਥ ਪੱਤਰ ਵਿਚ 1984 ਸਿੱਖ ਕਤਲੇਆਮ ਦੀ ਜਾਂਚ ਦੇ ਵਾਅਦੇ ਨੂੰ ਰੱਖਿਆ ਗਿਆ ਹੈ। ਸਿੱਖ ਫਾਰ ਲੇਬਰ ਦੇ ਗੁਰਿੰਦਰ ਸਿੰਘ ਜੋਸਨ ਨੇ ਕਿਹਾ ਹੈ ਕਿ ਲੇਬਰ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਸਿੱਖਾਂ ਦੇ ਇਸ ਅਹਿਮ ਮਸਲੇ ਨੂੰ ਲਿਆਉਣ ਦਾ ਸਵਾਗਤ ਹੈ। ਜ਼ਿਕਰਯੋਗ ਹੈ ਕਿ ਸਿੱਖ ਫਾਰ ਲੇਬਰ ਗਰੁੱਪ ਦੇ ਉੱਦਮ ਨਾਲ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ, ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਲੇਬਰ ਪਾਰਟੀ ਦੇ ਆਗੂਆਂ ਨਾਲ ਹੋਈ ਮੀਟਿੰਗ ਦਾ ਹੀ ਇਹ ਨਤੀਜਾ ਹੈ। ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਸਮੇਂ-ਸਮੇਂ ਇਸ ਗੱਲ ਦੀ ਮੰਗ ਕਰਦੀਆਂ ਆ ਰਹੀਆਂ ਹਨ ਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ ਕਿ ਆਖਰ ਪੂਰਾ ਮਾਮਲਾ ਕੀ ਹੈ।