ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫੜਨ ਵਾਲਾ ਇੰਸਪੈਕਟਰ ਇੰਦਰਜੀਤ ਗ੍ਰਿਫ਼ਤਾਰ

ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫੜਨ ਵਾਲਾ ਇੰਸਪੈਕਟਰ ਇੰਦਰਜੀਤ ਗ੍ਰਿਫ਼ਤਾਰ

3 ਕਿੱਲੋ ਸਮੈਕ ਅਤੇ 4 ਕਿੱਲੋ ਹੈਰੋਇਨ, ਇਕ ਏ.ਕੇ. 47 ਬਰਾਮਦ
ਐਸ.ਏ.ਐਸ. ਨਗਰ/ਬਿਊਰੋ ਨਿਊਜ਼ :
ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਰਹੱਦੀ ਜ਼ਿਲ੍ਹਾ ਤਰਨ ਤਾਰਨ ‘ਚ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਸਹਿਯੋਗੀਆਂ ਰਾਹੀਂ ਤਸਕਰੀ ਵੀ ਕਰਵਾਉਂਦਾ ਰਿਹਾ। ਇੰਸਪੈਕਟਰ ਇੰਦਰਜੀਤ ਸਿੰਘ ਨੂੰ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਛਾਪੇਮਾਰੀ ਦੌਰਾਨ ਇੰਸਪੈਕਟਰ ਦੀ ਰਿਹਾਇਸ਼ ਤੋਂ ਵੱਖ-ਵੱਖ ਬੋਰ ਦੇ ਕਾਫੀ ਮਾਤਰਾ ‘ਚ ਕਾਰਤੂਸ, 9 ਐਮ.ਐਮ. ਦਾ ਇਕ ਗੈਰ-ਕਾਨੂੰਨੀ ਪਿਸਤੌਲ, 16.50 ਲੱਖ ਰੁਪਏ ਨਕਦ ਤੇ 3550 ਪੌਂਡ ਬਰਾਮਦ ਹੋਏ ਹਨ। ਗ੍ਰਿਫ਼ਤਾਰੀ ਉਪਰੰਤ ਕੀਤੀ ਪੁੱਛ-ਪੜਤਾਲ ਪਿੱਛੋਂ ਉਸ ਦੀ ਫਗਵਾੜਾ ਸਥਿਤ ਸਰਕਾਰੀ ਰਿਹਾਇਸ਼ ਤੋਂ 4 ਕਿੱਲੋ ਹੈਰੋਇਨ ਤੇ 3 ਕਿੱਲੋ ਸਮੈਕ ਵੀ ਬਰਾਮਦ ਹੋਈ ਹੈ ਅਤੇ ਇਸ ਦੇ ਆਧਾਰ ‘ਤੇ ਦਰਜ ਮੁਕੱਦਮੇ ‘ਚ ਐਨ.ਡੀ.ਪੀ.ਐਸ. ਕਾਨੂੰਨ ਦੀ ਧਾਰਾ 22, 61, 85 ਸਮੇਤ ਅਸਲਾ ਕਾਨੂੰਨ ਦੀ ਧਾਰਾ 25, 54, 59 ਵੀ ਜੋੜ ਦਿੱਤੀ ਗਈ ਹੈ।
ਐਸ.ਟੀ.ਐਫ. ਨੂੰ ਭਰੋਸੇਯੋਗ ਸੂਤਰਾਂ ਤੋਂ ਰਿਪੋਰਟ ਮਿਲੀ ਸੀ ਕਿ ਤਰਨ ਤਾਰਨ ਵਿਖੇ ਲੰਮਾਂ ਸਮਾਂ ਤਾਇਨਾਤ ਰਿਹਾ ਇੰਸਪੈਕਟਰ ਇੰਦਰਜੀਤ ਸਿੰਘ ਕੁਝ ਤਸਕਰਾਂ ਦੀ ਮਦਦ ਕਰਦਾ ਆ ਰਿਹਾ ਹੈ। ਉਹ ਅੱਜ-ਕੱਲ੍ਹ ਫਿਰੋਜ਼ਪੁਰ ਰੇਂਜ ਵਿਖੇ ਬਦਲੀ ਅਧੀਨ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਸਾਲ 2013 ਅਤੇ 2014 ਦੌਰਾਨ ਆਪਣੇ ਅਧੀਨ ਆਉਂਦੇ ਖੇਤਰ ‘ਚ ਉਹ ਤਸਕਰਾਂ ਦੀ ਮਦਦ ਕਰਨ ਤੋਂ ਇਲਾਵਾ ਉਹ ਆਪ ਵੀ ਆਪਣੇ ਸਹਿਯੋਗੀਆਂ ਨਾਲ ਤਸਕਰੀ ਕਰਨ ‘ਚ ਸ਼ਾਮਿਲ ਸੀ।
ਆਪਣੀ ਤਾਇਨਾਤੀ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਨੇ ਨਸ਼ਿਆਂ ਦੀ ਬਰਾਮਦਗੀ ਕੀਤੀ ਅਤੇ ਦੋਸ਼ੀ ਤਸਕਰਾਂ ਤੋਂ ਪੁੱਛ-ਗਿੱਛ ਵੇਲੇ ਪੈਸੇ ਹੜੱਪਣ ਦੇ ਉਦੇਸ਼ ਨਾਲ ਤਫਤੀਸ਼ ‘ਚ ਢਿੱਲ ਵਰਤ ਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ‘ਚ ਮਦਦ ਕੀਤੀ। ਐਸ.ਟੀ.ਐਫ. ਪਿਛਲੇ ਪੰਜ ਸਾਲਾਂ ਦੌਰਾਨ ਅਦਾਲਤਾਂ ਵਲੋਂ ਬਰੀ ਕੀਤੇ ਨਾਮੀ ਸਮਗਲਰਾਂ ਦੇ ਕੇਸਾਂ ਦੀ ਪਹਿਲਾਂ ਹੀ ਪੜਤਾਲ ਕਰ ਰਹੀ ਸੀ, ਖਾਸ ਕਰਕੇ ਜਿਨ੍ਹਾਂ ‘ਚ ਵੱਡੀ ਮਾਤਰਾ ਵਿਚ ਡਰੱਗ ਬਰਾਮਦ ਹੋਈ ਸੀ। ਤਰਨ ਤਾਰਨ ਜ਼ਿਲ੍ਹੇ ਵਿਚ ਦਰਜ ਤਿੰਨ ਮੁਕੱਦਮਿਆਂ ਵਿਚ ਅਦਾਲਤਾਂ ਨੇ ਇਸ ਆਧਾਰ ‘ਤੇ ਦੋਸ਼ੀ ਤਸਕਰਾਂ ਨੂੰ ਬਰੀ ਕਰ ਦਿੱਤਾ ਕਿ ਇੰਸਪੈਕਟਰ ਇੰਦਰਜੀਤ ਸਿੰਘ ਐਨ.ਡੀ.ਪੀ.ਐਸ. ਕਾਨੂੰਨ ਦੇ ਮੁਤਾਬਕ ਮੁਕੱਦਮੇ ਦਰਜ ਕਰਨ ਸਮੇਂ ਅਤੇ ਉਪਰੰਤ ਪੜਤਾਲ ਕਰਨ ਦੇ ਸਮਰੱਥ ਨਹੀਂ ਸੀ ਕਿਉਂਕਿ ਉਸ ਵੇਲੇ ਉਹ ਪੱਕਾ ਹੌਲਦਾਰ ਹੀ ਸੀ ਅਤੇ ਇੰਸਪੈਕਟਰ ਦਾ ਰੈਂਕ ਉਸ ਨੂੰ ਸਿਰਫ਼ ਰੇਂਜ ਪੱਧਰ ‘ਤੇ ਹੀ ਮਿਲਿਆ ਹੋਇਆ ਸੀ। ਇਸ ਕਾਨੂੰਨ ਮੁਤਾਬਕ ਸਿਰਫ ਪੱਕਾ ਇੰਸਪੈਕਟਰ ਜਾਂ ਉਸ ਤੋਂ ਉਪਰਲੇ ਰੈਂਕ ਦਾ ਅਧਿਕਾਰੀ ਹੀ ਨਸ਼ਿਆਂ ਨਾਲ ਜੁੜੇ ਕੇਸਾਂ ਨੂੰ ਦਰਜ ਅਤੇ ਪੜਤਾਲ ਕਰ ਸਕਦਾ ਹੈ।
ਤਿੰਨਾਂ ਮੁਕੱਦਮਿਆਂ ਦੀ ਪੜਤਾਲ ਦੌਰਾਨ ਦੋਸ਼ੀ ਇੰਸਪੈਕਟਰ ਨੇ ਜਾਣ-ਬੁੱਝ ਕੇ ਖਾਮੀਆਂ ਛੱਡੀਆਂ ਅਤੇ ਗੱਡੀਆਂ ਦੇ ਨੰਬਰ ਗਲਤ ਲਿਖੇ। ਇਨ੍ਹਾਂ ਤਿੰਨੇ ਕੇਸਾਂ ਦੀ ਅਗਲੇਰੀ ਪੜਤਾਲ ਲਈ ਆਈ.ਜੀ. ਸਰਹੱਦੀ ਰੇਂਜ ਤੇ ਜ਼ਿਲ੍ਹਾ ਪੁਲਿਸ ਮੁਖੀ ਤਰਨਤਾਰਨ ਨੂੰ ਲਿਖਿਆ ਗਿਆ, ਜਿਨ੍ਹਾਂ ਨੇ ਤੱਥਾਂ ਦੀ ਡੂੰਘਾਈ ਨਾਲ ਪੜਤਾਲ ਉਪਰੰਤ ਦੋਸ਼ੀ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਡੀ.ਐਸ.ਪੀ. ਜਸਵੰਤ ਸਿੰਘ ਖਿਲਾਫ ਐਨ.ਡੀ.ਪੀ.ਐਸ. ਕਾਨੂੰਨ ਦੀ ਧਾਰਾ 59 (2) ਤਹਿਤ ਫ਼ੌਜਦਾਰੀ ਕਾਰਵਾਈ ਲਈ ਸਿਫਾਰਿਸ਼ ਕੀਤੀ ਸੀ। ਇੰਸਪੈਕਟਰ ਵਿਰੁੱਧ ਵਿਜੀਲੈਂਸ ਬਿਓਰੋ ਵਲੋਂ ਵੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਹੈ ਜਿਸ ਦੀ ਪੜਤਾਲ ਜਾਰੀ ਹੈ।

ਇੰਸਪੈਕਟਰ ਇੰਦਰਜੀਤ ਦੀ ਕਾਰਗੁਜ਼ਾਰੀ ‘ਤੇ ਉਠਦੇ ਰਹੇ ਨੇ ਸਵਾਲ
ਜਲੰਧਰ : ਅਸਲੇ ਤੇ ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਦੀ ਭੂਮਿਕਾ ਬੀਤੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰਦੀ ਰਹੀ ਹੈ। ਮਹਿਤਪੁਰ ਵਿੱਚ 30 ਜਨਵਰੀ 2011 ਦੀ ਰਾਤ ਨੂੰ ਜਦੋਂ ਪੁਲੀਸ ਮੁਕਾਬਲੇ ਵਿੱਚ ਦੋ ‘ਅਪਰਾਧੀ’ ਮਾਰ ਗਏ ਸਨ ਤਾਂ ਉਦੋਂ ਐਸ.ਐਸ.ਪੀ. ਅਸ਼ੀਸ਼ ਚੌਧਰੀ ਨੇ ਦਾਅਵਾ ਕੀਤਾ ਸੀ ਕਿ ਇਸ ਮੁਕਾਬਲੇ ਵਿੱਚ ਟੀਮ ਦੀ ਅਗਵਾਈ ਕਰ ਰਹੇ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਪੱਗ ਕੋਲੋਂ ਗੋਲੀ ਲੰਘੀ ਸੀ ਪਰ ਮੁਕਾਬਲੇ ਵਿੱਚ ਮਾਰੇ ਗਏ ਭਿੰਦਾ ਸ਼ਾਦੀਪੁਰੀਆ ਤੇ ਰੂਬੀ ਦੇ ਮਾਪਿਆਂ ਨੇ ਇੰਦਰਜੀਤ ਸਿੰਘ ਦੀ ਭੂਮਿਕਾ ‘ਤੇ ਸਵਾਲ ਉਠਾਏ ਸਨ।
ਇੰਸਪੈਕਟਰ ਇੰਦਰਜੀਤ ਸਿੰਘ ਜਿਹੜੇ ਵੀ ਥਾਣੇ ਵਿੱਚ ਰਿਹਾ ਉਸ ਦੀ ਭੂਮਿਕਾ ਸ਼ੱਕੀ ਹੀ ਰਹੀ ਹੈ। ਇੰਦਰਜੀਤ ਸਿੰਘ ਕਰਤਾਰਪੁਰ, ਗੁਰਾਇਆ, ਫਗਵਾੜਾ, ਰਾਵਲਪਿੰਡੀ ਥਾਣਿਆਂ ਵਿੱਚ ਤਾਇਨਾਤ ਰਿਹਾ ਹੈ। ਇਹ ਗੱਲ ਮਸ਼ਹੂਰ ਸੀ ਕਿ ਜਿਸ ਥਾਣੇ ਵਿੱਚ ਇੰਦਰਜੀਤ ਲੱਗ ਜਾਂਦਾ ਸੀ ਉਸ ਥਾਣੇ ਵਿੱਚ ਨਸ਼ਿਆਂ ਅਤੇ ਅਸਲੇ ਦੀ ਬਰਾਮਦਗੀ ਵੱਧ ਜਾਂਦੀ ਸੀ। ਪ੍ਰੈੱਸ ਕਾਨਫ਼ਰੰਸਾਂ ਦੌਰਾਨ ਅਜਿਹੇ ਸਵਾਲਾਂ ਦੇ ਜਵਾਬ ਵੱਡੇ ਅਫਸਰਾਂ ਨੂੰ ਦੇਣੇ ਔਖੇ ਹੋ ਜਾਂਦੇ ਸਨ।
ਅਕਾਲੀ-ਭਾਜਪਾ ਸਰਕਾਰ ਦੌਰਾਨ ਸਭ ਤੋਂ ਵੱਧ ਚਰਚਾ ਵਿੱਚ ਮੁੱਦਾ ਸਿੰਥੈਟਿਕ ਡਰੱਗ ਦਾ ਰਿਹਾ ਸੀ। ਪੰਜਾਬ ਵਿੱਚ ਜਦੋਂ 2 ਜੂਨ 2012 ਨੂੰ ਪਹਿਲੀ ਵਾਰ 200 ਕਰੋੜ ਦੀ ਹੈਰੋਇਨ ਫੜੀ ਗਈ ਸੀ ਉਦੋਂ ਵੀ ਇੰਸਪੈਕਟਰ ਇੰਦਰਜੀਤ ਸਿੰਘ ਦੀ ਹਾਜ਼ਰੀ ਚਰਚਾ ਵਿੱਚ ਰਹੀ ਸੀ। ਉਦੋਂ ਇੰਦਰਜੀਤ ਸਿੰਘ ਥਾਣਾ ਕਰਤਾਰਪੁਰ ਵਿੱਚ ਐਸ.ਐਚ.ਓ. ਸੀ। ਇਸ ਦੇ ਬਾਵਜੂਦ ਇੰਦਰਜੀਤ ਸਿੰਥੈਟਿਕ ਡਰੱਗ ਬਰਾਮਦ ਕਰਨ ਵਾਲੀ ਟੀਮ ਦਾ ਹਿੱਸਾ ਸੀ। ਜਦੋਂ ੳੁਹ ਰਾਵਲਪਿੰਡੀ ਥਾਣੇ ਵਿੱਚ ਤਾਇਨਾਤ ਸੀ ਤਾਂ ਭੁੱਲਥ ਤੋਂ ਬੰਦੇ ਚੁੱਕਣ ਦਾ ਮਾਮਲਾ ਵੀ ਚਰਚਾ ਵਿੱਚ ਰਿਹਾ ਸੀ। ਤਰਨਤਾਰਨ ਵਿੱਚ ਦਰਜ ਐਫ.ਆਈ.ਆਰਜ਼ ਮੁਤਾਬਕ ਇੰਦਰਜੀਤ ਸਿੰਘ ਨੇ ਸਰਹਾਲੀ ਥਾਣੇ ਵਿੱਚ ਹੁੰਦਿਆਂ 14 ਅਗਸਤ 2013 ਨੂੰ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਬਰਾਮਦਗੀ ਦਿਖਾਈ ਸੀ। ਇਸੇ ਤਰ੍ਹਾਂ 4 ਜੁਲਾਈ 2013 ਨੂੰ ਰਾਜਸਥਾਨ ਤੋਂ ਟਰੱਕਾਂ ਰਾਹੀਂ ਲਿਆਂਦੇ ਡੋਡੇ ਵੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਫੜੇ ਗਏ ਸਨ।