"ਕਸ਼ਮੀਰੀਆਂ ਨੂੰ ਦਬਾਉਣ ਲਈ ਇਸਾਰਾਈਲ ਦੇ ਰਸਤੇ ਤੁਰੇਗਾ ਭਾਰਤ"

ਚੰਡੀਗੜ੍ਹ: ਭਾਰਤ ਦੇ ਇੱਕ ਉੱਚ ਕੂਟਨੀਤਕ ਅਫਸਰ ਨੇ ਕਸ਼ਮੀਰ ਬਾਰੇ ਭਾਰਤੀ ਨੀਤੀ ਸਬੰਧੀ ਬਿਆਨ ਦਿੰਦਿਆਂ ਕਿਹਾ ਕਿ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ 'ਚ "ਇਸਰਾਈਲ ਮਾਡਲ" ਲਾਗੂ ਕਰਨਾ ਚਾਹੀਦਾ ਹੈ। ਨਿਊ ਯਾਰਕ ਵਿੱਚ ਭਾਰਤ ਦੇ ਕਾਂਸਲ ਜਨਰਲ ਸੰਦੀਪ ਚਕਰਵਰਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ ਵਿੱਚ ਉਹ ਅਮਰੀਕਾ 'ਚ ਹੋਏ ਕਸ਼ਮੀਰੀ ਪੰਡਿਤਾਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ। 

ਚਕਰਵਰਤੀ ਨੇ ਇਸ ਵੀਡੀਓ 'ਚ ਕਿਹਾ, "ਮੈਂ ਸਮਝਦਾ ਹਾਂ ਕਿ ਸੁਰੱਖਿਆ ਹਾਲਾਤ ਛੇਤੀ ਸੁਧਰ ਜਾਣਗੇ, ਜਿਸ ਨਾਲ ਰਫਿਊਜ਼ੀ ਵਾਪਿਸ ਜਾ ਸਕਣਗੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਹੀ ਤੁਸੀਂ ਵਾਪਿਸ ਜਾ ਸਕੋਂਗੇ....ਅਤੇ ਤੁਹਾਨੂੰ ਉੱਥੇ ਸੁਰੱਖਿਆ ਮਿਲੇਗੀ ਕਿਉਂਕਿ ਸਾਡੇ ਕੋਲ ਇਸ ਲਈ ਪਹਿਲਾਂ ਹੀ ਦੁਨੀਆ ਵਿੱਚ ਇੱਕ ਮਾਡਲ ਹੈ। ਮੈਨੂੰ ਨਹੀਂ ਪਤਾ ਕਿ ਅਸੀਂ ਉਸ ਨੂੰ ਕਿਉਂ ਨਹੀਂ ਅਪਣਾ ਰਹੇ। ਇਸ ਤਰ੍ਹਾਂ ਮੱਧ ਪੂਰਵ ਵਿਚ ਹੋਇਆ ਹੈ। ਜੇ ਇਸਰਾਈਲੀ ਲੋਕ ਇਸ ਤਰ੍ਹਾਂ ਕਰ ਸਕਦੇ ਹਨ, ਤਾਂ ਅਸੀਂ ਵੀ ਕਰ ਸਕਦੇ ਹਾਂ।" ਉਹਨਾਂ ਕਿਹਾ ਕਿ ਭਾਰਤੀ ਆਗੂ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਜ਼ਿਕਰਯੋਗ ਹੈ ਕਿ ਇਸਰਾਈਲ ਵੱਲੋਂ ਫਲਸਤੀਨ ਖੇਤਰ ਵਿੱਚ ਖੇਤਰੀ ਅਬਾਦੀ ਦੀਆਂ ਤਬਦੀਲੀਆਂ ਲਈ ਫੌਜੀ ਪਹਿਰੇ ਹੇਠ ਯਹੂਦੀ ਬਸਤੀਆਂ ਵਸਾਈਆਂ ਗਈਆਂ ਹਨ ਜਿਹਨਾਂ ਦਾ ਕੌਮਾਂਤਰੀ ਪੱਧਰ 'ਤੇ ਵਿਰੋਧ ਹੁੰਦਾ ਹੈ ਅਤੇ ਭਾਰਤ ਵੱਲੋਂ ਵੀ ਇਹਨਾਂ ਬਸਤੀਆਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਭਾਰਤੀ ਉੱਚ ਕੂਟਨੀਤਕ ਅਫਸਰ ਦਾ ਇਹ ਬਿਆਨ ਉਸ ਗੱਲ 'ਤੇ ਮੋਹਰ ਲਾਉਂਦਾ ਹੈ ਕਿ ਭਾਰਤ ਨੇ ਧਾਰਾ 170 ਅਤੇ 35 ਏ ਨੂੰ ਇਸ ਲਈ ਹੀ ਖਤਮ ਕੀਤਾ ਹੈ ਤਾਂ ਕਿ ਇਸਰਾਈਲ ਵਾਂਗ ਫੌਜੀ ਪਹਿਰੇ ਹੇਠ ਕਸ਼ਮੀਰ ਅੰਦਰ ਹਿੰਦੂ ਬਸਤੀਆਂ ਵਸਾ ਕੇ ਉੱਥੋਂ ਦੀ ਖੇਤਰੀ ਅਬਾਦੀ ਦੇ ਅਨੂਪਾਤ ਨੂੰ ਤਬਦੀਲ ਕੀਤਾ ਜਾ ਸਕੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।