ਪਿੰਡ ਲਿੱਤਰਾਂ ਵਿੱਚ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਕੀਤਾ ਯਾਦ

ਪਿੰਡ ਲਿੱਤਰਾਂ ਵਿੱਚ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਕੀਤਾ ਯਾਦ

ਪੀੜਤ ਪਰਿਵਾਰ ਨੇ ਆਖਰੀ ਦਮ ਤੱਕ ਇਨਸਾਫ਼ ਲਈ ਲੜਾਈ ਜਾਰੀ ਰੱਖਣ ਦਾ  ਕੀਤਾ ਅਹਿਦ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ,5 ਫਰਵਰੀ
: ਨਕੋਦਰ ਵਿੱਚ 1986 ਨੂੰ ਵਾਪਰੇ ਸਾਕਾ ਨਕੋਦਰ ਬੇਅਦਬੀ ਕਾਂਡ ਦੌਰਾਨ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਨੂੰ ਸ਼ਰਧਾਂਲੀ ਭੇਟ ਕਰਨ ਲਈ ਪਿੰਡ ਲਿੱਤਰਾਂ ਵਿੱਚ ਸਮਾਗਮ ਕਰਵਾਇਆ ਗਿਆ।ਗੁਰਦੁਆਰਾ ਸਾਹਿਬ ਬੋਹੜ ਵਾਲਾ  ਵਿੱਚ ਹੋਏ ਸਮਾਗਮ ਵਿਚ ਪਹੁੰਚੀਆਂ ਧਾਰਮਿਕ ਸਖਸ਼ੀਅਤਾਂ ਨੇ ਇੱਕ ਸੁਰ ਹੁੰਦਿਆ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇ ਰੱਵਈਏ ਵਿੱਚ ਕੋਈ ਬਦਲਾਅ ਨਹੀਂ ਆਇਆ ਸਗੋਂ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ  37 ਸਾਲ ਪਹਿਲਾਂ 4 ਫਰਵਰੀ 1986 ਨੂੰ ਨਕੋਦਰ ਗੋਲੀ ਕਾਂਡ ਸਮੇਂ ਸੀ।ਬੁਲਾਰਿਆਂ ਨੇ ਕਿਹਾ ਕਿ  ਕਿ ਨਕੋਦਰ ਕਾਂਡ ਤਾਂ ਬਰਗਾੜੀ ਕਾਂਡ ਤੋਂ ਵੱਡਾ ਹੈ।ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਪੈਰਵਾਈ ਕਰਨੀ ਚਾਹੀਦੀ ਸੀ।

ਬੁਲਾਰਿਆਂ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਬਾਦਲ ਸਰਕਾਰ ਨੇ 15 ਸਾਲ ਰਾਜ ਕੀਤਾ ਪਰ ਗੁਰੂ ਦੀ ਅਜ਼ਮਤ ਵਾਸਤੇ ਸ਼ਹੀਦ ਹੋਣ ਵਾਲੇ ਪਰਿਵਾਰਾਂ ਨੂੰ ਇਨਸਾਫ ਨਹੀਂ ਦਿੱਤਾ।

ਇਸ ਸਮਾਗਮ ਨੂੰ ਭਾਈ ਦਲਜੀਤ ਸਿੰਘ,ਸੁਖਵਿੰਦਰ ਸਿੰਘ ਖਾਲਸਾ,ਨਿਰੰਜਣ ਸਿੰਘ ਡਰੋਲੀ,ਪਰਮਜੀਤ ਸਿੰਘ ਗਾਜ਼ੀ,ਚਰਨਜੀਤ ਸਿੰਘ,ਗਗਨਦੀਪ ਸਿੰਘ ਬਾਗੀ,ਸੁਖਦੇਵ ਸਿੰਘ ਫਗਵਾੜਾ,ਅਜਾਇਬ ਸਿੰਘ ਗਰਚਾ ਨੇ ਆਪੋ -ਆਪਣੇ ਵਿਚਾਰ ਰੱਖੇ। 

ਉਨ੍ਹਾਂ ਕਿਹਾ ਕਿ ਇਹ ਚਾਰੇ ਸਿੱਖ ਨੌਜਵਾਨ ਪਰਿਵਾਰਾਂ ਦੇ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਦੇ ਸ਼ਹੀਦ ਹਨ। ਇਹ ਚਾਰੇ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ,ਭਾਈ ਝਿਲਮਣ ਸਿੰਘ ਗੌਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਲਾਇਲਪੁਰਾ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੀ ਸਨ।
 ਨਿਰੰਜਣ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ  ਇਸ ਗੱਲ ਦਾ ਹਿਰਖ਼ ਹੈ ਕਿ  ਖਾਲਸਾ ਕਾਲਜ ਨੇ ਗੁਰੂ ਗ੍ਰੰਥ ਸਾਹਿਬ ਲਈ ਸ਼ਾਹਦਤ ਦੇਣ ਵਾਲੇ ਇੰਨ੍ਹਾਂ ਚਾਰੇ ਸਿੱਖ ਨੌਜਵਾਨਾਂ ਨੂੰ ਵਿਸਾਰ ਦਿੱਤਾ ਹੈ । ਬੁਲਾਰਿਆਂ ਨੇ ਕਿਹਾ ਕਿ ਹੁਣ ਇੰਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਮਰੀਕਾ,ਕਨੇਡਾ,ਇੰਗਲੈਂਡ,ਜਰਮਨੀ,ਫਰਾਂਸ ਸਮੇਤ ਹੋਰ ਦੇਸ਼ ਵਿੱਚ ਵੀ ਸਮਾਗਮ ਹੋ ਰਹੇ ਹਨ ਤੇ ਇਸ ਮਾਮਲੇ ਨੂੰ ਸਿੱਖ ਕੌਮ ਨੇ ਯੂਐਨਓ ਤੱਕ ਪਹੁੰਚਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ।ਯੂਐਨਓ ਵਿੱਚ  ਮਨੁੱਖੀ ਅਧਿਕਾਰਾਂ ਬਾਰੇ ਬਣੀ ਕੌਂਸਲ ਦੇ 43 ਵੇਂ  ਸ਼ੈਸ਼ਨ ਦੌਰਾਨ ਸਾਕਾ ਨਕੋਦਰ ਦਾ ਮਾਮਲਾ ਯੂਕੇ ਵਿੱਚ ਰਹਿੰਦੇ  ਡਾ: ਇਕਤਿਦਾਰ  ਕਰਾਮਤ ਚੀਮਾ ਨੇ ਉਠਾਇਆ ਸੀ ਤੇ ਉਹ ਇਸ ਕੇਸ ਦੀ ਪੈਰਵਾਈ ਵੀ ਕਰ ਰਹੇ ਹਨ।


 

ਸਮਾਗਮ ਦੇ ਅਖੀਰ ਵਿੱਚ ਬਾਪੂ ਬਲਦੇਵ ਸਿੰਘ ਲਿੱਤਰਾਂ ਨੇ ਸਾਰੀਆਂ ਪੰਥਕ ਸਖਸ਼ੀਅਤਾਂ ਦਾ ਧੰਨਵਾਦ ਕੀਤਾ।ਉਨ੍ਹਾਂ  ਕਿਹਾ ਕਿ ਉਹ ਆਪਣੇ ਜਿਊਂਦੇ ਜੀ ਸਾਕਾ ਨਕੋਦਰ ਦੇ ਦੋਸ਼ੀਆਂ ਨੂੰ ਜੇਲ਼੍ਹ ਦੀਆਂ ਸਲਾਖਾਂ ਪਿੱਛੇ ਦੇਖਣਾ ਚਹੁੰਦੇ ਹਨ।ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ 37 ਸਾਲ ਇੱਕਲਿਆਂ ਲੜਾਈ ਲੜੀ ਜਦ ਕਿ ਇਕ ਬਦਨਾਮ ਪੁਲੀਸ ਅਫਸਰ ਦੇ ਪੁੱਤਰ ਨੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਸਨ।ਉਨ੍ਹਾਂ  ਕਿਹਾ ਕਿ ਅਜਿਹੇ ਪੁਲੀਸ ਅਫਸਰਾਂ ਨੂੰ ਸਮੇਂ ਦੀਆਂ ਸਰਕਾਰਾਂ ਹਮੇਸ਼ਾਂ ਤੱਰਕੀਆਂ ਬਖਸ਼ੀਆਂ ਹਨ।