ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਚੋਣ ਦੀ ਰਸਮ ਮੁਕੰਮਲ

ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਚੋਣ ਦੀ ਰਸਮ ਮੁਕੰਮਲ

ਨਵੀਂ ਦਿੱਲੀ/ਬਿਊਰੋ ਨਿਊਜ਼:
ਰਾਹੁਲ ਗਾਂਧੀ ਸਰਬਸੰਮਤੀ ਨਾਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮੁੱਲਾਪੱਲੀ ਰਾਮਾਚੰਦਰਨ ਨੇ ਸੋਮਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਨਹਿਰੂ ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ ਇਸ ਦੌੜ ਵਿੱਚ ਇਕੱਲੇ ਉਮੀਦਵਾਰ ਸੀ। ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਲੈਣਗੇ ਜੋ 19 ਸਾਲ ਤਕ ਕਾਂਗਰਸ ਦੇ ਪ੍ਰਧਾਨ ਰਹੇ। ਰਾਹੁਲ ਨੂੰ ਜਨਵਰੀ 2013 ਵਿੱਚ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵਿੱਟਰ ‘ਤੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਉਹ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਸੰਭਾਲ ਲੈਣਗੇ।
ਕਾਂਗਰਸ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਅੱਜ ਮੋਦੀ ‘ਤੇ ਕਟਾਖਸ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਚੋਣਾਂ ਵਿੱਚ ਪਾਕਿਸਤਾਨ, ਚੀਨ ਅਤੇ ਜਾਪਾਨ ਦੀ ਗੱਲ ਕਰਦੇ ਹਨ ਜਦੋਂ ਕਿ ਉਹ ਆਪਣੇ ਗ੍ਰਹਿ ਰਾਜ ਬਾਰੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਰਾਹੁਲ ਨੇ ਭਾਜਪਾ ਮੁਖੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਬਾਰੇ ਮੋਦੀ ਦੇ ਚੁੱਪ ਰਹਿਣ ‘ਤੇ ਸਵਾਲ ਉਠਾਏ। ਜ਼ਿਕਰਯੋਗ ਹੈ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਜੈ ਸ਼ਾਹ ਦੀ ਕੰਪਨੀ ਨੇ ਕਈ ਗੁਣਾਂ ਤਰੱਕੀ ਕੀਤੀ ਸੀ। ਰਾਹੁਲ ਨੇ ਦੋਸ਼ ਲਾਇਆ ਕਿ ਮੌਦੀ ਗੁਜਰਾਤ ਵਿੱਚ ਪ੍ਰਚਾਰ ਦੌਰਾਨ ਲਗਾਤਾਰ ਮੁੱਦਾ ਬਦਲ ਰਹੇ ਹਨ। ਪਹਿਲਾਂ ਉਨ੍ਹਾਂ ਨੇ ਨਰਮਦਾ ਦੇ ਪਾਣੀ ਦੀ ਗੱਲ ਕੀਤੀ। ਕਿਸਾਨਾਂ ਵੱਲੋਂ ਇਹ ਕਹਿਣ ਕਿ ਪਾਣੀ ਉਨ੍ਹਾਂ ਦੇ ਖੇਤਾਂ ਤਕ ਨਹੀਂ ਪੁੱਜਦਾ, ਉਨ੍ਹਾਂ ਨੇ ਟਰੈਕ ਬਦਲਿਆ ਤੇ ਓਬੀਸੀ ਦਾ ਮੁੱਦਾ ਚੁੱਕਿਆ ਜਦੋਂ ਇਸ ਨਾਲ ਵੀ ਗੱਲ ਨਾ ਬਣੀ ਤਾਂ ਉਨ੍ਹਾਂ ਨੇ  ਵਿਕਾਸ ਦੀ ਗੱਲ ਕੀਤੀ ਪਰ ਲੋਕਾਂ ਨੇ ਇਸ ਦੀ ਫੂਕ ਕੱਢ ਦਿੱਤੀ ਹੈ।