ਸਹਿਜ਼ਾਦੀ ਸੋਫੀਆ ਦਲੀਪ ਸਿੰਘ ਦੀ ਡਾਕ ਟਿਕਟ ਜਾਰੀ ਕਰੇਗੀ ਇੰਗਲੈਂਡ ਦੀ ਰਾਇਲ ਮੇਲ ਕੰਪਨੀ

ਸਹਿਜ਼ਾਦੀ ਸੋਫੀਆ ਦਲੀਪ ਸਿੰਘ ਦੀ ਡਾਕ ਟਿਕਟ ਜਾਰੀ ਕਰੇਗੀ ਇੰਗਲੈਂਡ ਦੀ ਰਾਇਲ ਮੇਲ ਕੰਪਨੀ

ਚੰਡੀਗੜ੍ਹ/ਬਿਊਰੋ ਨਿਊਜ਼:
ਇੰਗਲੈਂਡ ਦੀ ਰਾਇਲ ਮੇਲ ਕੰਪਨੀ ਮਹਾਰਾਜਾ ਦਲੀਪ ਸਿੰਘ ਦੀ ਧੀ ਸਹਿਜ਼ਾਦੀ ਸੋਫੀਆ ਦਲੀਪ ਸਿੰਘ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ ਕਰੇਗੀ। ਸੋਫੀਆ ਦਲੀਪ ਸਿੰਘ ਦੀ ਹੈਰੀਟੇਜ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਦੁਨੀਆਂ ਭਰ ਦੀਆਂ ਜਾਗਰੂਕ ਔਰਤਾਂ ਸਮੇਤ ਭਾਰਤ ਅਤੇ ਇੰਗਲੈਂਡ ਤੋਂ ਇਲਾਵਾ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿਚ ਵੀ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ।
ਇਹ ਡਾਕ ਟਿਕਟ ਇੰਗਲੈਂਡ ਵਿਚ ਔਰਤਾਂ ਨੂੰ ਵੋਟ ਦਾ ਹੱਕ ਦਿੱਤੇ ਜਾਣ ਦੀ 100 ਸਾਲਾ ਵਰ੍ਹੇਗੰਢ ਮੌਕੇ ਜਾਰੀ ਕੀਤੀ ਜਾ ਰਹੀ ਹੈ।
ਰਾਇਲ ਮੇਲ, ਇੰਗਲੈਂਡ ਦੀ ਸਭ ਤੋਂ ਵੱਧ ਵਿਸ਼ਵਾਸ ਪੂਰਨ ਡਾਕ ਅਤੇ ਕੋਰੀਅਰ ਸਰਵਿਸ ਹੈ ਅਤੇ ਇਸ ਨੇ ਸੰਨ 1967 ਵਿਚ ਵਿਰਾਸਤੀ ਡਾਕ ਟਿਕਟਾਂ ਜਾਰੀ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ.
ਉੱਘੀ ਪੱਤਰਕਾਰ ਨਿਰੂਪਮਾ ਦੱਤ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੋਫੀਆ ਦਲੀਪ ਸਿੰਘ (ਸਾਲ 1876-1948) ਦੇ ਨਾਂਅ ਉੱਤੇ ਬ੍ਰਿਟੇਨ ਵਿਚ ਡਾਕ ਟਿਕਟ ਜਾਰੀ ਕੀਤੀ ਜਾ ਰਹੀ ਹੈ। ਇਹ ਡਾਕ ਟਿਕਟ ਸਹਿਜ਼ਾਦੀ ਸੋਫੀਆ ਦਲੀਪ ਸਿੰਘ ਵੱਲੋਂ ਔਰਤਾਂ ਦੇ ਹੱਕਾਂ ਲਈ ਲੜੀ ਲੜਾਈ ਬਦਲੇ 15 ਫਰਵਰੀ ਨੂੰ ਜਾਰੀ ਕੀਤੀ ਜਾਣੀ ਹੈ। ਸੋਫੀਆ ਦਲੀਪ ਸਿੰਘ ਔਰਤਾਂ ਦੇ ਵੋਟ ਪਾਉਣ ਦੇ ਅਧਿਕਾਰ ਵਾਲੇ ਬ੍ਰਿਟੇਨ ਦੇ ਉਸ ਅੰਦੋਲਨ ਦੀ ਅਹਿਮ ਹਿੱਸਾ ਸੀ, ਜਿਸ ਤੋਂ ਬਾਅਦ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੋਟ ਪਉਣ ਦਾ ਹੱਕ ਮਿਲਿਆ ਸੀ। ਬ੍ਰਿਟੇਨ ਵਿਚ ਅਗਲੇ ਮਹੀਨੇ ਔਰਤਾਂ ਨੂੰ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ 100 ਵਰ੍ਹੇ ਪੂਰੇ ਹੋ ਰਹੇ ਹਨ।
ਪੰਜਾਬ ਵਿਚ ਖਾਲਸਾ ਰਾਜ ਸਥਾਪਤ ਕਰਨ ਵਾਲੇ ਅਤੇ ਸ਼ੇਰੇ ਪੰਜਾਬ ਦੇ ਨਾਂਅ ਨਾਲ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫੀਆ ਭਾਵੇਂ ਬ੍ਰਿਟਿਸ਼ ਰੰਗ ਵਿਚ ਰੰਗੀ ਹੋਈ ਸੀ, ਪਰ ਉਸ ਵਿੱਚ ਸਿੱਖ ਸਹਿਜ਼ਾਦੀਆਂ ਵਾਲੀ ਚੜ੍ਹਦੀ ਕਲਾ ਮੌਜੂਦ ਸੀ। ਉਹ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਸੀ, ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ, ਜਿਥੇ ਉਸਨੇ ਇਸਾਈਅਤ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣਾ ਲਿਆ। ਸੋਫੀਆ ਦੀ ਮਾਂ ਮਹਾਰਾਣੀ ਬਾਂਬਾ ਮਿਓਲਰ ਸੀ। ਉਸਦੀ ਧਰਮ ਮਾਤਾ ਮਹਾਰਾਣੀ ਵਿਕਟੋਰੀਆ ਸੀ।
ਸਹਿਜ਼ਾਦੀ ਸੋਫੀਆ ਇੱਕ ਕ੍ਰਾਂਤੀਕਾਰੀ ਨਾਰੀਵਾਦੀ ਸੀ ਅਤੇ ਹੈਂਪਟਨ ਕੋਰਟ ਮਹਿਲ ਦੇ ਇੱਕ ਘਰ ਵਿੱਚ ਰਹਿੰਦੀ ਸੀ ਜੋ ਮਹਾਰਾਣੀ ਵਿਕਟੋਰੀਆ ਨੇ ਉਸਨੂੰ ਸ਼ਾਹੀ ਸਨਮਾਨ ਵਜੋਂ ਦਿੱਤਾ ਹੋਇਆ ਸੀ। ਉਸਦੀਆਂ ਚਾਰ ਭੈਣਾਂ (ਦੋ ਮਤਰੇਈਆਂ ਸਮੇਤ) ਅਤੇ ਚਾਰ ਭਰਾ ਸਨ। ਉਹ ਐਡਵਾਰਡੀਨ ਔਰਤ ਵਜੋਂ ਪੁਸ਼ਾਕ ਪਉਂਦੀ ਸੀ ਭਾਵੇਂ ਉਹ ਭੂਰੇ ਰੰਗ ਵਾਲੀ ਸੀ।
ਇਕ ਫੋਟੋਗ੍ਰਾਫੀ ਪ੍ਰਾਜੈਕਟ ਲਈ ਚੰਡੀਗੜ੍ਹ ਸ਼ਹਿਰ ਦੇ ਦੌਰੇ ਉੱਤੇ ਆਈ ”ਦਿ ਬਲੈਕ ਕੰਟਰੀ” ਦੇ ਵੋਲਵਰਹੈਂਪਟਨ ਸਥਿਤ ਨਿਰਮਾਤਾ ਨਿਰਮਾਤਾ ਪਰਮਿੰਦਰ ਕੌਰ ਨੇ ਕਿਹਾ, ”ਇਹ ਦੇਸ਼ ਦੇ ਠੰਡੇ ਮੌਸਮ ਤੋਂ ਦਿਲ-ਵਾਚਣ ਵਾਲੀ ਖਬਰ ਹੈ ਕਿ ਮੈਂ ਪੰਜਾਬੀ ਭਾਸ਼ਾ ਦੀ ਦੂਜੀ ਪੀੜੀ ਦੇ ਪ੍ਰਵਾਸੀ ਵਜੋਂ ਜਨਮੀ ਸੀ। ਮੂਲ ਇਹ ਦੱਖਣ ਏਸ਼ੀਆਈ ਮੂਲ ਦੇ ਇਕ ਕਾਰਕੁੰਨ ਨੂੰ ਆਈਕੌਨਿਕ ਰੈਂਕ ਦੇਣ ਦਾ ਵੀ ਇਕ ਪ੍ਰਗਤੀਸ਼ੀਲ ਫੈਸਲਾ ਹੈ।”
ਸੋਫੀਆ ਦੀ ਜੀਵਨੀ ਲਿਖਣ ਵਾਲੀ ਬੀਬੀਸੀ ਪੱਤਰਕਾਰ ਅਨੀਤਾ ਅਨੰਦ ਨੇ ਲਿਖਿਆ ਹੈ ਕਿ  ”ਸੋਫੀਆ: ਪ੍ਰਿੰਸੀਪਲ, ਸੁਪ੍ਰਰੇਗੈਟ, ਰੈਵੋਲੂਸ਼ਨਰੀ” ਸਹਿਜ਼ਾਦੀ ਨੇ ਉੱਚੀਆਂ ਤੇ ਸੱਚੀਆਂ ਕਦਰਾਂ ਕੀਮਤਾਂ ਉੱਤੇ ਪਹਿਰਾ ਦਿੰਦਿਆਂ ਲੋਕ ਹੱਕਾਂ ਲਈ ਅਵਾਜ਼ ਬੁਲੰਦ ਕਰਦਿਆਂ ਅਪਣੀ ਜ਼ਿੰਦਗੀ ਬਤੀਤ ਕੀਤੀ। ਉਹ ਕਹਿੰਦੀ ਹੈ: ”ਸੋਫੀਆ ਨੇ ਅਨਿਆਂ ਤੇ ਬੇਇਨਸਾਫ਼ੀ ਨਾਲ ਜੂਝ ਕੇ ਇਤਿਹਾਸ ਸਿਰਜਿਆ ਹੈ।
ਜ਼ਿਕਰਯੋਗ ਹੈ ਕਿ ਸਹਿਜ਼ਾਦੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਐਲਵੀਡਨ ਹਾਲ ਸਫਲਕ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਪਤਨੀ ਬੰਬਾ ਮੁਲਰ ਦੀ ਕੁੱਖੋਂ ਹੋਇਆ ਸੀ, ਜਦ ਕਿ ਉਨ੍ਹਾਂ ਦਾ ਦਿਹਾਂਤ 22 ਅਗਸਤ 1948 ਨੂੰ 72 ਸਾਲ ਦੀ ਉਮਰ ਵਿਚ ਟੇਲਰਸ ਗਰੀਨ, ਬਕਿੰਘਮਸ਼ਾਇਰ ਇੰਗਲੈਂਡ ਵਿਚ ਹੋਇਆ। ਬਰਤਾਨੀਆ ਦੀ ਸੰਸਦ ਵਿਚ ਪਹਿਲੀ ਔਰਤ ਐਮ. ਪੀ. ਕਨਸਟੈਂਸ ਮਾਰਕਇਵਕਜ਼ 1918 ਦੀਆਂ ਆਮ ਚੋਣਾਂ ਮੌਕੇ ਚੁਣੀ ਗਈ ਸੀ, ਪਰ ਉਸ ਨੇ ਸਹੁੰ ਨਾ ਚੁੱਕਣ ਕਰਕੇ ਆਪਣੀ ਸੀਟ ਹਾਸਿਲ ਨਹੀਂ ਕਰ ਸਕੀ। ਇਸ ਤੋਂ ਬਾਅਦ ਨੈਨਸੀ ਐਸਟਰ ਦਸੰਬਰ 1919 ਵਿਚ ਪੌਲੀਮਾਊਥ ਸੁਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਚੁਣੀ ਗਈ, ਜਿਸ ਨੂੰ ਅਧਿਕਾਰਤ ਤੌਰ ‘ਤੇ ਪਹਿਲੀ ਬਰਤਾਨਵੀ ਸੰਸਦ ਔਰਤ ਐਮ. ਪੀ. ਵਜੋਂ ਜਾਣਿਆ ਜਾਂਦਾ ਹੈ। ਜਿਥੇ ਇਸ ਸਮੇਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਇਕ ਔਰਤ ਹੈ, ਉਥੇ ਪਹਿਲੀ ਸਿੱਖ ਐਮ ਪੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਹੁਣੇ-ਹੁਣੇ ਸ਼ੈਡੋ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਖੁਸ਼ੀ ਦੀ ਗੱਲ ਹੈ ਕਿ ਔਰਤਾਂ ਦੇ ਹੱਕਾਂ ਲਈ ਸੰਘਰਸ਼ ਲੜਨ ਵਾਲੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਤੋਂ 100 ਵਰ੍ਹੇ ਬਾਅਦ ਇਕ ਸਿੱਖ ਔਰਤ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਸਮੇਂ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਕੰਜਰਵੇਟਿਵ ਪਾਰਟੀ ਦੀਆਂ 67, ਲੇਬਰ ਪਾਰਟੀ ਦੀਆਂ 119, ਐਸ ਐਨ ਪੀ ਦੀਆਂ 12, ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀਆਂ ਚਾਰ, ਗਰੀਨ ਪਾਰਟੀ ਦੀ ਇਕ ਮੈਂਬਰ ਹਨ। ਇਸ ਦੇ ਉਪਰਲੇ ਸਦਨ ਹਾਊਸ ਆਫ ਲੌਰਡਜ਼ ਵਿੱਚ ਵੀ 176 ਔਰਤਾਂ ਮੈਂਬਰ ਹਨ।
ਸੋਫੀਆ ਸੁਰਿੰਦਰ ਕੌਰ ਨਾਂ ਦੀ ਇਕ ਔਰਤ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਨੇ ਯੂ ਕੇ ਦੀ ਸਰਦਾਰਨੀ ਕਹਿ ਕੇ ਸੋਫੀਆ ਦਲੀਪ ਸਿੰਘ ਦਾ ਧੰਨਵਾਦ ਵੀ ਕੀਤਾ ਹੈ।
ਇਕ ਹੋਰ ਬਰਤਾਨਵੀ ਔਰਤ ਬਰਿਟ ਨੇ ਲਿਖਿਆ ਹੈ ਕਿ ਉਨ੍ਹਾਂ ਇਸ ਟਵੀਟ ਤੋਂ ਪਹਿਲਾਂ ਕਦੇ ਵੀ ਸੋਫੀਆ ਦਲੀਪ ਸਿੰਘ ਬਾਰੇ ਨਹੀਂ ਸੁਣਿਆ ਸੀ। ਉਨ੍ਹਾਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਸਕੂਲਾਂ ਵਿਚ ਸਹਿਜ਼ਾਦੀ ਸੋਫੀਆ ਦਲੀਪ ਸਿੰਘ ਦੇ ਕੰਮ ਕਾਜ ਅਤੇ ਪ੍ਰਾਪਤੀਆਂ ਬਾਰੇ ਨਹੀਂ ਪੜ੍ਹਾਇਆ ਜਾਂਦਾ।