ਸਿੱਖ ਜਥੇਬੰਦੀਆਂ ਵੱਲੋਂ 25 ਜਨਵਰੀ ਨੂੰ ਪੰਜਾਬ ਬੰਦ ਦਾ ਐਲਾਨ 

ਸਿੱਖ ਜਥੇਬੰਦੀਆਂ ਵੱਲੋਂ 25 ਜਨਵਰੀ ਨੂੰ ਪੰਜਾਬ ਬੰਦ ਦਾ ਐਲਾਨ 

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਕਾਨੂੰਨ ਸੀਏਏ ਅਤੇ ਤਜ਼ਵੀਜ਼ ਅਧੀਨ ਨਾਗਰਿਕਤਾ ਰਜਿਸਟਰ ਅਤੇ ਅਬਾਦੀ ਰਜਿਸਟਰ ਦਾ ਵਿਰੋਧ ਕਰਦਿਆਂ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 25 ਜਨਵਰੀ ਨੂੰ ਪੰਜਾਬ ਬੰਦ ਦਾ ਅੇਲਾਨ ਕੀਤਾ ਗਿਆ ਹੈ। ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ 70ਵੇਂ ਗਣਤੰਤਰ ਦਿਵਸ ਮੌਕੇ ਸੰਘ ਪਰਿਵਾਰ ਅਤੇ ਮੋਦੀ ਹਕੂਮਤ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਕਾਨੂੰਨਾਂ ਅਤੇ ਸੰਵਿਧਾਨਕ ਬੇਇਨਸਾਫੀਆਂ ਦੇ ਵਿਰੋਧ ਵਿੱਚ ਹੋਵੇਗਾ।

ਦੋਨਾਂ ਆਗੂਆਂ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਣ 25 ਜਨਵਰੀ ਨੂੰ ਪੰਜਾਬ ਮੁਕੰਮਲ ਬੰਦ ਰਹੇਗਾ। ਉਹਨਾਂ ਕਿਹਾ ਕਿ ਬੰਦ ਮੋਦੀ ਸਰਕਾਰ-2 ਦੀਆਂ ਤਮਾਮ ਫਿਰਕੂ ਅਤੇ ਤਾਨਾਸ਼ਾਹੀ ਫੈਸਲਿਆਂ ਦੇ ਵਿਰੁੱਧ ਪੰਜਾਬ ਦਾ ਫਤਵਾ ਹੋਵੇਗਾ। ਉਹਨਾਂ ਕਿਹਾ ਕਿ ਇਹ ਬੰਦ ਪੰਜਾਬ ਦੇ ਹਰ ਵਰਗ ਦੀ ਆਵਾਜ਼ ਬਣੇਗਾ।

ਸਰਦਾਰ ਮਾਨ ਨੇ ਕਿਹਾ ਕਿ ਕਿਹਾ ਕਿ ਕਸ਼ਮੀਰ ਅੰਧਰ ਧਾਰਾ 370 ਨੂੰ ਰੱਦ ਕਰਨਾ, ਅਦਾਲਤ ਦਾ ਫੈਸਲਾ ਰਾਮ ਮੰਦਿਰ ਦੇ ਹੱਕ ਵਿੱਚ ਕਰਵਾਉਣਾ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਬਣਾਉਣਾ ਅਤੇ ਐਨ.ਆਰ.ਸੀ. ਦਾ ਪ੍ਰਸਤਾਵ ਆਉਣਾ ਸਿੱਧ ਕਰਦਾ ਹੈ ਕਿ ਸੰਘ ਪਰਵਾਰ ਅਤੇ ਭਾਜਪਾ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਸੰਘੀਆਂ ਦੇ ਇਹਨਾਂ ਮਨਸੂਬਿਆਂ ਨੂੰ ਕਰਾਰਾ ਜੁਆਬ ਹੋਵੇਗਾ।

ਹਰਪਾਲ ਸਿੰਘ ਚੀਮਾ ਨੇ ਬੰਦ ਦੇ ਸੱਦੇ ਦੇ ਕਾਰਨ ਦਸਦਿਆ ਕਿਹਾ ਕਿ ਮੋਦੀ ਸਰਕਾਰ ਦਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾ ਕਰਨ ਤੋਂ ਮੁਕਰਨਾ, ਪੁਰੀ ਵਿਖੇ ਗੁਰੂ ਨਾਨਕ ਮੰਗੂ ਮੱਠ ਨੂੰ ਢਾਹੁਣਾ, ਦਿੱਲੀ ਵਿਖੇ ਭਗਤ ਰਵਿਦਾਸ ਜੀ ਦਾ ਮੰਦਰ ਢਹਿ ਢੇਰੀ ਕਰਨਾ, ਜਾਮੀਆ, ਏ.ਐੱਮ.ਯੂ. ਦੇ ਵਿਦਿਆਰਥੀਆਂ 'ਤੇ ਰਾਜ ਪੁਲਿਸ ਵੱਲੋਂ ਅਤੇ ਜੇ.ਐਨ.ਯੂ ਦੇ ਵਿਦਿਆਰਥੀਆਂ 'ਤੇ ਬੀਜੇਪੀ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਗੁੰਡਿਆਂ ਦੁਆਰਾ ਬੇਰਹਿਮੀ ਨਾਲ ਕੁੱਟਮਾਰ ਕਰਨਾ ਆਦਿ ਸ਼ਾਮਿਲ ਹਨ। 

ਦਲ ਖਾਲਸਾ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਮੋਦੀ-ਸ਼ਾਹ ਜੋੜੀ ਇਸ ਭਰਮ ਵਿੱਚ ਹੈ ਕਿ ਉਹ ਨਾਗਰਿਕਤਾ ਕਾਨੂੰਨ ਿਵਰੁਧ ਦੇਸ਼ ਭਰ ਵਿਚ ਉਠੀ ਲੋਕ ਲਹਿਰ ਨੂੰ ਡੰਡੇ ਜਾ ਗੋਲ਼ੀਆਂ ਦੇ ਜ਼ੋਰ ਨਾਲ ਦਬਾ ਲੈਣਗੇ ਤਾਂ ਅਸੀਂ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਵੀ ਕੰਡਿਆਂ ਦੀ ਸੂਲ ‘ਤੇ ਚੱਲਣ ਦੀ ਆਦਤ ਹੈ। ਉਹਨਾਂ ਕਿਹਾ ਸੱਤਾਧਾਰੀ ਪਾਰਟੀ ਦਾ ਹੰਕਾਰ ਇਸ ਵਾਰ ਜਾਗਰੂਕ ਅਤੇ ਚੇਤੰਨ ਲੋਕ ਜ਼ਰੂਰ ਤੋੜਨਗੇ। 

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪੰਜਾਬ ਦੇ ਮੁਸਲਮਾਨਾਂ, ਇਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ੨੫ ਜਨਵਰੀ ਨੂੰ ਆਪਣੇ ਵਿਦਿਅਕ ਅਤੇ ਵਪਾਰਕ ਅਦਾਰਿਆਂ, ਬੈਂਕ, ਪੈਟਰੋਲ ਪੰਪਾਂ ਨੂੰ ਬੰਦ ਰੱਖਣ ਤਾਂ ਜੋ ਦਿੱਲੀ ਦੀ ਮੋਦੀ-ਸ਼ਾਹ ਸਰਕਾਰ ਨੂੰ ਕਰਾਰਾ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਭਾਜਪਾ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਖੜ੍ਹਾ ਹੈ।

ਉਹਨਾਂ ਨੇ ਸਪੱਸ਼ਟ ਕੀਤਾ ਕਿ ਹਸਪਤਾਲ ਅਤੇ ਦਵਾਈਆਂ ਦੀਆਂ ਦੁਕਾਨਾਂ ਸਮੇਤ ਡਾਕਟਰੀ ਸਹੂਲਤਾਂ ਵਾਲੇ ਅਦਾਰੇ ਬੰਦ ਦੇ ਸੱਦੇ ਤੋਂ ਬਾਹਰ ਹਨ।

ਸਿੱਖ ਯੂਥ ਆਫ਼ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਹੜਤਾਲ ਸ਼ਾਂਤਮਈ ਰਹੇਗੀ ਅਤੇ ਰੇਲ ਆਵਾਜਾਈ ਵਿੱਚ ਰੁਕਾਵਟ ਨਹੀਂ ਪਾਈ ਜਾਵੇਗੀ।  

ਇਸ ਮੈਕੇ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, ਸੁਰਜੀਤ ਸਿੰਘ ਡਰੋਲੀ, ਬਹਾਦਰ ਸਿੰਘ, ਸੰਦੀਪ ਸਿੰਘ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ,  ਗੁਰਜੰਟ ਸਿੰਘ ਕੱਟੂ, ਆਦਿ ਹਾਜਿਰ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।