ਹਾਕੀ ਓਲੰਪੀਅਨ ਪਦਮਸ੍ਰੀ ਬਲਵੀਰ ਸਿੰਘ ਸੀਨੀਅਰ ਦੀ ਤਬੀਅਤ ਵਿਗੜੀ

ਹਾਕੀ ਓਲੰਪੀਅਨ ਪਦਮਸ੍ਰੀ ਬਲਵੀਰ ਸਿੰਘ ਸੀਨੀਅਰ ਦੀ ਤਬੀਅਤ ਵਿਗੜੀ

ਚੰਡੀਗੜ੍ਹ/ਬਿਊਰੋ ਨਿਊਜ਼ :

ਭਾਰਤੀ ਹਾਕੀ ਦਾ ਧਰੂ ਤਾਰਾ ਸ. ਬਲਵੀਰ ਸਿੰਘ ਸਿਹਤ ਖਰਾਬ ਹੋਣ ਕਰਕੇ ਗਰਦਿਸ਼ ਵਿਚ ਹੈ। ਸੰਨ 1952 ‘ਚ ਫਿਨਲੈਂਡ ਦੇ ਹੇਲਸਿੰਕੀ ਵਿਖੇ ਹੋਈਆਂ ਓਲੰਪਿਕ ਖੇਡਾਂ ਦੇ ਹੀਰੋ ਪਦਮਸ੍ਰੀ ਬਲਵੀਰ ਸਿੰਘ ਸੀਨੀਅਰ ਦੀ ਤਬੀਅਤ ਵਿਗੜ ਜਾਣ ਕਰਕੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਹੈ। ਸ. ਬਲਬੀਰ ਸਿੰਘ ਸੀਨੀਅਰ ਨੂੰ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਪੀਜੀਆਈ ਵਿਚ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਫੇਫੜਿਆਂ ਵਿਚ ਇਨਫੈਕਸ਼ਨ ਹੈ, ਜਿਸ ਕਰਕੇ ਵਿਸ਼ੇਸ਼ ਉਪਕਰਣਾਂ ਰਾਹੀਂ ਉਨ੍ਹਾਂ ਨੂੰ ਸਾਹ ਲੈਣ ਵਿਚ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਬੁੱਧਵਾਰ ਦੇਰ ਸ਼ਾਮ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਦੋਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੀ ਹਾਲਤ ਵਿਚ ਥੋੜ੍ਹਾ ਸੁਧਾਰ ਆਇਆ ਹੈ।
ਜ਼ਿਕਰਯੋਗ ਹੈ ਕਿ ਤਿੰਨ ਵਾਰ ਓਲੰਪਿਕ ਸੋਨ ਤਗ਼ਮਾ ਜੇਤੂ ਤੇ ਹਾਕੀ ਦੇ ਮੰਨੇ ਪ੍ਰਮੰਨੇ ਖਿਡਾਰੀ ਬਲਬੀਰ ਸਿੰਘ ਸੀਨੀਅਰ ਵੱਲੋਂ ਓਲੰਪਿਕ ਖੇਡਾਂ ਦੇ ਹਾਕੀ ਦੇ ਫਾਈਨਲ ਮੈਚਾਂ ਵਿਚ ਕੀਤੇ ਸਭ ਤੋਂ ਵੱਧ ਗੋਲਾਂ ਦਾ ਰਿਕਾਰਡ ਹਾਲੇ ਤਕ ਵੀ ਬਰਕਰਾਰ ਹੈ। ਸੰਨ 1952 ‘ਚ ਹੇਲਸਿੰਕੀ (ਫਿਨਲੈਂਡ) ਵਿਚ ਹੋਈਆਂ ਓਲੰਪਿਕ ਖੇਡਾਂ ਦੇ ਫੈਸਲਾਕੁਨ ਮੁਕਾਬਲੇ ਦੌਰਾਨ ਭਾਰਤ ਨੇ ਨੀਦਰਲੈਂਡ ਨੂੰ 6-1 ਨਾਲ ਹਰਾਇਆ ਸੀ, ਇਨ੍ਹਾਂ ਵਿੱਚੋਂ ਪੰਜ ਗੋਲ ਇਕੱਲੇ ਸ. ਬਲਬੀਰ ਸਿੰਘ ਸੀਨੀਅਰ ਨੇ ਹੀ ਕੀਤੇ ਸਨ।
ਹਾਕੀ ਖੇਡ ਵਿਚ ਬੇਮਿਸਾਲ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੰਨ 1957 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ। ਉਹ ਸੰਨ 1975 ਵਿੱਚ ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਪ੍ਰਬੰਧਕ ਵੀ ਰਹੇ ਹਨ ਅਤੇ ਸਾਲ 2012 ਵਿਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਇਕਲੌਤੇ ਭਾਰਤੀ ਮੈਂਬਰ ਵੀ ਰਹੇ ਹਨ।