ਨਹੀਂ ਰਹੀ ਬਾਲੀਵੁੱਡ ਦੀ ਚਾਂਦਨੀ

ਨਹੀਂ ਰਹੀ ਬਾਲੀਵੁੱਡ ਦੀ ਚਾਂਦਨੀ

ਵਿਆਹ ਲਈ ਦੁਬਈ ਗਈ ਸ੍ਰੀਦੇਵੀ ਦੀ ਦਿਲ ਦੇ ਦੌਰੇ ਨਾਲ ਮੌਤ
ਮੁੰਬਈ/ਬਿਊਰੋ ਨਿਊਜ਼:
ਬੌਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਤੇ ਪਦਮਸ੍ਰੀ ਉੱਘੀ ਅਦਾਕਾਰਾ ਸ੍ਰੀਦੇਵੀ (54 ਸਾਲ) ਦਾ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਅਦਾਕਾਰਾ ਦੁਬਈ ਆਪਣੇ ਭਤੀਜੇ ਮੋਹਿਤ ਮਰਵਾਹ ਦੇ ਵਿਆਹ ਲਈ ਗਈ ਸੀ। ਅਦਾਕਾਰਾ ਨੂੰ ਰਾਤੀਂ 11:00 ਵਜੇ ਦੇ ਕਰੀਬ ਦੌਰਾ ਪਿਆ ਤੇ ਉਸ ਨੂੰ ਫ਼ੌਰੀ ਨੇੜਲੇ ‘ਰਾਸ਼ਿਦ’ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦਾਖ਼ਲ ਕਰਨ ਮਗਰੋਂ ਮ੍ਰਿਤਕ ਐਲਾਨ ਦਿੱਤਾ। ਸ੍ਰੀਦੇਵੀ ਫ਼ਿਲਮ ਨਿਰਮਾਤਾ ਬੋਨੀ ਕਪੂਰ ਦੀ ਦੂਜੀ ਪਤਨੀ ਸੀ ਤੇ ਇਸ ਵਿਆਹ ਤੋਂ ਉਨ੍ਹਾਂ ਦੇ ਦੋ ਧੀਆਂ ਜਾਹਨਵੀ ਤੇ ਖ਼ੁਸ਼ੀ ਹਨ। ਸ੍ਰੀਦੇਵੀ ਨੇ ਚਾਰ ਦਹਾਕਾ ਲੰਮੇ ਆਪਣੇ ਕਰੀਅਰ ਦੌਰਾਨ ਫ਼ਿਲਮ ਇੰਡਸਟਰੀ ‘ਚ ਕਈ ਯਾਦਗਾਰੀ ਫ਼ਿਲਮਾਂ ‘ਸਦਮਾ’, ‘ਚਾਂਦਨੀ’, ‘ਲਮਹੇ’, ‘ਮਿਸਟਰ ਇੰਡੀਆ’, ‘ਗੁਮਰਾਹ’, ‘ਤੋਹਫ਼ਾ’, ‘ਨਗੀਨਾ’ ਕਈ ਫਿਲਮਾਂ ਰਾਹੀਂ ਅਪਣੀ ਅਦਾਕਾਰੀ ਦਾ ਸਿੱਕਾ ਜਮਾਇਆ।ਂ। ਇਸ ਦੌਰਾਨ ਫ਼ਿਲਮ ਇੰਡਸਟਰੀ ਤੇ ਅਦਾਕਾਰਾ ਦੇ ਪ੍ਰਸੰਸਕਾਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਨੇ ਸ੍ਰੀਦੇਵੀ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਅਦਾਕਾਰਾ ਵੱਲੋਂ ਫ਼ਿਲਮਾਂ ਵਿੱਚ ਨਿਭਾਈਆਂ ਵੱਖ ਵੱਖ ਭੂਮਿਕਾਵਾਂ ਨੂੰ ਯਾਦ ਕੀਤਾ। ਇਸ ਦੌਰਾਨ ਸਨਅਤਕਾਰ ਅਨਿਲ ਅੰਬਾਨੀ ਨੇ ਅਦਾਕਾਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਆਪਣਾ 13 ਸਿਟਰ ਨਿੱਜੀ ਜੈੱਟ ਦੁਬਈ ਭੇਜਿਆ ਹੈ। ਇਸ ਦੌਰਾਨ ਯੂਏਈ ਅਧਿਕਾਰੀਆਂ ਨੇ ਕਿਹਾ ਕਿ ਸ੍ਰੀਦੇਵੀ ਦਾ ਇਥੇ ਪੋਸਟ ਮਾਰਟਮ ਮੁਕੰਮਲ ਹੋ ਗਿਆ ਤੇ ਉਨ੍ਹਾਂ ਦੀ ਦੇਹ ਨੂੰ ਭਾਰਤ ਭੇਜ ਦਿੱਤਾ ਗਿਆ।
ਬਾਲੀਵੁੱਡ ਦੀਆਂ ਉਘੀਆਂ ਹਸਤੀਆਂ ਅਤੇ ਅਣਗਿਣਤ ਪ੍ਰਸੰਸਕਾਂ ਦੀ ਹਾਜ਼ਰੀ ਵਿੱਚ ਲੱਖਾਂ ਦਿਲਾਂ ਦੀ ਧੜਕਣ ਅਦਾਕਾਰਾ ਦਾ ਸੋਮਵਾਰ ਨੂੰ ਮੁੰਬਈ ਵਿੱਚ ਦੇ ਸਸਕਾਰ ਕੀਤਾ ਗਿਆਂ।
ਕਪੂਰ ਪਰਿਵਾਰ ਦੇ ਨੇੜਲੇ ਇਕ ਸੂਤਰ ਨੇ ਸ੍ਰੀਦੇਵੀ ਦੇ ਅਕਾਲ ਚਲਾਣੇ ਸਬੰਧੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, ‘ਹਾਂ ਇਹ ਸੱਚ ਹੈ। ਉਹ ਦੁਬਈ ਵਿੱਚ ਸਨ ਜਦਕਿ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਭਾਰਤ ਮੁੜ ਆਏ ਸਨ। ਸਾਡੇ ਸੁਣਨ ‘ਚ ਆਇਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।’ ਸੂਤਰ ਮੁਤਾਬਕ ਸ੍ਰੀਦੇਵੀ, ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਉਨ੍ਹਾਂ ਦੀ ਛੋਟੀ ਧੀ ਖੁਸ਼ੀ ਕੁਝ ਹੋਰ ਪਰਿਵਾਰਕ ਮੈਂਬਰਾਂ ਨਾਲ ਇਕ ਵਿਆਹ ਲਈ ਦੁਬਈ ਗਏ ਸਨ। ਇਸ ਜੋੜੇ ਦੀ ਵੱਡੀ ਧੀ ਜਾਹਨਵੀ ਆਪਣੀ ਪਲੇਠੀ ਫ਼ਿਲਮ ਦੀ ਸ਼ੂਟਿੰਗ ਕਰਕੇ ਨਾਲ ਨਹੀਂ ਜਾ ਸਕੀ। ਬਹੁਮੁਖੀ ਪ੍ਰਤਿਭਾ ਦੀ ਮਾਲਕ ਅਦਾਕਾਰ ਸ੍ਰੀਦੇਵੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1978 ਵਿੱਚ ‘ਸੋਲਵਾਂ ਸਾਵਨ’ ਨਾਲ ਕੀਤੀ ਸੀ, ਪਰ ਉਸ ਨੂੰ ਅਸਲ ਪਛਾਣ ਪੰਜ ਸਾਲ ਮਗਰੋਂ ਜਿਤੇਂਦਰ ਸਟਾਰਰ ਫ਼ਿਲਮ ‘ਹਿੰਮਤਵਾਲਾ’ ਨਾਲ ਮਿਲੀ। ਬੌਲੀਵੁੱਡ ‘ਚ ਦਾਖ਼ਲੇ ਤੋਂ ਪਹਿਲਾਂ ਅਦਾਕਾਰਾ ਨੇ ਦੱਖਣ ਦੀਆਂ ਫ਼ਿਲਮਾਂ ‘ਚ ਕਾਫੀ ਨਾਮਣਾ ਖੱਟਿਆ। ਸ੍ਰੀਦੇਵੀ ਨੇ 1969 ਵਿੱਚ ਬਾਲ ਕਲਾਕਾਰ ਵਜੋਂ ਪਹਿਲੀ ਤਾਮਿਲ ਫ਼ਿਲਮ ‘ਥੁਨਾਇਵਨ’ ਕੀਤੀ ਸੀ। ਉਂਜ ਇਸ ਅਦਾਕਾਰਾ ਨੇ ਮਲਿਆਲਮ, ਤੇਲਗੂ ਤੇ ਕੰਨੜ ਫਿਲਮਾਂ ਵੀ ਕੀਤੀਆਂ। 15 ਸਾਲ ਫ਼ਿਲਮ ਇੰਡਸਟਰੀ ਤੋਂ ਲਾਂਭੇ ਰਹਿਣ ਮਗਰੋਂ ਸ੍ਰੀਦੇਵੀ ਨੇ ਹੋਮ ਪ੍ਰੋਡਕਸ਼ਨ ਰਾਹੀਂ ਫ਼ਿਲਮ ‘ਜੁਦਾਈ’ ਨਾਲ ਵਾਪਸੀ ਕੀਤੀ, ਪਰ ਸਾਲ 2012 ਵਿੱਚ ਨਿਰਦੇਸ਼ਕ ਗੌਰੀ ਸ਼ਿੰਦੇ ਦੀ ਫ਼ਿਲਮ ‘ਇੰਗਲਿਸ਼ ਵਿੰਗਲਿਸ਼’ ਨੂੰ ਉਨ੍ਹਾਂ ਦੀ ਅਸਲ ਵਾਪਸੀ ਮੰਨਿਆ ਜਾਂਦਾ ਹੈ। ਅਦਾਕਾਰਾ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ‘ਮੌਮ’ ਵਿੱਚ ਨਵਾਜ਼ੂਦੀਨ ਸਿੱਦੀਕੀ ਤੇ ਅਕਸ਼ੈ ਖੰਨਾ ਨਾਲ ਨਜ਼ਰ ਆਈ ਸੀ। ਅਦਾਕਾਰਾ ਨੇ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਦੀ ਅਗਾਮੀ ਫ਼ਿਲਮ ‘ਜ਼ੀਰੋ’ ਵਿੱਚ ਵੀ ਮਹਿਮਾਨ ਦੀ (ਵਿਸ਼ੇਸ਼) ਭੂਮਿਕਾ ਨਿਭਾਈ ਹੈ। ਸ੍ਰੀਦੇਵੀ ਦੇ ਅਕਾਲ ਚਲਾਣੇ ਦੀ ਖ਼ਬਰ ਨਸ਼ਰ ਹੁੰਦਿਆਂ ਹੀ ਬਿੱਗ ਬੀ ਅਮਿਤਾਭ ਬੱਚਨ, ਪ੍ਰਿਅੰਕਾ ਚੋਪੜਾ, ਸੁਸ਼ਮਿਤਾ ਸੇਨ ਆਦਿ ਨੇ ਟਵੀਟ ਕਰਕੇ ਮਰਹੂਮ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ।

ਸ੍ਰੀਦੇਵੀ ਨੂੰ ਨਹੀਂ ਸੀ ਦਿਲ ਦਾ ਮਰਜ਼: ਸੰਜੈ ਕਪੂਰ
ਦੁਬਈ: ਸ੍ਰੀਦੇਵੀ ਦੇ ਦਿਓਰ ਤੇ ਅਦਾਕਾਰ ਸੰਜੈ ਕਪੂਰ ਨੇ ਕਿਹਾ ਕਿ ਅਦਾਕਾਰਾ ਨੂੰ ਕਦੇ ਵੀ ਦਿਲ ਦਾ ਕੋਈ ਰੋਗ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੂਰਾ ਕਪੂਰ ਪਰਿਵਾਰ ਅਦਾਕਾਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਹੈਰਾਨ ਹੈ। ਖ਼ਲੀਜ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ ਸੰਜੈ ਨੇ ਕਿਹਾ, ‘ਜਦੋਂ ਭਾਣਾ ਵਾਪਰਿਆ ਉਹ (ਸ੍ਰੀਦੇਵੀ) ਹੋਟਲ ਵਿੱਚ ਹੀ ਸੀ। ਅਸੀਂ ਪੂਰੀ ਤਰ੍ਹਾਂ ਸਦਮੇ ‘ਚ ਹਾਂ ਕਿਉਂਕਿ ਉਨ੍ਹਾਂ ਨੂੰ ਦਿਲ ਦੇ ਮਰਜ਼ ਸਬੰਧੀ ਕੋਈ ਸ਼ਿਕਾਇਤ ਨਹੀਂ ਸੀ।’