ਪਹਿਲੀ ਸਿੱਖ ਔਰਤ ਅਮਨਪ੍ਰੀਤ ਨੂੰ ਆਸਟਰੇਲੀਆ ਵਿਚ ਮਿਲਿਆ ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ

ਪਹਿਲੀ ਸਿੱਖ ਔਰਤ ਅਮਨਪ੍ਰੀਤ ਨੂੰ ਆਸਟਰੇਲੀਆ ਵਿਚ ਮਿਲਿਆ ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ

ਰੂਪਨਗਰ/ਬਿਊਰੋ ਨਿਊਜ਼ :

ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਦੀ ਪੁੱਤਰੀ ਅਮਨਪ੍ਰੀਤ ਕੌਰ ਸਤਿਆਲ ਨੂੰ ਦੱਖਣੀ ਆਸਟਰੇਲੀਆ ਵਿਚ ‘ਜਸਟਿਸ ਆਫ਼ ਪੀਸ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਉਹ ਆਸਟਰੇਲੀਆ ਵਿਚ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਔਰਤ ਹੈ। ਅਮਨਪ੍ਰੀਤ ਕੌਰ ਦਾ ਸਨਮਾਨ ਹੋਣ ਦੀ ਖ਼ਬਰ ਮਿਲਣ ਮਗਰੋਂ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਦੱਖਣੀ ਆਸਟਰੇਲੀਆ ਦੇ ਅਟਾਰਨੀ ਜਨਰਲ ਦੇ ਖ਼ਪਤਕਾਰ ਮਾਮਲਿਆਂ ਦੇ ਡੈਲੀਗੇਟ ਕਮਿਸ਼ਨਰ ਡੀਨੀ ਸਾਉਲੀਓ ਵੱਲੋਂ ਜਾਰੀ ਸਰਟੀਫ਼ਿਕੇਟ ਦਿਖਾਉਂਦਿਆਂ ਅਮਰਜੀਤ ਸਿੰਘ ਸਤਿਆਲ ਨੇ ਦੱਸਿਆ ਕਿ ਅਮਨਪ੍ਰੀਤ ਦੀ ਵਿਦਿਅਕ ਯੋਗਤਾ ਐੱਮਐੱਸਸੀ (ਆਈਟੀ) ਹੈ ਤੇ ਸੰਨ 2007-08 ਵਿਚ ਉਹ ਵਿਆਹ ਕਰਵਾਉਣ ਮਗਰੋਂ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਜਾ ਵਸੀ ਸੀ। ਦੋ ਬੱਚਿਆਂ ਦੀ ਮਾਂ ਅਮਨਪ੍ਰੀਤ ਸੰਨ 2015 ਵਿਚ ਮਿਸੇਜ ਐਡੀਲੇਡ ਵੀ ਬਣ ਚੁੱਕੀ ਹੈ। ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ ਮਿਲਣ ਮਗਰੋਂ ਉਹ ਹੁਣ ਲਗਭਗ 36 ਵਿਭਾਗਾਂ ਦੀ ਸੇਵਾ ਕਰ ਸਕੇਗੀ। ਅਮਰਜੀਤ ਸਿੰਘ ਸਤਿਆਲ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਸਿਆਸਤ ਵਿਚ ਜਾਣ ਦੀ ਚਾਹਵਾਨ ਹੈ।