ਖਹਿਰੇ ਨੂੰ ਹਟਾਉਣ ਤੋਂ ਬਾਅਦ ‘ਆਪ’ ‘ਚ ਘਮਾਸਾਨ

ਖਹਿਰੇ ਨੂੰ ਹਟਾਉਣ ਤੋਂ ਬਾਅਦ ‘ਆਪ’ ‘ਚ ਘਮਾਸਾਨ

ਚੰਡੀਗੜ੍ਹ/ਬਿਊਰੋ ਨਿਊਜ਼ ;

ਆਮ ਆਦਮੀ ਪਾਰਟੀ ਵਿਚ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਮਗਰੋਂ ਘਮਾਸਾਨ ਮੱਚ ਗਿਆ ਹੈ। ਹਾਈਕਮਾਨ ਦਾ ਇਹ ਫੈਸਲਾ ਸੁਣ ਕੇ ਸੁਖਪਾਲ ਖਹਿਰਾ ਦੇ ਹਮਾਇਤੀ ਹੈਰਾਨ ਹਨ। ਪਾਰਟੀ ਵਰਕਰਾਂ ਨੂੰ ਗੁੱਸਾ ਹੈ ਕਿ ਇਕ ਵਾਰ ਫਿਰ ਦਿੱਲੀ ਦੇ ਲੀਡਰਾਂ ਨੇ ਪੰਜਾਬ ਉੱਪਰ ਆਪਣਾ ਹੁਕਮ ਥੋਪਿਆ ਹੈ।
ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੁੱਕੜਖੇਹ ਉਡਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਚਾਹੇ ਉਹ ਭਗਵੰਤ ਮਾਨ ਦੇ ਕਥਿਤ ਸ਼ਰਾਬੀ ਹੋਣ ਤੋਂ ਹਰਿੰਦਰ ਸਿੰਘ ਖਾਲਸਾ ਨੂੰ ਤਕਲੀਫ਼ ਹੋਣ ਦੀ ਗੱਲ ਹੋਵੇ ਜਾਂ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੀ ਮਜੀਠੀਆ ਤੋਂ ਮੁਆਫੀ ਮੰਗਣ ਦੀ ਗੱਲ ਹੋਵੇ, ਮਨਆਈਆਂ ਕਰਨ ਵਿਚ ਇਸ ਦੇ ਲੀਡਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾ ਕੇ ਆਪਣੀ ‘ਸਿਆਣਪ’ ਦਾ ਤਾਜ਼ਾ ਨਮੂਨਾ ਪੇਸ਼ ਕੀਤਾ ਹੈ।ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਹੁਣ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਆਗਵਾਈ ਕਰਨਗੇ। ਵਿਰੋਧੀ ਧਿਰ ਦੇ ਲੀਡਰ ਦਾ ਸਥਾਨ ਸੱਤਾ ਧਿਰ ਦੇ ਲੀਡਰ ਭਾਵ ਮੁੱਖ ਮੰਤਰੀ ਦੇ ਬਰਾਬਰ ਦਾ ਹੁੰਦਾ ਹੈ।
ਖਹਿਰਾ ਜਿੱਥੇ ਸਰਕਾਰ ਦੀ ਆਲੋਚਨਾ ਤੇ ਭਖ਼ਦੇ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖਣ ਕਾਰਨ ਨਿੱਤ ਦਿਨ ਸੁਰਖੀਆਂ ਵਿੱਚ ਰਹਿੰਦੇ ਸਨ, ਉੱਥੇ ਹੀ ਚੀਮਾ ਚਰਚਾ ਦਾ ਵਿਸ਼ਾ ਬਣਨ ਤੇ ਚਰਚਾ ਛੇੜਨ ਲਈ ਮਜਬੂਰ ਕਰਨ ਵਿੱਚ ਬਹੁਤੇ ਕਾਮਯਾਬ ਨਹੀਂ ਰਹੇ।
ਸੂਤਰਾਂ ਅਨੁਸਾਰ ਪਿਛਲੇ ਦਿਨਾਂ ਤੋਂ ਹਾਈ ਕਮਾਂਡ ਪਾਰਟੀ ਦੇ ਕੁੱਲ੍ਹ 20 ਵਿਧਾਇਕਾਂ ਵਿੱਚੋਂ ਕਈਆਂ ਨਾਲ ਇਸ ਸਬੰਧ ਵਿੱਚ ਸੰਪਰਕ ਕਰ ਰਹੀ ਸੀ ਅਤੇ ਜਦੋਂ ਬਹੁਗਿਣਤੀ ਵਿਧਾਇਕਾਂ ਨੇ ਸ੍ਰੀ ਖਹਿਰਾ ਨੂੰ ਹਟਾਉਣ ਦੀ ਲਿਖਤੀ ਸਹਿਮਤੀ ਦੇ ਦਿੱਤੀ ਤਾਂ ਹਾਈ ਕਮਾਂਡ ਨੇ ਉਨ੍ਹਾਂ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰ ਦਿਤੀ। ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਵਕੀਲ ਐਚਐਸ ਫੂਲਕਾ ਕੋਲੋਂ ਵੀ ਹਾਈ ਕਮਾਂਡ ਨੇ ਪੰਜਾਬ ਵਿਚ ਦਲਿਤ ਲੀਡਰਸ਼ਿਪ ਨੂੰ ਉਭਾਰਨ ਸਬੰਧੀ ਸੁਝਾਅ ਲਏ ਸਨ ਅਤੇ ਸ੍ਰੀ ਫੂਲਕਾ ਨੇ ਦਲਿਤ ਲੀਡਰਾਂ ਨੂੰ ਪਾਰਟੀ ਵਿੱਚ ਵੱਡੇ ਅਹੁਦੇ ਦੇਣ ਦੀ ਪ੍ਰੋੜ੍ਹਤਾ ਕੀਤੀ ਸੀ। ਇਸੇ ਦੌਰਾਨ ਪਾਰਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਨੇ  ਵਿਧਾਇਕ ਦਲ ਦਾ ਨੇਤਾ ਬਦਲਣ ਦਾ ਫੈਸਲਾ ਦਲਿਤ ਚਿਹਰੇ ਨੂੰ ਵਿਧਾਨ ਸਭਾ ਵਿੱਚ ਅਗਵਾਈ ਕਰਨ ਦਾ ਮੌਕਾ ਦੇਣ ਲਈ ਲਿਆ ਗਿਆ ਹੈ।
ਸੂਤਰਾਂ ਅਨੁਸਾਰ ਵਿਧਾਇਕ ਕੰਵਰ ਸੰਧੂ ਅਤੇ ਨਾਜ਼ਰ ਸਿੰਘ ਮਨਸ਼ਾਹੀਆ ਨੂੰ ਛੱਡ ਕੇ 16 ਵਿਧਾਇਕਾਂ ਨੇ ਸ੍ਰੀ ਖਹਿਰਾ ਨੂੰ ਹਟਾਉਣ ਅਤੇ ਸ੍ਰੀ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਬਾਬਤ ਹਾਈ ਕਮਾਂਡ ਨੂੰ ਸਹਿਮਤੀ ਦੇ ਦਿਤੀ ਹੈ। ਸ੍ਰੀ ਫੂਲਕਾ ਪਹਿਲਾਂ ਹੀ ਪਾਰਟੀ ਦੇ ਅਜਿਹੇ ਮਾਮਲਿਆਂ ਵਿਚ ਨਿਰਲੇਪ ਰਹਿੰਦੇ ਹਨ।
ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਪੰਜਾਬ ਵਿੱਚ ਤਕਰੀਬਨ 40 ਫ਼ੀਸਦੀ ਦਲਿਤ ਹਨ ਤੇ ਦਲਿਤਾਂ ਨੂੰ ਨੁਮਾਇੰਦਗੀ ਦੇ ਕੇ ਉੱਪਰ ਚੁੱਕਣਾ ਚਾਹੁੰਦੀ ਹੈ। ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਹਾਈਕਮਾਨ ਦਾ ਗੁਣਗਾਣ ਕਰਨ ਤੋਂ ਇਲਾਵਾ ਚੀਮਾ ਨੇ ਇਹ ਵੀ ਕਿਹਾ ਕਿ ਉਹ ਖਹਿਰਾ ਨਾਲ ਸਲਾਹ ਮਸ਼ਵਰੇ ਨਾਲ ਹੀ ਕੰਮ ਕਰਨਗੇ।ਆਪਣਾ ਵੱਡਾ ਦਾਅ ਖੇਡਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੀ ਚੀਮਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਪੰਜਾਬ ਦੇ ਦੱਬੇ ਕੁਚਲੇ ਵਰਗ ਨੂੰ ਉੱਚਾ ਚੁੱਕਣਗੇ ਤੇ ਵੱਡੇ ਦਲਿਤ ਲੀਡਰ ਵਜੋਂ ਉੱਭਰਨਗੇ। ਹਾਲਾਂਕਿ, ਕੈਨੇਡਾ ਤੋਂ ਡਿਪੋਰਟ ਕੀਤੇ ਵਿਧਾਇਕ ਸੰਦੋਆ ਦਾਅਵਾ ਕੀਤਾ ਹੈ ਕਿ ਪਾਰਟੀ ਹਾਈਕਮਾਨ ਨੇ ਇਹ ਫੈਸਲਾ ਵਿਧਾਇਕਾਂ ਦੀ ਰਾਇ ਤੋਂ ਬਾਅਦ ਹੀ ਕੀਤਾ ਹੈ।
ਸੁਖਪਾਲ ਖਹਿਰਾ ਨੇ ਹਾਈਕਮਾਨ ਦੇ ਇਸ ਫੈਸਲੇ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਹੁਕਮਰਾਨਾਂ ਨੇ ਬਿਲਕੁਲ ਉਹੀ ਕੀਤਾ ਜੋ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਚਾਹੁੰਦੀਆਂ ਸਨ। ਖਹਿਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਪੰਜਾਬ ਤੇ ਪੰਜਾਬੀਅਤ ਪ੍ਰਤੀ ਪੂਰੀ ਗੰਭੀਰਤਾ, ਇਮਾਨਦਾਰੀ ਤੇ ਨਿਡਰ ਹੋ ਕੇ ਨਿਭਾਇਆ। ਜੇਕਰ ਸੱਚ ਬੋਲਣ ਤੇ ਮੁੱਦੇ ਚੁੱਕਣ ਦਾ ਨਤੀਜਾ ਇਹੋ ਹੈ ਤਾਂ ਮੈਂ ਪੰਜਾਬ, ਪੰਜਾਬੀਆਂ ਤੇ ਸਿੱਖਾਂ ਤੋਂ ਅਜਿਹੇ 100 ਅਹੁਦੇ ਵਾਰਨ ਲਈ ਤਿਆਰ ਹਾਂ। ਇਸ ਤੋਂ ਸੰਕੇਤ ਹੈ ਕਿ ਅਗਲੇ ਦਿਨਾਂ ਵਿਚ ਉਹ ਕੋਈ ਵੱਡਾ ਫੈਸਲਾ ਲੈਣਗੇ।
ਦਰਅਸਲ ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਰੱਸਾਕਸ਼ੀ ਚੱਲ਼ ਰਹੀ ਸੀ। ਪਾਰਟੀ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਤੇ ਸੁਖਪਾਲ ਖਹਿਰਾ ਵਿਚਾਲੇ ਕਾਫੀ ਖਿੱਚੋਤਾਣ ਸੀ। ਖਹਿਰਾ ਦੇ ਕਈ ਹਮਾਇਤੀਆਂ ਨੇ ਅਸਤੀਫੇ ਵੀ ਦਿਤੇ ਸੀ। ਹਾਈਕਮਾਨ ਨੇ ਮਾਮਲਾ ਸੁਲਝਾਉਣ ਦੀ ਥਾਂ ਸਖ਼ਤ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਅਸਤੀਫੇ ਦੇਣ ਵਾਲਿਆਂ ਨਾਲ ਗੱਲਬਾਤ ਦੀ ਬਜਾਏ ਉਨ੍ਹਾਂ ਦੀ ਥਾਂ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ। ਹੁਣ ਖਹਿਰਾ ਨੂੰ ਹਟਾਉਣ ਨਾਲ ਪਾਰਟੀ ਪੂਰੀ ਤਰ੍ਹਾਂ ਵੰਡੀ ਗਈ ਹੈ।
ਸੂਤਰਾਂ ਅਨੁਸਾਰ ਪਿਛਲੇ ਲੰਮੇਂ ਸਮੇਂ ਤੋਂ ਸ੍ਰੀ ਖਹਿਰਾ ਵੱਲੋਂ ਵੱਖ-ਵੱਖ ਮੁੱਦਿਆਂ ਉਪਰ ਹਾਈ ਕਮਾਂਡ ਵੱਲ ਉਂਗਲਾਂ ਚੁੱਕਣ ਕਾਰਨ ਕੌਮੀ ਲੀਡਰਸ਼ਿਪ ਸਮੇਤ ਪੰਜਾਬ ਦੇ ਕਈ ਲੀਡਰ ਉਨ੍ਹਾਂ ਤੋਂ ਔਖੇ ਸਨ। ਜਦੋਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਦੇ ਕੇਸ ਵਿਚ ਮੁਆਫੀ ਮੰਗੀ ਸੀ ਤਾਂ ਉਸ ਵੇਲੇ ਸ੍ਰੀ ਖਹਿਰਾ ਨੇ ਪਾਰਟੀ ਮੁਖੀ ਵਿਰੁੱਧ ਬੜੀ ਸਖਤ ਸ਼ਬਦਾਵਲੀ ਵਰਤ ਕੇ ਇਕ ਤਰ੍ਹਾਂ ਨਾਲ ਬਗਾਵਤ ਹੀ ਕਰ ਦਿੱਤੀ ਸੀ। ਇਸੇ ਤਰਾਂ ਸ੍ਰੀ ਖਹਿਰਾ ਨੇ ਸ਼ਾਹਕੋਟ ਉਪ ਚੋਣ ਵਿੱਚ ਪਾਰਟੀ ਦੀ ਹੋਈ ਹਾਰ ਦੇ ਮਾਮਲੇ ਵਿਚ ਵੀ ਹਾਈ ਕਮਾਂਡ ਵੱਲ ਉਂਗਲ ਚੁੱਕੀ ਸੀ। ਇਸ ਤੋਂ ਬਾਅਦ ਸ੍ਰੀ ਖਹਿਰਾ ਰੈਫਰੈਂਡਮ-2020 ਦੇ ਮੁੱਦੇ ‘ਤੇ ਵਿਵਾਦਾਂ ਵਿਚ ਘਿਰੇ ਰਹੇ ਸਨ। ਇਸ ਦੌਰ ਦੌਰਾਨ ਸ੍ਰੀ ਕੇਜੀਵਾਲ ਨੇ ਸ੍ਰੀ ਖਹਿਰਾ ਨਾਲ ਕੋਈ ਮੁਲਾਕਾਤ ਨਾ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਦਿੱਤਾ ਸੀ। ਪਿਛਲੇ ਦਿਨੀਂ 16 ਆਗੂਆਂ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਅਤੇ ਇਸੇ ਦੌਰਾਨ ਸ੍ਰੀ ਖਹਿਰਾ ਦਾ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨਾਲ ਟਕਰਾਅ ਪੈਦਾ ਹੋਣ ਕਾਰਨ ਕੁੜੱਤਣ ਹੋਰ ਵਧ ਗਈ ਸੀ। ਪਿਛਲੇ ਦਿਨ ਸ੍ਰੀ ਖਹਿਰਾ ਨੇ ਸੋਸ਼ਲ ਮੀਡੀਆ ਉਪਰ ਲਾਈਵ ਹੋ ਕੇ ਪਾਰਟੀ ਨੂੰ ਕਾਫੀ ਖਰੀਆਂ-ਖਰੀਆ ਸੁਣਾਈਆਂ ਸਨ।
ਦੂਜੇ ਪਾਸੇ ਪਾਰਟੀ ਦੇ ਇਕ ਹੋਰ ਸਿਰਕੱਢ ਲੀਡਰ ਭਗਵੰਤ ਮਾਨ ਵੀ ਨਰਾਜ਼ ਚੱਲ ਰਹੇ ਹਨ। ਉਹ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਜੋ ਅਜੇ ਮਨਜ਼ੂਰ ਨਹੀਂ ਕੀਤਾ। ਚਰਚਾ ਹੈ ਕਿ ਉਨ੍ਹਾਂ ਦੀ ਥਾਂ ਵੀ ਨਵਾਂ ਪ੍ਰਧਾਨ ਲਾਉਣ ਦੀ ਤਿਆਰੀ ਹੈ। ਅਜਿਹੇ ਵਿਚ ਪਾਰਟੀ ਦੇ ਵੱਡੇ ਚਿਹਰੇ ਲੋਪ ਹੋ ਜਾਣਗੇ। ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ਨੂੰ ਪ੍ਰਧਾਨਗੀ ਤੋਂ ਲਾਹੁਣ ਵੇਲੇ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਸੀ। ਪਾਰਟੀ ਦੇ ਵੱਡੇ ਲੀਡਰ ਡਾ. ਧਰਮਵੀਰ ਗਾਂਧੀ ਨੇ ਵੀ ਪਾਰਟੀ ਨਾਲੋਂ ਤੋੜ-ਵਿਛੋੜ ਕੀਤਾ ਹੋਇਆ ਹੈ।
‘ਆਪ’ ਹਾਈਕਮਾਨ ਨਾਲ ਟਕਰਾਉਣ ਵਾਲੇ ਲੀਡਰਾਂ ਦੇ ਖੰਭ ਕੁਤਰਨ ਦਾ ਰਸਤਾ ਅਖ਼ਤਿਆਰ ਕਰ ਕੇ ਕੇਂਦਰੀ ਲੀਡਰਸ਼ਿਪ ਨੇ ਬੇਹੱਦ ਸਖ਼ਤ ਸੰਦੇਸ਼ ਦਿੱਤਾ ਹੈ। ਇਸ ਨਾਲ ਪੰਜਾਬ ਦੀ ਲੀਡਰਸ਼ਿਪ ਵੱਲੋਂ ਖ਼ੁਦਮੁਖ਼ਤਿਆਰੀ ਦੀ ਕੀਤੀ ਜਾ ਰਹੀ ਮੰਗ ਦੀ ਹਮੇਸ਼ਾ ਲਈ ਸੰਘੀ ਘੁੱਟ ਦਿੱਤੀ ਹੈ। ਕੇਜਰੀਵਾਲ ਆਪਣੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਵਿਕਸਤ ਕਰਨ ਦੇ ਖ਼ੁਆਬ ਨੂੰ ਸੱਚ ਕਰਨ ਵਿਚ ਅਜਿਹੇ ਸਖ਼ਤ ਫੈਸਲੇ ਲੈਂਦੇ ਜਾ ਰਹੇ ਹਨ।