ਬਾਪੂ ਮੈਂ ਤਾਂ ਕੈਲੀਫੋਰਨੀਆ ਲੈ ਕੇ ਈ ਮੁੜੂੰ!!

ਬਾਪੂ ਮੈਂ ਤਾਂ ਕੈਲੀਫੋਰਨੀਆ ਲੈ ਕੇ ਈ ਮੁੜੂੰ!!

ਲਓ ਜੀ! ਕਰ ਲੋ ਗੱਲ!!
ਕਮਲ ਦੁਸਾਂਝ

ਬਾਪੂ ਮੈਂ ਤਾਂ ਕੈਲੀਫੋਰਨੀਆ ਲੈ ਕੇ ਈ ਮੁੜੂੰ!!
ਵੱਡੇ ਬਾਦਲ- ਸੁੱਖਿਆ ਨਾ ਤੂੰ ਭਲਾ ਮੇਰੇ ਮਗਰ ਅਮਰੀਕਾ ਵੀ ਆ ਗਿਐਂ…ਹਾਲੇ ਤਾਂ ਆਪਣੀਓ ਈ ਸਰਕਾਰ ਐ…ਨਾ ਪਿੱਛੇ ਕੌਣ ਸਾਂਭੂ?
ਛੋਟੇ ਬਾਦਲ- ਬਜ਼ੁਰਗੋ, ਮੈਨੂੰ ‘ਕੱਲੇ ਨੂੰ ਛੱਡ ਕੇ ਤੁਸੀਂ ਇੱਥੇ ਆ ਗਏ…ਮੁੱਖ ਮੰਤਰੀ ਤਾਂ ਤੁਸੀਂ ਹੀ ਓਂ…ਮੈਂ ਪਿਛੇ ‘ਕੱਲਾ ਕਿਉਂ ਲੋਕਾਂ ਦਾ ਗੁੱਸਾ ਭੁਗਤਾਂ।
ਵੱਡੇ ਬਾਦਲ- ਨਾ ਸਿਰ ‘ਤੇ ਦਿੱਲੀ ਕਮੇਟੀ ਦੀਆਂ ਚੋਣਾਂ ਸੀ…ਪਿਛਲੀ ਵਾਰ ਤਾਂ ਬੜੀ ਪਿੱਠ ਸੀ ਕਿ ਤੇਰੇ ਕਰਕੇ ਚੋਣ ਜਿੱਤੀ ਐ ਤੇ ਹੁਣ ਕਿਉਂ ਪਿੱਠ ਦਿਖਾਈ।
ਛੋਟਾ ਬਾਦਲ- ਓ! ਜਾਣ ਦੇ ਬਾਪੂ, ਕਾਹਨੂੰ ਗੁੱਸਾ ਕਰਦੈਂ…ਐਤਕੀਂ ਆਪਣੇ ਹਲਕੇ ‘ਚ ਤਾਂ ਲੋਕਾਂ ਨੇ ਮੈਨੂੰ ਵੜਨ ਨੀਂ ਦਿੱਤਾ, ਤੇ ਫੇਰ ਦਿੱਲੀ ਆਲੇ ਕਿਹੜੇ ਮੇਰੇ ਸਕੇ ਨੇ…।
ਵੱਡੇ ਬਾਦਲ- ਚੱਲ, ਜੋ ਹੋਣਾ ਸੀ ਹੋ ਗਿਆ…ਹੁਣ ਐਸ.ਵਾਈ.ਆਲਾ ਮਸਲਾ ਖੜ੍ਹਾ ਹੋ ਗਿਐ…ਤੇਰੇ ਤਾਉ ਚੌਟਾਲੇ ਨੇ ਪੰਗਾ ਖੜ੍ਹਾ ਕਰਤਾ। ਮੇਰੀ ਮੰਨ, ਮੌਕਾ ਸਾਂਭ ਜਾ ਕੇ। ਏਥੇ ਬਹਿ ਕੇ ਕਰਨੇ…ਘਰਆਲੀ ਨੂੰ ਫੇਰ ਸ਼ੌਪਿੰਗ ਕਰਾ ਦਈਂ।
ਛੋਟਾ ਬਾਦਲ- ਬਜ਼ੁਰਗੋ ਮੈਂ ਪਾਣੀ ਆਲੀ ਬੱਸ ਤਾਂ ਚਲਾਤੀ…ਹੁਣ ਕੈਲੀਫੋਰਨੀਆ ਲੈਣ ਆਇਆਂ…ਦਿਖਾਉਂ ਪੰਜਾਬੀਆਂ ਨੂੰ ਕਿਵੇਂ ਦਾ ਹੁੰਦੈ ਕੈਲੀਫੋਰਨੀਆ…।
ਵੱਡੇ ਬਾਦਲ- ਸੁੱਖਿਆ ਫੜ੍ਹਾਂ ਛੱਡ ਦੇ…ਤੇਰੀਆਂ ਇਨ੍ਹਾਂ ਗੱਪਾਂ ਨੇ ਮਰਵਾਤਾ ਮੈਨੂੰ…। ਮੈਨੂੰ ਤਾਂ ਜਾਣਾ ਈ ਪਊ…ਤੇਰੇ ਤਾਊ ਨਾ ਸਮਝਾਉਣਾ, ਬਈ- ਮਹੀਨਾ ਖੰਡ ਅਟਕ ਲੈ…ਨਵੀਂ ਸਰਕਾਰ ਆ ਲੈਣ ਦੇ…ਸਾਡੀ ਕਾਹਨੂੰ ਬੇੜੀ ਡੋਬਦੈਂ।
ਛੋਟੇ ਬਾਦਲ- ਬਜ਼ੁਰਗੋ ਤੁਸੀਂ ਚੱਲੋ…ਮੈਂ ਤਾਂ ਹੁਣ ਕੈਲੀਫੋਰਨੀਆ ਨਾਲ ਈ ਲਿਆਉਂ…ਮੈਂ ਸੁਣਿਐ, ਟਰੰਪ ਕੈਲੀਫੋਰਨੀਆ ਨੂੰ ਅਮਰੀਕਾ ‘ਚੋਂ ਕੱਢਣ ਨੂੰ ਫਿਰਦੈ…ਇਹੀ ਮੌਕੈ…ਕੈਲੀਫੋਰਨੀਆ ਆਪਣਾ ਹੋ ਜੂ…ਤੁਸੀਂ ਜਾ ਕੇ ਤਾਊ ਨੂੰ ਸਾਂਭੋ।

ਮਿਤਰੋਂ ਦੇਖੋ, ਕਹੀਂ ਆਪ ਕੀ ਕਮਰ ਤੋ ਨਹੀਂ ਟੁਟੀ!!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੇ ਮੌਜੀ ਹਨ…ਜਦੋਂ ਦਿਲ ਕਰਦਾ ਹੈ, ਕਦੇ ਕੋਈ ਜੁਮਲਾ ਛੱਡ ਦਿੰਦੇ ਨੇ ਤੇ ਕਦੇ ਕੋਈ ਨਵਾਂ ਫੁਰਮਾਨ। ਤਿੰਨ ਮਹੀਨੇ ਪਹਿਲਾਂ ਰਾਤੋ-ਰਾਤ ਨੋਟਬੰਦੀ ਦਾ ਟੋਟਕਾ ਛੱਡ ਦਿੱਤਾ, ਅਖੇ-‘ਮਿਤਰੋਂ, ਦੇਖਨਾ ਅਬ ਕੈਸੇ ਆਂਤਕਵਾਦ ਕੀ ਕਮਰ ਟੁਟੇਗੀ… ਦੇਖਨਾ ਅਬ ਨਕਲੀ ਨੋਟ ਬੰਦ ਹੋ ਜਾਏਂਗੇ…ਦੇਖਨਾ ਕੈਸੇ ਭ੍ਰਿਸ਼ਟਾਚਾਰ ਖ਼ਤਮ ਹੋ ਜਾਏਗਾ…ਦੇਖਨਾ ਮਿਤਰੋਂ, ਅਬ ਕਾਲਾ ਧਨ ਕੈਸੇ ਬਾਹਰ ਆਏਗਾ।’ ਮੋਦੀ ਜੀ ਅੱਤਵਾਦ ਦੀ ਤਾਂ ਪਤਾ ਨਹੀਂ ਪਰ ਆਮ ਬੰਦੇ ਦੀ ਕਮਰ ਜ਼ਰੂਰ ਟੁੱਟ ਗਈ ਹੈ। ਲੋਕਾਂ ਨੂੰ ਹਾਲੇ 2 ਹਜ਼ਾਰ ਦੇ ਅਸਲੀ ਨੋਟਾਂ ਦੀ ਤਾਂ ਪਛਾਣ ਹੋਈ ਨਹੀਂ ਸੀ, ਨਕਲੀ ਨੋਟ ਪਹਿਲਾਂ ਹੀ ਧੜਾ-ਧੜ ਆਉਣੇ ਸ਼ੁਰੂ ਹੋ ਗਏ…ਵਿਚਾਰਾ ਸੁਥਰਾ ਕੀਹਦੀ ਮਾਂ ਨੂੰ ਮਾਸੀ ਆਖੇ…ਰੁਲਦਾ ਵਿਚਾਰਾ ਕਿਵੇਂ ਕਰੇ ਨਕਲੀ ਨੋਟ ਦੀ ਪਛਾਣ…। ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਢੇਰਾਂ ਦੇ ਢੇਰ ਨੋਟ ਫੜੇ ਜਾ ਰਹੇ ਨੇ…ਮੌਜੀ ਮੋਦੀ ਜੀ ਮੌਨ ਹਨ। ਕਾਲਾ ਧਨ ਤਾਂ ਬਾਹਰ ਆਇਆ ਨਹੀਂ, ਹਾਂ-ਇਨ੍ਹਾਂ ਦਾ ਖ਼ਚਰਾ ਹਾਸਾ ਜ਼ਰੂਰ ਨਜ਼ਰ ਆ ਰਿਹੈ-ਜਿਵੇਂ ਪੁਛਦੇ ਹੋਣ, ‘ਮਿਤਰੋਂ, ਕਹੀਂ ਆਪ ਕੀ ਕਮਰ ਤੋ ਨਹੀਂ ਟੁਟੀ?’

ਪਿੰਡ ਵਸਿਆ ਨਹੀਂ…ਮੰਗਤੇ ਪਹਿਲਾਂ !!
ਦਸ ਸਾਲ ਅਫ਼ਸਰਾਂ ਨੇ ਚੰਮ ਦੀਆਂ ਚਲਾਈਆਂ ਤੇ ਹੁਣ ਜਦੋਂ ਬਾਦਲ ਸਰਕਾਰ ਜਾਂਦੀ ਦਿਸ ਰਹੀ ਐ ਤਾਂ ‘ਆਮ ਆਦਮੀ ਪਾਰਟੀ’ ਤੇ ‘ਕਾਂਗਰਸ’ ਦੀਆਂ ਲੇਲ੍ਹੜੀਆਂ ਕੱਢਦੇ ਫਿਰ ਰਹੇ ਨੇ। ਕਿਸੇ ਅਫ਼ਸਰ ਨੇ ਆਪਣੀ ਪਸੰਦੀਦਾ ‘ਸੀਟ’ ਪਹਿਲਾਂ ਹੀ ਬੁੱਕ ਕਰਵਾ ਲਈ ਤੇ ਕਿਸੇ ਨੇ ਆਪਣੀ ਤਰੱਕੀ ਵੀ ਮਨਵਾ ਲਈ। ਏਨਾ ਤਾਂ ਪੱਕਾ ਲੱਗ ਰਿਹੈ ਕਿ ਬਾਦਲ ਸਰਕਾਰ ਮੁੜ ਨੀਂ ਆਉਂਦੀ ਪਰ ਆਉ ਕੌਣ, ਇਹ ਅਫ਼ਸਰਾਂ ਲਈ ਦੁਚਿਤੀ ਖੜ੍ਹੀ ਕਰ ਰਿਹੈ। ਵਿਚਾਰੇ ਜਾਣ ਕਿੱਧਰ-ਸੋ, ਕਦੇ ‘ਕਾਂਗਰਸ’ ਤੇ ਕਦੇ ‘ਆਪ’ ਦੇ ਦਰਬਾਰ ਵਿਚ ਹਾਜ਼ਰੀਆਂ ਭਰ ਕੇ ਫਰਿਆਦੀ ਬਣੇ ਖੜ੍ਹੇ ਹਨ। ਇਨ੍ਹਾਂ ਦਾ ਹਾਲ ਦਾ ਜਵੀਂ ਉਵੇਂ ਬਣਿਐ ਹੋਇਐ ਜਿਵੇਂ ਸਿਆਣੇ ਕਹਿੰਦੇ ਸਨ-ਪਿੰਡ ਵਸਿਆ ਨਹੀਂ…ਮੰਗਤੇ ਪਹਿਲਾਂ ਆ ਗਏ!!

ਪੋਤੜੇ ਖੁੱਲ੍ਹਣੇ ਸ਼ੁਰੂ!!
ਜੀਤਾ- ਭਿੰਦਿਆ ਆ ਦੇਖ ਲੈ ਕਿਵੇਂ ਬਾਦਲਾਂ ਦੇ ਜਥੇਦਾਰਾਂ ਦੀਆਂ ਰੇਸਾਂ ਲੱਗੀਆਂ ਨੇ।
ਭਿੰਦਾ- ਨਾ ਭਲਾ ਓਹ ਕਿਵੇਂ, ਬਾਦਲਾਂ ਨੇ ਹੁਣ ਕਬੱਡੀ ਤੋਂ ਬਾਅਦ ਦੌੜਾਂ ਕਰਵਾਉਣੀਆਂ ਨੇ?
ਜੀਤਾ- ਓ ਝੱਲਿਆ, ਦੌੜਾਂ ਤਾਂ ਹੁਣ ਲੱਗਣਗੀਆਂ…ਸਰਕਾਰ ਜੂ ਚੱਲੀ। ੧੦ ਸਾਲ ਪੂਰੀ ਅੱਤ ਕਰਕੇ ਰੱਖੀ ਏਨ੍ਹਾਂ …ਜੇਬਾਂ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਹੋਰ ਤਾਂ ਹੋਰ, ਸਰਕਾਰੀ ਖਜ਼ਾਨਾ ਮਾਂਜਣ ਵਿਚ ਤਾਂ ਸਭ ਤੋਂ ਮੂਹਰੇ ਰਹੇ। ਜੇ ਖੇਤੀ ਕਰਜ਼ਾ ਲਿਆ ਤਾਂ ਉਹ ਨਾ ਮੋੜਿਆ, ਜੇ ਬਿਜਲੀ ਦੇ ਕੁਨੈਕਸ਼ਨ ਲਏ ਤਾਂ ਬਿਜਲੀ ਦੇ ਬਿੱਲ ਨਾ ਤਾਰੇ…।
ਭਿੰਦਾ- ਗੱਲ ਤਾਂ ਤੇਰੀ ਸੋਲ੍ਹਾਂ ਆਨੇ ਠੀਕ ਐ…ਇਨ੍ਹਾਂ ਦੇ ਪੋਤੜੇ ਤਾਂ ਹੁਣ ਖੁੱਲ੍ਹ ਰਹੇ ਨੇ ਕਿ ਕਿੱਥੇ ਕਿੱਥੇ ਠੱਗੀਆਂ ਮਾਰੀਆਂ ਨੇ…ਸਰਕਾਰੀ ਖਜ਼ਾਨੇ ਨੂੰ ਕਿਵੇਂ ਕਿਵੇਂ ਤੇ ਕਿੰਨੀਆਂ ਠੁੰਗੀਆਂ ਲਾਈਆਂ। ਬਾਦਲਾਂ ਦੇ ਸਭ ਤੋਂ ਵਫ਼ਾਦਾਰਾਂ ਨੂੰ ਤਾਂ ਭਾਜੜਾਂ ਪਈਆਂ ਹੋਈਆਂ ਨੇ…ਦੌੜਾਂ ਦੇਖਣ ਵਾਲੀਆਂ ਨੇ ਇਨ੍ਹਾਂ ਦੀਆਂ। ਪਹਿਲਾਂ ਜਿਹੜੇ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ, ਹੁਣ
ਨਿੰਮੋ-ਝੂਣੇ ਹੋਏ ਫਿਰ ਰਹੇ ਨੇ। ਹੁਣ ਜਾਨ ਬਚਾਉਂਦੇ ਫਿਰ ਰਹੇ ਨੇ…ਪਹਿਲਾਂ ਤਾਂ ਸੋਹਲੇ ਗਾਉਂਦੇ ਫਿਰਦੇ ਸੀ-ਖਾਓ-ਪੀਓ ਐਸ਼ ਕਰੋ ਮਿਤਰੋ।
ਜੀਤਾ- ਨਾ ਗ਼ਲਤੀ ਤਾਂ ਬਾਦਲ ਪਿਓ-ਪੁੱਤ ਦੀ ਐ…ਪਹਿਲਾਂ ਤਾਂ ਸਿਰ ‘ਤੇ ਬਹਾ ਕੇ ਰੱਖਿਆ ਇਨ੍ਹਾਂ ਨੂੰ…ਹੁਣ ਇਹੀ ਇਨ੍ਹਾਂ ਦੀਆਂ  ਜੜ੍ਹਾਂ ‘ਚ ਬਹਿਣਗੇ।