ਵਿਦੇਸ਼ਾਂ ਵਿਚਲੇ ਗੁਰਦੁਆਰਾ ਕਮੇਟੀਆਂ ਦੀ ਬਿਆਨਬਾਜ਼ੀ ਸਰਕਾਰ ਦੇ ਧਿਆਨ ‘ਚ

ਵਿਦੇਸ਼ਾਂ ਵਿਚਲੇ ਗੁਰਦੁਆਰਾ ਕਮੇਟੀਆਂ ਦੀ ਬਿਆਨਬਾਜ਼ੀ ਸਰਕਾਰ ਦੇ ਧਿਆਨ ‘ਚ

ਦਿੱਲੀ/ਨਿਊਜ਼ ਬਿਊਰੋ:
ਸਰਕਾਰ ਨੇ ਕਿਹਾ ਹੈ ਕਿ ਉਹ ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਜਿਹੇ ਦੇਸ਼ਾਂ ਵਿਚਲੀਆਂ ਕੁਝ ਗੁਰਦੁਆਰਾ ਕਮੇਟੀਆਂ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਉਸ (ਸਰਕਾਰ) ਵੱਲੋਂ ਦਖ਼ਲਅੰਦਾਜ਼ੀ ਬਾਰੇ ਲਾਏ ਦੋਸ਼ਾਂ ਦੇ ਬਿਆਨ ਉਸ ਦੇ ਧਿਆਨ ਵਿੱਚ ਹਨ। ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਸਬੰਧਤ ਬਹੁਤ ਸਾਰੇ ਗੁਰਦੁਆਰਿਆਂ ਨੇ ਭਾਰਤ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਦਾਖ਼ਲ ਨਾ ਹੋਣ ਦੇਣ ਦੀ ਹਾਮੀ ਭਰੀ ਸੀ। ਮੰਤਰੀ ਨੇ ਆਖਿਆ ” ਸਰਕਾਰ ਕੈਨੇਡਾ, ਅਮਰੀਕਾ, ਬਰਤਾਨੀਆ ਤੇ ਕੁਝ ਹੋਰ ਮੁਲਕਾਂ ਵਿਚਲੀਆਂ ਗੁਰਦੁਆਰਾ ਕਮੇਟੀਆਂ ਤੇ ਜਥੇਬੰਦੀਆਂ ਵੱਲੋਂ ਦਿੱਤੇ ਬਿਆਨਾਂ ਤੋਂ ਜਾਣੂੰ ਹੈ ਜਿਨ੍ਹਾਂ ਇਹ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਿੱਖ ਭਾਈਚਾਰੇ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ।” ਵੀ ਕੇ ਸਿੰਘ ਨੇ ਕਿਹਾ ਕਿ ਸਰਕਾਰ ਅਤਿਵਾਦੀ ਅਨਸਰਾਂ ਵੱਲੋਂ ਕੀਤੀਆਂ ਜਾਂਂਦੀਆਂ ਭਾਰਤ ਵਿਰੋਧੀ ਸਰਗਰਮੀਆਂ ਨਾਲ ਸਬੰਧਤ ਭਾਰਤ ਦੇ ਸਰੋਕਾਰਾਂ ਨੂੰ ਮੁਖ਼ਾਤਬ ਹੋਣ ਲਈ ਇਨ੍ਹਾਂ ਦੇਸ਼ਾਂ ਦੀਆਂ ਸਰਕਾਰ ਨਾਲ ਤਾਲਮੇਲ ਕਰ ਰਹੀ ਹੈ। ਉਨ੍ਹਾਂ ਕਿਹਾ ” ਪਰਵਾਸੀ ਸਿੱਖਾਂ ਦੀ ਬਹੁਗਿਣਤੀ ਭਾਰਤ ਨਾਲ ਜਜ਼ਬਾਤੀ ਸਾਂਝ ਰੱਖਦੀ ਹੈ ਤੇ ਭਾਰਤ ਤੇ ਉਨ੍ਹਾਂ ਦੇ ਵਸੇਬੇ ਦੇ ਮੁਲਕ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਰਹਿੰਦੀ ਹੈ। ਸਰਕਾਰ ਮੁੱਠੀ ਭਰ ਅਨਸਰਾਂ ਵੱਲੋਂ ਨਫ਼ਰਤ ਤੇ ਫਿਰਕੂ ਦੁਰਭਾਵ ਪੈਦਾ ਕਰਨ ਲਈ ਕੀਤੀ ਜਾਂਦੀ ਬਿਆਨਬਾਜ਼ੀ ਵੱਲ ਬਹੁਤਾ ਧਿਆਨ ਨਹੀਂ ਦਿੰਦੀ।”
ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਮ ਜੇ ਅਕਬਰ ਨੇ ਕਿਹਾ ਕਿ ਵਿਦੇਸ਼ੀ ਜੇਲ੍ਹਾਂ ਵਿੱਚ ਇਸ ਸਮੇਂ 7850 ਭਾਰਤੀ ਨਜ਼ਰਬੰਦ ਹਨ।