ਭਾਰਤ 'ਚ ਮਜ਼ਹਬੀ ਨਫਰਤ ਅਤੇ ਸਿੱਖ

ਭਾਰਤ 'ਚ ਮਜ਼ਹਬੀ ਨਫਰਤ ਅਤੇ ਸਿੱਖ

ਮਨਜੀਤ ਸਿੰਘ ਟਿਵਾਣਾ

ਭਾਰਤ ਵਿਚ ਹਰ ਪਾਸੇ ਧਾਰਮਿਕ ਕੱਟੜਤਾ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਂਝ ਤਾਂ ਇਥੇ ਇਹ ਮਾਹੌਲ ਮੁਖਰ ਰੂਪ ਵਿਚ, ਸਾਲ ੨੦੧੪ ਵਿਚ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੀ ਬਣਨਾ ਸ਼ੁਰੂ ਹੋ ਗਿਆ ਸੀ ਪਰ ਇਸ ਸਾਲ ਉਕਤ ਸਰਕਾਰ ਦੇ ਦੁਬਾਰਾ ਸੱਤਾਸੀਨ ਹੋਣ ਤੋਂ ਬਾਅਦ ਇਹ ਚਰਮਸੀਮਾ ਨੂੰ ਛੂਹ ਰਿਹਾ ਹੈ। ਜੇ ਗਹਿਰਾਈ ਵਿਚ ਜਾ ਕੇ ਇਸ ਮਾਹੌਲ ਦਾ ਮੁਤਾਲਿਆ ਕੀਤਾ ਜਾਵੇ, ਤਾਂ ਇਸ ਨਫਰਤ ਦੇ ਬੀਜ ਸਦੀਆਂ ਪੁਰਾਣੀ ਇਕ ਗੈਰ-ਬਰਾਬਰੀ ਵਾਲੀ, ਅਮਾਨਵੀ, ਆਡੰਬਰੀ ਤੇ ਝੂਠ-ਫਰੇਬ ਦੀਆਂ ਕੂੜ ਕਹਾਣੀਆਂ ਨਾਲ ਭਰੀ ਜਾਹਿਲ ਕਿਸਮ ਦੀ ਮਾਨਸਿਕਤਾ ਦੇ ਨਾਲ-ਨਾਲ ਬੁੱਤ-ਪ੍ਰਸਤਾਂ ਤੇ ਬੁੱਤ-ਸ਼ਿਕਨਾਂ ਦੇ ਵਿਚਾਰਧਾਰਕ ਤੇ ਸਿਧਾਂਤਕ ਟਕਰਾਅ ਵਿਚ ਪਏ ਹਨ। ਹਾਲ ਹੀ ਵਿਚ ਭਾਰਤ ਦੇ ਇਕ ਸਰਹੱਦੀ ਖਿੱਤੇ ਜੰਮੂ-ਕਸ਼ਮੀਰ ਨਾਲ ਸਬੰਧਿਤ, ਭਾਰਤੀ ਸੰਵਿਧਾਨ ਵਿਚ ਦਰਜ ਵਿਸ਼ੇਸ਼ ਧਾਰਾਵਾਂ ੩੭੦ ਤੇ ੩੫-ਏ ਨੂੰ ਮੋਦੀ ਸਰਕਾਰ ਵੱਲੋਂ ਧੱਕੇਸ਼ਾਹੀ ਵਰਤ ਕੇ ਤੋੜ ਦੇਣ ਕਾਰਨ ਇਹ ਨਫਰਤ ਦਾ ਮਾਹੌਲ ਵਿਸਫੋਟਕ ਰੂਪ ਧਾਰਨ ਕਰ ਗਿਆ ਹੈ। 
ਭਾਰਤ ਵਿਚ ਸੱਤਾਧਾਰੀ ਭਾਜਪਾ ਤੇ ਆਰਐਸਐਸ ਦੀ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਜ਼ਹਿਰੀਲੀ ਸੋਚ ਵਾਰ-ਵਾਰ ਪ੍ਰਗਟ ਹੋਈ ਹੈ। ਆਰਐਸਐਸ ਦੀਆਂ ਸਮਰਥਕ ਤਮਾਮ ਜਥੇਬੰਦੀਆਂ ਦੇ ਆਗੂ ਤੇ ਵਰਕਰ ਆਪਣੀ ਤੁਅੱਸਬੀ ਤੇ ਨਫਰਤ ਭਰੀ ਸੋਚ ਦਾ ਅਕਸਰ ਹੀ ਬੋਲ ਕੇ ਤੇ ਅਮਲੀ ਰੂਪ ਵਿਚ ਹਿੰਸਾ ਕਰ ਕੇ ਪ੍ਰਗਟਾਵਾ ਕਰਦੇ ਆ ਰਹੇ ਹਨ। ਉਹ ਘੱਟ ਗਿਣਤੀਆਂ ਦੀਆਂ ਧੀਆਂ-ਭੈਣਾਂ ਲਈ ਭੱਦੀ ਤੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਮੁੱਖ ਮੰਤਰੀ ਵਰਗੇ ਅਹਿਮ ਅਹੁਦੇ 'ਤੇ ਬੈਠੇ ਖੱਟਰ ਵਰਗਿਆਂ ਵੱਲੋਂ ਕਸ਼ਮੀਰੀ ਧੀਆਂ-ਭੈਣਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਤੋਂ ਵੀ ਅੱਗੇ ਵਧ ਕੇ ਉਹ ਆਪਣੇ ਖੁਦ ਦੇ ਭਾਈਚਾਰੇ ਦੇ ਘੱਟ ਗਿਣਤੀਆਂ ਪ੍ਰਤੀ ਉਦਾਰ ਤੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਕਰਨ ਵਾਲੇ ਪੱਤਰਕਾਰਾਂ, ਸਾਹਿਤਕਾਰਾਂ, ਵਿਦਵਾਨਾਂ ਤੇ ਸਿਆਸੀ ਆਗੂਆਂ ਪ੍ਰਤੀ ਵੀ ਘਿਨਾਉਣੀਆਂ ਤੇ ਨਿੱਜੀ ਟਿੱਪਣੀਆਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਉਹ ਸੋਸ਼ਲ ਮੀਡੀਆ ਅਤੇ ਸ਼ਰੇਆਮ ਸਟੇਜਾਂ ਤੋਂ ਗੈਰ-ਹਿੰਦੂਆਂ ਦੀਆਂ ਤੇ ਘੱਟ ਗਿਣਤੀਆਂ ਦੇ ਪੱਖ ਵਿਚ ਬੋਲਣ ਵਾਲਿਆਂ ਦੀਆਂ ਕੁੜੀਆਂ ਚੁੱਕ ਲੈ ਜਾਣ, ਜਾਨੋਂ ਮਾਰ ਦੇਣ ਜਾਂ ਦੇਸ਼ ਛੱਡ ਕੇ ਚਲੇ ਜਾਣ ਦੀਆਂ ਧਮਕੀਆਂ ਦਿੰਦੇ ਹਨ। ਉਹ ਅਜਿਹਾ ਸਭ ਬਹੁਗਿਣਤੀ ਹਿੰਦੂਆਂ ਦੇ ਉਨ੍ਹਾਂ ਜਨੂੰਨੀ ਲੋਕਾਂ ਨੂੰ ਉਕਸਾਉਣ ਲਈ ਕਰਦੇ ਹਨ, ਜੋ ਕਿੰਨੀ ਹੀ ਵਾਰ ਹਕੀਕਤ ਵਿਚ ਅਜਿਹਾ ਅੰਜ਼ਾਮ ਵੀ ਦੇ ਚੁੱਕੇ ਹਨ।
ਅਜਿਹੇ ਦੌਰ 'ਚ ਸਿੱਖ ਕੌਮ ਇਹਨਾਂ ਦੋਵੇਂ ਧਿਰਾਂ ਵਿਚਾਲੇ ਬੇਲਾਗ ਵਿਚਰਦੀ ਹੋਈੇ, ਆਪਣੇ ਧਰਮ ਦੀਆਂ ਉਚੀਆਂ ਤੇ ਸੁੱਚੀਆਂ ਪਰੰਪਰਾਵਾਂ ਉਤੇ ਪਹਿਰਾ ਦੇਣ ਵੇਲੇ, ਸਹਿਵਨ ਹੀ ਕਦੇ ਬੁੱਤ-ਸ਼ਿਕਨਾਂ ਦੇ ਅਤੇ ਕਦੇ ਬੁੱਤ-ਪ੍ਰਸਤਾਂ ਦੇ ਨਿਸ਼ਾਨੇ ਉਤੇ ਆ ਜਾਂਦੀ ਹੈ। ਇਤਿਹਾਸ ਦੇ ਇਕ ਦੌਰ ਵਿਚ ਹਿੰਦੂਆਂ ਉਤੇ ਮੁਗਲਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਮਾਨਵੀ ਅਧਾਰ ਉਤੇ ਵਿਰੋਧ ਕਰਨ ਉਤੇ ਸਿੱਖ ਕੌਮ ਨੂੰ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ। ਇਤਿਹਾਸ ਦੇ ਉਸ ਦੌਰ ਦਾ ਇਹ ਵੀ ਸੱਚ ਰਿਹਾ ਕਿ ''ਚਾਣਕਿਆਵਾਦੀਆਂ” ਤੇ ''ਮਨੂਵਾਦੀਆਂ” ਦਾ ਵੱਡਾ ਹਿੱਸਾ ਉਸ ਵੇਲੇ ਵੀ, ਮੁਗਲਾਂ ਨਾਲ ਗੰਢਤੁੱਪ ਕਰ ਕੇ ਨਾ-ਸਿਰਫ ਸਿੱਖਾਂ ਉਤੇ ਜ਼ੁਲਮਾਂ ਵਿਚ ਭਾਗੀਦਾਰ ਰਿਹਾ, ਸਗੋਂ ਆਪਣੇ ਕਥਿਤ ਹਿੰਦੂ ਭਾਈਚਾਰੇ ਨੂੰ ਰੌਂਦਣ ਤੇ ਨੋਚਣ ਵਿਚ ਵੀ ਬਰਾਬਰ ਦਾ ਰੋਲ ਨਿਭਾਉਂਦਾ ਰਿਹਾ। 
ਅੱਜ ਫਿਰ ਇਤਿਹਾਸ ਆਪਣੇ-ਆਪ ਨੂੰ ਦੁਹਰਾਅ ਰਿਹਾ ਪ੍ਰਤੀਤ ਹੋ ਰਿਹਾ ਹੈ। ਹਿੰਦੂਆਂ ਤੇ ਮੁਸਲਮਾਨਾਂ ਦੀ ਇਸ ਧਾਰਮਿਕ, ਜਨੂੰਨੀ ਤੇ ਸਿਧਾਂਤਕ ਵਖਰੇਵੇਂ ਦੀ ਜੰਗ ਵਿਚ ਸਿੱਖ ਕੌਮ ਇਕ ਤੀਜੀ ਧਿਰ ਬਣ ਕੇ ਖੜ੍ਹ ਗਈ ਹੈ। ਇਸ ਵਾਰ ਮਜ਼ਲੂਮਾਂ ਵਾਲੀ ਥਾਂ ਉਤੇ ਮੁਸਲਿਮ ਭਾਈਚਾਰਾ ਖੜ੍ਹਾ ਹੈ ਤੇ ਜ਼ਾਲਮਾਨਾ ਧਿਰ ਦਾ ਰੋਲ ਹਿੰਦੂਵਾਦੀ ਨਿਭਾ ਰਹੇ ਹਨ। ਸਿੱਖ ਆਪਣੇ ਗੁਰੂਆਂ ਵੱਲੋਂ ਬਖਸ਼ਿਸ਼ ਸਿਧਾਂਤ ਤੇ ਵਿਚਾਰਧਾਰਾ ਨੂੰ ਪ੍ਰਨਾਏ ਹਰ ਵਾਰ ਦੀ ਤਰ੍ਹਾਂ ਮਜ਼ਲੂਮਾਂ ਦੇ ਹੱਕ ਵਿਚ ਖੜ੍ਹੇ ਹਨ। ਇਸ ਕਾਰਜ ਬਦਲੇ ਸਿੱਖਾਂ ਨੂੰ ਸੋਸ਼ਲ ਮੀਡੀਆ ਅਤੇ ਆਮ ਜੀਵਨ ਵਿਚ ਦੇਸ਼-ਧਰੋਹੀ, ਅਬਦਾਲੀਆਂ ਦੇ ਸਮਰਥਕ ਤੇ ਤਰ੍ਹਾਂ-ਤਰ੍ਹਾਂ ਦੀਆਂ ਇਖਲਾਕ ਤੋਂ ਡਿੱਗੀਆਂ, ਘਟੀਆ ਟਿੱਪਣੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਕੁਝ ਬਹੁਤੇ ''ਸਿਆਣੇ” ਸੱਜਣਾ ਵੱਲੋਂ ਹਿੰਦੂਆਂ ਤੇ ਮੁਸਲਮਾਨਾਂ ਦੀ ਇਸ ਟੱਕਰ ਵਿਚ ਸਿੱਖਾਂ ਨੂੰ ਨਿਰਲੇਪ ਰਹਿਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਇਹ ਸੱਜਣ, ਸਿੱਖੀ ਜੀਵਨ-ਜਾਂਚ ਤੇ ਗੁਰੂ ਦੀ ਸਿੱਖਿਆ ਨੂੰ ਜਾਣੇ-ਅਣਜਾਣੇ ਵਿਚ ਨਾ ਸਮਝਣ ਕਾਰਨ ਜਾਂ ਸ਼ਾਇਦ ਸਿੱਖਾਂ ਦੇ ਬੀਤੇ ਵਿਚ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਸਾਹਮਣੇ ਰੱਖ ਕੇ ਅਜਿਹੀਆਂ ਸਲਾਹਾਂ ਦੇ ਰਹੇ ਹੋਣ। 
ਪੰਜਾਬੀ ਸਮਾਜ ਮੰਨਦਾ ਹੈ ਕਿ ''ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ” ਹੁੰਦੀਆਂ ਹਨ ਪਰ ਕੱਟੜ ਤੇ ਜਨੂੰਨੀਆਂ ਦਾ ਅਜਿਹਾ ਮੰਨਣਾ ਨਹੀਂ ਹੁੰਦਾ। ਉਹ ਦੂਜੇ ਤਬਕੇ ਦੀਆਂ ਔਰਤਾਂ ਨੂੰ ਅਕਸਰ ਆਪਣੀ ਨਾਪਾਕ, ਵਹਿਸ਼ੀ ਨਜ਼ਰ ਨਾਲ ਹੀ ਵੇਖਦੇ ਹੁੰਦੇ ਹਨ। ਇਤਿਹਾਸ ਇਸ ਤਰ੍ਹਾਂ ਦੀ ਜ਼ਹਿਨੀਅਤ ਵਾਲਿਆਂ ਦੀਆਂ ਕਰਤੂਤਾਂ ਨਾਲ ਭਰਿਆ ਪਿਆ ਹੈ। ਕਦੇ 'ਤਿਲਕ ਜੰਝੂ' ਨੂੰ ਬਚਾਉਣ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਬਣੇ ਸਨ। ਦੇਸ਼ ਨੂੰ 800  ਸਾਲ ਦੀ ਲੰਮੀ ਮੁਗ਼ਲੀਆ ਹਕੂਮਤ ਦੀ ਗੁਲਾਮੀ 'ਚੋਂ ਕੱਢਣ ਵਾਲੇ ਸਿੱਖ ਸਨ। ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਵਿਚ ਵੀ ਸਿੱਖ ਪੰਥ ਨੇ ਹਰ ਕੁਰਬਾਨੀ ਦਿੱਤੀ, ਭਾਵੇਂ ਉਸ ਦਾ ਸਿਲਾ ਸਿੱਖਾਂ ਨੂੰ ਇਕ ਹੋਰ ਗੁਲਾਮੀ ਦੇ ਰੂਪ ਵਿਚ ਹੀ ਹੰਢਾਉਣਾ ਪੈ ਰਿਹਾ ਹੈ। ਦੂਜਿਆਂ ਦੀਆਂ ਧੀਆਂ-ਭੈਣਾਂ ਲਈ ਅਪਮਾਨਜਨਕ ਬੋਲੀ ਬੋਲਣ ਵਾਲੇ ਭੁੱਲ ਜਾਂਦੇ ਹਨ ਕਿ ਕਦੇ ਉਹਨਾਂ ਦੀਆਂ ਧੀਆਂ-ਭੈਣਾਂ ਨੂੰ ਅਬਦਾਲੀ ਵਰਗੇ ਜਰਵਾਣੇ ਚੁੱਕ ਕੇ ਲੈ ਜਾਂਦੇ ਸਨ, ਬਸਰੇ ਦੇ ਬਜ਼ਾਰਾਂ 'ਚ ਟਕੇ-ਟਕੇ ਵਿਚ ਹਿੰਦੂਸਤਾਨ ਦੀਆਂ ਬੇਟੀਆਂ ਦੀ ਸ਼ਰੇਆਮ ਬੋਲੀ ਲਗਦੀ ਸੀ। ਉਦੋਂ ਵੀ ਸਿੱਖ ਹੀ ਸਨ, ਜਿਹੜੇ ਇਸ ਕਲੰਕ ਨੂੰ ਹਿੰਦ ਦੇ ਮੱਥੇ ਤੋਂ ਧੋਹਣ ਲਈ ਜਾਨਾਂ ਵਾਰ ਗਏ ਸਨ। ਅੱਜ ਜਦੋਂ ਮਨੁੱਖੀ ਅਧਿਕਾਰਾਂ ਦੇ ਨਾਂ ਉਤੇ ਸਾਰੀ ਦੁਨੀਆ ਨੂੰ ਪਾਠ ਪੜ੍ਹਾਉਣ ਵਾਲੇ ਪੱਛਮੀ ਮੁਲਕ ਨਹੀਂ ਬੋਲ ਰਹੇ ਤੇ ਮਨੁੱਖੀ ਅਧਿਕਾਰਾਂ ਦੇ ਨਾਂ ਉਤੇ ਦੁਨੀਆ ਦੀ ਠਾਣੇਦਾਰੀ ਕਰਨ ਵਾਲਾ ਅਮਰੀਕਾ ਵੀ ਮੂੰਹ ਨੂੰ ਜਿੰਦਰੇ ਲਾ ਕੇ ਬੈਠਾ ਹੈ, ਤਾਂ ਖ਼ਾਲਸਾ ਪੰਥ ਕਸ਼ਮੀਰੀਆਂ ਨਾਲ ਡਟ ਕੇ ਖੜਾ ਹੈ। ਸਿੱਖਾਂ ਵੱਲੋਂ 34 ਕਸ਼ਮੀਰੀ ਲੜਕੀਆਂ ਨੂੰ ਮਹਾਰਾਸ਼ਟਰ ਸੂਬੇ ਦੇ ਪੂਨੇ ਵਿਚੋਂ ਸੁਰੱਖਿਅਤ ਕੱਢ ਕੇ ਉਨ੍ਹਾਂ ਦੇ ਮਾਪਿਆਂ ਕੋਲ ਕਸ਼ਮੀਰ ਪਹੁੰਚਾਇਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਬਹੁਤ ਸਾਰੇ ਪੰਥਕ ਆਗੂਆਂ ਨੇ ਸਿੱਖੀ ਰਵਾਇਤਾਂ ਤੇ ਸਿਧਾਂਤ ਦੀ ਇਸ ਸਮੇਂ ਸਹੀ ਤਰਜਮਾਨੀ ਕੀਤੀ ਹੈ, ਜੋ ਸ਼ਲਾਘਾਯੋਗ ਹੈ।